Revised Common Lectionary (Complementary)
ਅਜ਼ਰਾਂਹੀ ਦੇ ਏਥਾਨ ਦਾ ਭਗਤੀ ਗੀਤ।
89 ਮੈਂ ਹਮੇਸ਼ਾ ਯਹੋਵਾਹ ਦੇ ਪਿਆਰ ਬਾਰੇ ਗਾਵਾਂਗਾ।
ਮੈਂ ਸਦਾ-ਸਦਾ ਲਈ ਉਸਦੀ ਵਫ਼ਾਦਾਰੀ ਗਾਵਾਂਗਾ।
2 ਯਹੋਵਾਹ, ਮੈਨੂੰ ਸੱਚਮੁੱਚ ਵਿਸ਼ਵਾਸ ਹੈ, “ਤੁਹਾਡਾ ਪਿਆਰ ਸਦੀਵੀ ਹੈ।
ਤੁਹਾਡੀ ਵਫ਼ਾਦਾਰੀ ਨਿਰੰਤਰ ਅਕਾਸ਼ਾਂ ਵਾਂਗ ਰਹਿੰਦੀ ਹੈ।”
3 ਪਰਮੇਸ਼ੁਰ ਨੇ ਆਖਿਆ, “ਮੈਂ ਆਪਣੇ ਚੁਣੇ ਹੋਏ ਰਾਜੇ ਨਾਲ ਕਰਾਰ ਕੀਤਾ ਸੀ।
ਮੈਂ ਆਪਣੇ ਸੇਵਕ ਦਾਊਦ ਨਾਲ ਵਾਅਦਾ ਕੀਤਾ ਸੀ।
4 ‘ਦਾਊਦ, ਮੈਂ ਤੇਰੇ ਪਰਿਵਾਰ ਨੂੰ ਸਦਾ ਰਹਿਣ ਵਾਲਾ ਬਣਾ ਦਿਆਂਗਾ।
ਮੈਂ ਤੇਰੇ ਰਾਜ ਨੂੰ ਸਦਾ-ਸਦਾ ਰਹਿਣ ਲਈ ਬਣਾ ਦਿਆਂਗਾ।’”
5 ਯਹੋਵਾਹ, ਤੁਸੀਂ ਚਮਤਕਾਰ ਕਰਦੇ ਹੋਂ।
ਇਸ ਵਾਸਤੇ ਸਵਰਗ ਤੁਹਾਡੀ ਉਸਤਤਿ ਕਰਦੇ ਹਨ।
ਲੋਕ ਤੁਹਾਡੇ ਉੱਤੇ ਨਿਰਭਰ ਕਰ ਸੱਕਦੇ ਹਨ।
ਪਵਿੱਤਰ ਲੋਕਾਂ ਦੀ ਸੰਗਤ ਇਸ ਬਾਰੇ ਗਾਉਂਦੀ ਹੈ।
6 ਸਵਰਗ ਵਿੱਚ ਪਰਮੇਸ਼ੁਰ ਦੇ ਬਰਾਬਰ ਕੋਈ ਵੀ ਨਹੀਂ।
“ਦੇਵਤਿਆਂ” ਵਿੱਚੋਂ ਕੋਈ ਵੀ ਯਹੋਵਾਹ ਦਾ ਮੁਕਾਬਲਾ ਨਹੀਂ ਕਰ ਸੱਕਦਾ।
7 ਪਰਮੇਸ਼ੁਰ ਇੱਕ ਸਾਥ ਪਵਿੱਤਰ ਇਕੱਠ ਕਰੇਗਾ।
ਉਹ ਦੂਤ ਉਸ ਦੇ ਚਾਰ-ਚੁਫ਼ੇਰੇ ਹਨ।
ਉਹ ਉਸਤੋਂ ਡਰਦੇ ਹਨ ਅਤੇ ਉਸਦਾ ਆਦਰ ਕਰਦੇ ਹਨ।
ਅਤੇ ਉਹ ਉਸ ਦੇ ਅੱਗੇ ਸ਼ਰਧਾ ਵਿੱਚ ਖੜਦੇ ਹਨ।
8 ਯਹੋਵਾਹ, ਸਰਬ ਸ਼ਕਤੀਮਾਨ ਪਰਮੇਸ਼ੁਰ, ਇੱਥੇ ਤੁਹਾਡੇ ਜਿਹਾ ਕੋਈ ਨਹੀਂ
