Print Page Options
Previous Prev Day Next DayNext

Revised Common Lectionary (Complementary)

Daily Bible readings that follow the church liturgical year, with thematically matched Old and New Testament readings.
Duration: 1245 days
Punjabi Bible: Easy-to-Read Version (ERV-PA)
Version
ਜ਼ਬੂਰ 89:1-18

ਅਜ਼ਰਾਂਹੀ ਦੇ ਏਥਾਨ ਦਾ ਭਗਤੀ ਗੀਤ।

89 ਮੈਂ ਹਮੇਸ਼ਾ ਯਹੋਵਾਹ ਦੇ ਪਿਆਰ ਬਾਰੇ ਗਾਵਾਂਗਾ।
    ਮੈਂ ਸਦਾ-ਸਦਾ ਲਈ ਉਸਦੀ ਵਫ਼ਾਦਾਰੀ ਗਾਵਾਂਗਾ।
ਯਹੋਵਾਹ, ਮੈਨੂੰ ਸੱਚਮੁੱਚ ਵਿਸ਼ਵਾਸ ਹੈ, “ਤੁਹਾਡਾ ਪਿਆਰ ਸਦੀਵੀ ਹੈ।
    ਤੁਹਾਡੀ ਵਫ਼ਾਦਾਰੀ ਨਿਰੰਤਰ ਅਕਾਸ਼ਾਂ ਵਾਂਗ ਰਹਿੰਦੀ ਹੈ।”

ਪਰਮੇਸ਼ੁਰ ਨੇ ਆਖਿਆ, “ਮੈਂ ਆਪਣੇ ਚੁਣੇ ਹੋਏ ਰਾਜੇ ਨਾਲ ਕਰਾਰ ਕੀਤਾ ਸੀ।
    ਮੈਂ ਆਪਣੇ ਸੇਵਕ ਦਾਊਦ ਨਾਲ ਵਾਅਦਾ ਕੀਤਾ ਸੀ।
‘ਦਾਊਦ, ਮੈਂ ਤੇਰੇ ਪਰਿਵਾਰ ਨੂੰ ਸਦਾ ਰਹਿਣ ਵਾਲਾ ਬਣਾ ਦਿਆਂਗਾ।
    ਮੈਂ ਤੇਰੇ ਰਾਜ ਨੂੰ ਸਦਾ-ਸਦਾ ਰਹਿਣ ਲਈ ਬਣਾ ਦਿਆਂਗਾ।’”

