Revised Common Lectionary (Complementary)
ਨਿਰਦੇਸ਼ਕ ਲਈ: ਸੇਮਿਨਿਥ ਦੀ ਸੰਗਤ ਨਾਲ ਦਾਊਦ ਦਾ ਇੱਕ ਗੀਤ।
12 ਯਹੋਵਾਹ, ਮੈਨੂੰ ਬਚਾਉ।
ਸਾਰੇ ਚੰਗੇ ਲੋਕ ਚੱਲੇ ਗਏ ਹਨ।
ਧਰਤੀ ਉਤਲੀ ਮਾਨਵਤਾ ਵਿੱਚ ਕੋਈ ਵੀ ਸੱਚਾ ਆਸਥਾਵਾਨ ਨਹੀਂ ਬਚਿਆ।
2 ਲੋਕੀਂ ਆਪਣੇ ਗੁਆਂਢੀਆਂ ਨੂੰ ਝੂਠ ਬੋਲਦੇ ਹਨ,
ਉਹ ਆਪਣੇ ਗੁਆਂਢੀਆਂ ਨੂੰ ਝੂਠ ਬੋਲਦੇ ਹਨ ਅਤੇ ਚਾਪਲੂਸੀ ਕਰਦੇ ਹਨ।
3 ਯਹੋਵਾਹ, ਉਨ੍ਹਾਂ ਚਾਪਲੂਸੀ ਭਰੇ ਬੁਲ੍ਹਾਂ
ਅਤੇ ਸ਼ੇਖੀ ਮਾਰਦੀਆਂ ਜੀਭਾਂ ਵਾਲੇ ਲੋਕਾਂ ਨੂੰ ਤੜੀਪਾਰ ਕਰ ਦੇਵੇ।
4 ਉਹ ਲੋਕ ਆਖਦੇ ਹਨ, “ਅਸੀਂ ਢੁਕਵੇਂ ਝੂਠ ਬੋਲਾਂਗੇ ਅਤੇ ਬਹੁਤ ਮਹੱਤਵਪੂਰਣ ਬਣ ਜਾਵਾਂਗੇ।
ਅਸੀਂ ਜਾਣਦੇ ਹਾਂ ਕਿ ਕੀ ਆਖਣਾ ਹੈ,
ਇਸ ਲਈ ਕੋਈ ਵੀ ਸਾਡਾ ਮਾਲਕ ਨਹੀਂ ਹੋਵੇਗਾ।”
5 ਪਰ ਯਹੋਵਾਹ ਆਖਦਾ, “ਬੁਰੇ ਵਿਅਕਤੀ ਗਰੀਬੜਿਆਂ ਦੀ ਚੋਰੀ ਕਰ ਰਹੇ ਹਨ,
ਉਹ ਬੇਸਹਾਰਿਆਂ ਦਾ ਮਾਲ ਲੁੱਟ ਰਹੇ ਹਨ।
ਪਰ ਹੁਣ ਉਨ੍ਹਾਂ ਥੱਕਿਆਂ
ਅਤੇ ਹਾਰਿਆਂ ਹੋਇਆਂ ਨਾਲ ਮੈਂ ਖਲੋਵਾਂਗਾ।”
6 ਯਹੋਵਾਹ ਦੇ ਸ਼ਬਦ ਸੱਚੇ ਅਤੇ ਪਵਿੱਤਰ ਹਨ,
ਜਿਵੇਂ ਸੱਚਮੁੱਚ ਚਾਂਦੀ ਸੱਤ ਵੇਰਾਂ ਤਪਾਈ ਗਈ ਹੋਵੇ।
7 ਯਹੋਵਾਹ, ਲਾਚਾਰ ਲੋਕਾਂ ਦਾ ਧਿਆਨ ਕਰ।
