Revised Common Lectionary (Complementary)
146 ਯਹੋਵਾਹ ਦੀ ਉਸਤਤਿ ਕਰੋ।
ਹੇ ਮੇਰੀ ਆਤਮਾ, ਯਹੋਵਾਹ ਦੀ ਉਸਤਤਿ ਕਰ।
2 ਮੈਂ ਸਾਰੀ ਉਮਰ ਯਹੋਵਾਹ ਦੀ ਉਸਤਤਿ ਕਰਾਂਗਾ।
ਮੈਂ ਉਸਦੀ ਉਸਤਤਿ ਦੇ ਸਾਰੀ ਉਮਰ ਗੀਤ ਗਾਵਾਂਗਾ।
3 ਆਪਣੇ ਆਗੂਆਂ ਉੱਤੇ ਮਦਦ ਲਈ ਨਿਰਭਰ ਨਾ ਕਰੋ, ਲੋਕਾਂ ਉੱਤੇ ਵਿਸ਼ਵਾਸ ਨਾ ਕਰੋ।
ਕਿਉਂਕਿ ਲੋਕ ਤੁਹਾਨੂੰ ਨਹੀਂ ਬਚਾ ਸੱਕਦੇ।
4 ਲੋਕ ਮਰ ਜਾਂਦੇ ਹਨ ਅਤੇ ਦਫ਼ਨਾ ਦਿੱਤੇ ਜਾਂਦੇ ਹਨ।
ਅਤੇ ਫ਼ੇਰ ਉਨ੍ਹਾਂ ਦੀਆਂ ਮਦਦ ਕਰਨ ਦੀਆਂ ਸਾਰੀਆਂ ਯੋਜਨਾਵਾਂ ਖਤਮ ਹੋ ਜਾਂਦੀਆਂ ਹਨ।
5 ਪਰ ਜਿਹੜੇ ਲੋਕ ਪਰਮੇਸ਼ੁਰ ਕੋਲੋਂ ਸਹਾਇਤਾ ਮੰਗਦੇ ਹਨ ਬਹੁਤ ਖੁਸ਼ ਹਨ।
ਉਹ ਆਪਣੇ ਯਹੋਵਾਹ ਪਰਮੇਸ਼ੁਰ ਉੱਤੇ ਨਿਰਭਰ ਕਰਦੇ ਹਨ।
6 ਯਹੋਵਾਹ ਨੇ ਸਵਰਗ ਅਤੇ ਧਰਤੀ ਨੂੰ ਸਾਜਿਆ।
ਯਹੋਵਹ ਨੇ ਸਮੁੰਦਰ ਅਤੇ ਉਸ ਵਿੱਚਲੀ ਹਰ ਸ਼ੈਅ ਨੂੰ ਸਾਜਿਆ, ਯਹੋਵਾਹ ਉਸ ਨੂੰ ਸਦਾ ਲਈ ਬਚਾਵੇਗਾ।
7 ਯਹੋਵਾਹ ਉਨ੍ਹਾਂ ਲੋਕਾਂ ਲਈ ਸਹੀ ਗੱਲਾਂ ਕਰਦਾ ਹੈ ਜਿਨ੍ਹਾਂ ਨੂੰ ਦੁੱਖ ਦਿੱਤਾ ਗਿਆ ਹੈ
ਪਰਮੇਸ਼ੁਰ ਭੁੱਖੇ ਲੋਕਾਂ ਨੂੰ ਭੋਜਨ ਦਿੰਦਾ ਹੈ
ਯਹੋਵਾਹ ਕੈਦ ਵਿੱਚ ਬੰਦ ਲੋਕਾਂ ਨੂੰ ਮੁਕਤ ਕਰਦਾ ਹੈ।
8 ਯਹੋਵਾਹ ਅੰਨ੍ਹੇ ਲੋਕਾਂ ਦੀ ਦੇਖਣ ਵਿੱਚ ਮਦਦ ਕਰਦਾ ਹੈ।
