Revised Common Lectionary (Complementary)
ਆਸਾਫ਼ ਦਾ ਇੱਕ ਉਸਤਤਿ ਗੀਤ।
82 ਪਰਮੇਸ਼ੁਰ ਦੇਵਤਿਆਂ ਦੀ ਸਭਾ ਵਿੱਚ ਖਲੋਂਦਾ।
ਉਹ ਉਨ੍ਹਾਂ ਦੀ ਸਭਾ ਵਿੱਚ ਨਿਆਂ ਕਰਦਾ ਹੈ।
2 ਪਰਮੇਸ਼ੁਰ ਆਖਦਾ ਹੈ, “ਕਿੰਨਾ ਚਿਰ ਤੁਸੀਂ ਲੋਕਾਂ ਦੇ ਨਿਆਂ ਪੱਖਪਾਤ ਨਾਲ ਕਰਦੇ ਰਹੋਂਗੇ।
ਕਿੰਨਾ ਚਿਰ ਤੁਸੀਂ ਮੰਦੇ ਲੋਕਾਂ ਨੂੰ ਸਜ਼ਾ ਦੇਣ ਤੋਂ ਬਿਨਾਂ ਜਾਣ ਦਿਉਂਗੇ।”
3 “ਗਰੀਬਾਂ ਅਤੇ ਯਤੀਮਾਂ ਦੀ ਰੱਖਿਆ ਕਰੋ,
ਅਤੇ ਉਨ੍ਹਾਂ ਗਰੀਬ ਲੋਕਾਂ ਦੇ ਹਕਾਂ ਦੀ ਰੱਖਿਆ ਕਰੋ।
4 ਉਨ੍ਹਾਂ ਗਰੀਬ ਬੇਸਹਾਰਾਂ ਲੋਕਾਂ ਦੀ ਸਹਾਇਤਾ ਕਰੋ।
ਉਨ੍ਹਾਂ ਨੂੰ ਮੰਦੇ ਲੋਕਾਂ ਪਾਸੋਂ ਬਚਾਉ।
5 “ਉਹ ਨਹੀਂ ਜਾਣਦੇ ਕਿ ਕੀ ਵਾਪਰ ਰਿਹਾ ਹੈ।
ਉਹ ਨਹੀਂ ਸਮਝਦੇ ਕਿ ਉਹ ਕੀ ਕਰ ਰਹੇ ਹਨ,
ਉਨ੍ਹਾਂ ਦੀ ਦੁਨੀਆਂ ਉਨ੍ਹਾਂ ਦੇ ਆਲੇ-ਦੁਆਲੇ
ਢਹਿ-ਢੇਰੀ ਹੋ ਰਹੀ ਹੈ।”
6 ਮੈਂ ਆਖਦਾ, “ਤੁਸੀਂ ਦੇਵਤੇ ਹੋਂ।
ਤੁਸੀਂ ਸਰਬ ਉੱਚ ਪਰਮੇਸ਼ੁਰ ਦੇ ਪੁੱਤਰ ਹੋ।
7 ਪਰ ਤੁਸੀਂ ਵੀ ਮਰ ਜਾਵੋਂਗੇ ਜਿਵੇਂ ਸਾਰੇ ਲੋਕਾਂ ਨੂੰ ਮਰਨਾ ਪੈਂਦਾ ਹੈ।
ਤੁਸੀਂ ਉਵੇਂ ਮਰ ਜਾਵੋਂਗੇ ਜਿਵੇਂ ਹੋਰ ਸਾਰੇ ਆਗੂ ਮਰਦੇ ਹਨ।”
8 ਹੇ ਪਰਮੇਸ਼ੁਰ, ਉੱਠੋ, ਅਤੇ ਦੁਨੀਆਂ ਦੀਆਂ
ਸਾਰੀਆਂ ਕੌਮਾਂ ਦਾ ਨਿਆਂ ਕਰੋ।
ਆਕਾਨ ਦਾ ਪਾਪ