ਉਨ੍ਹਾਂ ਦੀ ਹੁਣ ਅਤੇ ਹਮੇਸ਼ਾ ਰੱਖਿਆ ਕਰ।
8 ਉਹ ਮੰਦੇ ਲੋਕ ਇੰਝ ਵਿਖਾਵਾ ਕਰਦੇ ਹਨ ਜਿਵੇਂ ਕਿ ਉਹ ਮਹੱਤਵਪੂਰਣ ਹਨ।
ਪਰ ਅਸਲ ਵਿੱਚ ਉਹ ਨਕਲੀ ਮੋਤੀ ਹਨ।
ਉਹ ਬਹੁਤ ਮਹਿੰਗੇ ਮੁੱਲ ਦੇ ਲੱਗਦੇ ਹਨ ਪਰ ਅਸਲ ਵਿੱਚ ਕੌੜੀਉਂ ਵੀ ਸਸਤੇ ਹਨ।
12 ਇੱਕ ਉਹ ਰਸਤਾ ਹੈ ਜਿਸ ਨੂੰ ਲੋਕ ਸਹੀ ਸਮਝਦੇ ਹਨ। ਪਰ ਉਹ ਰਸਤਾ ਸਿਰਫ਼ ਮੌਤ ਵੱਲ ਜਾਂਦਾ ਹੈ।
13 ਕੋਈ ਜਣਾ ਹਸੱਦਿਆਂ ਹੋਇਆਂ ਵੀ ਉਦਾਸ ਹੋ ਸੱਕਦਾ ਹੈ ਅਤੇ ਹੋ ਸੱਕਦਾ ਕਿ ਹਾਸੇ ਦਾ ਅੰਤ ਉਦਾਸੀ ਵਿੱਚ ਹੋਵੇ।
14 ਜਿਸ ਬੰਦੇ ਵਿੱਚ ਵਫ਼ਾਦਾਰੀ ਦੀ ਕਮੀ ਹੁੰਦੀ ਹੈ, ਆਪਣੇ ਅਮਲਾਂ ਦੇ ਫ਼ਲਾਂ ਨੂੰ ਭੋਗਣਗੇ, ਅਤੇ ਇਸੇ ਤਰ੍ਹਾਂ ਹੀ ਇੱਕ ਚੰਗਾ ਆਦਮੀ ਆਪਣਾ ਕਰਮਾਂ ਨੂੰ ਭੋਗੇਗਾ।
15 ਆਮ ਲੋਕ ਜੋ ਵੀ ਸੁਣਦੇ ਹਨ ਸਭ ਕੁਝ ਤੇ ਭਰੋਸਾ ਕਰ ਲੈਂਦੇ ਹਨ। ਪਰ ਸਿਆਣਾ ਬੰਦਾ ਕਰਨ ਤੋਂ ਪਹਿਲਾਂ ਹਰ ਚੀਜ਼ ਬਾਰੇ ਧਿਆਨ ਨਾਲ ਸੋਚ ਵਿੱਚਾਰ ਕਰਦਾ ਹੈ।
16 ਇੱਕ ਸਿਆਣੇ ਵਿਅਕਤੀ ਨੂੰ ਡਰ ਦੀ ਤੰਦਰੁਸਤ ਖੁਰਾਕ ਮਿਲਦੀ ਹੈ ਅਤੇ ਜਦੋਂ ਉਹ ਮੁਸੀਬਤ ਵੇਖਦੇ ਹਨ ਤਾਂ ਦੂਰ ਰਹਿੰਦੇ ਹਨ। ਪਰ ਮੂਰਖ ਬੰਦਾ ਉਹੀ ਕਰਦਾ ਜੋ ਉਹ ਚਾਹੁੰਦਾ ਅਤੇ ਹਾਲੇ ਵੀ ਸੋਚਦਾ ਕਿ ਉਹ ਸੁਰੱਖਿਅਤ ਹੈ।
