Revised Common Lectionary (Complementary)
ਦਾਊਦ ਦਾ ਇੱਕ ਗੀਤ।
101 ਮੈਂ ਪਿਆਰ ਅਤੇ ਨਿਰਪੱਖਤਾ ਦੇ ਗੀਤ ਗਾਵਾਂਗਾ।
ਯਹੋਵਾਹ, ਮੈਂ ਤੁਹਾਨੂੰ ਗੀਤ ਸੁਣਾਵਾਂਗਾ।
2 ਮੈਂ ਹੁਸ਼ਿਆਰੀ ਨਾਲ ਸਾਫ਼ ਸੁਥਰਾ ਜੀਵਨ ਜੀਵਾਂਗਾ।
ਮੈਂ ਆਪਣੇ ਘਰ ਵਿੱਚ ਪਵਿੱਤਰ ਜੀਵਨ ਜੀਵਾਂਗਾ।
ਯਹੋਵਾਹ, ਤੁਸੀਂ ਮੇਰੇ ਕੋਲ ਕਦੋਂ ਆਵੋਂਗੇ?
3 ਮੈਂ ਆਪਣੇ ਸਾਹਮਣੇ ਕੋਈ ਵੀ ਮੂਰਤੀ ਨਹੀਂ ਰੱਖਾਂਗਾ।
ਮੈਂ ਤੁਹਾਡੇ ਵਿਰੋਧੀ ਲੋਕਾਂ ਨੂੰ ਨਫ਼ਰਤ ਕਰਦਾ ਹਾਂ।
ਮੈਂ ਇਹ ਨਹੀਂ ਕਰਾਂਗਾ।
4 ਮੈਂ ਇਮਾਨਦਾਰ ਬਣਾਂਗਾ।
ਮੈਂ ਕੋਈ ਮੰਦੇ ਕੰਮ ਨਹੀਂ ਕਰਾਂਗਾ।
5 ਜੇ ਕੋਈ ਪਿੱਠ ਪਿੱਛੇ ਆਪਣੇ ਗੁਆਂਢੀ ਬਾਰੇ ਮੰਦਾ ਬੋਲਦਾ ਹੈ।
ਮੈਂ ਉਸ ਆਦਮੀ ਨੂੰ ਇਜਾਜ਼ਤ ਨਹੀਂ ਦਿਆਂਗਾ।
ਮੈਂ ਘਮੰਡੀਆਂ ਨੂੰ ਕਬੂਲ ਨਹੀਂ ਕਰ ਸੱਕਦਾ
ਜਿਹੜੇ ਸੋਚਦੇ ਹਨ ਕਿ ਉਹ ਦੂਸਰਿਆਂ ਨਾਲੋਂ ਬਿਹਤਰ ਹਨ।
6 ਮੈਂ ਦੇਸ਼ ਭਰ ਵਿੱਚ ਉਨ੍ਹਾਂ ਲੋਕਾਂ ਦੀ ਭਾਲ ਕਰਾਂਗਾ ਜਿਨ੍ਹਾਂ ਉੱਤੇ ਭਰੋਸਾ ਕੀਤਾ ਜਾ ਸੱਕਦਾ ਹੈ,
ਅਤੇ ਮੈਂ ਸਿਰਫ਼ ਉਨ੍ਹਾਂ ਲੋਕਾਂ ਤੋਂ ਹੀ ਆਪਣੀ ਸੇਵਾ ਕਰਾਵਾਂਗਾ।
ਸਿਰਫ਼ ਉਹੀ ਲੋਕ ਜਿਹੜੇ ਪਵਿੱਤਰ ਜੀਵਨ ਜਿਉਂਦੇ ਹਨ ਮੇਰੇ ਸੇਵਕ ਹੋ ਸੱਕਦੇ ਹਨ।
