Revised Common Lectionary (Complementary)
22 ਉਸ ਰਾਤ, ਬਾਦ ਵਿੱਚ, ਯਾਕੂਬ ਉੱਠਿਆ ਅਤੇ ਉੱਥੋਂ ਚੱਲਿਆ ਗਿਆ। ਯਾਕੂਬ ਨੇ ਆਪਣੀਆਂ ਦੋਵੇਂ ਪਤਨੀਆਂ ਅਤੇ ਆਪਣੀਆਂ ਦੋਵੇਂ ਦਾਸੀਆਂ ਅਤੇ ਆਪਣੇ 11 ਪੁੱਤਰਾਂ ਨੂੰ ਨਾਲ ਲਿਆ ਅਤੇ ਯੱਬੋਕ ਨਦੀ ਨੂੰ ਚੌਰਾਹੇ ਨੂੰ ਪਾਰ ਕੀਤਾ। 23 ਯਾਕੂਬ ਨੇ ਆਪਣੇ ਪਰਿਵਾਰ ਨੂੰ ਨਦੀਓ ਪਾਰ ਭੇਜ ਦਿੱਤਾ ਫ਼ੇਰ ਯਾਕੂਬ ਨੇ ਆਪਣੀ ਹਰ ਸ਼ੈਅ ਨਦੀ ਦੇ ਪਾਰ ਭੇਜ ਦਿੱਤੀ।
ਪਰਮੇਸ਼ੁਰ ਨਾਲ ਯੁੱਧ
24 ਯਾਕੂਬ ਉਹ ਆਦਮੀ ਸੀ ਜਿਸਨੇ ਅਖੀਰ ਵਿੱਚ ਨਦੀ ਪਾਰ ਕੀਤੀ। ਪਰ ਇਸਤੋਂ ਪਹਿਲਾਂ ਕਿ ਉਹ ਨਦੀ ਪਾਰ ਕਰ ਸੱਕੇ, ਜਦੋਂ ਉਹ ਹਾਲੇ ਇੱਕਲਾ ਹੀ ਸੀ, ਤਾਂ ਇੱਕ ਆਦਮੀ ਉਸ ਨਾਲ ਘੁਲਣ ਲੱਗਾ। ਉਹ ਆਦਮੀ ਸੂਰਜ ਨਿਕਲਣ ਤੱਕ ਉਸ ਨਾਲ ਲੜਦਾ ਰਿਹਾ। 25 ਆਦਮੀ ਨੇ ਦੇਖਿਆ ਕਿ ਉਹ ਯਾਕੂਬ ਨੂੰ ਨਹੀਂ ਹਰਾ ਸੱਕਦਾ ਸੀ, ਉਸ ਨੇ ਯਾਕੂਬ ਦੀ ਲੱਤ ਛੋਹੀ। ਇਸ ਲਈ ਯਾਕੂਬ ਦੀ ਲੱਤ ਦਾ ਜੋੜ ਹਿੱਲ ਗਿਆ ਕਿਉਂ ਜੋ ਉਸ ਨੇ ਉਸ ਨਾਲ ਘੋਲ ਕੀਤਾ ਸੀ।
26 ਫ਼ੇਰ ਆਦਮੀ ਨੇ ਯਾਕੂਬ ਨੂੰ ਆਖਿਆ, “ਮੈਨੂੰ ਜਾਣਦੇ। ਸੂਰਜ ਨਿਕਲ ਰਿਹਾ ਹੈ।”
ਪਰ ਯਾਕੂਬ ਨੇ ਆਖਿਆ, “ਮੈਂ ਤੈਨੂੰ ਨਹੀਂ ਜਾਣ ਦਿਆਂਗਾ। ਤੂੰ ਮੈਨੂੰ ਅਸੀਸ ਦੇ।”
27 ਅਤੇ ਉਸ ਆਦਮੀ ਨੇ ਉਸ ਨੂੰ ਆਖਿਆ, “ਤੇਰਾ ਨਾਮ ਕੀ ਹੈ?”