7 ਪਰ ਇਸਰਾਏਲ ਦੇ ਲੋਕਾਂ ਨੇ ਪਰਮੇਸ਼ੁਰ ਦਾ ਹੁਕਮ ਨਹੀਂ ਮੰਨਿਆ। ਉੱਥੇ ਯਹੂਦਾਹ ਦੇ ਪਰਿਵਾਰ-ਸਮੂਹ ਵਿੱਚੋਂ ਇੱਕ ਆਦਮੀ ਸੀ ਜਿਸਦਾ ਨਾਮ ਸੀ ਆਕਾਨ ਵਲਦ ਕਰਮੀ ਜਿਹੜਾ ਜ਼ਬਦੀ ਦਾ ਪੋਤਾ ਸੀ। ਆਕਾਨ ਨੇ ਕੁਝ ਉਹ ਚੀਜ਼ਾਂ ਰੱਖ ਲਈਆਂ ਜਿਨ੍ਹਾਂ ਨੂੰ ਤਬਾਹ ਕਰ ਦਿੱਤਾ ਜਾਣਾ ਚਾਹੀਦਾ ਸੀ। ਇਸ ਲਈ ਯਹੋਵਾਹ ਇਸਰਾਏਲ ਦੇ ਲੋਕਾਂ ਉੱਤੇ ਬਹੁਤ ਕਰੋਧਵਾਨ ਹੋ ਗਿਆ।
10 ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, “ਤੂੰ ਆਪਣਾ ਮੂੰਹ ਧਰਤੀ ਵੱਲ ਸੁੱਟ ਕੇ ਉਦਾਸ ਕਿਉਂ ਹੈ? ਉੱਠ ਖਲੋ! 11 ਇਸਰਾਏਲ ਦੇ ਲੋਕਾਂ ਨੇ ਮੇਰੇ ਵਿਰੁੱਧ ਗੁਨਾਹ ਕੀਤਾ। ਉਨ੍ਹਾਂ ਨੇ ਮੇਰਾ ਉਹ ਇਕਰਾਰਨਾਮਾ ਤੋੜਿਆ ਜਿਸ ਨੂੰ ਮੰਨਣ ਦਾ ਮੈਂ ਆਦੇਸ਼ ਦਿੱਤਾ ਸੀ। ਉਨ੍ਹਾਂ ਨੇ ਕੁਝ ਉਹ ਚੀਜ਼ਾਂ ਚੁੱਕੇ ਰੱਖ ਲਈਆਂ ਜਿਨ੍ਹਾਂ ਨੂੰ ਮੈਂ ਤਬਾਹ ਕਰਨ ਦਾ ਆਦੇਸ਼ ਦਿੱਤਾ ਸੀ। ਉਨ੍ਹਾਂ ਨੇ ਮੇਰੀ ਚੋਰੀ ਕੀਤੀ ਹੈ। ਉਨ੍ਹਾਂ ਨੇ ਝੂਠ ਬੋਲਿਆ ਹੈ। ਉਨ੍ਹਾਂ ਨੇ ਉਹ ਚੀਜ਼ਾਂ ਆਪਣੇ ਵਾਸਤੇ ਰੱਖ ਲਈਆਂ ਹਨ। 12 ਇਹੀ ਕਾਰਣ ਹੈ ਕਿ ਇਸਰਾਏਲ ਦੀ ਫ਼ੌਜ ਆਪਣੀ ਪਿੱਠ ਦਿਖਾਕੇ ਭੱਜ ਗਈ। ਕਿਉਂਕਿ ਉਨ੍ਹਾਂ ਨੇ ਪਾਪ ਕੀਤਾ ਸੀ ਇਸ ਲਈ ਉਨ੍ਹਾਂ ਨੂੰ ਤਬਾਹ ਕੀਤਾ ਜਾਣਾ ਚਾਹੀਦਾ। ਮੈਂ ਹੋਰ ਵੱਧੇਰੇ ਤੁਹਾਡੇ ਸੰਗ ਨਹੀਂ ਹੋਵਾਂਗਾ ਜਦੋਂ ਤੀਕ ਕਿ ਤੁਸੀਂ ਉਹ ਸਾਰੀਆਂ ਚੀਜ਼ਾਂ ਤਬਾਹ ਨਹੀਂ ਕਰ ਦਿੰਦੇ ਜਿਨ੍ਹਾਂ ਨੂੰ ਮੈਂ ਤੁਹਾਨੂੰ ਤਬਾਹ ਕਰਨ ਦਾ ਹੁਕਮ ਦਿੱਤਾ ਹੈ।