ਯਹੋਵਾਹ, ਤੁਸੀਂ ਚਮਤਕਾਰ ਕਰਦੇ ਹੋਂ।
    ਇਸ ਵਾਸਤੇ ਸਵਰਗ ਤੁਹਾਡੀ ਉਸਤਤਿ ਕਰਦੇ ਹਨ।
ਲੋਕ ਤੁਹਾਡੇ ਉੱਤੇ ਨਿਰਭਰ ਕਰ ਸੱਕਦੇ ਹਨ।
    ਪਵਿੱਤਰ ਲੋਕਾਂ ਦੀ ਸੰਗਤ ਇਸ ਬਾਰੇ ਗਾਉਂਦੀ ਹੈ।
ਸਵਰਗ ਵਿੱਚ ਪਰਮੇਸ਼ੁਰ ਦੇ ਬਰਾਬਰ ਕੋਈ ਵੀ ਨਹੀਂ।
    “ਦੇਵਤਿਆਂ” ਵਿੱਚੋਂ ਕੋਈ ਵੀ ਯਹੋਵਾਹ ਦਾ ਮੁਕਾਬਲਾ ਨਹੀਂ ਕਰ ਸੱਕਦਾ।
ਪਰਮੇਸ਼ੁਰ ਇੱਕ ਸਾਥ ਪਵਿੱਤਰ ਇਕੱਠ ਕਰੇਗਾ।
    ਉਹ ਦੂਤ ਉਸ ਦੇ ਚਾਰ-ਚੁਫ਼ੇਰੇ ਹਨ।
ਉਹ ਉਸਤੋਂ ਡਰਦੇ ਹਨ ਅਤੇ ਉਸਦਾ ਆਦਰ ਕਰਦੇ ਹਨ।
    ਅਤੇ ਉਹ ਉਸ ਦੇ ਅੱਗੇ ਸ਼ਰਧਾ ਵਿੱਚ ਖੜਦੇ ਹਨ।
ਯਹੋਵਾਹ, ਸਰਬ ਸ਼ਕਤੀਮਾਨ ਪਰਮੇਸ਼ੁਰ, ਇੱਥੇ ਤੁਹਾਡੇ ਜਿਹਾ ਕੋਈ ਨਹੀਂ
    ਅਸੀਂ ਪੂਰੀ ਤਰ੍ਹਾਂ ਤੁਹਾਡੇ ਵਿੱਚ ਯਕੀਨ ਰੱਖ ਸੱਕਦੇ ਹਾਂ।
ਤੁਸੀਂ ਸਮੁੰਦਰ ਦੀਆਂ ਉੱਚੀਆਂ ਲਹਿਰਾਂ ਉੱਤੇ ਰਾਜ ਕਰਦੇ ਹੋਂ।
    ਤੁਸੀਂ ਸਮੁੰਦਰ ਦੀਆਂ ਤੂਫ਼ਾਨੀ ਲਹਿਰਾਂ ਨੂੰ ਸ਼ਾਂਤ ਕਰ ਦਿੰਦੇ ਹੋ।
10 ਹੇ ਪਰਮੇਸ਼ੁਰ, ਤੁਸੀਂ ਰਹਬ ਨੂੰ ਹਰਾ ਦਿੱਤਾ ਸੀ।
    ਤੁਸੀਂ ਆਪਣੇ ਵੈਰੀ ਨੂੰ ਖੁਦ ਦੇ ਸ਼ਕਤੀਸ਼ਾਲੀ ਬਾਜੂ ਨਾਲ ਖਿੰਡਾ ਦਿੱਤਾ ਸੀ।
11 ਸਵਰਗ ਅਤੇ ਧਰਤੀ ਦਾ ਸਭ ਕੁਝ ਤੇਰੇ ਨਾਲ ਸੰਬੰਧਿਤ ਹੈ, ਪਰਮੇਸ਼ੁਰ।
    ਹੇ ਪਰਮੇਸ਼ੁਰ, ਤੁਸੀਂ ਧਰਤੀ ਅਤੇ ਇਸ ਵਿੱਚਲਾ ਸਭ ਕੁਝ ਸਾਜਿਆ।
12 ਤੁਸੀਂ ਉੱਤਰ ਅਤੇ ਦੱਖਣ ਵਿੱਚ ਹਰ ਚੀਜ਼ ਸਾਜੀ।
    ਤਾਬੋਰ ਅਤੇ ਹਰਮੋਨ ਦੇ ਪਰਬਤ ਤੁਹਾਡੇ ਨਾਮ ਦੀ ਉਸਤਤਿ ਗਾਉਂਦੇ ਹਨ।
13 ਹੇ ਪਰਮੇਸ਼ੁਰ, ਤੁਹਾਡੇ ਕੋਲ ਸ਼ਕਤੀ ਹੈ।
    ਤੁਹਾਡੀ ਸ਼ਕਤੀ ਮਹਾਨ ਹੈ।
    ਤੁਹਾਡੀ ਜਿੱਤ ਹੈ।
14 ਤੁਹਾਡਾ ਰਾਜ ਸੱਚ ਅਤੇ ਇਨਸਾਫ਼ ਉੱਤੇ ਸਾਜਿਆ ਗਿਆ ਹੈ।
    ਪਿਆਰ ਅਤੇ ਵਫ਼ਾਦਾਰੀ ਤੁਹਾਡੇ ਤਖਤ ਦੇ ਸਾਹਮਣੇ ਤੁਹਾਡੇ ਨੌਕਰ ਹਨ।
15 ਹੇ ਪਰਮੇਸ਼ੁਰ, ਤੁਹਾਡੇ ਵਫ਼ਾਦਾਰ ਸੇਵਕ ਸੱਚਮੁੱਚ ਖੁਸ਼ ਰਹਿੰਦੇ ਹਨ,
    ਉਹ ਤੁਹਾਡੀ ਦਯਾ ਦੀ ਰੌਸ਼ਨੀ ਵਿੱਚ ਰਹਿੰਦੇ ਹਨ।
16 ਤੁਹਾਡਾ ਨਾਮ ਉਨ੍ਹਾਂ ਨੂੰ ਸਦਾ ਖੁਸ਼ੀ ਦਿੰਦਾ ਹੈ।
    ਉਹ ਤੁਹਾਡੀ ਨੇਕੀ ਦੀ ਉਸਤਤਿ ਕਰਦੇ ਹਨ।
17 ਤੁਸੀਂ ਉਨ੍ਹਾਂ ਦੀ ਚਮਤਕਾਰੀ ਸ਼ਕਤੀ ਹੋ।
    ਉਨ੍ਹਾਂ ਦੀ ਸ਼ਕਤੀ ਤੁਹਾਡੇ ਵੱਲੋਂ ਆਉਂਦੀ ਹੈ।
18 ਯਹੋਵਾਹ, ਤੁਸੀਂ ਸਾਡੇ ਰੱਖਿਅਕ ਹੋ,
    ਇਸਰਾਏਲ ਦੀ ਪਵਿੱਤਰ ਧਰਤੀ ਸਾਡਾ ਰਾਜਾ ਹੈ।

