Revised Common Lectionary (Complementary)
ਹਬੱਕੂਕ ਦੀ ਪਰਮੇਸ਼ੁਰ ਅੱਗੇ ਸ਼ਿਕਾਇਤ
1 ਜਿਹੜਾ ਵਾਕ ਹਬੱਕੂਕ ਨਬੀ ਨੂੰ ਦਿੱਤਾ ਗਿਆ, ਉਹ ਇਉਂ ਸੀ।
2 ਹੇ ਯਹੋਵਾਹ, ਮੈਂ ਲਗਾਤਾਰ ਤੇਰੇ ਅੱਗੇ ਪ੍ਰਾਰਥਨਾ ਕਰ ਰਿਹਾਂ, ਤੂੰ ਮੇਰੀ ਬੇਨਤੀ ਕਦੋਂ ਸੁਣੇਁਗਾ? ਮੈਂ ਤੇਰੇ ਅੱਗੇ ਹਿੰਸਾ ਬਾਰੇ ਪੁਕਾਰ ਕੀਤੀ। ਪਰ ਤੂੰ ਕਦੋਂ ਇਸ ਬਾਰੇ ਕੁਝ ਕਰੇਂਗਾ। 3 ਲੋਕ ਡਕੈਤੀਆਂ ਕਰ ਰਹੇ ਹਨ ਅਤੇ ਦੂਜਿਆਂ ਨਾਲ ਬਦੀ ਕਰ ਰਹੇ ਹਨ। ਲੋਕ ਝਗੜਦੇ ਹਨ ਅਤੇ ਇੱਕ-ਦੂਜੇ ਨੂੰ ਸੱਟ ਮਾਰਦੇ ਹਨ। ਤੂੰ ਮੈਨੂੰ ਇਹ ਭਿਆਨਕ ਗੱਲਾਂ ਕਿਉਂ ਵਿਖਾ ਰਿਹਾ ਹੈਂ? 4 ਬਿਵਸਬਾ ਬੇਅਸਰ ਹੈ ਅਤੇ ਲੋਕਾਂ ਨਾਲ ਇਨਸਾਫ਼ ਨਹੀਂ ਹੋ ਰਿਹਾ। ਮੰਦੇ ਅਤੇ ਬਦ ਲੋਕ ਚੰਗੇ ਬੰਦਿਆਂ ਨਾਲੋਂ ਤਾਕਤਵਰ ਹਨ। ਇਸੇ ਲਈ ਨਿਆਂ ਵਿਗਾੜਿਆ ਜਾ ਰਿਹਾ ਹੈ।
2 “ਮੈਂ ਪਹਿਰੇਦਾਰ ਵਾਂਗ ਨਿਗਰਾਨੀ ਕਰਾਂਗਾ
ਮੈਂ ਉਡੀਕਾਂਗਾ ਕਿ ਯਹੋਵਾਹ ਮੈਨੂੰ ਕੀ ਆਖਦਾ ਹੈ।
ਮੈਂ ਉਡੀਕਾਂਗਾ ਅਤੇ ਵੇਖਾਂਗਾ ਕਿ ਉਹ ਮੇਰੀਆਂ ਦਲੀਲਾਂ ਦਾ ਕਿਵੇਂ ਜਵਾਬ ਦਿੰਦਾ ਹੈ।”
ਪਰਮੇਸ਼ੁਰ ਦਾ ਹਬੱਕੂਕ ਨੂੰ ਜਵਾਬ