ਅਤੇ ਯਾਕੂਬ ਨੇ ਆਖਿਆ, “ਮੇਰਾ ਨਾਮ ਯਾਕੂਬ ਹੈ।”
28 ਫ਼ੇਰ ਉਸ ਆਦਮੀ ਨੇ ਆਖਿਆ, “ਤੇਰਾ ਨਾਮ ਯਾਕੂਬ ਨਹੀਂ ਰਹੇਗਾ। ਤੇਰਾ ਨਾਂ ਹੁਣ ਤੋਂ ਇਸਰਾਏਲ ਹੋਵੇਗਾ। ਮੈਂ ਤੈਨੂੰ ਇਹ ਨਾਮ ਇਸ ਲਈ ਦਿੰਦਾ ਹਾਂ ਕਿਉਂਕਿ ਤੂੰ ਪਰਮੇਸ਼ੁਰ ਨਾਲ ਵੀ ਲੜਿਆ ਹੈਂ ਅਤੇ ਬੰਦਿਆਂ ਨਾਲ ਵੀ ਪਰ ਤੈਨੂੰ ਹਰਾਇਆ ਨਹੀਂ ਜਾ ਸੱਕਿਆ।”
29 ਫ਼ੇਰ ਯਾਕੂਬ ਨੇ ਉਸ ਨੂੰ ਪੁੱਛਿਆ, “ਕਿਰਪਾ ਕਰਕੇ ਮੈਨੂੰ ਆਪਣਾ ਨਾਮ ਦੱਸੋ।”
ਪਰ ਉਸ ਆਦਮੀ ਨੇ ਆਖਿਆ, “ਤੂੰ ਮੇਰਾ ਨਾਮ ਕਿਉਂ ਪੁੱਛਦਾ ਹੈਂ?” ਉਸ ਸਮੇਂ ਉਸ ਆਦਮੀ ਨੇ ਯਾਕੂਬ ਨੂੰ ਅਸੀਸ ਦਿੱਤੀ।
30 ਇਸੇ ਲਈ ਯਾਕੂਬ ਨੇ ਉਸ ਥਾਂ ਦਾ ਨਾਮ ਪੇਨੀਏਲ ਰੱਖਿਆ। ਯਾਕੂਬ ਨੇ ਆਖਿਆ, “ਇਸ ਥਾਂ ਉੱਤੇ ਮੈਂ ਪਰਮੇਸ਼ੁਰ ਨੂੰ ਆਮ੍ਹੋ-ਸਾਹਮਣੇ ਵੇਖਿਆ ਅਤੇ ਮੇਰੀ ਜਾਨ ਬਖਸ਼ੀ ਗਈ।” 31 ਫ਼ੇਰ ਸੂਰਜ ਚੜ੍ਹ ਆਇਆ ਜਦੋਂ ਉਹ ਪੇਨੀਏਲ ਕੋਲੋਂ ਹੋਕੇ ਲੰਘਿਆ। ਯਾਕੂਬ ਆਪਣੀ ਲੱਤ ਕਾਰਣ ਲੰਗੜਾਕੇ ਤੁਰ ਰਿਹਾ ਸੀ।
ਮੰਦਰ ਵਿੱਚ ਜਾਣ ਵਾਲਿਆ ਲਈ ਇੱਕ ਗੀਤ।
121 ਮੈਂ ਮਦਦ ਲਈ ਪਹਾੜੀਆਂ ਵੱਲ ਵੇਖਿਆ,
ਪਰ ਅਸਲ ਵਿੱਚ ਮੇਰੇ ਲਈ ਮਦਦ ਕਿੱਥੋਂ ਆਵੇਗੀ।
2 ਮੇਰੇ ਲਈ ਮਦਦ ਯਹੋਵਾਹ ਵਲੋਂ
ਧਰਤੀ ਅਤੇ ਅਕਾਸ਼ ਦੇ ਸਿਰਜਣਹਾਰੇ ਵੱਲੋਂ ਆਵੇਗੀ।
3 ਪਰਮੇਸ਼ੁਰ ਤੁਹਾਨੂੰ ਡਿੱਗਣ ਨਹੀਂ ਦੇਵੇਗਾ।