2 ਇਤਹਾਸ 34:22-33

22 ਤਾਂ ਹਿਲਕੀਯਾਹ ਅਤੇ ਪਾਤਸ਼ਾਹ ਦੇ ਸੇਵਕ ਹੁਲਦਾਹ ਨਬੀਆਂ ਕੋਲ ਗਏ। ਹੁਲਦਾਹ ਸ਼ੱਲੁਮ ਦੀ ਪਤਨੀ ਸੀ ਜੋ ਕਿ ਤਾਕਹਥ ਦਾ ਪੁੱਤਰ ਸੀ। ਤਾਕਹਥ ਹਸਰਾਹ ਦਾ ਪੁੱਤਰ ਸੀ। ਹਸਰਾਹ ਪਾਤਸ਼ਾਹ ਦੇ ਤੋਸ਼ੇ ਖਾਨੇ ਦਾ ਰੱਖਵਾਲਾ ਸੀ। ਹੁਲਦਾਹ ਯਰੂਸ਼ਲਮ ਦੇ ਨਵੇਂ ਮੁਹੱਲੇ ਵਿੱਚ ਰਹਿੰਦੀ ਸੀ। ਹਿਲਕੀਯਾਹ ਅਤੇ ਪਾਤਸ਼ਾਹ ਦੇ ਸੇਵਕਾਂ ਨੇ ਇਹ ਸਾਰੀ ਗੱਲ ਹੁਲਦਾਹ ਨੂੰ ਜਾਕੇ ਸੁਣਾਈ। 23 ਹੁਲਦਾਹ ਨੇ ਉਨ੍ਹਾਂ ਨੂੰ ਕਿਹਾ, “ਯੋਸੀਯਾਹ ਪਾਤਸ਼ਾਹ ਨੂੰ ਜਾਕੇ ਕਹਿਣਾ ਕਿ ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਇਹ ਆਖਦਾ ਹੈ: 24 ‘ਮੈਂ ਇਸ ਥਾਂ ਅਤੇ ਇੱਥੋਂ ਦੇ ਵਾਸੀਆਂ ਉੱਪਰ ਕਰੋਪੀ ਲਿਆਉਣ ਵਾਲਾ ਹਾਂ। ਜੋ ਕੁਝ ਵੀ ਪਾਤਸ਼ਾਹ ਦੇ ਸਾਹਮਣੇ ਗੱਲਾਂ ਪੜ੍ਹਕੇ ਸੁਣਾਈਆਂ ਗਈਆਂ ਹਨ, ਜੋ ਇਸ ਪੋਥੀ ਵਿੱਚ ਲਿਖੀਆਂ ਹਨ, ਇਹ ਸਭ ਕੁਝ ਇੱਥੇ ਵਾਪਰੇਗਾ। 25 ਅਜਿਹਾ ਇਸ ਲਈ ਹੋਵੇਗਾ ਕਿਉਂ ਕਿ ਲੋਕਾਂ ਨੇ ਮੈਨੂੰ ਛੱਡ ਕੇ ਝੂਠੇ ਦੇਵਤਿਆਂ ਅੱਗੇ ਧੂਪ ਧੁਖਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਲੋਕਾਂ ਨੇ ਸਭ ਬੁਰਿਆਈਆਂ ਕਰਕੇ ਮੈਨੂੰ ਕਰੋਧ ਚੜ੍ਹਾਇਆ ਹੈ, ਇਸ ਲਈ ਇਸ ਥਾਵੇਂ ਮੈਂ ਆਪਣੀ ਕਰੋਪੀ ਵਰਸਾਵਾਂਗਾ ਜੋ ਕਿ ਬਲਦੀ ਅੱਗ ਵਾਂਗ ਹੁਣ ਬੁਝਣ ਵਾਲਾ ਨਹੀਂ।’