7 ਮੈਂ ਝੂਠਿਆਂ ਨੂੰ ਆਪਣੇ ਘਰ ਅੰਦਰ ਨਹੀਂ ਰਹਿਣ ਦਿਆਂਗਾ।
ਮੈਂ ਝੂਠਿਆਂ ਨੂੰ ਆਪਣੇ ਨੇੜੇ ਨਹੀਂ ਰਹਿਣ ਦਿਆਂਗਾ।
8 ਮੈਂ ਇਸ ਦੇਸ਼ ਵਿੱਚ ਰਹਿਣ ਵਾਲੇ ਮੰਦੇ ਲੋਕਾਂ ਦਾ ਹਮੇਸ਼ਾ ਨਾਸ਼ ਕਰਾਂਗਾ।
ਮੈਂ ਮੰਦੇ ਲੋਕਾਂ ਨੂੰ ਪਰਮੇਸ਼ੁਰ ਦਾ ਸ਼ਹਿਰ ਛੱਡਣ ਤੇ ਮਜਬੂਰ ਕਰ ਦਿਆਂਗਾ।
ਅੱਸ਼ੂਰੀਆਂ ਦਾ ਸਾਮਰਿਯਾ ਤੇ ਕਬਜ਼ਾ
9 ਅੱਸ਼ੂਰ ਦੇ ਪਾਤਸ਼ਾਹ ਸ਼ਲਮਨਸਰ ਨੇ ਸਾਮਰਿਯਾ ਦੇ ਵਿਰੁੱਧ ਲੜਾਈ ਕੀਤੀ। ਉਸਦੀ ਫ਼ੌਜ ਨੇ ਸ਼ਹਿਰ ਨੂੰ ਘੇਰ ਲਿਆ। ਇਹ ਘਟਨਾ ਹਿਜ਼ਕੀਯਾਹ ਪਾਤਸ਼ਾਹ ਦੇ ਚੌਥੇ ਵਰ੍ਹੇ ਜਦ ਇਸਰਾਏਲ ਦੇ ਪਾਤਸ਼ਾਹ ਏਲਾਹ ਦੇ ਪੁੱਤਰ ਹੋਸ਼ੇਆ ਦਾ ਸੱਤਵਾਂ ਵਰ੍ਹਾ ਸੀ, ਉਸ ਵਕਤ ਵਾਪਰੀ। 10 ਕਿਲ੍ਹਾ ਬੰਦੀ ਦੇ ਤੀਜੇ ਵਰ੍ਹੇ ਵਿੱਚ ਸ਼ਲਮਨਸਰ ਨੇ ਸਾਮਰਿਆ ਤੇ ਚੜ੍ਹਾਈ ਕਰ ਦਿੱਤਾ ਅਤੇ ਇਸ ਨੂੰ ਹਿਜ਼ਕੀਯਾਹ ਦੇ ਯਹੂਦਾਹ ਉੱਪਰ ਛੇਵੇਂ ਵਰ੍ਹੇ ਦੌਰਾਨ ਜਿੱਤ ਲਿਆਇਹ ਹੋਸ਼ੇਆ ਦੇ ਇਸਰਾਏਲ ਦੇ ਉੱਪਰ ਰਾਜ ਦੇ ਨੌਵੇਂ ਵਰ੍ਹੇ ਵਿੱਚ ਹੋਇਆ। 11 ਸੋ ਅੱਸ਼ੂਰ ਦਾ ਪਾਤਸ਼ਾਹ ਇਸਰਾਏਲੀਆਂ ਨੂੰ ਕੈਦੀ ਬਣਾਕੇ ਅੱਸ਼ੂਰ ਵੱਲ ਲੈ ਗਿਆ। ਉਸ ਨੇ ਉਨ੍ਹਾਂ ਨੂੰ ਹਲਹ ਵਿੱਚ, ਹਾਬੋਰ, ਗੋਜ਼ਾਨ ਦੀ ਇੱਕ ਨਦੀ ਦੇ ਕੰਢੇ ਉੱਤੇ ਅਤੇ ਮਾਦੀਆਂ ਦੇ ਸ਼ਹਿਰਾਂ ਵਿੱਚ ਵਸਾ ਦਿੱਤਾ। 