2 ਯੋਹਵਾਹ ਨੇ ਮੈਨੂੰ ਉੱਤਰ ਦਿੱਤਾ, “ਜੋ ਮੈਂ ਤੈਨੂੰ ਦਰਸਾਵਾਂ, ਉਸ ਨੂੰ ਲਿਖ। ਪੱਟੀਆਂ ਉੱਪਰ, ਸਾਫ਼-ਸਾਫ਼ ਲਿਖ ਤਾਂ ਜੋ ਹਰ ਕੋਈ ਆਸਾਨੀ ਨਾਲ ਉਸ ਨੂੰ ਪੜ੍ਹ ਸੱਕੇ। 3 ਇਹ ਸੰਦੇਸ਼ ਭਵਿੱਖ ਵਿੱਚ ਖਾਸ ਆਉਣ ਵਾਲੇ ਸਮੇਂ ਬਾਰੇ ਹੈ। ਇਹ ਸੰਦੇਸ਼ ਅੰਤ ਸਮੇਂ ਲਈ ਹੈ, ਜੋ ਕਿ ਸੱਚ ਹੋਵੇਗਾ। ਭਾਵੇਂ ਅਜਿਹਾ ਲੱਗੇਗਾ ਕਿ ਏਸਾ ਕਦੇ ਨਹੀਂ ਵਾਪਰੇਗਾ। ਪਰ ਸਬਰ ਨਾਲ ਉਸਦਾ ਇੰਤਜ਼ਾਰ ਕਰੋ। ਉਹ ਸਮਾਂ ਆਵੇਗਾ ਅਤੇ ਬਹੁਤੀ ਦੇਰ ਵੀ ਨਾ ਲੱਗੇਗੀ। 4 ਇਹ ਸੰਦੇਸ਼ ਉਨ੍ਹਾਂ ਲਈ ਕੁਝ ਨਹੀਂ ਕਰ ਸੱਕਦਾ ਜਿਹੜੇ ਇਸ ਨੂੰ ਸੁਣਨ ਤੋਂ ਇਨਕਾਰੀ ਹਨ, ਪਰ ਭਲੇ ਲੋਕ ਇਸ ਨਾਲ ਸਹਿਮਤ ਹੋਣਗੇ। ਅਤੇ ਜਿਉਣਗੇ ਕਿਉਂ ਕਿ ਸੰਦੇਸ਼ ਭਰੋਸੇਮਂਦ ਹੈ।”
ਦਾਊਦ ਦਾ ਇੱਕ ਗੀਤ।
37 ਦੁਸ਼ਟ ਲੋਕਾਂ ਬਾਰੇ ਪਰੇਸ਼ਾਨ ਨਾ ਹੋਵੋ।
ਬਦਕਾਰਾਂ ਬਾਰੇ ਈਰਖਾਲੂ ਨਾ ਹੋਵੋ।
2 ਮੰਦੇ ਲੋਕ ਉਸ ਘਾਹ ਅਤੇ ਹਰੇ ਪੌਦਿਆਂ ਵਰਗੇ ਹਨ
ਜਿਹੜੇ ਛੇਤੀ ਹੀ ਮੁਰਝਾ ਜਾਂਦੇ ਹਨ ਅਤੇ ਮਰ ਜਾਂਦੇ ਹਨ।
3 ਜੇ ਤੁਸੀਂ ਯਹੋਵਾਹ ਵਿੱਚ ਯਕੀਨ ਰੱਖਦੇ ਹੋ ਅਤੇ ਚੰਗੇ ਕਾਰੇ ਕਰਦੇ ਹੋ,
ਤੁਸੀਂ ਧਰਤੀ ਉੱਤੇ ਜੀਵੋਂਗੇ ਅਤੇ ਉਨ੍ਹਾਂ ਵਿਭਿੰਨ ਚੀਜ਼ਾਂ ਨਾਲ ਆਨੰਦਿਤ ਹੋ ਜਾਵੋਂਗੇ ਜੋ ਉਹ ਦਿੰਦਾ ਹੈ।
4 ਯਹੋਵਾਹ ਦੀ ਸੇਵਾ ਕਰਦਿਆਂ ਖੁਸ਼ੀ ਅਨੁਭਵ ਕਰੋ,
ਅਤੇ ਉਹ ਤੁਹਾਡੀਆਂ ਮੁਰਾਦਾਂ ਪੂਰੀਆਂ ਕਰੇਗਾ।
5 ਯਹੋਵਾਹ ਤੇ ਨਿਰਭਰ ਹੋਵੋ, ਅਤੇ ਉਸ ਵਿੱਚ ਯਕੀਨ ਰੱਖੋ।