26 “ਪਰ ਯਹੂਦਾਹ ਦੇ ਪਾਤਸ਼ਾਹ ਯੋਸੀਯਾਹ ਨੂੰ ਜਿਸਨੇ ਤੁਹਾਨੂੰ ਯਹੋਵਾਹ ਕੋਲੋਂ ਪੁੱਛ-ਗਿੱਛ ਕਰਨ ਲਈ ਭੇਜਿਆ ਹੈ ਜਾ ਕੇ ‘ਇਉਂ ਆਖਣਾ ਕਿ ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਇਵੇਂ ਫ਼ਰਮਾਉਂਦਾ ਹੈ ਕਿ ਉਨ੍ਹਾਂ ਗੱਲਾਂ ਦੇ ਬਾਰੇ ਜੋ ਤੂੰ ਸੁਣੀਆਂ ਹਨ: 27 ਯੋਸੀਯਾਹ ਤੂੰ ਪਰਾਸਚਿਤ ਕਰਕੇ ਆਪਣੇ-ਆਪ ਨੂੰ ਨਿਮ੍ਰ ਬਣਾਇਆ ਅਤੇ ਆਪਣੇ ਵਸਤਰ ਵੀ ਪਾੜ ਲਏ ਲਏ ਆਪਣੀ ਸ਼ਰਮਸਾਰੀ ਕਾਰਣ ਤੂੰ ਮੇਰੇ ਅੱਗੇ ਮਿੰਨਤ ਅਤੇ ਬੇਨਤੀ ਕੀਤੀ। ਤੂੰ ਮੇਰੇ ਅੱਗੇ ਰੋਇਆ ਅਤੇ ਮੈਂ ਤੇਰੇ ਸ਼ਬਦਾਂ ਨੂੰ ਵੀ ਸੁਣਿਆ ਹੈ, ਯਹੋਵਾਹ ਆਖਦਾ ਹੈ। 28 ਮੈਂ ਤੈਨੂੰ ਤੇਰੇ ਪੁਰਖਿਆਂ ਨਾਲ ਮਿਲਾਵਾਂਗਾ ਪਰ ਤੂੰ ਆਪਣੀ ਕਬਰ ਵਿੱਚ ਸ਼ਾਂਤੀ ਨਾਲ ਜਾਵੇਂਗਾ। ਜੋ ਵੀ ਕਰੋਪੀ ਮੈਂ ਇਸ ਥਾਂ ਤੇ ਅਤੇ ਇਨ੍ਹਾਂ ਲੋਕਾਂ ਉੱਪਰ ਲਿਆਵਾਂਗਾ, ਤੈਨੂੰ ਉਹ ਨਹੀਂ ਵੇਖਣੀ-ਭੋਗਣੀ ਪਵੇਗੀ, ਕਿਉਂ ਕਿ ਤੂੰ ਮੇਰੇ ਅਧੀਨ ਹੋਇਆ ਹੈਂ!’” ਹਿਲਕੀਯਾਹ ਅਤੇ ਪਾਤਸ਼ਾਹ ਦੇ ਸੇਵਕ ਇਹ ਸੁਨੇਹਾ ਲੈ ਕੇ ਪਾਤਸ਼ਾਹ ਯੋਸੀਯਾਹ ਕੋਲ ਵਾਪਸ ਆਏ।