ਯਹੋਵਾਹ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈ ਜੋ ਮੁਸੀਬਤ ਵਿੱਚ ਹਨ।
ਯਹੋਵਾਹ ਨੇਕ ਲੋਕਾਂ ਨੂੰ ਪਿਆਰ ਕਰਦਾ ਹੈ।
9 ਯਹੋਵਾਹ ਸਾਡੇ ਦੇਸ਼ ਵਿੱਚ ਅਜਨਬੀਆਂ ਨੂੰ ਬਚਾਉਂਦਾ ਹੈ।
ਯਹੋਵਾਹ ਵਿਧਵਾਵਾਂ ਅਤੇ ਯਤੀਮਾਂ ਦੀ ਮਦਦ ਕਰਦਾ ਹੈ।
ਪਰ ਯਹੋਵਾਹ ਬੁਰੇ ਲੋਕਾਂ ਦਾ ਨਾਸ਼ ਕਰਦਾ ਹੈ।
10 ਯਹੋਵਾਹ ਸਦਾ-ਸਦਾ ਲਈ ਰਾਜ ਕਰੇਗਾ ਸੀਯੋਨ,
ਤੇਰਾ ਪਰਮੇਸ਼ੁਰ ਸਦਾ-ਸਦਾ ਲਈ ਰਾਜ ਕਰੇਗਾ।
ਯਹੋਵਾਹ ਦੀ ਉਸਤਤਿ ਕਰੋ।
11 ਅਮੀਰ ਆਦਮੀ ਆਪਣੀ ਨਿਗਾਹ ਵਿੱਚ ਸਿਆਣਾ ਹੋ ਸੱਕਦਾ, ਪਰ ਗਰੀਬ ਜੋ ਕਿ ਸਿਆਣਾ ਹੋਵੇ ਸਿੱਧਾ ਉਸ ਰਾਹੀਂ ਵੇਖ ਸੱਕਦਾ ਹੈ।
12 ਜਦੋਂ ਧਰਮੀ ਲੋਕ ਜਿੱਤਦੇ ਹਨ ਤਾਂ ਹਰ ਕੋਈ ਪ੍ਰਸੰਨ ਹੁੰਦਾ ਹੈ। ਪਰ ਜਦੋਂ ਦੁਸ਼ਟ ਲੋਕਾਂ ਨੂੰ ਸ਼ਕਤੀ ਮਿਲਦੀ ਹੈ ਹਰ ਕੋਈ ਛੁਪਣਗਾਹਾਂ ਵਿੱਚ ਚੱਲਿਆ ਜਾਂਦਾ ਹੈ।
13 ਜਿਹੜਾ ਬੰਦਾ ਆਪਣੇ ਪਾਪਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰੇ, ਉੱਨਤੀ ਨਹੀਂ ਕਰਦਾ, ਪਰ ਜਿਹੜਾ ਆਪਣੇ ਪਾਪਾਂ ਨੂੰ ਕਬੂਲਦਾ ਅਤੇ ਤਿਆਗਦਾ ਹੈ ਮਿਹਰ ਪ੍ਰਾਪਤ ਕਰਦਾ ਹੈ।
14 ਜਿਹੜਾ ਵਿਅਕਤੀ ਹਮੇਸ਼ਾ ਇੱਜਤਦਾਰ ਰਹਿੰਦਾ ਹੈ ਧੰਨ ਹੈ, ਪਰ ਜਿਹੜਾ ਵਿਅਕਤੀ ਆਪਣੇ ਦਿਲ ਨੂੰ ਕਠੋਰ ਬਣਾ ਲੈਂਦਾ ਮੁਸੀਬਤਾਂ ਦਾ ਸਾਹਮਣਾ ਕਰਦਾ।