ਫ਼ੇਰ ਜਿਹੜਾ ਲੋੜੀਦਾ ਹੈ, ਉਹ ਕਰੇਗਾ।
6 ਆਪਣੀ ਨੇਕੀ ਅਤੇ ਨਿਰਪੱਖਤਾ ਨੂੰ ਦੁਪਿਹਰ ਦੀ ਤਿੱਖੀ ਧੁੱਪ ਵਾਂਗ ਚਮਕਣ ਦਿਉ।
7 ਯਹੋਵਾਹ ਉੱਤੇ ਭਰੋਸਾ ਕਰੋ ਅਤੇ ਉਸਦੀ ਮਦਦ ਲਈ ਇੰਤਜ਼ਾਰ ਕਰੋ।
ਜਦੋਂ ਮੰਦੇ ਲੋਕੀਂ ਸਫ਼ਲ ਹੋ ਜਾਂਦੇ ਹਨ ਪਰੇਸ਼ਾਨ ਨਾ ਹੋਵੋ।
ਜਦੋਂ ਬੁਰੇ ਲੋਕ ਦੁਸ਼ਟ ਵਿਉਂਤਾ ਬਣਾਉਂਦੇ ਹਨ, ਅਤੇ ਉਹ ਸਫ਼ਲ ਹੋ ਜਾਂਦੇ ਹਨ।
8 ਕ੍ਰੋਧ ਨਾ ਕਰੋ।
ਪਾਗਲ ਨਾ ਬਣੋ। ਇੰਨਾ ਨਾ ਕੁੜ੍ਹੋ ਕਿ ਤੁਸੀਂ ਵੀ ਮੰਦੀਆਂ ਗੱਲਾਂ ਕਰਨੀਆਂ ਚਾਹੋਂ।
9 ਕਿਉਂ? ਕਿਉਂਕਿ ਦੁਸ਼ਟ ਲੋਕ ਨਸ਼ਟ ਹੋ ਜਾਣਗੇ।
ਪਰ ਉਹ ਜਿਹੜੇ ਮਦਦ ਲਈ ਯਹੋਵਾਹ ਨੂੰ ਪੁਕਾਰਦੇ ਹਨ ਉਨ੍ਹਾਂ ਨੂੰ ਉਹ ਭੂਮੀ ਮਿਲੇਗੀ ਜਿਸਦਾ ਪਰਮੇਸ਼ੁਰ ਨੇ ਵਾਅਦਾ ਕੀਤਾ ਸੀ।
1 ਮਸੀਹ ਯਿਸੂ ਦੇ ਰਸੂਲ, ਪੌਲੁਸ, ਵੱਲੋਂ ਸ਼ੁਭਕਾਮਨਾਵਾਂ। ਮੈਂ ਰਸੂਲ ਇਸ ਲਈ ਹਾਂ ਕਿਉਂਕਿ ਇਹ ਪਰਮੇਸ਼ੁਰ ਦੀ ਰਜ਼ਾ ਹੈ। ਪਰਮੇਸ਼ੁਰ ਨੇ ਮੈਨੂੰ ਲੋਕਾਂ ਨੂੰ ਜੀਵਨ ਦੇ ਉਸ ਵਾਅਦੇ ਬਾਰੇ ਦੱਸਣ ਲਈ ਭੇਜਿਆ ਹੈ ਜਿਹੜਾ ਮਸੀਹ ਯਿਸੂ ਵਿੱਚ ਹੈ।
2 ਤਿਮੋਥਿਉਸ ਨੂੰ, ਤੁਸੀਂ ਮੇਰੇ ਲਈ ਪਿਆਰੇ ਪੁੱਤਰ ਵਰਗੇ ਹੋ।
ਪਰਮੇਸ਼ੁਰ ਪਿਤਾ ਅਤੇ ਮਸੀਹ ਯਿਸੂ ਸਾਡੇ ਪ੍ਰਭੂ, ਵੱਲੋਂ ਤੁਹਾਨੂੰ ਕਿਰਪਾ, ਮਿਹਰ ਅਤੇ ਸ਼ਾਂਤੀ ਹੋਵੇ।
ਧੰਨਵਾਦ ਅਤੇ ਹੌਂਸਲਾ ਅਫ਼ਜ਼ਾਈ