29 ਤਦ ਪਾਤਸ਼ਾਹ ਨੇ ਯਹੂਦਾਹ ਅਤੇ ਯਰੂਸ਼ਲਮ ਦੇ ਬਜ਼ੁਰਗਾਂ ਦੀ ਇੱਕ ਸਭਾ ਆਪਣੇ ਕੋਲ ਬੁਲਾਈ। 30 ਪਾਤਸ਼ਾਹ ਯਹੋਵਾਹ ਦੇ ਮੰਦਰ ਗਿਆ। ਪਾਤਸ਼ਾਹ ਦੇ ਨਾਲ ਸਾਰੇ ਯਹੂਦਾਹ ਦੇ ਲੋਕ, ਯਰੂਸ਼ਲਮ ਵਿੱਚ ਰਹਿੰਦੇ ਲੋਕ, ਜਾਜਕ ਲੇਵੀ ਅਤੇ ਖਾਸ ਅਤੇ ਆਮ ਲੋਕ ਸਭ ਗਏ। ਯੋਸੀਯਾਹ ਨੇ ਬਿਵਸਥਾ ਦੀ ਪੋਥੀ ਦੇ ਬਚਨ ਉਨ੍ਹਾਂ ਅੱਗੇ ਪੜ੍ਹਕੇ ਸੁਣਾਏ, ਜਿਹੜੀ ਕਿ ਯਹੋਵਾਹ ਦੇ ਮੰਦਰ ਵਿੱਚੋਂ ਲੱਭੀ ਸੀ। 31 ਤਦ ਪਾਤਸ਼ਾਹ ਆਪਣੀ ਥਾਂ ਤੇ ਖੜ੍ਹਾ ਹੋਇਆ ਅਤੇ ਉਸ ਨੇ ਯਹੋਵਾਹ ਦੇ ਨਾਲ ਇੱਕ ਇਕਰਾਰਨਾਮਾ ਬੰਨ੍ਹਿਆ। ਉਸ ਨੇ ਇਹ ਨੇਮ ਕੀਤਾ ਕਿ ਅਸੀਂ ਯਹੋਵਾਹ ਦੇ ਕਹੇ ਅਨੁਸਾਰ ਤੁਰਾਂਗੇ ਅਤੇ ਉਸ ਦੇ ਹੁਕਮ ਉਸਦੀਆਂ ਸਿੱਖਿਆਵਾਂ ਅਤੇ ਉਸ ਦੀਆਂ ਬਿਧੀਆਂ ਦੀਆਂ ਆਪਣੇ ਤਨ-ਮਨ ਨਾਲ ਪਾਲਨਾ ਕਰਾਂਗੇ। ਉਸ ਬਿਵਸਥਾ ਦੀ ਪੋਥੀ ਦੀਆਂ ਗੱਲਾਂ ਨੂੰ ਤਹਿ ਦਿਲੋਂ ਮੰਨ ਕੇ ਉਸ ਉੱਪਰ ਪੂਰਨੇ ਪਾਵਾਂਗੇ। 32 ਤਦ ਪਾਤਸ਼ਾਹ ਨੇ ਉਨ੍ਹਾਂ ਸਾਰਿਆਂ ਕੋਲੋਂ ਜਿਹੜੇ ਯਰੂਸ਼ਲਮ ਅਤੇ ਬਿਨਯਾਮੀਨ ਵਿੱਚ ਸਨ ਉਨ੍ਹਾਂ ਨੂੰ ਇਸ ਨੇਮ ਨੂੰ ਮੰਨਣ ਦਾ ਬਚਨ ਲਿਆ। ਯਰੂਸ਼ਲਮ ਦੇ ਲੋਕਾਂ ਨੇ ਪਰਮੇਸ਼ੁਰ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਦੇ ਇਕਰਾਰਨਾਮੇ ਅਨੁਸਾਰ ਕੰਮ ਕੀਤਾ। 33 ਇਸਰਾਏਲ ਦੇ ਲੋਕਾਂ ਨੇ ਜੋ ਵੱਖ-ਵੱਖ ਧਰਤੀਆਂ ਦੇ ਦੇਵਤਿਆਂ ਦੀਆਂ ਮੂਰਤਾਂ ਇਕੱਠੀਆਂ ਕੀਤੀਆਂ ਹੋਈਆਂ ਸਨ, ਯੋਸੀਯਾਹ ਨੇ ਉਨ੍ਹਾਂ ਸਭਨਾਂ ਨੂੰ ਨਸ਼ਟ ਕਰ ਦਿੱਤਾ ਅਤੇ ਇਸਰਾਏਲੀਆਂ ਨੂੰ ਆਪਣੇ ਯਹੋਵਾਹ ਪਰਮੇਸ਼ੁਰ ਦੀ ਸੇਵਾ ਵਿੱਚ ਲਾ ਦਿੱਤਾ। ਫ਼ਿਰ ਜਦੋਂ ਤੀਕ ਯੋਸੀਯਾਹ ਜਿੰਦਾ ਰਿਹਾ, ਲੋਕ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਦੀ ਸੇਵਾ ਵਿੱਚ ਲੱਗੇ ਰਹੇ।