ਅਸੀਂ ਪੂਰੀ ਤਰ੍ਹਾਂ ਤੁਹਾਡੇ ਵਿੱਚ ਯਕੀਨ ਰੱਖ ਸੱਕਦੇ ਹਾਂ।
9 ਤੁਸੀਂ ਸਮੁੰਦਰ ਦੀਆਂ ਉੱਚੀਆਂ ਲਹਿਰਾਂ ਉੱਤੇ ਰਾਜ ਕਰਦੇ ਹੋਂ।
ਤੁਸੀਂ ਸਮੁੰਦਰ ਦੀਆਂ ਤੂਫ਼ਾਨੀ ਲਹਿਰਾਂ ਨੂੰ ਸ਼ਾਂਤ ਕਰ ਦਿੰਦੇ ਹੋ।
10 ਹੇ ਪਰਮੇਸ਼ੁਰ, ਤੁਸੀਂ ਰਹਬ ਨੂੰ ਹਰਾ ਦਿੱਤਾ ਸੀ।
ਤੁਸੀਂ ਆਪਣੇ ਵੈਰੀ ਨੂੰ ਖੁਦ ਦੇ ਸ਼ਕਤੀਸ਼ਾਲੀ ਬਾਜੂ ਨਾਲ ਖਿੰਡਾ ਦਿੱਤਾ ਸੀ।
11 ਸਵਰਗ ਅਤੇ ਧਰਤੀ ਦਾ ਸਭ ਕੁਝ ਤੇਰੇ ਨਾਲ ਸੰਬੰਧਿਤ ਹੈ, ਪਰਮੇਸ਼ੁਰ।
ਹੇ ਪਰਮੇਸ਼ੁਰ, ਤੁਸੀਂ ਧਰਤੀ ਅਤੇ ਇਸ ਵਿੱਚਲਾ ਸਭ ਕੁਝ ਸਾਜਿਆ।
12 ਤੁਸੀਂ ਉੱਤਰ ਅਤੇ ਦੱਖਣ ਵਿੱਚ ਹਰ ਚੀਜ਼ ਸਾਜੀ।
ਤਾਬੋਰ ਅਤੇ ਹਰਮੋਨ ਦੇ ਪਰਬਤ ਤੁਹਾਡੇ ਨਾਮ ਦੀ ਉਸਤਤਿ ਗਾਉਂਦੇ ਹਨ।
13 ਹੇ ਪਰਮੇਸ਼ੁਰ, ਤੁਹਾਡੇ ਕੋਲ ਸ਼ਕਤੀ ਹੈ।
ਤੁਹਾਡੀ ਸ਼ਕਤੀ ਮਹਾਨ ਹੈ।
ਤੁਹਾਡੀ ਜਿੱਤ ਹੈ।
14 ਤੁਹਾਡਾ ਰਾਜ ਸੱਚ ਅਤੇ ਇਨਸਾਫ਼ ਉੱਤੇ ਸਾਜਿਆ ਗਿਆ ਹੈ।
ਪਿਆਰ ਅਤੇ ਵਫ਼ਾਦਾਰੀ ਤੁਹਾਡੇ ਤਖਤ ਦੇ ਸਾਹਮਣੇ ਤੁਹਾਡੇ ਨੌਕਰ ਹਨ।
15 ਹੇ ਪਰਮੇਸ਼ੁਰ, ਤੁਹਾਡੇ ਵਫ਼ਾਦਾਰ ਸੇਵਕ ਸੱਚਮੁੱਚ ਖੁਸ਼ ਰਹਿੰਦੇ ਹਨ,
ਉਹ ਤੁਹਾਡੀ ਦਯਾ ਦੀ ਰੌਸ਼ਨੀ ਵਿੱਚ ਰਹਿੰਦੇ ਹਨ।
16 ਤੁਹਾਡਾ ਨਾਮ ਉਨ੍ਹਾਂ ਨੂੰ ਸਦਾ ਖੁਸ਼ੀ ਦਿੰਦਾ ਹੈ।
ਉਹ ਤੁਹਾਡੀ ਨੇਕੀ ਦੀ ਉਸਤਤਿ ਕਰਦੇ ਹਨ।
17 ਤੁਸੀਂ ਉਨ੍ਹਾਂ ਦੀ ਚਮਤਕਾਰੀ ਸ਼ਕਤੀ ਹੋ।
ਉਨ੍ਹਾਂ ਦੀ ਸ਼ਕਤੀ ਤੁਹਾਡੇ ਵੱਲੋਂ ਆਉਂਦੀ ਹੈ।