15 ਇੱਕ ਦੁਸ਼ਟ ਵਿਅਕਤੀ ਦਾ ਗਰੀਬ ਕੌਮ ਤੇ ਰਾਜ ਕਰਨਾ, ਗਰਜਦੇ ਸ਼ੇਰ ਜਾਂ ਹਮਲਾ ਕਰਨ ਵਾਲੇ ਰਿੱਛ ਵਾਂਗ ਹੁੰਦਾ ਹੈ।
16 ਜਿਸ ਸ਼ਾਸਕ ਕੋਲ ਸਮਝਦਾਰੀ ਨਹੀਂ ਹੁੰਦੀ ਉਹ ਅੱਤਿਆਚਰੀ ਹੁੰਦਾ ਹੈ, ਪਰ ਜਿਹੜਾ ਸ਼ਾਸਕ ਦੌਲਤ ਬਦ-ਕਰਮਾਂ ਰਾਹੀ ਕਮਾਈ ਨੂੰ ਨਫ਼ਰਤ ਕਰਦਾ ਹੈ, ਬਹੁਤ ਚਿਰ ਸ਼ਾਸਨ ਕਰਦਾ ਹੈ।
17 ਜਿਹੜਾ ਵਿਅਕਤੀ, ਕਤਲ ਕਰਨ ਕਾਰਣ ਕਸ਼ਟ ਝੱਲਦਾ ਹੈ ਮਰਨ ਤੀਕ ਸ਼ਾਂਤੀ ਪ੍ਰਾਪਤ ਨਹੀਂ ਕਰੇਗਾ। ਅਜਿਹੇ ਵਿਅਕਤੀ ਦੀ ਮਦਦ ਨਾ ਕਰੋ।
18 ਜਿਹੜਾ ਵਿਅਕਤੀ ਇਮਾਨਦਾਰੀ ਨਾਲ ਜਿਉਂਦਾ ਹੈ ਉਹ ਸੁਰੱਖਿਅਤ ਹੈ। ਪਰ ਜਿਨ੍ਹਾਂ ਲੋਕਾਂ ਦੇ ਰਾਹ ਟੇਢੇ-ਮੇਢੇ ਹੁੰਦੇ ਹਨ ਉਹ ਅਚਾਨਕ ਡਿੱਗ ਪੈਣਗੇ।
19 ਜਿਹੜਾ ਵਿਅਕਤੀ ਆਪਣੀ ਜ਼ਮੀਨ ਤੇ ਕੰਮ ਕਰੇ ਆਪਣੀ ਮਜ਼ਦੂਰੀ ਦਾ ਫਲ ਪ੍ਰਾਪਤ ਕਰੇਗਾ, ਪਰ ਜਿਹੜਾ ਵਿਅਕਤੀ ਵਿਅਰਥ ਸੱਕੀਮਾਂ ਪਿੱਛੇ ਭੱਜੇ ਉਹ ਗਰੀਬ ਹੀ ਰਹੇਗਾ।
20 ਇੱਕ ਇਮਾਨਦਾਰ ਆਦਮੀ ਸੱਚਮੁੱਚ ਧੰਨ ਹੈ, ਪਰ ਜਿਹੜਾ ਅਮੀਰ ਬਨਣ ਲਈ ਬਹੁਤ ਜਲਦੀ ਕਰੇ, ਸਜ਼ਾ ਤੋਂ ਬਚ ਨਹੀਂ ਪਾਵੇਗਾ।
21 ਪੱਖਪਾਤ ਕਰਨਾ ਚੰਗੀ ਗੱਲ ਨਹੀਂ, ਪਰ ਰੋਟੀ ਦੇ ਇੱਕ ਟੁਕੜੇ ਖਾਤਰ ਆਦਮੀ ਉਹ ਕਰੇਗਾ ਜੋ ਗ਼ਲਤ ਹੈ।
22 ਇੱਕ ਕਿਰਸੀ ਹਮੇਸ਼ਾ ਦੌਲਤ ਸਮੇਟਣ ਬਾਰੇ ਸੋਚਦਾ, ਪਰ ਇਹ ਨਹੀਂ ਜਾਣਦਾ ਕਿ ਗਰੀਬੀ ਉਸਦਾ ਇੰਤਜ਼ਾਰ ਕਰ ਰਹੀ ਹੈ।
