Revised Common Lectionary (Complementary)
ਆਸਾਫ਼ ਦਾ ਇੱਕ ਉਸਤਤਿ ਗੀਤ।
82 ਪਰਮੇਸ਼ੁਰ ਦੇਵਤਿਆਂ ਦੀ ਸਭਾ ਵਿੱਚ ਖਲੋਂਦਾ।
ਉਹ ਉਨ੍ਹਾਂ ਦੀ ਸਭਾ ਵਿੱਚ ਨਿਆਂ ਕਰਦਾ ਹੈ।
2 ਪਰਮੇਸ਼ੁਰ ਆਖਦਾ ਹੈ, “ਕਿੰਨਾ ਚਿਰ ਤੁਸੀਂ ਲੋਕਾਂ ਦੇ ਨਿਆਂ ਪੱਖਪਾਤ ਨਾਲ ਕਰਦੇ ਰਹੋਂਗੇ।
ਕਿੰਨਾ ਚਿਰ ਤੁਸੀਂ ਮੰਦੇ ਲੋਕਾਂ ਨੂੰ ਸਜ਼ਾ ਦੇਣ ਤੋਂ ਬਿਨਾਂ ਜਾਣ ਦਿਉਂਗੇ।”
3 “ਗਰੀਬਾਂ ਅਤੇ ਯਤੀਮਾਂ ਦੀ ਰੱਖਿਆ ਕਰੋ,
ਅਤੇ ਉਨ੍ਹਾਂ ਗਰੀਬ ਲੋਕਾਂ ਦੇ ਹਕਾਂ ਦੀ ਰੱਖਿਆ ਕਰੋ।
4 ਉਨ੍ਹਾਂ ਗਰੀਬ ਬੇਸਹਾਰਾਂ ਲੋਕਾਂ ਦੀ ਸਹਾਇਤਾ ਕਰੋ।
ਉਨ੍ਹਾਂ ਨੂੰ ਮੰਦੇ ਲੋਕਾਂ ਪਾਸੋਂ ਬਚਾਉ।
5 “ਉਹ ਨਹੀਂ ਜਾਣਦੇ ਕਿ ਕੀ ਵਾਪਰ ਰਿਹਾ ਹੈ।
ਉਹ ਨਹੀਂ ਸਮਝਦੇ ਕਿ ਉਹ ਕੀ ਕਰ ਰਹੇ ਹਨ,
ਉਨ੍ਹਾਂ ਦੀ ਦੁਨੀਆਂ ਉਨ੍ਹਾਂ ਦੇ ਆਲੇ-ਦੁਆਲੇ
ਢਹਿ-ਢੇਰੀ ਹੋ ਰਹੀ ਹੈ।”
6 ਮੈਂ ਆਖਦਾ, “ਤੁਸੀਂ ਦੇਵਤੇ ਹੋਂ।
ਤੁਸੀਂ ਸਰਬ ਉੱਚ ਪਰਮੇਸ਼ੁਰ ਦੇ ਪੁੱਤਰ ਹੋ।
7 ਪਰ ਤੁਸੀਂ ਵੀ ਮਰ ਜਾਵੋਂਗੇ ਜਿਵੇਂ ਸਾਰੇ ਲੋਕਾਂ ਨੂੰ ਮਰਨਾ ਪੈਂਦਾ ਹੈ।
ਤੁਸੀਂ ਉਵੇਂ ਮਰ ਜਾਵੋਂਗੇ ਜਿਵੇਂ ਹੋਰ ਸਾਰੇ ਆਗੂ ਮਰਦੇ ਹਨ।”
8 ਹੇ ਪਰਮੇਸ਼ੁਰ, ਉੱਠੋ, ਅਤੇ ਦੁਨੀਆਂ ਦੀਆਂ
ਸਾਰੀਆਂ ਕੌਮਾਂ ਦਾ ਨਿਆਂ ਕਰੋ।
ਪਰਮੇਸ਼ੁਰ ਦਾ ਪਵਿੱਤਰ ਸੰਦੂਕ ਵਾਪਸ ਆਪਣੀ ਥਾਵੇਂ ਭੇਜਿਆ ਗਿਆ
6 ਫ਼ਲਿਸਤੀਆਂ ਨੇ ਸੱਤ ਮਹੀਨੇ ਉਸ ਪਵਿੱਤਰ ਸੰਦੂਕ ਨੂੰ ਆਪਣੀ ਧਰਤੀ ਉੱਤੇ ਰੱਖਿਆ। 2 ਤਾਂ ਉਨ੍ਹਾਂ ਨੇ ਜਾਜਕਾਂ ਅਤੇ ਜੋਤਸ਼ੀਆਂ ਨੂੰ ਸੱਦਿਆ ਅਤੇ ਕਿਹਾ, “ਸਾਨੂੰ ਯਹੋਵਾਹ ਦੇ ਸੰਦੂਕ ਦਾ ਕੀ ਕਰਨਾ ਚਾਹੀਦਾ ਹੈ? ਸਾਨੂੰ ਦੱਸੋ ਕਿ ਇਸ ਸੰਦੂਕ ਨੂੰ ਹੁਣ ਵਾਪਸ ਉੱਥੇ ਕਿਵੇਂ ਪਹੁੰਚਾਇਆ ਜਾਵੇ?”