18 ਯਹੋਵਾਹ, ਤੁਸੀਂ ਸਾਡੇ ਰੱਖਿਅਕ ਹੋ,
ਇਸਰਾਏਲ ਦੀ ਪਵਿੱਤਰ ਧਰਤੀ ਸਾਡਾ ਰਾਜਾ ਹੈ।
ਚੰਗੀ ਟਹਿਣੀ
14 ਇਹ ਸੰਦੇਸ਼ ਯਹੋਵਾਹ ਵੱਲੋਂ ਹੈ: “ਮੈਂ ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਨਾਲ ਇੱਕ ਖਾਸ ਇਕਰਾਰ ਕੀਤਾ ਸੀ। ਉਹ ਸਮਾਂ ਆ ਰਿਹਾ ਹੈ ਜਦੋਂ ਮੈਂ ਓਹੀ ਗੱਲਾਂ ਕਰਾਂਗਾ ਜਿਨ੍ਹਾਂ ਦਾ ਮੈਂ ਇਕਰਾਰ ਕੀਤਾ ਸੀ। 15 ਉਸ ਸਮੇਂ, ਮੈਂ ਦਾਊਦ ਦੇ ਪਰਿਵਾਰ ਵਿੱਚੋਂ ਇੱਕ ਚੰਗੀ ‘ਟਹਿਣੀ’ ਉਗਾਵਾਂਗਾ। ਉਹ ਚੰਗੀ ‘ਟਹਿਣੀ’ ਉਹੀ ਗੱਲਾਂ ਕਰੇਗੀ ਜਿਹੜੀਆਂ ਦੇਸ਼ ਲਈ ਚੰਗੀਆਂ ਅਤੇ ਸਹੀ ਹਨ। 16 ਇਸ ‘ਟਹਿਣੀ’ ਦੇ ਸਮੇਂ ਵਿੱਚ, ਯਹੂਦਾਹ ਦੇ ਲੋਕ ਬਚ ਜਾਣਗੇ। ਲੋਕੀ ਯਰੂਸ਼ਲਮ ਵਿੱਚ ਨਿਸ਼ਚਿੰਤ ਹੋਕੇ ਰਹਿਣਗੇ। ਉਸ ਟਹਿਣੀ ਦਾ ਨਾਮ ਹੈ: ‘ਸਾਡਾ ਯਹੋਵਾਹ ਨੇਕ ਹੈ।’”
17 ਯਹੋਵਾਹ ਆਖਦਾ ਹੈ, “ਦਾਊਦ ਦੇ ਪਰਿਵਾਰ ਦਾ ਬੰਦਾ ਹੀ ਹਮੇਸ਼ਾ ਤਖਤ ਉੱਤੇ ਬੈਠੇਗਾ ਅਤੇ ਇਸਰਾਏਲ ਦੇ ਪਰਿਵਾਰ ਉੱਤੇ ਹਕੂਮਤ ਕਰੇਗਾ। 18 ਅਤੇ ਇੱਥੇ ਹਮੇਸ਼ਾ ਲੇਵੀ ਦੇ ਪਰਿਵਾਰ ਵਿੱਚੋਂ ਜਾਜਕ ਹੋਣਗੇ। ਉਹ ਜਾਜਕ ਹਮੇਸ਼ਾ ਮੇਰੇ ਸਨਮੁੱਖ ਖਲੋਣਗੇ ਅਤੇ ਮੈਨੂੰ ਹੋਮ ਦੀਆਂ ਭੇਟਾਂ ਅਤੇ ਅਨਾਜ ਦੀਆਂ ਭੇਟਾਂ ਦੀ ਬਲੀ ਅਤੇ ਬਲੀਆਂ ਚੜ੍ਹਾਉਣਗੇ।”