17 ਜਿਹੜਾ ਬੰਦਾ ਛੇਤੀ ਗੁੱਸੇ ਵਿੱਚ ਆ ਜਾਂਦਾ ਹੈ ਮੂਰੱਖਤਾ ਭਰੀਆਂ ਗੱਲਾਂ ਕਰਦਾ ਹੈ। ਪਰ ਸਿਆਣਾ ਬੰਦਾ ਧੀਰਜਵਾਨ ਹੁੰਦਾ ਹੈ।
18 ਆਮ ਆਦਮੀ ਦਾ ਵਿਰਸਾ ਬੇਵਕੂਫ਼ੀ ਹੈ, ਪਰ ਇੱਕ ਸਿਆਣਾ ਆਦਮੀ ਗਿਆਨ ਨੂੰ ਆਪਣੇ ਤਾਜ ਵਜੋਂ ਪ੍ਰਾਪਤ ਕਰੇਗਾ।
19 ਬਦ ਆਦਮੀਆਂ ਨੂੰ ਚੰਗੇ ਆਦਮੀਆਂ ਦੇ ਅੱਗੇ ਝੁਕਣਾ ਪਵੇਗਾ ਅਤੇ ਦੁਸ਼ਟ ਲੋਕਾਂ ਨੂੰ ਉਨ੍ਹਾਂ ਦੇ ਬੂਹਿਆਂ ਤੇ ਝੁਕਣਾ ਪਵੇਗਾ, ਜੋ ਧਰਮੀ ਹਨ।
20 ਇੱਕ ਗਰੀਬ ਆਦਮੀ ਨੂੰ ਆਪਣੇ ਗੁਆਂਢੀ ਦੁਆਰਾ ਵੀ ਦੂਰੀ ਤੇ ਰੱਖਿਆ ਜਾਂਦਾ, ਪਰ ਅਮੀਰ ਆਦਮੀ ਦੇ ਅਨੇਕਾਂ ਦੋਸਤ ਹੁੰਦੇ ਹਨ।
21 ਜਿਹੜਾ ਵਿਅਕਤੀ ਆਪਣੇ ਗੁਆਂਢੀ ਦੇ ਪਾਪਾਂ ਨੂੰ ਤਿਆਗਦਾ, ਪਰ ਜੋ ਕੋਈ ਵੀ ਗਰੀਬ ਲਈ ਦਯਾਲੂ ਹੋਵੇਗਾ ਧੰਨ ਹੈ।
22 ਕੀ ਉਹ ਜਿਹੜੇ ਬਦੀ ਕਰਦੇ ਰਹਿੰਦੇ ਹਨ ਗੁਆਚ ਨਹੀਂ ਜਾਂਦੇ? ਪਰ ਉਹ ਜਿਹੜੇ ਹੋਰਨਾਂ ਦਾ ਚੰਗਾ ਮੰਗਦੇ ਹਨ, ਨਮਕਹਲਾਲੀ ਅਤੇ ਭਰੋਸਾ ਕਮਾਉਂਦੇ ਹਨ।
23 ਸਖਤ ਮਿਹਨਤ ਹਮੇਸ਼ਾ ਅਦਾਇਗੀ ਕਰਦੀ ਹੈ ਪਰ ਉੱਕੀਆਂ ਗੱਲਾਂ ਗਰੀਬੀ ਵੱਲ ਅਗਵਾਈ ਕਰਦੀਆਂ ਹਨ।
24 ਸਿਆਣੇ ਲੋਕਾਂ ਨੂੰ ਦੌਲਤ ਦੁਆਰਾ ਪੁਰਸੱਕਾਰਿਤ ਕੀਤਾ ਜਾਂਦਾ, ਪਰ ਮੂਰਖ ਲੋਕਾਂ ਦੀ ਬੇਵਕੂਫ਼ੀ ਸਿਰਫ਼ ਹੋਰ ਵੱਧੇਰੇ ਬੇਵਕੂਫ਼ੀ ਪੈਦਾ ਕਰਦੀ ਹੈ।