13 “ਹੁਣ ਜਾਉ ਅਤੇ ਲੋਕਾਂ ਨੂੰ ਪਵਿੱਤਰ ਬਣਾਉ। ਲੋਕਾਂ ਨੂੰ ਆਖੋ, ‘ਆਪਣੇ-ਆਪ ਨੂੰ ਪਵਿੱਤਰ ਬਣਾਉ। ਕੱਲ੍ਹ ਦੀ ਤਿਆਰੀ ਕਰੋ। ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਆਖਦਾ ਹੈ ਕਿ ਕੁਝ ਲੋਕਾਂ ਨੇ ਉਹ ਚੀਜ਼ਾਂ ਰੱਖ ਲਈਆਂ ਹਨ ਜਿਨ੍ਹਾਂ ਨੂੰ ਤਬਾਹ ਕਰਨ ਦਾ ਉਸ ਨੇ ਆਦੇਸ਼ ਦਿੱਤਾ ਸੀ। ਤੁਸੀਂ ਕਦੇ ਵੀ ਆਪਣੇ ਦੁਸ਼ਮਣਾ ਨੂੰ ਹਰਾ ਨਹੀਂ ਸੱਕੋਂਗੇ ਜਦੋਂ ਤੀਕ ਕਿ ਤੁਸੀਂ ਉਨ੍ਹਾਂ ਚੀਜ਼ਾਂ ਨੂੰ ਸੁੱਟ ਨਹੀਂ ਦਿੰਦੇ।
14 “‘ਕੱਲ੍ਹ ਸਵੇਰੇ ਤੁਹਾਨੂੰ ਸਾਰਿਆਂ ਨੂੰ ਆਪਣੇ ਪਰਿਵਾਰ-ਸਮੂਹਾਂ ਅਨੁਸਾਰ ਯਹੋਵਾਹ ਦੇ ਸਾਹਮਣੇ ਖਲੋਣਾ ਚਾਹੀਦਾ ਹੈ। ਫ਼ੇਰ ਯਹੋਵਾਹ ਤੁਹਾਡੇ ਵਿੱਚੋਂ ਇੱਕ ਪਰਿਵਾਰ-ਸਮੂਹ ਨੂੰ ਕੱਢੇਗਾ। ਯਹੋਵਾਹ ਦੁਆਰਾ ਕੱਢੇ ਹੋਏ ਪਰਿਵਾਰ-ਸਮੂਹ ਨੂੰ ਵੰਸ਼ ਦਰ ਵੰਸ਼ ਅੱਗੇ ਆਉਣਾ ਚਾਹੀਦਾ। ਜਿਸ ਵੰਸ਼ ਨੂੰ ਯਹੋਵਾਹ ਕੱਢੇਗਾ, ਪਰਿਵਾਰ ਦਰ ਪਰਿਵਾਰ ਅੱਗੇ ਆਵੇਗਾ। ਜਿਸ ਪਰਿਵਾਰ ਨੂੰ ਯਹੋਵਾਹ ਕੱਢੇਗਾ ਆਦਮੀ ਦਰ ਆਦਮੀ ਅੱਗੇ ਆਵੇਗਾ। 15 ਜਿਹੜਾ ਆਦਮੀ ਉਨ੍ਹਾਂ ਚੀਜ਼ਾਂ ਨੂੰ ਰੱਖੇਗਾ, ਜਿਨ੍ਹਾਂ ਨੂੰ ਤਬਾਹ ਕਰ ਦਿੱਤਾ ਜਾਣਾ ਚਾਹੀਦਾ ਸੀ, ਫ਼ੜਿਆ ਜਾਵੇਗਾ। ਫ਼ੇਰ ਉਸ ਨੂੰ ਸਾੜਕੇ ਮਾਰ ਦਿੱਤਾ ਜਾਵੇਗਾ ਅਤੇ ਉਸਦੀ ਹਰ ਸ਼ੈਅ ਉਸ ਦੇ ਨਾਲ ਹੀ ਤਬਾਹ ਕਰ ਦਿੱਤੀ ਜਾਵੇਗੀ। ਉਸ ਨੇ ਯਹੋਵਾਹ ਦੇ ਇਕਰਾਰਨਾਮੇ ਨੂੰ ਤੋੜਿਆ ਸੀ ਅਤੇ ਉਸ ਨੇ ਇਸਰਾਏਲ ਦੇ ਲੋਕਾਂ ਦਰਮਿਆਨ ਬਹੁਤ ਭਿਆਨਕ ਪਾਪ ਕੀਤਾ ਹੈ!’”