ਇਬਰਾਨੀਆਂ ਨੂੰ 11:17-28

17-18 ਪਰਮੇਸ਼ੁਰ ਨੇ ਅਬਰਾਹਾਮ ਦੀ ਨਿਹਚਾ ਨੂੰ ਪਰੱਖਿਆ। ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ ਕਿ ਉਸ ਨੂੰ ਇਸਹਾਕ ਦੀ ਬਲੀ ਚੜ੍ਹਾਉਣੀ ਚਾਹੀਦੀ ਹੈ। ਅਬਰਾਹਾਮ ਨੇ ਹੁਕਮ ਮੰਨਿਆ ਕਿਉਂਕਿ ਉਸ ਨੂੰ ਉਸ ਵਿੱਚ ਨਿਹਚਾ ਸੀ। ਅਬਰਾਹਾਮ ਕੋਲ ਪਹਿਲਾਂ ਹੀ ਪਰਮੇਸ਼ੁਰ ਦੇ ਵਾਇਦੇ ਸਨ। ਅਤੇ ਪਰਮੇਸ਼ੁਰ ਨੇ ਅਬਰਾਹਾਮ ਨੂੰ ਪਹਿਲਾਂ ਹੀ ਆਖ ਦਿੱਤਾ ਸੀ, “ਇਹ ਇਸਹਾਕ ਹੀ ਹੈ ਜਿਸਦੇ ਰਾਹੀਂ ਤੇਰੀ ਔਲਾਦ ਪੈਦਾ ਹੋਵੇਗੀ।” [a] ਪਰ ਅਬਰਾਹਾਮ ਆਪਣੇ ਇੱਕਲੌਤੇ ਪੁੱਤਰ ਇਸਹਾਕ ਦੀ ਬਲੀ ਦੇਣ ਲਈ ਤਿਆਰ ਸੀ। ਅਬਰਾਹਾਮ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਨਿਹਚਾਵਾਨ ਸੀ। 19 ਅਬਰਾਹਾਮ ਨੇ ਵਿਸ਼ਵਾਸ ਕੀਤਾ ਕਿ ਪਰਮੇਸ਼ੁਰ ਲੋਕਾਂ ਨੂੰ ਮੌਤ ਤੋਂ ਜੀਵਨ ਵੱਲ ਵਾਪਸ ਲਿਆ ਸੱਕਦਾ ਹੈ। ਅਤੇ ਸੱਚਮੁੱਚ ਅਸੀਂ ਆਖ਼ ਸੱਕਦੇ ਹਾਂ ਕਿ ਇੱਕ ਤਰੀਕੇ ਨਾਲ, ਜਦੋਂ ਪਰਮੇਸ਼ੁਰ ਨੇ ਅਬਰਾਹਾਮ ਨੂੰ ਉਸ ਨੂੰ ਮਾਰਨ ਤੋਂ ਰੋਕਿਆ, ਤਾਂ ਇਹ ਬਿਲਕੁਲ ਇੰਝ ਸੀ ਜਿਵੇਂ ਉਸ ਨੇ ਇਸਹਾਕ ਨੂੰ ਮੌਤ ਤੋਂ ਵਾਪਸ ਪ੍ਰਾਪਤ ਕਰ ਲਿਆ ਹੋਵੇ।