25 ਇੱਕ ਸੱਚਾ ਗਵਾਹ ਜਿੰਦਗੀਆਂ ਬਚਾਉਂਦਾ, ਪਰ ਇੱਕ ਝੂਠਾ ਗਵਾਹ ਘ੍ਰਿਣਾ ਨਾਲ ਭਰਪੂਰ ਹੁੰਦਾ ਹੈ।
26 ਜਿਹੜਾ ਬੰਦਾ ਯਹੋਵਾਹ ਤੋਂ ਡਰਦਾ ਹੈ ਉਸ ਕੋਲ ਇੱਕ ਤਕੜਾ ਗੜ੍ਹ ਹੈ ਅਤੇ ਉਸ ਦੇ ਬੱਚੇ ਇਸ ਵਿੱਚ ਸ਼ਰਣ ਪਾਉਂਦੇ ਹਨ।
27 ਯਹੋਵਾਹ ਦਾ ਡਰ ਜੀਵਨ ਦਾ ਸਰੋਤ ਹੈ, ਇਹ ਵਿਅਕਤੀ ਨੂੰ ਮੌਤ ਦੇ ਸ਼ਿਕੰਜੇ ਤੋਂ ਬਚਾਉਂਦਾ ਹੈ।
28 ਜੇ ਕੋਈ ਰਾਜਾ ਬਹੁਤ ਸਾਰੇ ਲੋਕਾਂ ਤੇ ਰਾਜ ਕਰਦਾ ਹੈ ਤਾਂ ਉਹ ਮਹਾਨ ਹੈ। ਜੇ ਉਸ ਦੀ ਪਰਜਾ ਹੀ ਨਹੀਂ ਤਾਂ ਰਾਜਾ ਕਿਸੇ ਕੰਮ ਦਾ ਨਹੀਂ।
29 ਇੱਕ ਧੀਰਜਵਾਨ ਬੰਦਾ ਵੱਡੀ ਸਮਝਦਾਰੀ ਦਰਸਾਉਂਦਾ ਪਰ ਜਿਹੜਾ ਬੰਦਾ ਛੇਤੀ ਗੁੱਸੇ ਵਿੱਚ ਆ ਜਾਂਦਾ ਹੈ ਉਹ ਆਪਣੀ ਹੀ ਬੇਵਕੂਫ਼ੀ ਦਰਸਾ ਦਿੰਦਾ ਹੈ।
30 ਸ਼ਾਂਤਮਈ ਦਿਮਾਗ਼ ਸਰੀਰ ਨੂੰ ਜੀਵਨ ਦਿੰਦਾ ਹੈ, ਪਰ ਈਰਖਾ ਹੱਡੀਆਂ ਨੂੰ ਤਬਾਹ ਕਰ ਦਿੰਦੀ ਹੈ।
31 ਜਿਹੜਾ ਵਿਅਕਤੀ ਗਰੀਬਾਂ ਨੂੰ ਸਤਾਉਂਦਾ, ਆਪਣੇ ਬਨਾਉਣ ਵਾਲੇ ਨੂੰ ਤਿਰਸੱਕਾਰਦਾ, ਪਰ ਜਿਹੜਾ ਵਿਅਕਤੀ ਗਰੀਬ ਲਈ ਦਯਾਲੂ ਹੈ, ਉਸ ਦੀ ਇੱਜ਼ਤ ਕਰਦਾ ਹੈ।
ਪਤਰਸ ਅਤੇ ਯੂਹੰਨਾ ਯਹੂਦੀ ਸਭਾ ਅੱਗੇ ਪੇਸ਼ ਹੋਏ