16 ਅਗਲੀ ਸਵੇਰ ਸੁਵਖਤੇ ਹੀ, ਯਹੋਸ਼ੁਆ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਯਹੋਵਾਹ ਦੇ ਸਾਹਮਣੇ ਇਕੱਠਾ ਕੀਤਾ। ਸਾਰੇ ਪਰਿਵਾਰ-ਸਮੂਹ ਯਹੋਵਾਹ ਦੇ ਸਾਹਮਣੇ ਖਲੋ ਗਏ। ਯਹੋਵਾਹ ਨੇ ਯਹੂਦਾਹ ਦੇ ਪਰਿਵਾਰ-ਸਮੂਹ ਦੀ ਚੋਣ ਕੀਤੀ। 17 ਇਸ ਲਈ ਯਹੂਦਾਹ ਦੇ ਸਾਰੇ ਵੰਸ਼ ਯਹੋਵਾਹ ਦੇ ਸਾਹਮਣੇ ਖਲੋ ਗਏ ਯਹੋਵਾਹ ਨੇ ਜ਼ਰਾਹ ਵੰਸ਼ ਦੀ ਚੋਣ ਕੀਤੀ। ਫ਼ੇਰ ਜ਼ਰਾਹ ਵੰਸ਼ ਦੇ ਸਾਰੇ ਪਰਿਵਾਰ-ਸਮੂਹ ਯਹੋਵਾਹ ਦੇ ਅੱਗੇ ਖਲੋ ਗਏ। ਜ਼ਬਦੀ ਦੇ ਪਰਿਵਾਰ ਦੀ ਚੋਣ ਕੀਤੀ ਗਈ। 18 ਯਹੋਵਾਹ ਨੇ ਕਰਮੀ ਦੇ ਪੁੱਤਰ ਆਕਾਨ ਦੀ ਚੋਣ ਕੀਤੀ। ਕਰਮੀ ਜ਼ਬਦੀ ਦਾ ਪੁੱਤਰ ਸੀ। ਅਤੇ ਜ਼ਬਦੀ ਜ਼ਰਾਹ ਦਾ ਪੁੱਤਰ ਸੀ।
19 ਫ਼ੇਰ ਯਹੋਸ਼ੁਆ ਨੇ ਆਕਾਨ ਨੂੰ ਆਖਿਆ, “ਪੁੱਤਰ, ਆਪਣੀ ਪ੍ਰਾਰਥਨਾ ਕਰ ਲੈ ਤੈਨੂੰ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦਾ ਆਦਰ ਕਰਨਾ ਚਾਹੀਦਾ ਹੈ ਅਤੇ ਉਸ ਦੇ ਸਾਹਮਣੇ ਆਪਣੇ ਪਾਪਾ ਦਾ ਇਕਰਾਰ ਕਰਨਾ ਚਾਹੀਦਾ ਹੈ। ਮੈਨੂੰ ਦੱਸ ਕਿ ਤੂੰ ਕੀ ਕੀਤਾ ਸੀ, ਅਤੇ ਕੋਈ ਵੀ ਗੱਲ ਮੇਰੇ ਕੋਲੋਂ ਛੁਪਾਉਣ ਦੀ ਕੋਸ਼ਿਸ਼ ਨਾ ਕਰ!”