20 ਇਸਹਾਕ ਨੇ ਯਾਕੂਬ ਅਤੇ ਏਸਾਉ ਦੇ ਭਵਿੱਖ ਨੂੰ ਅਸੀਸ ਦਿੱਤੀ। ਇਸਹਾਕ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਸ ਨੂੰ ਨਿਹਚਾ ਸੀ। 21 ਅਤੇ ਯਾਕੂਬ ਨੇ ਯੂਸੁਫ਼ ਦੇ ਹਰ ਪੁੱਤਰ ਨੂੰ ਅਸੀਸ ਦਿੱਤੀ। ਯਾਕੂਬ ਨੇ ਅਜਿਹਾ ਉਦੋਂ ਕੀਤਾ ਜਦੋਂ ਉਹ ਮਰਨ ਹੀ ਵਾਲਾ ਸੀ। ਉਹ ਪਰਮੇਸ਼ੁਰ ਦੀ ਉਪਾਸਨਾ ਕਰਨ ਲਈ ਆਪਣੀ ਸੋਟੀ ਉੱਤੇ ਝੁਕਿਆ ਹੋਇਆ ਸੀ। ਯਾਕੂਬ ਨੇ ਇਹ ਗੱਲਾਂ ਇਸ ਲਈ ਕੀਤੀਆਂ ਕਿਉਂਕਿ ਉਸ ਨੂੰ ਨਿਹਚਾ ਸੀ।

22 ਅਤੇ ਜਦੋਂ ਯੂਸੁਫ਼ ਮਰਨ ਕੰਢੇ ਸੀ ਉਸ ਨੇ ਇਜ਼ਰਾਏਲੀਆਂ ਦੇ ਮਿਸਰ ਛੱਡਣ ਬਾਰੇ ਗੱਲ ਕੀਤੀ। ਅਤੇ ਯੂਸੁਫ਼ ਨੇ ਲੋਕਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਉਸ ਦੇ ਬਚੇ ਹੋਏ ਸਰੀਰ ਨਾਲ ਕੀ ਕਰਨਾ ਚਾਹੀਦਾ ਹੈ। ਯੂਸੁਫ਼ ਨੇ ਇਹ ਗੱਲਾਂ ਇਸ ਲਈ ਆਖੀਆਂ ਕਿਉਂਕਿ ਉਸ ਨੂੰ ਨਿਹਚਾ ਸੀ।

23 ਅਤੇ ਮੂਸਾ ਦੇ ਮਾਪਿਆਂ ਨੇ ਮੂਸਾ ਦੇ ਜਨਮ ਤੋਂ ਬਾਦ ਉਸ ਨੂੰ ਤਿੰਨ ਮਹੀਨੇ ਤੱਕ ਛੁਪਾਈ ਰੱਖਿਆ। ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਨਿਹਚਾਵਾਨ ਸਨ। ਕਿਉਂ ਜੋ ਉਨ੍ਹਾਂ ਨੇ ਦੇਖਿਆ ਕਿ ਮੂਸਾ ਇੱਕ ਖੂਬਸੂਰਤ ਬੱਚਾ ਸੀ, ਅਤੇ ਉਹ ਫ਼ਿਰਊਨ ਨੇ ਆਦੇਸ਼ ਦੀ ਅਵੱਗਿਆ ਕਰਨ ਤੋਂ ਵੀ ਨਾ ਡਰੇ।

