Revised Common Lectionary (Complementary)
ਦਾਊਦ ਦਾ ਇੱਕ ਗੀਤ।
37 ਦੁਸ਼ਟ ਲੋਕਾਂ ਬਾਰੇ ਪਰੇਸ਼ਾਨ ਨਾ ਹੋਵੋ।
ਬਦਕਾਰਾਂ ਬਾਰੇ ਈਰਖਾਲੂ ਨਾ ਹੋਵੋ।
2 ਮੰਦੇ ਲੋਕ ਉਸ ਘਾਹ ਅਤੇ ਹਰੇ ਪੌਦਿਆਂ ਵਰਗੇ ਹਨ
ਜਿਹੜੇ ਛੇਤੀ ਹੀ ਮੁਰਝਾ ਜਾਂਦੇ ਹਨ ਅਤੇ ਮਰ ਜਾਂਦੇ ਹਨ।
3 ਜੇ ਤੁਸੀਂ ਯਹੋਵਾਹ ਵਿੱਚ ਯਕੀਨ ਰੱਖਦੇ ਹੋ ਅਤੇ ਚੰਗੇ ਕਾਰੇ ਕਰਦੇ ਹੋ,
ਤੁਸੀਂ ਧਰਤੀ ਉੱਤੇ ਜੀਵੋਂਗੇ ਅਤੇ ਉਨ੍ਹਾਂ ਵਿਭਿੰਨ ਚੀਜ਼ਾਂ ਨਾਲ ਆਨੰਦਿਤ ਹੋ ਜਾਵੋਂਗੇ ਜੋ ਉਹ ਦਿੰਦਾ ਹੈ।
4 ਯਹੋਵਾਹ ਦੀ ਸੇਵਾ ਕਰਦਿਆਂ ਖੁਸ਼ੀ ਅਨੁਭਵ ਕਰੋ,
ਅਤੇ ਉਹ ਤੁਹਾਡੀਆਂ ਮੁਰਾਦਾਂ ਪੂਰੀਆਂ ਕਰੇਗਾ।
5 ਯਹੋਵਾਹ ਤੇ ਨਿਰਭਰ ਹੋਵੋ, ਅਤੇ ਉਸ ਵਿੱਚ ਯਕੀਨ ਰੱਖੋ।
ਫ਼ੇਰ ਜਿਹੜਾ ਲੋੜੀਦਾ ਹੈ, ਉਹ ਕਰੇਗਾ।
6 ਆਪਣੀ ਨੇਕੀ ਅਤੇ ਨਿਰਪੱਖਤਾ ਨੂੰ ਦੁਪਿਹਰ ਦੀ ਤਿੱਖੀ ਧੁੱਪ ਵਾਂਗ ਚਮਕਣ ਦਿਉ।
7 ਯਹੋਵਾਹ ਉੱਤੇ ਭਰੋਸਾ ਕਰੋ ਅਤੇ ਉਸਦੀ ਮਦਦ ਲਈ ਇੰਤਜ਼ਾਰ ਕਰੋ।
ਜਦੋਂ ਮੰਦੇ ਲੋਕੀਂ ਸਫ਼ਲ ਹੋ ਜਾਂਦੇ ਹਨ ਪਰੇਸ਼ਾਨ ਨਾ ਹੋਵੋ।
ਜਦੋਂ ਬੁਰੇ ਲੋਕ ਦੁਸ਼ਟ ਵਿਉਂਤਾ ਬਣਾਉਂਦੇ ਹਨ, ਅਤੇ ਉਹ ਸਫ਼ਲ ਹੋ ਜਾਂਦੇ ਹਨ।
8 ਕ੍ਰੋਧ ਨਾ ਕਰੋ।
ਪਾਗਲ ਨਾ ਬਣੋ। ਇੰਨਾ ਨਾ ਕੁੜ੍ਹੋ ਕਿ ਤੁਸੀਂ ਵੀ ਮੰਦੀਆਂ ਗੱਲਾਂ ਕਰਨੀਆਂ ਚਾਹੋਂ।
9 ਕਿਉਂ? ਕਿਉਂਕਿ ਦੁਸ਼ਟ ਲੋਕ ਨਸ਼ਟ ਹੋ ਜਾਣਗੇ।