12 ਇਉਂ ਇਸ ਲਈ ਹੋਇਆ ਕਿਉਂ ਕਿ ਉਨ੍ਹਾਂ ਨੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਆਵਾਜ਼ ਨਾ ਸੁਣੀ ਸਗੋਂ ਉਸ ਦੇ ਇਕਰਾਰਨਾਮੇ ਦਾ ਉਲੰਘਣ ਕੀਤਾ।
ਅੱਸ਼ੂਰ ਯਹੂਦਾਹ ਨੂੰ ਲੈਣ ਲਈ ਤਿਆਰ
13 ਹਿਜ਼ਕੀਯਾਹ ਦੇ 14ਵਰ੍ਹੇ ਵਿੱਚ ਅੱਸ਼ੂਰ ਦੇ ਪਾਤਸ਼ਾਹ ਸਨਹੇਰੀਬ ਨੇ ਅੱਸ਼ੂਰ ਉੱਪਰ ਹਮਲਾ ਕਰ ਦਿੱਤਾ ਅਤੇ ਯਹੂਦਾਹ ਦੇ ਸਾਰੇ ਮਜ਼ਬੂਤ ਸ਼ਹਿਰਾਂ ਨੂੰ ਜਿੱਤ ਲਿਆ। 14 ਤਦ ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਨੇ ਅੱਸ਼ੂਰ ਦੇ ਪਾਤਸ਼ਾਹ ਨੂੰ ਲਾਕੀਸ਼ ਵਿੱਚ ਸੁਨੇਹਾ ਭੇਜਿਆ ਅਤੇ ਆਖਿਆ, “ਮੇਰੇ ਕੋਲ ਭੁੱਲ ਹੋ ਗਈ। ਤੂੰ ਮੇਰੇ ਕੋਲੋਂ ਵਾਪਸ ਮੁੜ ਜਾ। ਜੋ ਕੁਝ ਤੂੰ ਮੇਰੇ ਤੋਂ ਚਾਹੇ ਮੈਂ ਭਰਨ ਨੂੰ ਤਿਆਰ ਹਾਂ।”
ਤਦ ਅੱਸ਼ੂਰ ਦੇ ਪਾਤਸ਼ਾਹ ਨੇ 10,200 ਕਿੱਲੋ ਚਾਂਦੀ ਅਤੇ 10,20 ਕਿੱਲੋ ਸੋਨਾ ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਨੂੰ ਦੇਣ ਲਈ ਕਿਹਾ। 15 ਤਦ ਹਿਜ਼ਕੀਯਾਹ ਨੇ ਯਹੋਵਾਹ ਦੇ ਮੰਦਰ ਦੇ ਦਰਵਾਜ਼ਿਆਂ ਅਤੇ ਥੰਮਾਂ ਉੱਪਰ ਜੋ ਸੋਨਾ ਲੱਗਾ ਹੋਇਆ ਸੀ ਉਹ ਸਾਰਾ ਉਤਰਵਾਇਆ ਅਤੇ ਅੱਸ਼ੂਰ ਦੇ ਪਾਤਸ਼ਾਹ ਨੂੰ ਦੇ ਦਿੱਤਾ। 