20 ਆਕਾਨ ਨੇ ਜਵਾਬ ਦਿੱਤਾ, “ਇਹ ਠੀਕ ਹੈ! ਮੈਂ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੇ ਵਿਰੁੱਧ ਪਾਪ ਕੀਤਾ ਹੈ। ਇਹੀ ਹੈ ਜੋ ਮੈਂ ਕੀਤਾ ਸੀ: 21 ਅਸੀਂ ਯਰੀਹੋ ਦੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਸੀ ਅਤੇ ਉਸ ਦੇ ਨਾਲ ਸਾਰੀਆਂ ਚੀਜ਼ਾਂ ਉੱਤੇ ਵੀ ਮੈਂ ਬੇਬੀਲੋਨ ਦਾ ਇੱਕ ਖੂਬਸੂਰਤ ਕੋਟ ਤਕਰੀਬਨ 15 ਪੌਂਡ ਚਾਂਦੀ, ਅਤੇ ਸੋਨੇ ਦਾ ਇੱਕ ਪੌਂਡ ਦੇਖਿਆ। ਮੈਂ ਇਹ ਚੀਜ਼ਾਂ ਆਪਣੇ ਵਾਸਤੇ ਚਾਹੁੰਦਾ ਸੀ। ਇਸ ਲਈ ਮੈਂ ਇਹ ਚੁੱਕ ਲਈਆਂ। ਤੁਹਾਨੂੰ ਉਹ ਚੀਜ਼ਾਂ ਮੇਰੇ ਤੰਬੂ ਦੀ ਜ਼ਮੀਨ ਹੇਠਾਂ ਦੱਬੀਆਂ ਹੋਈਆਂ ਮਿਲਣਗੀਆਂ। ਚਾਂਦੀ ਕੋਟ ਦੇ ਹੇਠਾਂ ਹੈ।”
22 ਇਸ ਲਈ ਯਹੋਸ਼ੁਆ ਨੇ ਕੁਝ ਆਦਮੀਆਂ ਨੂੰ ਤੰਬੂ ਵੱਲ ਭੇਜਿਆ। ਉਹ ਤੰਬੂ ਵੱਲ ਦੌੜ ਗਏ ਅਤੇ ਤੰਬੂ ਵਿੱਚ ਛੁਪੀਆਂ ਹੋਈਆਂ ਉਨ੍ਹਾਂ ਚੀਜ਼ਾਂ ਨੂੰ ਲੱਭ ਲਿਆ। ਚਾਂਦੀ ਕੋਟ ਦੇ ਹੇਠਾਂ ਸੀ। 23 ਆਦਮੀਆਂ ਨੇ ਤੰਬੂ ਵਿੱਚੋਂ ਚੀਜ਼ਾਂ ਬਾਹਰ ਲਿਆਂਦੀਆਂ। ਉਹ ਉਨ੍ਹਾਂ ਚੀਜ਼ਾਂ ਨੂੰ ਯਹੋਸ਼ੁਆ ਅਤੇ ਇਸਰਾਏਲ ਦੇ ਸਾਰੇ ਲੋਕਾਂ ਦੇ ਕੋਲ ਲੈ ਗਏ। ਉਨ੍ਹਾਂ ਨੇ ਉਨ੍ਹਾਂ ਨੂੰ ਯਹੋਵਾਹ ਦੇ ਸਾਹਮਣੇ ਧਰਤੀ ਉੱਤੇ ਸੁੱਟ ਦਿੱਤਾ।
24 ਫ਼ੇਰ ਯਹੋਸ਼ੁਆ ਅਤੇ ਇਸਰਾਏਲ ਦੇ ਸਾਰੇ ਲੋਕ ਆਕਾਨ ਵਲਦ ਜ਼ਰਹ ਨੂੰ ਆਕੋਰ ਦੀ ਵਾਦੀ ਵਿੱਚ ਲੈ ਗਏ। ਉਨ੍ਹਾਂ ਨੇ ਚਾਂਦੀ, ਕੋਟ, ਸੋਨਾ, ਆਕਾਨ ਦੇ ਧੀਆਂ, ਪੁੱਤਰਾਂ ਉਸ ਦੇ ਪਸ਼ੂਆਂ ਉਸ ਦੇ ਗਧਿਆਂ ਉਸ ਦੀਆਂ ਭੇਡਾਂ ਉਸ ਦੇ ਤੰਬੂ ਅਤੇ ਉਸਦੀ ਹਰ ਸ਼ੈਅ ਨੂੰ ਵੀ ਨਾਲ ਲੈ ਲਿਆ। ਉਹ ਇਹ ਸਾਰੀਆਂ ਚੀਜ਼ਾਂ ਆਕਾਨ ਦੇ ਨਾਲ ਹੀ ਆਕੋਰ ਦੀ ਵਾਦੀ ਵਿੱਚ ਲੈ ਗਏ। 