24 ਜਦੋਂ ਮੂਸਾ ਵੱਡਾ ਹੋਇਆ, ਉਸ ਨੇ ਫ਼ਿਰਊਨ ਦੀ ਧੀ ਦਾ ਪੁੱਤਰ ਅਖਵਾਉਂਣਾ ਪਸੰਦ ਨਾ ਕੀਤਾ। ਕਿਉਂਕਿ ਉਸ ਨੂੰ ਵਿਸ਼ਵਾਸ ਸੀ, ਉਸ ਨੇ ਅਜਿਹਾ ਕੀਤਾ। 25 ਮੂਸਾ ਨੇ ਪਾਪ ਦੇ ਭੋਗ ਬਿਲਾਸ ਨਾ ਮਾਨਣ ਦੀ ਚੋਣ ਕੀਤੀ। ਇਹ ਭੋਗ ਬਿਲਾਸ ਛੇਤੀ ਮੁੱਕ ਜਾਣ ਵਾਲੇ ਸਨ। ਇਸਦੀ ਬਜਾਏ ਮੂਸਾ ਨੇ ਪਰਮੇਸ਼ੁਰ ਦੇ ਲੋਕਾਂ ਸੰਗ ਕਸ਼ਟ ਝੱਲਣ ਦੀ ਚੋਣ ਕੀਤੀ। ਮੂਸਾ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਸ ਨੂੰ ਨਿਹਚਾ ਸੀ। 26 ਮੂਸਾ ਨੇ ਸੋਚਿਆ ਕਿ ਮਿਸਰ ਦੇ ਸਾਰੇ ਖਜਾਨਿਆਂ ਦਾ ਮਾਲਕ ਹੋਣ ਨਾਲੋਂ ਮਸੀਹਾ ਲਈ ਦੁੱਖ ਝੱਲਣਾ ਬਿਹਤਰ ਸੀ। ਮੂਸਾ ਉਸ ਇਨਾਮ ਦੀ ਉਡੀਕ ਕਰ ਰਿਹਾ ਸੀ ਜੋ ਪਰਮੇਸ਼ੁਰ ਉਸ ਨੂੰ ਦੇਣ ਵਾਲਾ ਸੀ।

27 ਮੂਸਾ ਨੇ ਮਿਸਰ ਛੱਡ ਦਿੱਤਾ। ਉਸ ਨੇ ਮਿਸਰ ਇਸ ਲਈ ਛੱਡਿਆ ਕਿਉਂਕਿ ਉਸ ਨੂੰ ਨਿਹਚਾ ਸੀ। ਮੂਸਾ ਰਾਜੇ ਦੇ ਕਹਿਰ ਤੋਂ ਨਹੀਂ ਡਰਦਾ ਸੀ। ਮੂਸਾ ਨੇ ਇਉਂ ਦ੍ਰਿੜ੍ਹ ਰਹਿਣਾ ਜਾਰੀ ਰੱਖਿਆ ਜਿਵੇਂ ਕਿ ਉਹ ਪਰਮੇਸ਼ੁਰ ਨੇ ਵੇਖ ਸੱਕੇ ਜਿਸ ਨੂੰ ਕੋਈ ਵੀ ਨਾ ਵੇਖ ਸੱਕਿਆ। 28 ਮੂਸਾ ਨੇ ਪਸਾਹ ਦਾ ਤਿਉਹਾਰ ਮਨਾਇਆ ਅਤੇ ਲਹੂ ਨੂੰ ਦਰਵਾਜ਼ਿਆ ਉੱਤੇ ਛਿੜਕਿਆ। ਇਹ ਲਹੂ ਦਰਵਾਜ਼ਿਆਂ ਤੇ ਇਸ ਲਈ ਛਿੜਕਿਆ ਗਿਆ ਸੀ ਤਾਂ ਜੋ ਮੌਤ ਦਾ ਦੂਤ ਯਹੂਦੀ ਲੋਕਾਂ ਦੇ ਪਹਿਲੇ ਜਨਮੇ ਪੁੱਤਰਾਂ ਨੂੰ ਮਾਰ ਨਾ ਸੱਕੇ। ਮੂਸਾ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਸ ਨੂੰ ਨਿਹਚਾ ਸੀ।

Punjabi Bible: Easy-to-Read Version (ERV-PA)

2010 by World Bible Translation Center