19 ਯਹੋਵਾਹ ਦਾ ਇਹ ਸੰਦੇਸ਼ ਯਿਰਮਿਯਾਹ ਨੂੰ ਮਿਲਿਆ। 20 ਯਹੋਵਾਹ ਆਖਦਾ ਹੈ, “ਮੇਰਾ ਦਿਨ ਅਤੇ ਰਾਤ ਨਾਲ ਇਕਰਾਰਨਾਮਾ ਹੈ। ਮੈਂ ਪ੍ਰਵਾਨ ਕੀਤਾ ਸੀ ਕਿ ਉਹ ਹਮੇਸ਼ਾ ਰਹਿਣਗੇ। ਤੁਸੀਂ ਇਸ ਇਕਰਾਰਨਾਮੇ ਨੂੰ ਨਹੀਂ ਬਦਲ ਸੱਕਦੇ। ਦਿਨ ਅਤੇ ਰਾਤ ਹਮੇਸ਼ਾ ਠੀਕ ਸਮੇਂ ਸਿਰ ਆਉਣਗੇ। ਜੇ ਕਿਤੇ ਤੁਸੀਂ ਇਸ ਇਕਰਾਰ ਨੂੰ ਬਦਲ ਸੱਕਦੇ 21 ਤਾਂ ਤੁਸੀਂ ਮੇਰੇ ਦਾਊਦ ਅਤੇ ਲੇਵੀ ਨਾਲ ਇਕਰਾਰਨਾਮੇ ਨੂੰ ਵੀ ਬਦਲ ਸੱਕਦੇ। ਫ਼ੇਰ ਦਾਊਦ ਦੇ ਉਤਰਾਧਿਕਾਰੀਆਂ ਵਿੱਚੋਂ ਰਾਜੇ ਨਹੀਂ ਸੀ ਹੋਣੇ ਅਤੇ ਲੇਵੀ ਦੇ ਪਰਿਵਾਰ ਵਿੱਚੋਂ ਜਾਜਕ ਨਹੀਂ ਸੀ ਹੋਣੇ। 22 ਪਰ ਮੈਂ ਆਪਣੇ ਸੇਵਕ ਦਾਊਦ ਨੂੰ ਅਤੇ ਲੇਵੀ ਦੇ ਪਰਿਵਾਰ-ਸਮੂਹ ਨੂੰ ਬਹੁਤ ਸਾਰੇ ਉੱਤਰਾਧਿਕਾਰੀ ਦਿਆਂਗਾ। ਉਹ ਉਤਨੇ ਹੀ ਹੋਣਗੇ ਜਿਤਨੇ ਆਕਾਸ਼ ਵਿੱਚ ਤਾਰੇ ਹਨ-ਕੋਈ ਵੀ ਬੰਦਾ ਉਨ੍ਹਾਂ ਸਾਰੇ ਤਾਰਿਆਂ ਦੀ ਗਿਣਤੀ ਨਹੀਂ ਕਰ ਸੱਕਦਾ। ਅਤੇ ਉਹ ਉਤਨੇ ਹੀ ਹੋਣਗੇ ਜਿਤਨੇ ਸਮੁੰਦਰ ਕੰਢੇ ਰੇਤ ਦੇ ਕਣ ਹੁੰਦੇ ਨੇ-ਕੋਈ ਵੀ ਬੰਦਾ ਰੇਤ ਦੇ ਉਨ੍ਹਾਂ ਕਣਾਂ ਨੂੰ ਗਿਣ ਨਹੀਂ ਸੱਕਦਾ।”
23 ਯਿਰਮਿਯਾਹ ਨੂੰ ਇਹ ਸੰਦੇਸ਼ ਯਹੋਵਾਹ ਪਾਸੋਂ ਮਿਲਿਆ: 24 “ਯਿਰਮਿਯਾਹ, ਕੀ ਤੂੰ ਸੁਣਿਆ ਹੈ ਕਿ ਲੋਕ ਕੀ ਆਖ ਰਹੇ ਨੇ? ਉਹ ਲੋਕ ਆਖ ਰਹੇ ਨੇ, ‘ਯਹੋਵਾਹ ਨੇ ਇਸਰਾਏਲ ਅਤੇ ਯਹੂਦਾਹ ਦੇ ਦੋਹਾਂ ਪਰਿਵਾਰਾਂ ਤੋਂ ਮੁੱਖ ਮੋੜ ਲਿਆ। ਪਹਿਲਾਂ ਯਹੋਵਾਹ ਨੇ ਉਨ੍ਹਾਂ ਦੀ ਚੋਣ ਕੀਤੀ ਅਤੇ ਫ਼ੇਰ ਉਨ੍ਹਾਂ ਨੂੰ ਤਿਆਗ ਦਿੱਤਾ।’ ਉਹ ਲੋਕ ਮੇਰੇ ਬੰਦਿਆਂ ਨੂੰ ਇੰਨੀ ਨਫ਼ਰਤ ਕਰਦੇ ਨੇ ਕਿ ਉਹ ਨਹੀਂ ਚਾਹੁੰਦੇ ਕਿ ਉਹ ਇੱਕ ਕੌਮ ਬਣੇ ਰਹਿਣ।”