ਤੁਹਾਡਾ ਰੱਖਿਅਕ ਸੌਵੇਗਾ ਨਹੀਂ।
4 ਇਸਰਾਏਲ ਦੇ ਰੱਖਿਅਕ ਨੂੰ ਨੀਂਦ ਨਹੀਂ ਆਉਂਦੀ
ਪਰਮੇਸ਼ੁਰ ਕਦੇ ਸੌਦਾ ਨਹੀਂ।
5 ਯਹੋਵਾਹ ਤੁਹਾਡਾ ਰੱਖਿਅਕ ਹੈ।
ਉਹ ਆਪਣੀ ਮਹਾਨ ਸ਼ਕਤੀ ਨਾਲ ਤੁਹਾਡੀ ਰੱਖਿਆ ਕਰਦਾ ਹੈ।
6 ਦਿਨ ਵੇਲੇ ਸੂਰਜ ਤੁਹਾਨੂੰ ਦੁੱਖ ਨਹੀਂ ਦੇ ਸੱਕਦਾ।
ਅਤੇ ਚੰਨ ਤੁਹਾਨੂੰ ਰਾਤ ਵੇਲੇ ਦੁੱਖ ਨਹੀਂ ਦੇ ਸੱਕਦਾ।
7 ਯਹੋਵਾਹ ਤੁਹਾਨੂੰ ਹਰ ਖਤਰੇ ਕੋਲੋਂ ਬਚਾਵੇਗਾ।
ਯਹੋਵਾਹ ਤੁਹਾਡੀ ਆਤਮਾ ਨੂੰ ਬਚਾਵੇਗਾ।
8 ਆਉਣ ਜਾਣ ਵੇਲੇ ਯਹੋਵਾਹ ਤੁਹਾਡੀ ਮਦਦ ਕਰੇਗਾ।
ਯਹੋਵਾਹ ਹੁਣ ਅਤੇ ਸਦਾ ਹੀ ਤੁਹਾਡੀ ਮਦਦ ਕਰੇਗਾ।
14 ਪਰ ਤੁਹਾਨੂੰ ਉਨ੍ਹਾਂ ਉਪਦੇਸ਼ਾਂ ਤੇ ਅਮਲ ਕਰਨਾ ਚਾਹੀਦਾ ਹੈ ਜਿਹੜੇ ਤੁਸੀਂ ਸਿੱਖੇ ਹਨ। ਤੁਸੀਂ ਜਾਣਦੇ ਹੋ ਕਿ ਇਹ ਉਪਦੇਸ਼ ਸੱਚੇ ਹਨ। ਤੁਸੀਂ ਜਾਣਦੇ ਹੋ ਕਿ ਤੁਸੀਂ ਉਨ੍ਹਾਂ ਤੇ ਭਰੋਸਾ ਕਰ ਸੱਕਦੇ ਹੋ ਜਿਨ੍ਹਾਂ ਨੇ ਤੁਹਾਨੂੰ ਉਹ ਗੱਲਾਂ ਸਿੱਖਾਈਆਂ। 15 ਤੁਸੀਂ ਪਵਿੱਤਰ ਪੋਥੀਆਂ ਆਪਣੇ ਬਚਪਨੇ ਤੋਂ ਹੀ ਸਿੱਖੀਆਂ ਹਨ। ਇਹ ਪੋਥੀਆਂ ਤੁਹਾਨੂੰ ਸਿਆਣਾ ਬਨਾਉਣ ਦੇ ਸਮੱਰਥ ਹਨ। ਉਹ ਸਿਆਣਪ ਤੁਹਾਨੂੰ ਮਸੀਹ ਯਿਸੂ ਵਿੱਚ ਵਿਸ਼ਵਾਸ ਰਾਹੀਂ ਮੁਕਤੀ ਵੱਲ ਲੈ ਜਾਂਦੀ ਹੈ। 