3 ਮੈਂ ਹਮੇਸ਼ਾ ਦਿਨ ਰਾਤ ਤੁਹਾਨੂੰ ਆਪਣੀਆਂ ਪ੍ਰਾਰਥਨਾ ਵਿੱਚ ਚੇਤੇ ਕਰਦਾ ਹਾਂ। ਇਨ੍ਹਾਂ ਪ੍ਰਾਰਥਨਾ ਵਿੱਚ ਮੈਂ ਤੁਹਾਡੇ ਲਈ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ। ਉਹੀ ਪਰਮੇਸ਼ੁਰ ਹੈ ਜਿਸਦੀ ਮੇਰੇ ਪੁਰਖਿਆਂ ਨੇ ਸੇਵਾ ਕੀਤੀ ਸੀ। ਮੈਂ ਵੀ ਹਮੇਸ਼ਾ ਉਸਦੀ ਅਜਿਹੇ ਕੰਮ ਕਰਦਿਆਂ ਸੇਵਾ ਕੀਤੀ ਹੈ ਜਿਨ੍ਹਾਂ ਨੂੰ ਮੈਂ ਸਹੀ ਸਮਝਿਆ ਹੈ। 4 ਜਿਹੜੇ ਅੱਥਰੂ ਤੁਸੀਂ ਮੇਰੇ ਲਈ ਵਹਾਏ ਨੇ ਮੈਨੂੰ ਯਾਦ ਆਉਂਦੇ ਹਨ। ਮੈਂ ਤੁਹਾਨੂੰ ਮਿਲਣ ਲਈ ਬੇਤਾਬ ਹਾਂ ਤਾਂ ਜੋ ਮੈਂ ਭਰਪੂਰ ਖੁਸ਼ੀ ਹਾਸਿਲ ਕਰ ਸੱਕਾਂ। 5 ਮੈਂ ਤੁਹਾਡੇ ਸੱਚੇ ਵਿਸ਼ਵਾਸ ਨੂੰ ਯਾਦ ਕਰਦਾ ਹਾਂ। ਇਹ ਉਹੀ ਵਿਸ਼ਵਾਸ ਹੈ ਜਿਹੜੀ ਤੁਹਾਡੀ ਨਾਨੀ ਲੋਇਸ ਅਤੇ ਤੁਹਾਡੀ ਮਾਤਾ ਯੂਨੀਕਾ ਨੂੰ ਸੀ। ਮੈਨੂੰ ਯਕੀਨ ਹੈ ਕਿ ਤੁਹਾਨੂੰ ਵੀ ਉਹੀ ਵਿਸ਼ਵਾਸ ਹੈ। 6 ਇਸੇ ਲਈ ਮੈਂ ਚਾਹੁੰਨਾ ਕਿ ਤੁਸੀਂ ਉਸ ਦਾਤ ਨੂੰ ਚੇਤੇ ਕਰੋ ਜਿਹੜੀ ਤੁਹਾਨੂੰ ਪਰਮੇਸ਼ੁਰ ਨੇ ਬਖਸ਼ੀ ਸੀ। ਪਰਮੇਸ਼ੁਰ ਨੇ ਇਹ ਦਾਤ ਤੁਹਾਨੂੰ ਉਦੋਂ ਬਖਸ਼ੀ ਸੀ ਜਦੋਂ ਮੈਂ ਤੁਹਾਡੇ ਤੇ ਆਪਣੇ ਹੱਥ ਰੱਖੇ ਸਨ। ਹੁਣ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਦਾਤ ਦੀ ਵਰਤੋਂ ਕਰੋ ਅਤੇ ਇਸ ਨੂੰ ਉਸੇ ਤਰ੍ਹਾਂ ਪ੍ਰਫ਼ੁੱਲਤ ਹੋਣ ਦਿਉ ਜਿਵੇਂ ਅੱਗ ਦੀ ਚੰਗਿਆੜੀ ਲਾਟ ਬਣ ਜਾਂਦੀ ਹੈ। 