ਪਰ ਉਹ ਜਿਹੜੇ ਮਦਦ ਲਈ ਯਹੋਵਾਹ ਨੂੰ ਪੁਕਾਰਦੇ ਹਨ ਉਨ੍ਹਾਂ ਨੂੰ ਉਹ ਭੂਮੀ ਮਿਲੇਗੀ ਜਿਸਦਾ ਪਰਮੇਸ਼ੁਰ ਨੇ ਵਾਅਦਾ ਕੀਤਾ ਸੀ।
ਆਰਾਮ ਦੀ ਮੁਸ਼ਕਿਲ
7 ਆਹਾਜ਼ ਯੋਥਾਮ ਦਾ ਪੁੱਤਰ ਸੀ। ਯੋਥਾਮ ਉਜ਼ੀਯ੍ਯਾਹ ਦਾ ਪੁੱਤਰ ਸੀ। ਰਸੀਨ ਅਰਾਮ ਦਾ ਰਾਜਾ ਸੀ, ਰਮਲਯਾਹ ਦਾ ਪੁੱਤਰ ਫਕਹ ਇਸਰਾਏਲ ਦਾ ਰਾਜਾ ਸੀ। ਜਿਸ ਸਮੇਂ ਆਹਾਜ਼ ਯਹੂਦਾਹ ਦਾ ਰਾਜਾ ਸੀ, ਰਸੀਨ ਅਤੇ ਫਕਹ ਯਰੂਸ਼ਲਮ ਦੇ ਖਿਲਾਫ਼ ਜੰਗ ਕਰਨ ਲਈ ਓੱਥੇ ਗਏ। ਪਰ ਉਹ ਸ਼ਹਿਰ ਨੂੰ ਹਰਾ ਨਹੀਂ ਸੱਕੇ।
2 ਦਾਊਦ ਦੇ ਪਰਿਵਾਰ ਨੂੰ ਇੱਕ ਸੁਨੇਹਾ ਦਿੱਤਾ ਗਿਆ। ਸੁਨੇਹੇ ਵਿੱਚ ਆਖਿਆ ਗਿਆ ਸੀ, “ਅਰਾਮ ਦੀ ਫ਼ੌਜ ਅਤੇ ਇਫ਼ਰਾਈਮ (ਇਸਰਾਏਲ) ਦੀ ਫ਼ੌਜ ਇਕੱਠੀ ਹੋ ਗਈ ਹੈ। ਇਨ੍ਹਾਂ ਦੋਹਾਂ ਫ਼ੌਜਾਂ ਨੇ ਗਠ੍ਠਜੋੜ ਕਰ ਲਿਆ ਹੈ।” ਜਦੋਂ ਰਾਜੇ ਆਹਾਜ਼ ਨੇ ਇਹ ਸੁਨੇਹਾ ਸੁਣਿਆ ਤਾਂ ਉਹ ਅਤੇ ਲੋਕ ਬਹੁਤ ਡਰ ਗਏ। ਉਹ ਭੈਭੀਤ ਹੋ ਕੇ ਇਸ ਤਰ੍ਹਾਂ ਕੰਬ ਰਹੇ ਸਨ ਜਿਵੇਂ ਜੰਗਲ ਦੇ ਰੁੱਖ ਹਵਾ ਨਾਲ ਹਿਲਦੇ ਹਨ।
3 ਫ਼ੇਰ ਯਹੋਵਾਹ ਨੇ ਯਸਾਯਾਹ ਨੂੰ ਆਖਿਆ, “ਤੈਨੂੰ ਅਤੇ ਤੇਰੇ ਪੁੱਤਰ ਸ਼ਆਰ ਯਾਸ਼ੂਬ ਨੂੰ ਬਾਹਰ ਜਾ ਕੇ ਆਹਾਜ਼ ਨਾਲ ਗੱਲ ਕਰਨੀ ਚਾਹੀਦੀ ਹੈ। ਉਸ ਥਾਂ ਵੱਲ ਜਾਓ ਜਿੱਥੇ ਪਾਣੀ ਉੱਪਰ ਤਲਾ ਵਿੱਚ ਵਗਦਾ ਹੈ। ਇਹ ਧੋਬੀਘਾਟ ਵੱਲ ਜਾਂਦੀ ਗਲੀ ਉੱਤੇ ਹੈ।