3 ਜਾਜਕਾਂ ਅਤੇ ਜਾਦੂਗਰਾਂ ਨੇ ਆਖਿਆ, “ਜੇਕਰ ਤੁਸੀਂ ਇਸਰਾਏਲ ਦੇ ਪਰਮੇਸ਼ੁਰ ਦਾ ਸੰਦੂਕ ਵਾਪਸ ਉੱਥੇ ਹੀ ਭੇਜਣਾ ਹੈ ਤਾਂ ਇਸ ਨੂੰ ਫ਼ੇਰ ਖਾਲੀ ਨਾ ਭੇਜੋ। ਤੁਸੀਂ ਇਸ ਵਿੱਚ ਕੁਝ ਤੋਹਫ਼ੇ ਅਤੇ ਭੇਟਾਂ ਜ਼ਰੂਰ ਪਾਵੋ ਤਾਂ ਜੋ ਇਸਰਾਏਲ ਦਾ ਪਰਮੇਸ਼ੁਰ ਤੁਹਾਡੇ ਪਾਪ ਬਖਸ਼ ਦੇਵੇ। ਫ਼ਿਰ ਤੁਸੀਂ ਪਾਕ ਅਤੇ ਪਵਿੱਤਰ ਹੋ ਜਾਵੋਂਗੇ। ਤੁਹਾਨੂੰ ਇੰਝ ਹੀ ਕਰਨਾ ਚਾਹੀਦਾ ਹੈ। ਤਾਂ ਜੋ ਪਰਮੇਸ਼ੁਰ ਤੁਹਾਡੇ ਉੱਤੇ ਰਹਿਮ ਕਰੇ ਅਤੇ ਤੁਹਾਡੇ ਉੱਤੇ ਕਹਿਰ ਬੰਦ ਕਰੇ।”
4 ਫ਼ਲਿਸਤੀਆਂ ਨੇ ਪੁੱਛਿਆ, “ਅਸੀਂ ਕਿਹੋ ਜਿਹੇ ਤੋਹਫ਼ੇ ਇਸਰਾਏਲ ਦੇ ਪਰਮੇਸ਼ੁਰ ਨੂੰ ਭੇਜੀਏ ਤਾਂ ਜੋ ਉਹ ਸਾਡੇ ਪਾਪ ਬਖਸ਼ ਦੇਵੇ?”