16 ਸਾਰੀਆਂ ਪੋਥੀਆਂ ਪਰਮੇਸ਼ੁਰ ਵੱਲੋਂ ਪ੍ਰਦਾਨ ਕੀਤੀਆਂ ਗਈਆਂ ਹਨ। ਪਵਿੱਤਰ ਪੋਥੀ ਲੋਕਾਂ ਨੂੰ ਉਪਦੇਸ਼ ਦਿੰਦੀ ਹੈ ਅਤੇ ਉਨ੍ਹਾਂ ਦੀ ਜ਼ਿੰਦਗੀ ਦੇ ਗਲਤ ਕੰਮਾਂ ਨੂੰ ਦਰਸ਼ਾਉਂਦੀ ਹੈ। ਇਹ ਨੁਕਸਾਂ ਨੂੰ ਦੂਰ ਕਰਨ ਅਤੇ ਸਹੀ ਜੀਵਨ ਢੰਗ ਸਿੱਖਾਉਣ ਲਈ ਫ਼ਾਇਦੇਮੰਦ ਹੈ। 17 ਉਹ ਵਿਅਕਤੀ ਜਿਹੜਾ ਪੋਥੀਆਂ ਦੀ ਵਰਤੋਂ ਕਰਕੇ ਪਰਮੇਸ਼ੁਰ ਦੀ ਸੇਵਾ ਕਰਦਾ ਹੈ, ਸਭ ਕੁਝ ਪ੍ਰਾਪਤ ਕਰੇਗਾ ਜੋ ਉਸ ਨੂੰ ਹਰ ਚੰਗਾ ਕੰਮ ਕਰਨ ਲਈ ਲੋੜੀਦਾ ਹੈ।
4 ਮੈਂ ਤੁਹਾਨੂੰ ਪਰਮੇਸ਼ੁਰ ਅਤੇ ਮਸੀਹ ਯਿਸੂ ਦੇ ਸਨਮੁੱਖ ਇੱਕ ਹੁਕਮ ਦਿੰਦਾ ਹਾਂ। ਮਸੀਹ ਯਿਸੂ ਹੀ ਹੈ ਜਿਹੜਾ ਉਨ੍ਹਾਂ ਸਾਰੇ ਲੋਕਾਂ ਦਾ ਨਿਆਂ ਕਰੇਗਾ ਜੋ ਜਿਉਂਦੇ ਹਨ ਅਤੇ ਜਿਹੜੇ ਮਰ ਚੁੱਕੇ ਹਨ। ਉਸ ਕੋਲ ਇੱਕ ਬਾਦਸ਼ਾਹਤ ਹੈ ਅਤੇ ਉਹ ਫ਼ੇਰ ਆ ਰਿਹਾ ਹੈ। ਇਸ ਲਈ ਮੈਂ ਤੁਹਾਨੂੰ ਇਹ ਆਦੇਸ਼ ਦਿੰਦਾ ਹਾਂ, 2 ਲੋਕਾਂ ਨੂੰ ਖੁਸ਼ਖਬਰੀ ਦਿਉ। ਹਮੇਸ਼ਾ ਤਿਆਰ ਰਹੋ। ਲੋਕਾਂ ਨੂੰ ਉਹ ਗੱਲਾਂ ਦੱਸੋ ਜਿਹੜੀਆਂ ਉਨ੍ਹਾਂ ਨੂੰ ਕਰਨੀਆਂ ਚਾਹੀਦੀਆਂ ਹਨ, ਉਨ੍ਹਾਂ ਨੂੰ ਦੱਸੋ ਜਦੋਂ ਉਹ ਗਲਤੀ ਕਰ ਰਹੇ ਹੁੰਦੇ ਹਨ। ਅਤੇ ਉਨ੍ਹਾਂ ਨੂੰ ਉਤਸਾਹਤ ਕਰੋ। ਇਹ ਸਭ ਕੁਝ ਬੜੇ ਸਬਰ ਅਤੇ ਸਚੇਤ ਉਪਦੇਸ਼ ਨਾਲ ਕਰੋ।
3 ਇੱਕ ਸਮਾਂ ਆਵੇਗਾ ਜਦੋਂ ਲੋਕ ਸੱਚੇ ਉਪਦੇਸ਼ ਨੂੰ ਨਹੀਂ ਸੁਣਨਗੇ। ਪਰ ਲੋਕਾਂ ਨੂੰ ਬਹੁਤ ਸਾਰੇ ਗੁਰੂ ਮਿਲਣਗੇ ਜੋ ਉਨ੍ਹਾਂ ਨੂੰ ਖੁਸ਼ ਕਰਨਗੇ। ਲੋਕਾਂ ਨੂੰ ਅਜਿਹੇ ਗੁਰੂ ਮਿਲਣਗੇ ਜਿਹੜੇ ਉਹੀ ਗੱਲਾਂ ਆਖਣਗੇ ਜਿਹੜੀਆਂ ਉਹ ਲੋਕ ਸੁਣਨਾ ਚਾਹੁੰਦੇ ਹਨ। 