7 ਪਰਮੇਸ਼ੁਰ ਨੇ ਸਾਨੂੰ ਅਜਿਹਾ ਆਤਮਾ ਨਹੀਂ ਦਿੱਤਾ ਜਿਹੜਾ ਸਾਨੂੰ ਡਰਪੋਕ ਬਣਾਉਂਦਾ ਹੋਵੇ। ਪਰਮੇਸ਼ੁਰ ਨੇ ਸਾਨੂੰ ਸ਼ਕਤੀ, ਪ੍ਰੇਮ ਅਤੇ ਸ੍ਵੈਂ-ਸੰਜ਼ਮ ਦਾ ਆਤਮਾ ਪ੍ਰਦਾਨ ਕੀਤਾ ਹੈ।
8 ਇਸ ਲਈ ਲੋਕਾਂ ਨੂੰ ਸਾਡੇ ਪ੍ਰਭੂ ਯਿਸੂ ਬਾਰੇ ਦੱਸੱਦਿਆਂ ਸੰਗੋ ਨਾ। ਅਤੇ ਮੇਰੇ ਲਈ ਵੀ ਸ਼ਰਮਸਾਰ ਨਾ ਹੋਵੋ। ਕਿਉਂਕਿ ਮੈਂ ਪ੍ਰਭੂ ਦੇ ਨਮਿੱਤ ਕੈਦ ਵਿੱਚ ਹਾਂ। ਪਰ ਮੇਰੇ ਨਾਲ ਖੁਸ਼ਖਬਰੀ ਲਈ ਕਸ਼ਟ ਸਹਾਰੋ। ਪਰਮੇਸ਼ੁਰ ਸਾਨੂੰ ਅਜਿਹਾ ਕਰਨ ਲਈ ਬਲ ਬਖਸ਼ਦਾ ਹੈ।
9 ਪਰਮੇਸ਼ੁਰ ਨੇ ਸਾਨੂੰ ਬਚਾਇਆ ਅਤੇ ਸਾਨੂੰ ਆਪਣੇ ਪਵਿੱਤਰ ਲੋਕ ਬਣਾਇਆ। ਇਹ ਇਸ ਲਈ ਨਹੀਂ ਕਿ ਅਸੀਂ ਕੁਝ ਕੀਤਾ ਹੈ ਬਲਕਿ ਇਹ ਉਸ ਦੇ ਆਪਣੇ ਇਰਾਦੇ ਅਤੇ ਕਿਰਪਾ ਕਾਰਣ ਹੋਇਆ ਹੈ। ਇਹ ਕਿਰਪਾ ਸਾਨੂੰ ਦੁਨੀਆਂ ਦੇ ਮੁੱਢੋਂ ਮਸੀਹ ਯਿਸੂ ਰਾਹੀਂ ਪ੍ਰਦਾਨ ਕੀਤੀ ਗਈ ਹੈ। 10 ਇਹ ਕਿਰਪਾ ਹੁਣ ਤੱਕ ਸਾਨੂੰ ਨਹੀਂ ਦਰਸਾਈ ਗਈ ਸੀ। ਇਹ ਉਦੋਂ ਵਿਖਾਈ ਗਈ ਸੀ ਜਦੋਂ ਸਾਡਾ ਮੁਕਤੀਦਾਤਾ ਮਸੀਹ ਯਿਸੂ ਆਇਆ ਸੀ। ਯਿਸੂ ਦੇ ਕਾਲ ਦਾ ਵਿਨਾਸ਼ ਕੀਤਾ ਅਤੇ ਸਾਨੂੰ ਜੀਵਨ ਦਾ ਰਾਹ ਦਿਖਾਇਆ। ਹਾਂ। ਖੁਸ਼ਖਬਰੀ ਦੇ ਰਾਹੀਂ ਯਿਸੂ ਨੇ ਸਾਨੂੰ ਅਜਿਹੇ ਜੀਵਨ ਨੂੰ ਪ੍ਰਾਪਤ ਕਰਨ ਦਾ ਰਾਹ ਦਿਖਾਇਆ ਜਿਹੜਾ ਤਬਾਹ ਨਹੀਂ ਹੋ ਸੱਕਦਾ।