25 ਫ਼ੇਰ ਯਹੋਸ਼ੁਆ ਨੇ ਆਖਿਆ, “ਤੂੰ ਸਾਡੇ ਲਈ ਬਹੁਤ ਮੁਸੀਬਤ ਪੈਦਾ ਕੀਤੀ! ਪਰ ਹੁਣ ਯਹੋਵਾਹ ਤੈਨੂੰ ਮੁਸੀਬਤ ਵਿੱਚ ਪਾਏਗਾ!” ਫ਼ੇਰ ਸਾਰੇ ਲੋਕਾਂ ਨੇ ਉਦੋਂ ਤੀਕ ਆਕਾਨ ਅਤੇ ਉਸ ਦੇ ਪਰਿਵਾਰ ਉੱਤੇ ਪੱਥਰ ਸੁੱਟੇ ਜਦੋਂ ਤੀਕ ਕਿ ਉਹ ਮਰ ਨਹੀਂ ਗਏ। ਫ਼ੇਰ ਲੋਕਾਂ ਨੇ ਉਨ੍ਹਾਂ ਨੂੰ ਅਤੇ ਉਸਦੀ ਹਰ ਸ਼ੈਅ ਨੂੰ ਸਾੜ ਦਿੱਤਾ। 26 ਜਦੋਂ ਉਨ੍ਹਾਂ ਨੇ ਆਕਾਨ ਨੂੰ ਸਾੜ ਦਿੱਤਾ ਤਾਂ ਉਨ੍ਹਾਂ ਨੇ ਉਸ ਦੇ ਸ਼ਰੀਰ ਉੱਤੇ ਬਹੁਤ ਸਾਰੇ ਪੱਥਰ ਰੱਖ ਦਿੱਤੇ। ਉਹ ਪੱਥਰ ਅੱਜ ਤੱਕ ਉੱਥੇ ਹੀ ਹਨ। ਇਸ ਲਈ ਪਰਮੇਸ਼ੁਰ ਨੇ ਆਕਾਨ ਲਈ ਮੁਸੀਬਤ ਲਿਆਂਦੀ। ਇਹੀ ਕਾਰਣ ਹੈ ਕਿ ਉਸ ਥਾਂ ਨੂੰ ਆਕੋਰ ਦੀ ਵਾਦੀ ਆਖਿਆ ਜਾਂਦਾ ਹੈ। ਇਸ ਤੋਂ ਮਗਰੋਂ ਯਹੋਵਾਹ ਲੋਕਾਂ ਨਾਲ ਕਰੋਧਵਾਨ ਨਹੀਂ ਸੀ।
ਮਸੀਹ ਤੋਂ ਬੇਮੁੱਖ ਨਾ ਹੋਵੋ
26 ਜੇ ਤੁਸੀਂ ਸੱਚ ਬਾਰੇ ਗਿਆਨ ਪ੍ਰਾਪਤ ਕਰਨ ਤੋਂ ਬਾਦ ਵੀ ਪਾਪ ਕਰਨਾ ਜਾਰੀ ਰੱਖੋਂਗੇ, ਉੱਥੇ ਕੋਈ ਬਲੀ ਨਹੀਂ ਜੋ ਹੋਰਾਂ ਦੇ ਪਾਪਾਂ ਨੂੰ ਹਟਾ ਸੱਕਦੀ ਹੋਵੇ। 27 ਜੇ ਅਸੀਂ ਪਾਪ ਕਰਦੇ ਰਹਿੰਦੇ ਹਾਂ ਤਾਂ ਸਾਡੇ ਕੋਲ ਇਸ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਕਿ ਅਸੀਂ ਹਸ਼ਰ ਦੇ ਨਿਆਂ ਤੋਂ ਡਰੀਏ ਅਤੇ ਉਸ ਕਹਿਰੀ ਅੱਗ ਤੋਂ ਡਰੀਏ ਜਿਹੜੀ ਉਨ੍ਹਾਂ ਸਾਰੇ ਲੋਕਾਂ ਨੂੰ ਫ਼ਨਾਹ ਕਰ ਦੇਵੇਗੀ ਜਿਹੜੇ ਪਰਮੇਸ਼ੁਰ ਦੇ ਵਿਰੁੱਧ ਜਿਉਂਦੇ ਹਨ। 