4 ਲੋਕ ਸੱਚ ਨੂੰ ਸੁਣਨਾ ਛੱਡ ਦੇਣਗੇ। ਉਹ ਮਨਘੜਤ ਕਥਾ ਕਹਾਣੀਆਂ ਦੇ ਉਪਦੇਸ਼ ਤੇ ਅਮਲ ਕਰਨਾ ਸ਼ੁਰੂ ਕਰ ਦੇਣਗੇ। 5 ਪਰ ਤੁਹਾਨੂੰ ਹਮੇਸ਼ਾ ਆਪਣੇ ਆਪ ਉੱਤੇ ਕਾਬੂ ਰੱਖਣਾ ਚਾਹੀਦਾ ਹੈ। ਜਦੋਂ ਔਕੜਾਂ ਆਉਣ ਤਾਂ ਉਨ੍ਹਾਂ ਔਕੜਾਂ ਦਾ ਸਾਹਮਣਾ ਕਰੋ। ਖੁਸ਼ਖਬਰੀ ਫ਼ੈਲਾਉਣ ਦਾ ਕਾਰਜ ਕਰੋ। ਪਰਮੇਸ਼ੁਰ ਦੇ ਸੇਵਕਾਂ ਵਾਲੇ ਸਾਰੇ ਫ਼ਰਜ਼ ਨਿਭਾਓ।
ਪਰਮੇਸ਼ੁਰ ਆਪਣੇ ਲੋਕਾਂ ਨੂੰ ਉੱਤਰ ਦੇਵੇਗਾ
18 ਯਿਸੂ ਨੇ ਉਨ੍ਹਾਂ ਨੂੰ ਇਹ ਸਮਝਾਉਣ ਲਈ ਇੱਕ ਦ੍ਰਿਸ਼ਟਾਂਤ ਦਿੱਤਾ ਕਿ ਕਿਵੇਂ ਉਨ੍ਹਾਂ ਨੂੰ ਹਮੇਸ਼ਾ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਆਸ ਨਹੀਂ ਛੱਡਣੀ ਚਾਹੀਦੀ। 2 “ਇੱਕ ਵਾਰ, ਇੱਕ ਸ਼ਹਿਰ ਵਿੱਚ, ਇੱਕ ਨਿਆਂਕਾਰ ਸੀ ਜੋ ਪਰਮੇਸ਼ੁਰ ਤੋਂ ਨਹੀਂ ਡਰਦਾ ਸੀ ਅਤੇ ਨਾ ਹੀ ਲੋਕਾਂ ਵੱਲ ਧਿਆਨ ਦਿੰਦਾ ਸੀ ਕਿ ਉਹ ਉਸ ਬਾਰੇ ਕੀ ਸੋਚਦੇ ਹਨ। 3 ਉਸੇ ਸ਼ਹਿਰ ਵਿੱਚ, ਇੱਕ ਔਰਤ ਰਹਿੰਦੀ ਸੀ ਜਿਸਦਾ ਪਤੀ ਮਰ ਚੁੱਕਾ ਸੀ। ਉਹ ਔਰਤ ਉਸ ਹਾਕਮ ਪਾਸ ਬਹੁਤ ਵਾਰ ਆਈ ਅਤੇ ਕਿਹਾ, ‘ਇੱਕ ਆਦਮੀ ਮੈਨੂੰ ਕਸ਼ਟ ਦਿੰਦਾ ਹੈ। ਕਿਰਪਾ ਕਰਕੇ ਮੈਨੂੰ ਨਿਆਂ ਦੇਵੋ!’ 