16 ਇਸ ਵਾਰ, ਹਿਜ਼ਕੀਯਾਹ ਨੇ ਸੋਨੇ ਨੂੰ ਕੱਟ ਕੇ ਯਹੋਵਾਹ ਦੇ ਮੰਦਰ ਦੇ ਦਰਵਾਜ਼ਿਆਂ, ਅਤੇ ਡਿਓਢੀਆਂ ਨੂੰ ਢੱਕ ਦਿੱਤਾ। ਪਾਤਸ਼ਾਹ ਹਿਜ਼ਕੀਯਾਹ ਨੇ ਇਹ ਸੋਨਾ ਦਰਵਾਜ਼ਿਆਂ ਅਤੇ ਡਿਓਢੀਆਂ ਉੱਤੇ ਪਾਇਆ ਹੋਇਆ ਸੀ। ਹਿਜ਼ਕੀਯਾਹ ਨੇ ਇਹ ਸੋਨਾ ਅੱਸ਼ੂਰ ਦੇ ਪਾਤਸ਼ਾਹ ਨੂੰ ਦੇ ਦਿੱਤਾ।
ਅੱਸ਼ੂਰ ਦੇ ਪਾਤਸ਼ਾਹ ਦਾ ਯਰੂਸ਼ਲਮ ਵਿੱਚ ਆਦਮੀਆਂ ਨੂੰ ਭੇਜਣਾ
17 ਤਦ ਅੱਸ਼ੂਰ ਦੇ ਪਾਤਸ਼ਾਹ ਨੇ ਆਪਣੇ ਤਿੰਨ ਖਾਸ ਕਮਾਂਡਰਾਂ ਤਰਤਾਨ, ਰਬਸਾਰੀਸ ਅਤੇ ਰਬਸ਼ਾਕੇਹ ਨੂੰ ਲਾਕੀਸ਼ ਤੋਂ ਵੱਡੀ ਫ਼ੌਜ ਦੇ ਨਾਲ ਭੇਜਿਆ। ਉਹ ਵੱਡੇ ਕਪਤਾਨ ਲਾਕੀਸ਼ ਤੋਂ ਯਰੂਸ਼ਲਮ ਨੂੰ ਗਏ ਤੇ ਉਹ ਵੱਡੇ ਤਲਾਬ ਦੀ ਪਾਣੀ ਦੀ ਟੈਂਕੀ ਕੋਲ ਖੜ੍ਹੇ ਹੋ ਗਏ। ਜੋ ਕਿ ਧੋਬੀਆਂ ਦੇ ਮਦਾਨ ਦੇ ਰਾਹ ਵਿੱਚ ਹੈ। 18 ਤਦ ਉਨ੍ਹਾਂ ਨੇ ਪਾਤਸ਼ਾਹ ਨੂੰ ਬੁਲਵਾਇਆ ਤੇ ਹਿਜ਼ਕੀਯਾਹ ਦਾ ਪੁੱਤਰ ਅਲਯਾਕੀਮ (ਜੋ ਮਹਿਲ ਦਾ ਮੁਖਤਿਆਰ ਸੀ) ਅਤੇ ਸ਼ਬਨਾਹ (ਸਕੱਤਰ) ਅਤੇ ਆਸ਼ਾਫ਼ ਦਾ ਪੁੱਤਰ ਯੋਆਹ (ਮੁੰਸ਼ੀ) ਉਨ੍ਹਾਂ ਕੋਲ ਨਿਕਲ ਕੇ ਆਏ।
ਮਸੀਹ ਯਿਸੂ ਦੇ ਚੰਗੇ ਸੇਵਕ ਬਣੋ
6 ਇਹ ਗੱਲਾਂ ਓਥੋਂ ਦੇ ਭਰਾਵਾਂ ਅਤੇ ਭੈਣਾਂ ਨੂੰ ਦੱਸੋ। ਇਹ ਸਾਬਤ ਕਰ ਦੇਵੇਗਾ ਕਿ ਤੁਸੀਂ ਮਸੀਹ ਯਿਸੂ ਦੇ ਸੱਚੇ ਸੇਵਕ ਹੋ। ਤੁਸੀਂ ਸਾਬਤ ਕਰ ਦੇਵੋਂਗੇ ਕਿ ਤੁਸੀਂ ਵਿਸ਼ਵਾਸ ਦੇ ਬਚਨਾਂ ਦੁਆਰਾ ਅਤੇ ਉਨ੍ਹਾਂ ਸੱਚੇ ਉਪਦੇਸ਼ਾਂ ਦੁਆਰਾ, ਜਿਨ੍ਹਾਂ ਦਾ ਤੁਸੀਂ ਅਨੁਸਰਣ ਕੀਤਾ ਹੈ ਤਕੜੇ ਬਣ ਗਏ ਹੋ। 