4 “ਆਹਾਜ਼ ਨੂੰ ਆਖੋ, ‘ਸਾਵੱਧਾਨ ਅਤੇ ਸ਼ਾਂਤ ਰਹਿ। ਭੈਭੀਤ ਨਾ ਹੋ। ਉਨ੍ਹਾਂ ਦੋ ਬੰਦਿਆਂ, ਰਸੀਨ ਅਤੇ ਰਮਲਯਾਹ ਦੇ ਪੁੱਤਰ ਤੋਂ ਡਰਨ ਦੀ ਲੋੜ ਨਹੀਂ! ਉਹ ਦੋਵੇਂ ਬੰਦੇ ਦੋ ਜਲੀਆਂ ਹੋਈਆਂ ਸੋਟੀਆਂ ਵਰਗੇ ਹਨ। ਪਿੱਛਲੇ ਸਮੇਂ ਵਿੱਚ ਉਹ ਅੱਗ ਵਾਂਗ ਬਲਦੇ ਸਨ। ਪਰ ਹੁਣ ਉਹ ਨਿਰਾ ਪੂੰਆਂ ਹਨ। ਰਸੀਨ, ਅਰਾਮ ਅਤੇ ਰਮਲਯਾਹ ਦਾ ਪੁੱਤਰ ਗੁੱਸੇ ਵਿੱਚ ਹਨ। 5 ਉਨ੍ਹਾਂ ਨੇ ਤੁਹਾਡੇ ਖਿਲਾਫ਼ ਵਿਉਂਤਾਂ ਘੜੀਆਂ ਹਨ। ਉਨ੍ਹਾਂ ਆਖਿਆ ਸੀ: 6 “ਸਾਨੂੰ ਯਹੂਦਾਹ ਦੇ ਵਿਰੁੱਧ ਜਾ ਕੇ ਲੜਨਾ ਚਾਹੀਦਾ ਹੈ। ਅਸੀਂ ਯਹੂਦਾਹ ਨੂੰ ਆਪਸ ਵਿੱਚ ਵੰਡ ਲਵਾਂਗੇ। ਅਸੀਂ ਟਾਬਲ ਦੇ ਪੁੱਤਰ ਨੂੰ ਯਹੂਦਾਹ ਦਾ ਨਵਾਂ ਰਾਜਾ ਬਣਾ ਦਿਆਂਗੇ।”’”
7 ਮੇਰਾ ਮਾਲਕ ਯਹੋਵਾਹ ਆਖਦਾ ਹੈ, “ਉਨ੍ਹਾਂ ਦੀ ਯੋਜਨਾ ਸਫ਼ਲ ਨਹੀਂ ਹੋਵੇਗੀ। ਇਹ ਗੱਲ ਨਹੀਂ ਵਾਪਰੇਗੀ। 8 ਜਿੰਨਾ ਚਿਰ ਤੱਕ ਰਸੀਨ ਦਂਮਿਸ਼ਕ ਦਾ ਹਾਕਮ ਹੈ ਇਹ ਗੱਲ ਨਹੀਂ ਵਾਪਰੇਗੀ। ਇਫ਼ਰਾਈਮ (ਇਸਰਾਏਲ) ਹੁਣ ਇੱਕ ਕੌਮ ਹੈ ਪਰ ਆਉਣ ਵਾਲੇ 65 ਵਰ੍ਹਿਆਂ ਵਿੱਚ ਇਫ਼ਰਾਈਮ ਇੱਕ ਕੌਮ ਨਹੀਂ ਹੋਵੇਗੀ। 9 ਜਿੰਨਾ ਚਿਰ ਇਫ਼ਰਾਈਮ ਦੀ ਰਾਜਧਾਨੀ ਸਾਮਰਿਯਾ ਹੈ ਅਤੇ ਸਾਮਰਿਯਾ ਦਾ ਹਾਕਮ ਰਮਲਯਾਹ ਦਾ ਪੁੱਤਰ ਹੈ, ਇਹ ਯੋਜਨਾ ਸਫ਼ਲ ਨਹੀਂ ਹੋਵੇਗੀ। ਜੇ ਤੁਸੀਂ ਇਸ ਸੰਦੇਸ਼ ਵਿੱਚ ਵਿਸ਼ਵਾਸ ਨਹੀਂ ਕਰੋਗੇ ਤਾਂ ਲੋਕਾਂ ਨੂੰ ਤੁਹਾਡੇ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ।”