4 ਜਦੋਂ ਪਤਰਸ ਅਤੇ ਯੂਹੰਨਾ ਲੋਕਾਂ ਨਾਲ ਗੱਲਾਂ ਕਰ ਰਹੇ ਸਨ, ਤਾਂ ਕੁਝ ਲੋਕ ਉਨ੍ਹਾਂ ਕੋਲ ਆਏ। ਉੱਥੇ ਕੁਝ ਯਹੂਦੀ ਜਾਜਕ, ਕੁਝ ਸਿਪਾਹੀਆਂ ਦੇ ਕਪਤਾਨ ਜੋ ਮੰਦਰ ਦੀ ਦੇਖਭਾਲ ਕਰਦੇ ਸਨ ਅਤੇ ਕੁਝ ਸਦੂਕੀ ਸਨ। 2 ਉਹ ਪਰੇਸ਼ਾਨ ਸਨ, ਕਿਉਂਕਿ ਪਤਰਸ ਅਤੇ ਯੂਹੰਨਾ ਉਪਦੇਸ਼ ਦੇ ਰਹੇ ਸਨ ਕਿ ਯਿਸੂ ਲੋਕਾਂ ਨੂੰ ਮੁਰਦਿਆਂ ਤੋਂ ਜਿਵਾਲੇਗਾ। 3 ਯਹੂਦੀ ਆਗੂਆਂ ਨੇ ਪਤਰਸ ਅਤੇ ਯੂਹੰਨਾ ਨੂੰ ਫ਼ੜਕੇ ਕੈਦ ਕਰ ਦਿੱਤਾ। ਕਿਉਂਕਿ ਅੱਗੇ ਹੀ ਰਾਤ ਦਾ ਵਕਤ ਹੋ ਚੁੱਕਾ ਸੀ ਇਸ ਲਈ ਅਗਲੇ ਦਿਨ ਤੱਕ ਉਨ੍ਹਾਂ ਨੇ ਪਤਰਸ ਅਤੇ ਯੂਹੰਨਾ ਨੂੰ ਜੇਲ ਵਿੱਚ ਹੀ ਕੈਦ ਰਹਿਣ ਦਿੱਤਾ। 4 ਪਰ ਉਨ੍ਹਾਂ ਵਿੱਚੋਂ, ਜਿਨ੍ਹਾਂ ਨੇ ਵਚਨ ਸੁਣਿਆ ਸੀ, ਬਹੁਤਿਆਂ ਨੇ ਉਨ੍ਹਾਂ ਤੇ ਵਿਸ਼ਵਾਸ ਕੀਤਾ। ਹੁਣ ਨਿਹਚਾਵਾਨਾਂ ਦੇ ਸਮੂਹ ਵਿੱਚ ਪੰਜ ਹਜ਼ਾਰ ਆਦਮੀ ਸਨ।
5 ਅਗਲੇ ਦਿਨ ਯਹੂਦੀ ਆਗੂ, ਬਜ਼ੁਰਗ ਯਹੂਦੀ ਆਗੂ ਅਤੇ ਨੇਮ ਦੇ ਉਪਦੇਸ਼ਕ ਯਰੂਸ਼ਲਮ ਵਿੱਚ ਇਕੱਠੇ ਹੋਏ। 6 ਅੰਨਾਸ ਸਰਦਾਰ ਜਾਜਕ, ਕਯਾਫ਼ਾ ਅਤੇ ਯੂਹੰਨਾ, ਸਿਕੰਦਰ ਅਤੇ ਜਿੰਨੇ ਵੀ ਹੋਰ ਸਰਦਾਰ ਜਾਜਕਾਂ ਦੇ ਪਰਿਵਾਰ ਵਿੱਚੋਂ ਸਨ, ਉਹ ਸਭ ਉੱਥੇ ਇੱਕਤਰ ਸੀ। 7 ਤਾਂ ਉਨ੍ਹਾਂ ਨੇ ਪਤਰਸ ਅਤੇ ਯੂਹਾਂਨਾ ਨੂੰ ਸਾਰਿਆਂ ਲੋਕਾਂ ਸਾਹਮਣੇ ਪੇਸ਼ ਕੀਤਾ ਅਤੇ ਪੁੱਛਿਆ, “ਕਿਸ ਸ਼ਕਤੀ ਜਾਂ ਕਿਸਦੇ ਨਾਂ ਤੇ ਤੁਸੀਂ ਇਹ ਕੀਤਾ?”
8 ਤਦ ਪਤਰਸ, ਇੱਕਦੱਮ ਪਵਿੱਤਰ ਆਤਮਾ ਨਾਲ ਭਰਿਆ, ਉਨ੍ਹਾਂ ਨੂੰ ਕਹਿਣ ਲੱਗਾ, “ਹੇ ਕੌਮ ਦੇ ਆਗੂਓ ਅਤੇ ਲੋਕਾਂ ਦੇ ਬਜ਼ੁਰਗ ਆਗੂਓ। 9 ਕੀ ਤੁਸੀਂ ਸਾਨੂੰ ਇਸ ਲੰਗੜ੍ਹੇ ਆਦਮੀ ਤੇ ਕੀਤੇ ਇਸ ਭਲੇ ਕੰਮ ਲਈ, ਸਵਾਲ ਕਰ ਰਹੇ ਹੋ ਕਿ ਉਸ ਨੂੰ ਕਿਸ ਨੇ ਚੰਗਾ ਕੀਤਾ? 10 ਕਿਉਂਕਿ ਅਸੀਂ ਚਾਹੁੰਦੇ ਹਾ ਕਿ ਤੁਹਾਨੂੰ ਸਭ ਨੂੰ ਅਤੇ ਸਾਰੇ ਯਹੂਦੀਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹ ਲੰਗੜਾ ਆਦਮੀ ਨਾਸਰਤ ਦੇ ਯਿਸੂ ਮਸੀਹ ਦੀ ਸ਼ਕਤੀ ਨਾਲ ਠੀਕ ਹੋਇਆ ਹੈ। ਉਹੀ ਯਿਸੂ ਜਿਸ ਨੂੰ ਤੁਸੀਂ ਸੂਲੀ ਚਾੜ੍ਹਿਆ ਸੀ। ਪਰਮੇਸ਼ੁਰ ਨੇ ਉਸੇ ਨੂੰ ਮੁਰਦਿਆਂ ਚੋ ਜਿਵਾਇਆ ਹੈ। ਇਹ ਆਦਮੀ ਲੰਗੜਾ ਸੀ ਪਰ ਹੁਣ ਚੱਲ ਸੱਕਦਾ ਹੈ। ਹੁਣ ਉਹ ਯਿਸੂ ਦੀ ਸ਼ਕਤੀ ਨਾਲ ਤੁਹਾਡੇ ਸਾਹਮਣੇ ਖੜ੍ਹਾ ਹੋਣ ਦੇ ਯੋਗ ਹੈ। 11 ਯਿਸੂ, ਉਹੀ
‘ਪੱਥਰ ਹੈ ਜਿਸ ਨੂੰ ਤੁਹਾਡੇ, ਰਾਜਾਂ ਦੁਆਰਾ ਰੱਦ ਕੀਤਾ ਗਿਆ ਸੀ
ਪਰ ਉਹੀ ਪੱਥਰ ਹੁਣ ਖੂਜੇ ਦਾ ਪੱਥਰ ਹੋ ਗਿਆ ਹੈ।’ (A)
12 ਯਿਸੂ ਹੀ ਅਜਿਹਾ ਹੈ ਜੋ ਲੋਕਾਂ ਨੂੰ ਬਚਾ ਸੱਕਦਾ ਹੈ। ਉਸਦਾ ਨਾਂ ਹੀ ਪੂਰੇ ਸੰਸਾਰ ਵਿੱਚ ਇੱਕਲੀ ਸ਼ਕਤੀ ਹੈ ਜੋ ਲੋਕਾਂ ਨੂੰ ਬਚਾ ਸੱਕਦੀ ਹੈ। ਸਾਨੂੰ ਉਸ ਦੇ ਨਾਂ ਰਾਹੀਂ ਬਚਾਇਆ ਜਾਣਾ ਚਾਹੀਦਾ ਹੈ।”
2010 by World Bible Translation Center