28 ਕੋਈ ਵੀ ਵਿਅਕਤੀ ਜਿਹੜਾ ਮੂਸਾ ਦੀ ਸ਼ਰ੍ਹਾ ਨੂੰ ਮੰਨਣ ਤੋਂ ਇਨਕਾਰੀ ਹੁੰਦਾ ਸੀ ਉਸ ਨੂੰ ਦੋ ਜਾਂ ਤਿੰਨ ਗਵਾਹੀਆਂ ਦੇ ਅਧਾਰ ਤੇ ਕਸੂਰਵਾਰ ਠਹਿਰਾਇਆ ਜਾਂਦਾ ਸੀ। ਉਸ ਵਿਅਕਤੀ ਨੂੰ ਮੁਆਫ਼ ਨਹੀਂ ਸੀ ਕੀਤਾ ਜਾਂਦਾ। ਉਸ ਨੂੰ ਮਾਰਿਆ ਗਿਆ। 29 ਇਸ ਲਈ ਤੁਹਾਡੇ ਖਿਆਲ ਅਨੁਸਾਰ ਉਸ ਵਿਅਕਤੀ ਨਾਲ ਕੀ ਸਲੂਕ ਕੀਤਾ ਜਾਣਾ ਚਾਹੀਦਾ ਹੈ ਜਿਹੜਾ ਪਰਮੇਸ਼ੁਰ ਦੇ ਪੁੱਤਰ ਦੇ ਖਿਲਾਫ਼ ਨਫ਼ਰਤ ਪ੍ਰਗਟ ਕਰਦਾ ਹੈ? ਨਿਸ਼ਚਿਤ ਹੀ ਉਸ ਵਿਅਕਤੀ ਨੂੰ ਭਿਆਨਕ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਹਾਂ, ਉਸ ਵਿਅਕਤੀ ਨੂੰ ਭਿਆਨਕ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਉਸ ਨੇ ਉਸ ਲਹੂ ਨਾਲ ਆਦਰ ਦਾ ਵਿਹਾਰ ਨਹੀਂ ਕੀਤਾ ਜਿਸ ਨਾਲ ਨਵਾਂ ਕਰਾਰ ਸ਼ੁਰੂ ਹੁੰਦਾ ਹੈ। ਉਸ ਲਹੂ ਨੇ ਉਸ ਨੂੰ ਪਵਿੱਤਰ ਬਣਾਇਆ ਹੈ। ਅਤੇ ਉਸ ਨੂੰ ਭਿਆਨਕ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਉਸ ਨੇ ਪਰਮੇਸ਼ੁਰ ਦੀ ਕਿਰਪਾ ਦੇ ਆਤਮਾ ਦੇ ਵਿਰੁੱਧ ਆਪਣੀ ਨਫ਼ਰਤ ਦਰਸ਼ਾਈ ਹੈ। 30 ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਨੇ ਆਖਿਆ, “ਮੈਂ ਲੋਕਾਂ ਨੂੰ ਉਨ੍ਹਾਂ ਦੇ ਮੰਦੇ ਕੰਮਾਂ ਦੀ ਸਜ਼ਾ ਦਿਆਂਗਾ। ਮੈਂ ਉਨ੍ਹਾਂ ਦੇ ਕੀਤੇ ਗਲਤ ਕੰਮਾਂ ਦਾ ਜਵਾਬ ਦਿਆਂਗਾ।” [a] ਅਤੇ ਪਰਮੇਸ਼ੁਰ ਨੇ ਇਹ ਵੀ ਆਖਿਆ ਸੀ, “ਪ੍ਰਭੂ ਆਪਣੇ ਲੋਕਾਂ ਦਾ ਨਿਆਂ ਕਰੇਗਾ।” [b] 31 ਇੱਕ ਪਾਪੀ ਲਈ ਜਿਉਂਦੇ ਪਰਮੇਸ਼ੁਰ ਦੇ ਵੱਸ ਪੈਣਾ ਬਹੁਤ ਭਿਆਨਕ ਹੋਵੇਗਾ।
2010 by World Bible Translation Center