ਜਾਜਕਾਂ ਅਤੇ ਜਾਦੂਗਰਾਂ ਨੇ ਆਖਿਆ, “ਇੱਥੇ ਪੰਜ ਫ਼ਲਿਸਤੀਆਂ ਦੇ ਅਲੱਗ-ਅਲੱਗ ਸ਼ਹਿਰਾਂ ਦੇ ਆਗੂ ਇਕੱਠੇ ਹੋਏ ਹਨ, ਅਤੇ ਤੁਹਾਡੇ ਆਗੁਆਂ ਅਤੇ ਤੁਹਾਡੀਆਂ ਸਭਨਾ ਦੀਆਂ ਇੱਕੋ ਜਿਹੀਆਂ ਮੁਸੀਬਤਾਂ ਹਨ। 5 ਸੋ ਤੁਸੀਂ ਫ਼ਲਿਸਤੀ ਸ਼ਾਸਕਾਂ ਦੀ ਗਿਣਤੀ ਅਨੁਸਾਰ ਪੰਜ ਸੁਨਿਹਰੀ ਮਵੇਸ਼ੀਆਂ ਅਤੇ ਪੰਜ ਸੁਨਿਹਰੀ ਚੁਹੀਆਂ ਬਣਵਾਉ ਇਸ ਲਈ ਮਵੇਸ਼ੀਆਂ ਦੇ ਬੁੱਤ ਅਤੇ ਚੂਹੀਆਂ ਦੇ ਬੁੱਤ ਬਣਵਾਉ, ਜਿਨ੍ਹਾਂ ਨੇ ਦੇਸ਼ ਨੂੰ ਨਸ਼ਟ ਕੀਤਾ ਹੈ। ਅਤੇ ਰਕਮ ਵਜੋਂ ਇਹ ਮੂਰਤਾਂ ਤੁਸੀਂ ਇਸਰਾਏਲ ਦੇ ਪਰਮੇਸ਼ੁਰ ਨੂੰ ਅਦਾ ਕਰੋ ਤਾਂ ਸ਼ਾਇਦ ਉਹ ਤੁਹਾਨੂੰ ਸਜ਼ਾ ਦੇਣ ਤੋਂ ਹਟ ਜਾਵੇ, ਅਤੇ ਸ਼ਾਇਦ ਉਹ ਤੁਹਾਡੀ ਜ਼ਮੀਨ ਅਤੇ ਦੇਵਤਿਆਂ ਉੱਪਰ ਆਪਣੀ ਕਰੋਪੀ ਤੋਂ ਰੁਕ ਜਾਵੇ। 6 ਮਿਸਰੀਆਂ ਅਤੇ ਫ਼ਿਰਊਨ ਦੇ ਲੋਕਾਂ ਵਾਂਗ ਆਪਣੇ ਮਨ ਨੂੰ ਕਰੜਾ ਨਾ ਕਰੋ। ਪਰਮੇਸ਼ੁਰ ਨੇ ਮਿਸਰੀਆਂ ਨੂੰ ਦੰਡ ਦਿੱਤਾ ਇਸੇ ਲਈ ਮਿਸਰੀਆਂ ਨੇ ਇਸਰਾਏਲੀਆਂ ਨੂੰ ਛੱਡਣ ਨੂੰ ਕਿਹਾ।
7 “ਹੁਣ ਤੁਸੀਂ ਇੱਕ ਨਵੀਂ ਗੱਡੀ ਬਣਾਉ ਅਤੇ ਦੋ ਲਵੇਰੀਆਂ ਗਊਆਂ ਲਵੋ ਜੋ ਜੂਲੇ ਹੇਠ ਨਾ ਆਈਆਂ ਹੋਣ ਭਾਵ ਜਿਨ੍ਹਾਂ ਨੇ ਅਜੇ ਖੇਤਾਂ ਵਿੱਚ ਕੰਮ ਨਾ ਕੀਤਾ ਹੋਵੇ ਉਨ੍ਹਾਂ ਗਊਆਂ ਨੂੰ ਉਸ ਗੱਡੀ ਨਾਲ ਬੰਨ੍ਹੋ ਤਾਂ ਜੋ ਉਹ ਉਸ ਨੂੰ ਧੱਕ ਸੱਕਣ। ਅਤੇ ਵਛੜਿਆਂ ਨੂੰ ਵਾਪਸ ਲਿਆਕੇ ਉਨ੍ਹਾਂ ਨੂੰ ਉੱਥੇ ਵਾਪਸ ਗਊਸ਼ਾਲਾ ’ਚ ਬੰਨ੍ਹ ਦੇਵੋ। ਉਨ੍ਹਾਂ ਨੂੰ ਗਊਆਂ ਦੇ ਪਿੱਛੇ ਨਾ ਜਾਣ ਦੇਵੋ। [a] 8 ਯਹੋਵਾਹ ਦਾ ਪਵਿੱਤਰ ਸੰਦੂਕ ਇੱਕ ਬੰਦ ਗੱਡੀ ਉੱਤੇ ਰੱਖੋ। ਤੁਹਾਨੂੰ ਸੋਨੇ ਦੇ ਬੁੱਤਾਂ ਨੂੰ ਇੱਕ ਝੋਲੇ ਵਿੱਚ ਪਾਕੇ ਸੰਦੂਕ ਦੇ ਕੋਲ ਰੱਖਣੇ ਚਾਹੀਦੇ ਹਨ। ਇਹ ਬੁੱਤ ਤੁਹਾਡੇ ਪਾਪ ਬਖਸ਼ਣ ਲਈ ਪਰਮੇਸ਼ੁਰ ਨੂੰ ਸੁਗਾਤਾਂ ਹਨ। ਫ਼ੇਰ ਗੱਡੀ ਨੂੰ ਸਿੱਧੀ ਇਸਦੇ ਰਾਹ ਵੱਲ ਭੇਜ ਦਿਉ। 9 ਅਤੇ ਗੱਡੀ ਨੂੰ ਵੇਖੋ ਕਿ ਜੇਕਰ ਇਹ ਸਿੱਧਾ ਇਸਰਾਏਲ ਦੀ ਆਪਣੀ ਧਰਤੀ ਬੈਤਲਹਮ ਵੱਲ ਜਾਂਦੀ ਹੈ ਤਾਂ ਇਸਦਾ ਮਤਲਬ ਹੈ ਕਿ ਇਹ ਸਾਰੇ ਦੁੱਖ ਤਕਲੀਫ਼ ਸਾਡੇ ਉੱਪਰ ਯਹੋਵਾਹ ਵੱਲੋਂ ਭੇਜੇ ਗਏ ਹਨ ਪਰ ਜੇਕਰ ਗਊਆਂ ਗੱਡੀ ਨੂੰ ਸਿੱਧਾ ਬੈਤਲਹਮ ਵੱਲ ਨਾ ਲੈ ਜਾਕੇ ਦੂਜੇ ਪਾਸੇ ਨੂੰ ਗਈਆਂ ਤਾਂ ਇਸ ਦਾ ਭਾਵ ਇਹ ਹੋਵੇਗਾ ਕਿ ਇਸਰਾਏਲ ਦੇ ਪਰਮੇਸ਼ੁਰ ਨੇ ਇਹ ਕਰੋਪੀ ਅਤੇ ਦੰਡ ਸਾਨੂੰ ਨਹੀਂ ਦਿੱਤਾ ਸਗੋਂ ਅਸੀਂ ਫ਼ਿਰ ਇਹ ਸਮਝਾਂਗੇ ਕਿ ਇਹ ਦੁੱਖ ਤਕਲੀਫ਼ਾਂ ਵੈਸੇ ਹੀ ਵਾਪਰੀਆਂ ਸਨ।”
10 ਸੋ ਫ਼ਲਿਸਤੀਆਂ ਨੇ ਉਵੇਂ ਹੀ ਕੀਤਾ ਜਿਵੇਂ ਜਾਜਕਾਂ ਅਤੇ ਜਾਦੂਗਰਾਂ ਨੇ ਆਖਿਆ। ਉਨ੍ਹਾਂ ਲੋਕਾਂ ਨੂੰ ਦੋ ਅਜਿਹੀਆਂ ਲਵੇਰੀਆਂ ਗਊਆਂ ਮਿਲ ਗਈਆਂ ਤਾਂ ਉਨ੍ਹਾਂ ਨੇ ਗਊਆਂ ਨੂੰ ਗੱਡੀ ਅੱਗੇ ਬੰਨ੍ਹਿਆ ਅਤੇ ਵਛੜਿਆਂ ਨੂੰ ਵਾਪਸ ਗਊਸ਼ਾਲਾ ਵਿੱਚ ਬੰਨ੍ਹਿਆ। 11 ਤਦ ਫ਼ਲਿਸਤੀਆਂ ਨੇ ਯਹੋਵਾਹ ਦਾ ਪਵਿੱਤਰ ਸੰਦੂਕ ਛਕੜਾ ਗੱਡੀ ਵਿੱਚ ਰੱਖਿਆ ਅਤੇ ਨਾਲ ਹੀ ਉਸ ਨਾਲ ਸੋਨੇ ਦੇ ਬਣੇ ਹੋਏ ਮਵੇਸ਼ੀਆਂ ਅਤੇ ਸੋਨੇ ਦੀਆਂ ਚੂਹੀਆਂ ਦੀਆਂ ਮੂਰਤਾਂ ਨੂੰ ਵੀ ਉਸ ਵਿੱਚ ਰੱਖਿਆ। 