23 ਜਿਹੜਾ ਵਿਅਕਤੀ ਦੂਸਰੇ ਨੂੰ ਝਿੜਕਦਾ ਹੈ ਉਸ ਨੂੰ ਉਸ ਨਾਲੋਂ ਵੱਧੇਰੇ ਪਿਆਰ ਕੀਤਾ ਜਾਵੇਗਾ ਜੋ ਉਸ ਲਈ ਉੱਕੀਆਂ ਫੜ੍ਹਾਂ ਮਾਰਦਾ ਹੈ।
24 ਉਹ ਜੋ ਆਪਣੇ ਮਾਪਿਆਂ ਤੋਂ ਵੀ ਚੁਰਾਉਂਦਾ ਅਤੇ ਆਖਦਾ, “ਇਸ ਵਿੱਚ ਕੁਝ ਵੀ ਗ਼ਲਤ ਨਹੀਂ!” ਉਸ ਵਿਅਕਤੀ ਦਾ ਸਾਂਝੀਦਾਰ ਹੁੰਦਾ ਹੈ ਜੋ ਤਬਾਹੀ ਦਾ ਕਾਰਣ ਬਣਦਾ ਹੈ।
25 ਲਾਲਚੀ ਆਦਮੀ ਦਲੀਲਬਾਜ਼ੀ ਕਰਦਾ ਹੈ ਪਰ ਜਿਹੜਾ ਬੰਦਾ ਯਹੋਵਾਹ ਉੱਤੇ ਭਰੋਸਾ ਰੱਖਣਾ, ਉੱਨਤੀ ਕਰੇਗਾ।
26 ਜਿਹੜਾ ਆਦਮੀ ਆਪਣੇ-ਆਪ ਵਿੱਚ ਭਰੋਸਾ ਰੱਖਦਾ ਹੈ ਮੂਰਖ ਹੈ, ਪਰ ਜਿਹੜਾ ਆਦਮੀ ਸਿਆਣਪਤਾ ਅਨੁਸਾਰ ਰਹਿੰਦਾ ਹੈ, ਸੁਰੱਖਿਅਤ ਹੈ।
27 ਜੇ ਕੋਈ ਬੰਦਾ ਗਰੀਬਾਂ ਨੂੰ ਦਾਨ ਦਿੰਦਾ ਹੈ ਤਾਂ ਉਹ ਆਪਣੀ ਜ਼ਰੂਰਤ ਦੀ ਹਰ ਚੀਜ਼ ਪ੍ਰਾਪਤ ਕਰ ਲਵੇਗਾ। ਪਰ ਜੇ ਕੋਈ ਬੰਦਾ ਗਰੀਬਾਂ ਦੀ ਸਹਾਇਤਾ ਕਰਨ ਤੋਂ ਇਨਕਾਰ ਕਰਦਾ ਹੈ, ਤਾਂ ਉਸ ਨੂੰ ਬਹੁਤ ਮੁਸੀਬਤਾਂ ਮਿਲਣਗੀਆਂ।
28 ਜਦੋਂ ਦੁਸ਼ਟ ਲੋਕ ਸ਼ਕਤੀ ਵਿੱਚ ਆਉਂਦੇ ਹਨ, ਲੋਕੀਂ ਖੁਦ ਨੂੰ ਛੁਪਾ ਲੈਂਦੇ ਹਨ, ਪਰ ਜਦੋਂ ਉਹ ਤਬਾਹ ਹੋ ਜਾਂਦੇ ਹਨ, ਉਦੋਂ ਧਰਮੀ ਲੋਕ ਉੱਨਤੀ ਕਰਦੇ ਹਨ।
43 ਸਾਰੇ ਲੋਕ ਉਨ੍ਹਾਂ ਸਾਰੀਂ ਗੱਲਾਂ ਤੇ ਹੈਰਾਨ ਸਨ ਜੋ ਯਿਸੂ ਕਰ ਰਿਹਾ ਸੀ।
ਯਿਸੂ ਦਾ ਆਪਣੀ ਮੌਤ ਬਾਰੇ ਦੱਸਣਾ(A)