11 ਮੈਨੂੰ ਇਹ ਖੁਸ਼ਖਬਰੀ ਦੇਣ ਲਈ ਚੁਣਿਆ ਗਿਆ। ਮੈਨੂੰ ਰਸੂਲ ਦੇ ਤੌਰ ਤੇ ਅਤੇ ਖੁਸ਼ਖਬਰੀ ਦਾ ਗੁਰੂ ਚੁਣਿਆ ਗਿਆ ਹੈ। 12 ਹੁਣ ਮੈਂ ਇਹ ਕਸ਼ਟ ਇਸ ਲਈ ਸਹਾਰ ਰਿਹਾ ਹਾਂ ਕਿਉਂਕਿ ਮੈਂ ਇਹ ਖੁਸ਼ਖਬਰੀ ਦੱਸ ਰਿਹਾ ਹਾਂ। ਪਰ ਮੈਂ ਸ਼ਰਮਸਾਰ ਨਹੀਂ ਹਾਂ। ਮੈਂ ਜਾਣਦਾ ਹਾਂ ਕਿ ਮੈਂ ਕਿਸ ਉੱਤੇ ਵਿਸ਼ਵਾਸ ਕੀਤਾ ਹੈ। ਮੈਨੂੰ ਪਤਾ ਹੈ ਕਿ ਉਹ ਉਸਦੀ ਰਾਖੀ ਕਰਨ ਦੇ ਸਮਰਥ ਹੈ ਜੋ ਉਸ ਨੇ ਮੈਨੂੰ ਅੰਤਲੇ ਦਿਹਾੜੇ ਤੱਕ ਸੌਂਪਿਆ ਹੈ।
13 ਉਨ੍ਹਾਂ ਸੱਚੇ ਉਪਦੇਸ਼ਾਂ ਉੱਤੇ ਚੱਲੋਂ ਜਿਹੜੇ ਤੁਸੀਂ ਮੇਰੇ ਕੋਲੋਂ ਸੁਣੇ ਹਨ। ਉਨ੍ਹਾਂ ਉਪਦੇਸ਼ਾਂ ਦਾ ਅਨੁਸਰਣ ਕਰੋ ਜਿਹੜੇ ਸਾਡੇ ਮਸੀਹ ਯਿਸੂ ਵਿੱਚ ਵਿਸ਼ਵਾਸ ਅਤੇ ਪ੍ਰੇਮ ਨਾਲ ਹਨ। 14 ਜਿਹੜਾ ਸੱਚ ਤੁਹਾਨੂੰ ਦਿੱਤਾ ਗਿਆ ਹੈ ਉਸਦੀ ਰੱਖਿਆ ਕਰੋ। ਉਨ੍ਹਾਂ ਚੀਜ਼ਾਂ ਦੀ ਰਾਖੀ ਪਵਿੱਤਰ ਆਤਮਾ ਦੀ ਸਹਾਇਤਾ ਨਾਲ ਕਰੋ। ਉਹ ਪਵਿੱਤਰ ਆਤਮਾ ਸਾਡੇ ਅੰਦਰ ਵੱਸਦਾ ਹੈ।
ਤੇਰਾ ਵਿਸ਼ਵਾਸ ਕਿੰਨਾ ਵੱਡਾ ਹੈ
5 ਰਸੂਲਾਂ ਨੇ ਯਿਸੂ ਨੂੰ ਕਿਹਾ, “ਸਾਡਾ ਵਿਸ਼ਵਾਸ ਵੱਧਾ।”