25 ਯਹੋਵਾਹ ਆਖਦਾ ਹੈ, “ਜੇ ਮੇਰਾ ਦਿਨ ਤੇ ਰਾਤ ਨਾਲ ਇਕਰਾਰ ਜਾਰੀ ਨਹੀਂ ਰਹਿੰਦਾ, ਅਤੇ ਜੇ ਮੈਂ ਆਕਾਸ਼ ਅਤੇ ਧਰਤੀ ਲਈ ਕਨੂੰਨ ਨਹੀਂ ਬਣਾਏ, ਤਾਂ ਹੋ ਸੱਕਦਾ ਹੈ ਕਿ ਮੈਂ ਉਨ੍ਹਾਂ ਲੋਕਾਂ ਦਾ ਤਿਆਗ ਕਰ ਦਿਆਂ। 26 ਫ਼ੇਰ ਹੋ ਸੱਕਦਾ ਹੈ ਕਿ ਮੈਂ ਯਾਕੂਬ ਦੇ ਉਤਰਾਧਿਕਾਰੀਆਂ ਕੋਲੋਂ ਮੁਖ ਮੋੜ ਲਵਾਂ। ਅਤੇ ਫ਼ੇਰ ਹੋ ਸੱਕਦਾ ਹੈ ਕਿ ਮੈਂ ਦਾਊਦ ਦੇ ਉਤਰਾਧਿਕਾਰੀਆਂ ਨੂੰ ਅਬਰਾਹਾਮ, ਇਸਹਾਕ ਅਤੇ ਯਾਕੂਬ ਦੇ ਉਤਰਾਧਿਕਾਰੀਆਂ ਉੱਤੇ ਰਾਜ ਨਾ ਕਰਨ ਦਿਆਂ। ਪਰ ਦਾਊਦ ਮੇਰਾ ਸੇਵਕ ਹੈ। ਅਤੇ ਮੈਂ ਉਨ੍ਹਾਂ ਲੋਕਾਂ ਉੱਤੇ ਮਿਹਰਬਾਨ ਹੋਵਾਂਗਾ। ਅਤੇ ਮੈਂ ਉਨ੍ਹਾਂ ਲੋਕਾਂ ਲਈ ਫ਼ੇਰ ਚੰਗੀਆਂ ਗੱਲਾਂ ਕਰਾਂਗਾ।”
ਵਫਾਦਾਰ ਸੇਵਕ ਕੌਣ ਹੈ?(A)
41 ਪਤਰਸ ਨੇ ਕਿਹਾ, “ਪ੍ਰਭੂ! ਕੀ ਇਹ ਸਿਰਫ਼ ਸਾਡੇ ਲਈ ਆਖ ਰਿਹਾ ਹੈਂ ਜਾਂ ਸਭਨਾ ਲਈ।”
42 ਤਾਂ ਪ੍ਰਭੂ ਨੇ ਆਖਿਆ, “ਉਹ ਕਿਹੜਾ ਸਿਆਣਾ ਅਤੇ ਵਿਸ਼ਵਾਸਯੋਗ ਨੌਕਰ ਹੈ ਜਿਸ ਨੂੰ ਮਾਲਕ ਦੂਜੇ ਨੌਕਰਾਂ ਉੱਤੇ ਉਨ੍ਹਾਂ ਨੂੰ ਠੀਕ ਸਮੇਂ ਤੇ ਭੋਜਨ ਸਮਗਰੀ ਦੀ ਪੂਰਤੀ ਲਈ ਨਿਯੁਕਤ ਕਰੇਗ਼ਾ? 43 ਧੰਨ ਹੈ ਉਹ ਨੌਕਰ ਜਿਸ ਨੂੰ ਜਦੋਂ ਉਸਦਾ ਮਾਲਕ ਆਵੇ ਤਾਂ ਦਿੱਤਾ ਹੋਇਆ ਕੰਮ ਕਰਦਾ ਪਾਵੇ। 44 ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਉਹ ਉਸ ਨੂੰ ਆਪਣੀ ਸਾਰੀ ਸੰਪਤੀ ਦਾ ਨਿਗਰਾਨ ਨਿਯੁਕਤ ਕਰੇਗ਼ਾ।