7 ਲੋਕ ਮੂਰਖ ਕਹਾਣੀਆਂ ਸੁਣਾਉਂਦੇ ਹਨ ਜਿਨ੍ਹਾਂ ਦਾ ਪਰਮੇਸ਼ੁਰ ਦੇ ਸੱਚ ਨਾਲ ਕੋਈ ਮੇਲ ਨਹੀਂ। ਉਨ੍ਹਾਂ ਕਹਾਣੀਆਂ ਦੇ ਅਨੁਸਾਰ ਨਾ ਚੱਲੋ। ਪਰ ਆਪਣੇ ਆਪ ਨੂੰ ਪਰਮੇਸ਼ੁਰ ਦੇ ਸੱਚੇ ਸੇਵਕ ਹੋਣ ਵਜੋਂ ਤਿਆਰ ਕਰੋ। 8 ਤੁਹਾਡੀ ਸਰੀਰਿਕ ਕਸਰਤ ਕਿਸੇ ਗੱਲੋਂ ਤੁਹਾਡੀ ਸਹਾਇਤਾ ਕਰਦੀ ਹੈ। ਪਰ ਪਰਮੇਸ਼ੁਰ ਦੀ ਸੇਵਾ ਤੁਹਾਡੀ ਹਰ ਤਰੀਕੇ ਨਾਲ ਸਹਾਇਤਾ ਕਰਦੀ ਹੈ। ਪਰਮੇਸ਼ੁਰ ਦੀ ਸੇਵਾ ਤੁਹਾਡੀ ਵਰਤਮਾਨ ਜ਼ਿੰਦਗੀ ਅਤੇ ਭਵਿੱਖ ਦੀ ਜ਼ਿਦਗੀ ਲਈ ਵੀ ਅਸੀਸਾਂ ਦਾ ਵਾਅਦਾ ਕਰਦੀ ਹੈ। 9 ਜੋ ਮੈਂ ਆਖ ਰਿਹਾਂ ਉਹ ਸੱਚ ਹੈ ਅਤੇ ਤੁਹਾਨੂੰ ਇਸ ਨੂੰ ਪੂਰੀ ਤਰ੍ਹਾਂ ਪ੍ਰਵਾਨ ਕਰ ਲੈਣਾ ਚਾਹੀਦਾ ਹੈ। 10 ਇਹੀ ਕਾਰਣ ਹੈ ਕਿ ਅਸੀਂ ਕੰਮ ਕਰਦੇ ਹਾਂ ਅਤੇ ਸੰਘਰਸ਼ ਕਰਦੇ ਹਾਂ; ਅਸੀਂ ਜਿਉਂਦੇ ਜਾਗਦੇ ਪਰਮੇਸ਼ੁਰ ਵਿੱਚ ਆਸ ਰੱਖਦੇ ਹਾਂ। ਉਹ ਸਮੂਹ ਲੋਕਾਂ ਦਾ ਮੁਕਤੀਦਾਤਾ ਹੈ। ਖਾਸ ਤੌਰ ਤੇ ਜਿਹੜੇ ਲੋਕ ਉਸ ਵਿੱਚ ਨਿਹਚਾ ਰੱਖਦੇ ਹਨ।