12 ਗਊਆਂ ਸਿੱਧੀਆਂ ਬੈਤਸ਼ਮਸ਼ ਨੂੰ ਗਈਆਂ। ਉਹ ਸੜਕ ਤੇ ਤੁਰਦੀਆਂ ਜਾਂਦੀਆਂ, ਰਾਹ ’ਚ ਅੜਾਉਂਦੀਆਂ ਗਈਆਂ। ਉਹ ਕਿਤੇ ਵੀ ਖੱਬੇ ਜਾਂ ਸੱਜੇ ਨਾ ਮੁੜੀਆਂ। ਫ਼ਲਿਸਤੀਨੀ ਸ਼ਾਸਕ ਉਨ੍ਹਾਂ ਦੇ ਪਿੱਛੇ-ਪਿੱਛੇ ਬੈਤਸ਼ਮਸ਼ ਦੀ ਹੱਦ ਤੱਕ ਗਏ।
13 ਬੈਤਸ਼ਮਸ਼ ਦੇ ਲੋਕ ਉਸ ਵਾਦੀ ਵਿੱਚ ਕਣਕ ਦੀਆਂ ਵਾਢੀਆਂ ਕਰ ਰਹੇ ਸਨ। ਉਨ੍ਹਾਂ ਨੇ ਪਵਿੱਤਰ ਸੰਦੂਕ ਆਉਂਦਾ ਵੇਖਿਆ। ਤਦ ਸੰਦੂਕ ਨੂੰ ਆਪਸ ਆਉਂਦਾ ਵੇਖਕੇ ਉਹ ਬੜੇ ਖੁਸ਼ ਹੋਏ, ਅਤੇ ਉਸ ਨੂੰ ਲੈਣ ਲਈ ਉਸ ਵੱਲ ਦੌੜੇ। 14-15 ਬੈਤਸ਼ਮਸ਼ ਦੇ ਉਸ ਖੇਤ ਵੱਲ ਛਕੜਾ ਗੱਡੀ ਵੱਧੀ ਜੋ ਯਹੋਸ਼ੁਆ ਦਾ ਸੀ।
ਇੱਥੇ ਇੱਕ ਵੱਡੇ ਸਾਰੇ ਪੱਥਰ ਕੋਲ ਆਕੇ ਇਹ ਛਕੜਾ ਗੱਡੀ ਖੜੀ ਹੋ ਗਈ। ਤਾਂ ਉੱਥੋਂ ਦੇ ਲੋਕਾਂ ਨੇ ਗੱਡੀ ਦੀਆਂ ਲੱਕੜਾਂ ਨੂੰ ਚੀਰਿਆ ਅਤੇ ਗਊਆਂ ਨੂੰ ਯਹੋਵਾਹ ਲਈ ਬਲੀ ਕਰਨ ਲਈ ਮਾਰ ਦਿੱਤਾ।
ਤਦ ਲੇਵੀਆਂ ਨੇ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਉਸ ਸੰਦੂਕੜੀ ਸਮੇਤ ਜੋ ਉਸ ਦੇ ਨਾਲ ਸੀ, ਅਤੇ ਜਿਸ ਵਿੱਚ ਸੋਨੇ ਦੀਆਂ ਵਸਤਾਂ ਸਨ ਹੇਠਾਂ ਉਤਾਰੀਆਂ ਅਤੇ ਉਸ ਨੂੰ ਉਸ ਵੱਡੇ ਪੱਥਰ ਉੱਪਰ ਰੱਖਿਆ ਅਤੇ ਬੈਤਸ਼ਮਸ਼ ਦੇ ਲੋਕਾਂ ਨੇ ਉਸੇ ਦਿਨ ਯਹੋਵਾਹ ਦੇ ਲਈ ਹੋਮ ਦੀਆਂ ਭੇਟਾਂ ਚੜ੍ਹਾਈਆਂ ਅਤੇ ਹੋਰ ਬਲੀਆਂ ਵੀ ਦਿੱਤੀਆਂ।
16 ਦੂਰ ਇਹ ਪੰਜ ਫ਼ਲਿਸਤੀਨ ਦੇ ਸ਼ਾਸਕ ਬੈਤਸ਼ਮਸ਼ ਦੇ ਲੋਕਾਂ ਨੂੰ ਇਹ ਸਭ ਕੁਝ ਕਰਦਿਆਂ ਵੇਖਦੇ ਰਹੇ ਅਤੇ ਉਸਤੋਂ ਬਾਦ ਉਸੇ ਦਿਨ ਉਹ ਵਾਪਸ ਅਕਰੋਨ ਨੂੰ ਪਰਤ ਗਏ।