ਯਿਸੂ ਦਾ ਦੋ ਅੰਨ੍ਹਿਆਂ ਨੂੰ ਰਾਜੀ ਕਰਨਾ(A)
29 ਜਦੋਂ ਉਹ ਅਤੇ ਉਸ ਦੇ ਚੇਲੇ ਯਰੀਹੋ ਤੋਂ ਵਿਦਾ ਹੋ ਰਹੇ ਸਨ, ਲੋਕਾਂ ਦੀ ਇੱਕ ਵੱਡੀ ਭੀੜ ਨੇ ਯਿਸੂ ਦਾ ਪਿੱਛਾ ਕੀਤਾ। 30 ਦੋ ਅੰਨ੍ਹੇ ਮਨੁੱਖ ਸੜਕ ਦੇ ਕੰਢੇ ਬੈਠੇ ਸਨ। ਜਦੋਂ ਉਨ੍ਹਾਂ ਸੁਣਿਆ ਕਿ ਯਿਸੂ ਲੰਘਿਆ ਜਾਂਦਾ ਹੈ ਤਾਂ ਉਹ ਉੱਚੀ ਆਵਾਜ਼ ਵਿੱਚ ਬੋਲੇ, “ਹੇ ਪ੍ਰਭੂ, ਦਾਊਦ ਦੇ ਪੁੱਤਰ, ਸਾਡੇ ਉੱਤੇ ਦਯਾ ਕਰ।”
31 ਉਨ੍ਹਾਂ ਨੇ ਅੰਨ੍ਹੇ ਆਦਮੀਆਂ ਨੂੰ ਝਿੜਕਿਆ ਅਤੇ ਚੁੱਪ ਰਹਿਣ ਲਈ ਕਿਹਾ, ਪਰ ਉਹ ਹੋਰ ਵੀ ਉੱਚੀ ਬੋਲੇ, “ਹੇ ਪ੍ਰਭੂ, ਦਾਊਦ ਦੇ ਪੁੱਤਰ ਕਿਰਪਾ ਕਰਕੇ ਸਾਡੀ ਸਹਾਇਤਾ ਕਰ।”
32 ਤਦ ਯਿਸੂ ਰੁਕਿਆ ਅਤੇ ਉਨ੍ਹਾਂ ਨੂੰ ਸੱਦਕੇ ਪੁੱਛਿਆ, “ਤੁਸੀਂ ਮੈਥੋਂ ਆਪਣੇ ਵਾਸਤੇ ਕੀ ਕਰਾਉਨਾ ਚਾਹੁੰਦੇ ਹੋ?”
33 ਤਦ ਉਨ੍ਹਾਂ ਦੋਹਾਂ ਨੇ ਕਿਹਾ, “ਪ੍ਰਭੂ ਜੀ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਅੱਖਾਂ ਖੁਲ੍ਹ ਜਾਣ ਜੋ ਅਸੀਂ ਵੇਖ ਸੱਕੀਏ।”
34 ਯਿਸੂ ਨੇ ਉਨ੍ਹਾਂ ਅੰਨ੍ਹਿਆਂ ਆਦਮੀਆਂ ਲਈ ਤਰਸ ਮਹਿਸੂਸ ਕੀਤਾ ਅਤੇ ਉਨ੍ਹਾਂ ਦੀਆਂ ਅੱਖਾਂ ਨੂੰ ਛੋਹਿਆ ਉਹ ਝੱਟ ਸੁਜਾਖੇ ਹੋ ਗਏ ਅਤੇ ਯਿਸੂ ਦੇ ਮਗਰ ਹੋ ਤੁਰੇ।
2010 by World Bible Translation Center