ਯਿਸੂ ਦੀਆਂ ਮਹਾਨ ਗੱਲਾਂ ਤੇ ਸਭ ਲੋਕ ਹੈਰਾਨ ਸਨ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, 44 “ਉਹ ਗੱਲਾਂ ਜੋ ਮੈਂ ਤੁਹਾਨੂੰ ਹੁਣ ਦੱਸ ਰਿਹਾ ਹਾਂ ਇਨ੍ਹਾਂ ਨੂੰ ਧਿਆਨ ਨਾਲ ਸੁਣੋ ਕਿ: ਮਨੁੱਖ ਦਾ ਪੁੱਤਰ ਆਦਮੀਆਂ ਦੇ ਹੱਥੀਂ ਫ਼ੜਵਾ ਦਿੱਤਾ ਜਾਵੇਗਾ।” 45 ਪਰ ਚੇਲੇ ਇਹ ਨਾ ਸਮਝ ਸੱਕੇ ਕਿ ਉਹ ਕੀ ਆਖ ਰਿਹਾ ਹੈ। ਅਰਥ ਉਨ੍ਹਾਂ ਤੋਂ ਛੁਪਿਆ ਹੋਇਆ ਸੀ ਇਸ ਲਈ ਉਹ ਇਹ ਸਮਝ ਨਾ ਸੱਕੇ। ਪਰ ਉਹ ਇਸ ਬਾਰੇ ਯਿਸੂ ਨੂੰ ਪੁੱਛਣ ਤੋਂ ਘਬਰਾਉਦੇ ਸਨ।
ਸਭ ਤੋਂ ਮਹੱਤਵਪੂਰਣ ਮਨੁੱਖ(B)
46 ਯਿਸੂ ਦੇ ਚੇਲਿਆਂ ਵਿੱਚਕਾਰ ਇੱਕ ਤਕਰਾਰ ਸ਼ੁਰੂ ਹੋਈ ਕਿ ਉਨ੍ਹਾਂ ਵਿੱਚੋਂ ਕਿਹੜਾ ਵਿਅਕਤੀ ਮਹੱਤਵਪੂਰਣ ਹੈ? 47 ਉਹ ਜਾਣਦਾ ਸੀ ਕਿ ਉਹ ਕੀ ਸੋਚ ਰਹੇ ਹਨ ਤਾਂ ਉਸ ਨੇ ਇੱਕ ਬਾਲਕ ਨੂੰ ਲਿਆ ਅਤੇ ਉਸ ਛੋਟੇ ਬਾਲਕ ਨੂੰ ਆਪਣੇ ਕੋਲ ਖੜ੍ਹਾ ਕਰ ਲਿਆ ਅਤੇ ਫ਼ਿਰ ਆਪਣੇ ਚੇਲਿਆਂ ਨੂੰ ਕਿਹਾ, 48 “ਜੇ ਕੋਈ ਵੀ ਮੇਰੇ ਨਾਮ ਤੇ ਇਸ ਛੋਟੇ ਬਾਲਕ ਨੂੰ ਕਬੂਲ ਕਰਦਾ ਹੈ ਤਾਂ ਉਹ ਮੈਨੂੰ ਕਬੂਲ ਕਰ ਲੈਂਦਾ ਹੈ। ਜੇਕਰ ਕੋਈ ਮੈਨੂੰ ਕਬੂਲਦਾ ਹੈ ਉਹ ਉਸ ਨੂੰ ਕਬੂਲ ਕਰਦਾ ਹੈ, ਜਿਸਨੇ ਮੈਨੂੰ ਭੇਜਿਆ ਹੈ। ਕਿਉਂਕਿ ਜੋ ਕੋਈ ਵੀ ਤੁਹਾਡੇ ਵਿੱਚੋਂ ਸਭ ਤੋਂ ਵੱਧ ਨਿਮਰਤਾ ਵਾਲਾ ਹੈ ਉਹੀ ਸਭ ਤੋਂ ਵੱਧ ਮਹੱਤਵਪੂਰਣ ਮਨੁੱਖ ਹੈ।”
2010 by World Bible Translation Center