6 ਪ੍ਰਭੂ ਨੇ ਆਖਿਆ, “ਜੇਕਰ ਤੁਹਾਨੂੰ ਸਰ੍ਹੋਂ ਦੇ ਦਾਣੇ ਜਿੰਨੀ ਵੀ ਵਿਸ਼ਵਾਸ ਹੈ, ਤਾਂ ਤੁਸੀਂ ਇਸ ਤੂਤ ਦੇ ਰੁੱਖ ਨੂੰ ਵੀ ਹੁਕਮ ਦੇ ਸੱਕਦੇ ਹੋ, ‘ਜਾ, ਆਪਣੇ-ਆਪ ਨੂੰ ਉਖਾੜ ਤੇ ਸਮੁੰਦਰ ਵਿੱਚ ਲੱਗ ਜਾ’ ਤਾਂ ਉਹ ਤੁਹਾਡੀ ਗੱਲ ਮੰਨ ਲਵੇਗਾ।
ਚੰਗੇ ਸੇਵਕ ਬਣੋ
7 “ਫ਼ਰਜ ਕਰੋ ਤੁਹਾਡੇ ਵਿੱਚੋਂ ਕਿਸੇ ਇੱਕ ਕੋਲ ਨੇਕਰ ਹੋਵੇ ਜੋ ਖੇਤਾਂ ਵਿੱਚ ਕੰਮ ਕਰਦਾ ਹੋਵੇ, ਹੱਲ ਵਾਹੁੰਦਾ ਹੋਵੇ ਜਾਂ ਭੇਡਾਂ ਦੀ ਰੱਖਵਾਲੀ ਕਰਦਾ ਹੋਵੇ, ਜਦੋਂ ਉਹ ਖੇਤ ਤੋਂ ਵਾਪਸ ਆਉਂਦਾ ਹੈ, ਕੀ ਤੁਸੀਂ ਉਸ ਨੂੰ ਆਖੋਂਗੇ, ‘ਛੇਤੀ ਆ ਅਤੇ ਭੋਜਨ ਲਈ ਬੈਠ ਜਾ?’ 8 ਨਹੀਂ! ਤੁਸੀਂ ਆਪਣੇ ਸੇਵਕ ਨੂੰ ਆਖੋਂਗੇ, ‘ਮੇਰੇ ਲਈ ਰਾਤ ਦਾ ਭੋਜਨ ਤਿਆਰ ਕਰ, ਕੱਪੜੇ ਪਾ ਅਤੇ ਜਦੋਂ ਤੀਕ ਮੈਂ ਖਾਂਦਾ ਤੇ ਪੀਂਦਾ ਹਾਂ, ਮੇਰੀ ਸੇਵਾ ਕਰ। ਫ਼ਿਰ ਤੂੰ ਖਾ ਪੀ ਸੱਕਦਾ ਹੈਂ। 9 ਕੀ ਉਹ ਆਪਣੇ ਆਦੇਸ਼ ਨੂੰ ਮੰਨਣ ਲਈ ਅਤੇ ਆਪਣੇ ਉਸ ਨੋਕਰ ਦਾ ਧੰਨਵਾਦ ਕਰਨ ਲਈ ਮਜਬੂਰ ਹੈ। 10 ਇਸੇ ਤਰ੍ਹਾਂ ਤੁਹਾਡੇ ਨਾਲ ਹੁੰਦਾ ਹੈ? ਜੇ ਤੁਸੀਂ ਉਹ ਸਭ ਕੁਝ ਉਵੇਂ ਹੀ ਕੀਤਾ ਹੈ, ਜਿਵੇਂ ਤੁਹਾਨੂੰ ਕਰਨ ਲਈ ਕਿਹਾ ਗਿਆ ਸੀ, ਤਾਂ ਤੁਹਾਨੂੰ ਆਖਣਾ ਚਾਹੀਦਾ ਹੈ ਕਿ ਅਸੀਂ ਕਿਸੇ ਖਾਸ ਧੰਨਵਾਦ ਦੇ ਲਾਇੱਕ ਨਹੀਂ। ਅਸੀਂ ਤਾਂ ਸਿਰਫ਼ ਉਹੀ ਕੁਝ ਕੀਤਾ ਹੈ ਜੋ ਕੁਝ ਸਾਨੂੰ ਕਰਨਾ ਚਾਹੀਦਾ ਹੈ।’”
2010 by World Bible Translation Center