11 ਹੁਕਮ ਦਿਉ ਅਤੇ ਇਨ੍ਹਾਂ ਗੱਲਾਂ ਦੇ ਉਪਦੇਸ਼ ਦਿਉ। 12 ਤੁਸੀਂ ਨੌਜਵਾਨ ਹੋ ਪਰ ਕਿਸੇ ਨੂੰ ਇਸ ਤਰ੍ਹਾਂ ਦਾ ਵਰਤਾਓ ਨਾ ਕਰਨ ਦਿਉ ਜਿਵੇਂ ਤੁਸੀਂ ਮਹੱਤਵਪੂਰਣ ਨਹੀਂ ਹੋ। ਉਨ੍ਹਾਂ ਲਈ ਆਪਣੇ ਭਾਸ਼ਣ ਵਿੱਚ, ਆਪਣੇ ਜ਼ਿੰਦਗੀ ਦੇ ਢੰਗ ਵਿੱਚ, ਆਪਣੇ ਪ੍ਰੇਮ ਵਿੱਚ, ਆਪਣੀ ਨਿਹਚਾ ਵਿੱਚ ਅਤੇ ਆਪਣੇ ਪਵਿੱਤਰ ਜੀਵਨ ਵਿੱਚ ਇੱਕ ਉਦਾਹਰਣ ਬਣੋ।
13 ਲੋਕਾਂ ਨੂੰ ਪੋਥੀ ਦਾ ਪਾਠ ਸੁਣਾਉਂਦੇ ਰਹੋ, ਉਨ੍ਹਾਂ ਨੂੰ ਮਜਬੂਤ ਬਣਾਉ, ਅਤੇ ਉਪਦੇਸ਼ ਦਿਉ। ਜਦੋਂ ਤੱਕ ਮੈਂ ਆਉਂਦਾ ਨਹੀਂ ਇਹ ਗੱਲਾਂ ਕਰੋ। 14 ਜਿਹੜੀ ਦਾਤ ਤੁਹਾਡੇ ਕੋਲ ਹੈ ਉਸਦੀ ਵਰਤੋਂ ਕਰਨੀ ਚੇਤੇ ਰੱਖੋ। ਇਹ ਦਾਤ ਤੁਹਾਨੂੰ ਅਗੰਮੀ ਵਾਕ ਦੁਆਰਾ ਦਿੱਤੀ ਗਈ ਸੀ, ਜਦੋਂ ਬਜ਼ੁਰਗਾਂ ਨੇ ਤੁਹਾਡੇ ਉੱਤੇ ਆਪਣਾ ਹੱਥ ਰੱਖਿਆ ਸੀ। 15 ਇਹ ਗੱਲਾਂ ਕਰਦੇ ਰਹੋ। ਇਨ੍ਹਾਂ ਗੱਲਾਂ ਨੂੰ ਕਰਨ ਲਈ ਆਪਣਾ ਜੀਵਨ ਅਰਪਨ ਕਰ ਦਿਉ। ਫ਼ੇਰ ਸਾਰੇ ਲੋਕ ਵੇਖ ਸੱਕਣਗੇ ਕਿ ਤੁਹਾਡਾ ਆਤਮਕ ਜੀਵਨ ਪ੍ਰਗਤੀ ਕਰ ਰਿਹਾ ਹੈ। 16 ਆਪਣੇ ਜੀਵਨ ਅਤੇ ਉਪਦੇਸ਼ਾਂ ਵੱਲ ਧਿਆਨ ਦਿਉ। ਉਪਦੇਸ਼ ਦੇਣਾ ਅਤੇ ਸਹੀ ਢੰਗ ਨਾਲ ਰਹਿਣਾ ਜਾਰੀ ਰੱਖੋ। ਫ਼ੇਰ ਤੁਸੀਂ ਆਪਣੇ ਆਪ ਨੂੰ ਅਤੇ ਉਨ੍ਹਾਂ ਲੋਕਾਂ ਨੂੰ ਬਚਾ ਸੱਕਦੇ ਹੋਂ, ਜਿਹੜੇ ਤੁਹਾਡੇ ਉਪਦੇਸ਼ ਸੁਣਦੇ ਹਨ।
2010 by World Bible Translation Center