15 “ਦਾਨੀਏਲ ਨਬੀ ਨੇ ਉਸ ਘਿਨਾਉਣੀ ਦਿਲ ਕੰਬਾਊ ਵਸਤ ਬਾਰੇ ਆਖਿਆ ਹੈ ‘ਜਿਸ ਨਾਲ ਭਾਰੀ ਨੁਕਸਾਨ ਹੋਣਾ ਹੈ।’ [a] ਤੁਸੀਂ ਉਹ ਭਿਆਨਕ ਵਸਤ ਪਵਿੱਤਰ ਸਥਾਨ ਵਿੱਚ ਖੜੀ ਵੇਖੋਂਗੇ।” (ਤੁਹਾਡੇ ਵਿੱਚ ਜਿਨ੍ਹਾਂ ਨੇ ਇਸ ਬਾਰੇ ਪੜ੍ਹਿਆ ਹੈ ਉਹ ਸਮਝਦੇ ਹਨ ਕਿ ਇਸਦਾ ਕੀ ਅਰਥ ਹੈ।) 16 “ਉਸ ਵਕਤ ਜਿਹੜੇ ਲੋਕ ਯਹੂਦਿਯਾ ਵਿੱਚ ਹੋਣ ਉਹ ਪਹਾੜੀਆਂ ਨੂੰ ਭੱਜ ਜਾਣ। 17 ਲੋਕਾਂ ਨੂੰ ਉਸ ਵਕਤ ਬਿਨਾ ਆਪਣਾ ਵਕਤ ਜਾਇਆ ਕੀਤਿਆਂ ਉੱਥੇ ਜਾਣਾ ਚਾਹੀਦਾ ਹੈ। ਜੇਕਰ ਕੋਈ ਮਨੁੱਖ ਆਪਣੇ ਘਰ ਦੀ ਛੱਤ ਉੱਤੇ ਹੈ, ਤਾਂ ਉਸ ਨੂੰ ਘਰ ਵਿੱਚੋਂ ਆਪਣੀਆਂ ਚੀਜ਼ਾਂ ਲੈਣ ਵਾਸਤੇ ਹੇਠਾਂ ਨਹੀਂ ਆਉਣਾ ਚਾਹੀਦਾ। 18 ਜੇਕਰ ਕੋਈ ਮਨੁੱਖ ਖੇਤ ਵਿੱਚ ਹੈ ਤਾਂ ਉਸ ਨੂੰ ਆਪਣਾ ਚੋਲਾ ਲੈਣ ਵਾਸਤੇ ਵਾਪਿਸ ਨਹੀਂ ਆਉਣਾ ਚਾਹੀਦਾ।
19 “ਇਹ ਵਕਤ ਉਨ੍ਹਾਂ ਔਰਤਾਂ ਵਾਸਤੇ ਬੜਾ ਖਰਾਬ ਹੋਵੇਗਾ ਜਿਹੜੀਆਂ ਗਰਭਵਤੀਆਂ ਹੋਣਗੀਆਂ ਜਾਂ ਜਿਨ੍ਹਾਂ ਦੇ ਬੱਚੇ ਦੁੱਧ ਚੁੰਘਦੇ ਹੋਣਗੇ। 20 ਪਰ ਤੁਸੀਂ ਪ੍ਰਾਰਥਨਾ ਕਰੋ ਕਿ ਤੁਹਾਡੀ ਭਾਜ ਸਰਦੀਆਂ ਵਿੱਚ ਜਾਂ ਸਬਤ ਦੇ ਦਿਨ ਨਾ ਹੋਵੇ। 21 ਕਿਉਂਕਿ, ਉਸ ਸਮੇਂ ਬਹੁਤ ਵੱਡੀ ਮੁਸੀਬਤ ਹੋਵੇਗੀ। ਅਜਿਹੀ ਮੁਸੀਬਤ ਸੰਸਾਰ ਦੇ ਆਦਿ ਤੋਂ ਲੈ ਕੇ ਹੁਣ ਤੱਕ ਕਦੀ ਨਹੀਂ ਵਾਪਰੀ ਅਤੇ ਨਾ ਹੀ ਇਹ ਫ਼ੇਰ ਕਦੇ ਵਾਪਰੇਗੀ।