4 ਪਰ ਉਹ ਹਾਕਮ ਉਸ ਔਰਤ ਦੀ ਮਦਦ ਨਹੀਂ ਸੀ ਕਰਨਾ ਚਾਹੁੰਦਾ। ਬਹੁਤ ਦੇਰ ਬਾਦ ਹਾਕਮ ਨੇ ਆਪਣੇ ਮਨ ਵਿੱਚ ਸੋਚਿਆ, ‘ਨਾ ਤਾਂ ਮੈਂ ਪਰਮੇਸ਼ੁਰ ਤੋਂ ਡਰਦਾ ਹਾਂ ਅਤੇ ਨਾ ਹੀ ਇਸ ਗੱਲ ਦੀ ਪ੍ਰਵਾਹ ਕਰਦਾ ਹਾਂ ਕਿ ਲੋਕ ਮੇਰੇ ਬਾਰੇ ਕੀ ਸੋਚਦੇ ਹਨ। 5 ਪਰ ਇਹ ਔਰਤ ਮੈਨੂੰ ਕਿੰਨਾ ਦੁੱਖ ਦਿੰਦੀ ਹੈ। ਜੇਕਰ ਇਹ ਜੋ ਚਾਹੁੰਦੀ ਹੈ ਮੈਂ ਇਸ ਨੂੰ ਦੇ ਦੇਵਾਂ ਤਾਂ ਇਹ ਮੈਨੂੰ ਇੱਕਲਿਆਂ ਛੱਡ ਜਾਵੇਗੀ ਤੇ ਜੇਕਰ ਮੈਂ ਉਸਦੀ ਸਮੱਸਿਆ ਹੱਲ ਨਾ ਕੀਤੀ, ਉਹ ਆਉਣਾ ਜਾਰੀ ਰੱਖੇਗੀ ਅਤੇ ਮੈਨੂੰ ਪਰੇਸ਼ਾਨ ਕਰਦੀ ਰਹੇਗੀ।’”
6 ਫਿਰ ਪ੍ਰਭੂ ਨੇ ਆਖਿਆ, “ਸੁਣੋ! ਇਸ ਵਿੱਚ ਡੂੰਘਾ ਭਾਵ ਹੈ, ਜੋ ਕਿ ਹਾਕਮ ਨੇ ਕਿਹਾ। 7 ਜਦੋਂ ਪਰਮੇਸ਼ੁਰ ਦੇ ਚੁਣੇ ਹੋਏ ਲੋਕ ਦਿਨ-ਰਾਤ ਉਸ ਅੱਗੇ ਦੁਹਾਈ ਦਿੰਦੇ ਰਹਿੰਦੇ ਹਨ ਤਾਂ ਨਿਸ਼ਚਿਤ ਹੀ ਉਹ ਆਪਣੇ ਲੋਕਾਂ ਨੂੰ ਨਿਆਂ ਦੇਵੇਗਾ। ਉਹ ਬਿਨਾ ਦੇਰੀ ਕੀਤਿਆਂ ਆਪਣੇ ਚੁਣੇ ਹੋਏ ਲੋਕਾਂ ਨੂੰ ਜਵਾਬ ਦੇਵੇਗਾ। 8 ਮੈਂ ਤੁਹਾਨੂੰ ਦੱਸਦਾ ਹਾਂ ਕਿ ਪਰਮੇਸ਼ੁਰ ਛੇਤੀ ਹੀ ਆਪਣੇ ਲੋਕਾਂ ਦੀ ਮਦਦ ਕਰੇਗਾ ਅਤੇ ਉਨ੍ਹਾਂ ਨੂੰ ਨਿਆਂ ਦੇਵੇਗਾ। ਪਰ ਜਦੋਂ ਮਨੁੱਖ ਦਾ ਪੁੱਤਰ ਆਵੇਗਾ, ਕੀ ਉਹ ਧਰਤੀ ਤੇ ਉਨ੍ਹਾਂ ਲੋਕਾਂ ਨੂੰ ਲੱਭੇਗਾ ਜਿਨ੍ਹਾਂ ਨੂੰ ਉਸ ਵਿੱਚ ਵਿਸ਼ਵਾਸ ਹੈ?”
2010 by World Bible Translation Center