45 “ਪਰ ਉਸ ਨੌਕਰ ਦਾ ਕੀ ਹੋਵੇਗ਼ਾ ਜਿਹੜਾ ਇਹ ਸੋਚਦਾ ਹੈ ਕਿ ਨਿਕਟ ਭੱਵਿਖ ਵਿੱਚ ਉਸਦਾ ਮਾਲਕ ਨਹੀਂ ਪਰਤੇਗਾ। ਅਤੇ ਦੂਸਰੇ ਨੌਕਰ ਨੌਕਰਾਣੀਆਂ ਨੂੰ ਕੁੱਟਣਾ ਸ਼ੁਰੂ ਕਰ ਦੇਵੇ ਅਤੇ ਖਾਣ ਪੀਣ ਵਿੱਚ ਮਦਮਸਤ ਹੋ ਜਾਵੇ? 46 ਅਤੇ ਫ਼ੇਰ ਉਸਦਾ ਮਾਲਕ ਉਦੋਂ ਵਾਪਸ ਆਵੇਗਾ ਜਦੋਂ ਉਸ ਨੂੰ ਉਸਦੀ ਉਡੀਕ ਵੀ ਨਹੀਂ ਹੋਵੇਗੀ ਅਤੇ ਵਕਤ ਤੋਂ ਅਵੇਸਲਾ ਹੋਵੇਗਾ। ਫ਼ਿਰ ਮਾਲਕ ਉਸ ਨੌਕਰ ਨੂੰ ਸਖਤ ਸਜ਼ਾ ਦੇਵੇਗਾ ਅਤੇ ਉਸ ਨੂੰ ਦੂਜੇ ਵਿਸ਼ਵਾਸ ਘਾਤੀ ਨੌਕਰਾਂ ਨਾਲ ਰਹਿਣ ਲਈ ਭੇਜ ਦੇਵੇਗਾ।
47 “ਜਿਹੜਾ ਨੌਕਰ ਇਹ ਜਾਣਦਾ ਸੀ ਕਿ ਉਸਦਾ ਮਾਲਕ ਉਸਤੋਂ ਕੀ ਕਰਾਉਣਾ ਚਾਹੁੰਦਾ ਹੈ ਅਤੇ ਫ਼ੇਰ ਵੀ ਉਹ ਆਪਣੇ-ਆਪ ਨੂੰ ਤਿਆਰ ਨਹੀਂ ਕਰਦਾ ਅਤੇ ਜੋ, ਉਸਦਾ ਮਾਲਕ ਚਾਹੁੰਦਾ ਸੀ ਉਹ ਨਹੀਂ ਕਰਦਾ, ਤਾਂ ਉਸ ਨੌਕਰ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ। 48 ਪਰ ਜਿਹੜਾ ਨੌਕਰ ਇਹ ਨਹੀਂ ਜਾਣਦਾ ਸੀ ਕਿ ਉਸਦਾ ਮਾਲਕ ਉਸਤੋਂ ਕੀ ਕਰਾਉਣਾ ਚਾਹੁੰਦਾ ਹੈ ਅਤੇ ਫ਼ਿਰ ਵੀ ਉਸ ਨੇ ਕੁਝ ਅਜਿਹਾ ਕੀਤਾ ਜੋ ਸਜ਼ਾ ਦੇ ਯੋਗ ਹੈ ਤਾਂ ਉਸ ਨੂੰ ਘੱਟ ਸਜ਼ਾ ਮਿਲੇਗੀ। ਇਸ ਲਈ ਜਿਸ ਕਿਸੇ ਨੂੰ ਬਹੁਤਾ ਦਿੱਤਾ ਗਿਆ ਹੈ ਉਸ ਨੂੰ ਬਹੁਤੇ ਦਾ ਲੇਖਾ ਦੇਣਾ ਪਵੇਗਾ। ਅਤੇ ਜਿਸ ਨੂੰ ਵੱਧੇਰੇ ਸੌਂਪਿਆ ਗਿਆ ਹੈ ਉਸਤੋਂ ਹੋਰ ਵੀ ਵੱਧੇਰੇ ਮੰਗਿਆ ਜਾਵੇਗਾ।”
2010 by World Bible Translation Center