22 “ਪਰਮੇਸ਼ੁਰ ਨੇ ਉਹ ਮੁਸੀਬਤਾਂ ਦੇ ਦਿਨ ਘਟਾਉਣ ਦਾ ਫ਼ੈਸਲਾ ਕੀਤਾ ਹੈ। ਜੇਕਰ ਉਸ ਨੇ ਅਜਿਹਾ ਨਾ ਕੀਤਾ, ਤਾਂ ਕੋਈ ਜਿਉਂਦਾ ਨਹੀਂ ਰਹੇਗਾ। ਪਰ ਪਰਮੇਸ਼ੁਰ ਨੇ ਉਹ ਸਮਾਂ ਆਪਣੇ ਚੁਣੇ ਹੋਏ ਲੋਕਾਂ ਦੀ ਭਲਾਈ ਲਈ ਘਟਾ ਦਿੱਤਾ ਹੈ।
23 “ਉਸ ਵਕਤ ਜੇਕਰ ਤੁਹਾਨੂੰ ਕੋਈ ਆਖੇ ਕਿ ਵੇਖੋ ਮਸੀਹ ਇੱਥੇ ਹੈ, ਤੇ ਕੋਈ ਕਹੇ ਕਿ ਵੇਖੋ ਉਹ ਇੱਥੇ ਹੈ, ਤਾਂ ਤੁਸੀਂ ਉਨ੍ਹਾਂ ਦਾ ਵਿਸ਼ਵਾਸ ਨਾ ਕਰਨਾ। 24 ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉੱਠਣਗੇ ਅਤੇ ਕਈ ਤਰ੍ਹਾਂ ਦੇ ਅਚਰਜ ਨਿਸ਼ਾਨ ਅਤੇ ਅਦਭੁਤ ਕਰਾਮਾਤਾਂ ਵਿਖਾਉਣਗੇ ਕਿ ਉਹ ਪਰਮੇਸ਼ੁਰ ਵੱਲੋਂ ਚੁਣਿਆ ਹੋਇਆਂ ਨੂੰ ਵੀ ਭੁਲੇਵੇ ਵਿੱਚ ਪਾ ਸੱਕਣ। ਉਹ ਇਹ ਗੱਲਾਂ, ਜੇਕਰ ਸੰਭਵ ਹੋਇਆ ਤਾਂ, ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਨੂੰ ਗੁਮਰਾਹ ਕਰਨ ਲਈ ਵੀ ਕਰਨਗੇ। 25 ਹੁਣ ਮੈਂ ਤੁਹਾਨੂੰ ਇਹ ਸਭ ਕੁਝ ਵਾਪਰਨ ਤੋਂ ਪਹਿਲਾਂ ਹੀ ਦੱਸ ਦਿੱਤਾ ਹੈ।
26 “ਕੁਝ ਲੋਕ ਤੁਹਾਨੂੰ ਜੇਕਰ ਇਹ ਕਹਿਣ ਕਿ ਮਸੀਹ ਥਲਾਂ ਵਿੱਚ ਹੈ। ਤਾਂ ਤੁਸੀਂ ਉਨ੍ਹਾਂ ਦੇ ਕਹੇ ਉਜਾੜ ਵਿੱਚ ਮਸੀਹ ਨੂੰ ਲੱਭਣ ਨਾ ਚੱਲੇ ਜਾਣਾ। ਕੋਈ ਤੁਹਾਨੂੰ ਇਹ ਵੀ ਕਹਿ ਸੱਕਦਾ ਹੈ ਕਿ ਵੇਖੋ ਮਸੀਹ ਅੰਦਰਲੀ ਕੋਠੜੀ ਵਿੱਚ ਹੈ। ਪਰ ਤੁਸੀਂ ਉਸਤੇ ਵਿਸ਼ਵਾਸ ਨਾ ਕਰਿਓ। 27 ਕਿਉਂਕਿ ਜਿਸ ਤਰ੍ਹਾਂ ਬਿਜਲੀ ਚੜ੍ਹ੍ਹਦਿਉਂ ਚਮਕਾ ਮਾਰਕੇ ਲਹਿੰਦੇ ਤੀਕਰ ਦਿਸਦੀ ਹੈ ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ।
2010 by World Bible Translation Center