Revised Common Lectionary (Complementary)
ਅਜ਼ਰਾਂਹੀ ਦੇ ਏਥਾਨ ਦਾ ਭਗਤੀ ਗੀਤ।
89 ਮੈਂ ਹਮੇਸ਼ਾ ਯਹੋਵਾਹ ਦੇ ਪਿਆਰ ਬਾਰੇ ਗਾਵਾਂਗਾ।
ਮੈਂ ਸਦਾ-ਸਦਾ ਲਈ ਉਸਦੀ ਵਫ਼ਾਦਾਰੀ ਗਾਵਾਂਗਾ।
2 ਯਹੋਵਾਹ, ਮੈਨੂੰ ਸੱਚਮੁੱਚ ਵਿਸ਼ਵਾਸ ਹੈ, “ਤੁਹਾਡਾ ਪਿਆਰ ਸਦੀਵੀ ਹੈ।
ਤੁਹਾਡੀ ਵਫ਼ਾਦਾਰੀ ਨਿਰੰਤਰ ਅਕਾਸ਼ਾਂ ਵਾਂਗ ਰਹਿੰਦੀ ਹੈ।”
3 ਪਰਮੇਸ਼ੁਰ ਨੇ ਆਖਿਆ, “ਮੈਂ ਆਪਣੇ ਚੁਣੇ ਹੋਏ ਰਾਜੇ ਨਾਲ ਕਰਾਰ ਕੀਤਾ ਸੀ।
ਮੈਂ ਆਪਣੇ ਸੇਵਕ ਦਾਊਦ ਨਾਲ ਵਾਅਦਾ ਕੀਤਾ ਸੀ।
4 ‘ਦਾਊਦ, ਮੈਂ ਤੇਰੇ ਪਰਿਵਾਰ ਨੂੰ ਸਦਾ ਰਹਿਣ ਵਾਲਾ ਬਣਾ ਦਿਆਂਗਾ।
ਮੈਂ ਤੇਰੇ ਰਾਜ ਨੂੰ ਸਦਾ-ਸਦਾ ਰਹਿਣ ਲਈ ਬਣਾ ਦਿਆਂਗਾ।’”
5 ਯਹੋਵਾਹ, ਤੁਸੀਂ ਚਮਤਕਾਰ ਕਰਦੇ ਹੋਂ।
ਇਸ ਵਾਸਤੇ ਸਵਰਗ ਤੁਹਾਡੀ ਉਸਤਤਿ ਕਰਦੇ ਹਨ।
ਲੋਕ ਤੁਹਾਡੇ ਉੱਤੇ ਨਿਰਭਰ ਕਰ ਸੱਕਦੇ ਹਨ।
ਪਵਿੱਤਰ ਲੋਕਾਂ ਦੀ ਸੰਗਤ ਇਸ ਬਾਰੇ ਗਾਉਂਦੀ ਹੈ।
6 ਸਵਰਗ ਵਿੱਚ ਪਰਮੇਸ਼ੁਰ ਦੇ ਬਰਾਬਰ ਕੋਈ ਵੀ ਨਹੀਂ।
“ਦੇਵਤਿਆਂ” ਵਿੱਚੋਂ ਕੋਈ ਵੀ ਯਹੋਵਾਹ ਦਾ ਮੁਕਾਬਲਾ ਨਹੀਂ ਕਰ ਸੱਕਦਾ।
7 ਪਰਮੇਸ਼ੁਰ ਇੱਕ ਸਾਥ ਪਵਿੱਤਰ ਇਕੱਠ ਕਰੇਗਾ।
ਉਹ ਦੂਤ ਉਸ ਦੇ ਚਾਰ-ਚੁਫ਼ੇਰੇ ਹਨ।
ਉਹ ਉਸਤੋਂ ਡਰਦੇ ਹਨ ਅਤੇ ਉਸਦਾ ਆਦਰ ਕਰਦੇ ਹਨ।
ਅਤੇ ਉਹ ਉਸ ਦੇ ਅੱਗੇ ਸ਼ਰਧਾ ਵਿੱਚ ਖੜਦੇ ਹਨ।
8 ਯਹੋਵਾਹ, ਸਰਬ ਸ਼ਕਤੀਮਾਨ ਪਰਮੇਸ਼ੁਰ, ਇੱਥੇ ਤੁਹਾਡੇ ਜਿਹਾ ਕੋਈ ਨਹੀਂ
ਅਸੀਂ ਪੂਰੀ ਤਰ੍ਹਾਂ ਤੁਹਾਡੇ ਵਿੱਚ ਯਕੀਨ ਰੱਖ ਸੱਕਦੇ ਹਾਂ।
9 ਤੁਸੀਂ ਸਮੁੰਦਰ ਦੀਆਂ ਉੱਚੀਆਂ ਲਹਿਰਾਂ ਉੱਤੇ ਰਾਜ ਕਰਦੇ ਹੋਂ।
ਤੁਸੀਂ ਸਮੁੰਦਰ ਦੀਆਂ ਤੂਫ਼ਾਨੀ ਲਹਿਰਾਂ ਨੂੰ ਸ਼ਾਂਤ ਕਰ ਦਿੰਦੇ ਹੋ।
10 ਹੇ ਪਰਮੇਸ਼ੁਰ, ਤੁਸੀਂ ਰਹਬ ਨੂੰ ਹਰਾ ਦਿੱਤਾ ਸੀ।
ਤੁਸੀਂ ਆਪਣੇ ਵੈਰੀ ਨੂੰ ਖੁਦ ਦੇ ਸ਼ਕਤੀਸ਼ਾਲੀ ਬਾਜੂ ਨਾਲ ਖਿੰਡਾ ਦਿੱਤਾ ਸੀ।
11 ਸਵਰਗ ਅਤੇ ਧਰਤੀ ਦਾ ਸਭ ਕੁਝ ਤੇਰੇ ਨਾਲ ਸੰਬੰਧਿਤ ਹੈ, ਪਰਮੇਸ਼ੁਰ।
ਹੇ ਪਰਮੇਸ਼ੁਰ, ਤੁਸੀਂ ਧਰਤੀ ਅਤੇ ਇਸ ਵਿੱਚਲਾ ਸਭ ਕੁਝ ਸਾਜਿਆ।
12 ਤੁਸੀਂ ਉੱਤਰ ਅਤੇ ਦੱਖਣ ਵਿੱਚ ਹਰ ਚੀਜ਼ ਸਾਜੀ।
ਤਾਬੋਰ ਅਤੇ ਹਰਮੋਨ ਦੇ ਪਰਬਤ ਤੁਹਾਡੇ ਨਾਮ ਦੀ ਉਸਤਤਿ ਗਾਉਂਦੇ ਹਨ।
13 ਹੇ ਪਰਮੇਸ਼ੁਰ, ਤੁਹਾਡੇ ਕੋਲ ਸ਼ਕਤੀ ਹੈ।
ਤੁਹਾਡੀ ਸ਼ਕਤੀ ਮਹਾਨ ਹੈ।
ਤੁਹਾਡੀ ਜਿੱਤ ਹੈ।
14 ਤੁਹਾਡਾ ਰਾਜ ਸੱਚ ਅਤੇ ਇਨਸਾਫ਼ ਉੱਤੇ ਸਾਜਿਆ ਗਿਆ ਹੈ।
ਪਿਆਰ ਅਤੇ ਵਫ਼ਾਦਾਰੀ ਤੁਹਾਡੇ ਤਖਤ ਦੇ ਸਾਹਮਣੇ ਤੁਹਾਡੇ ਨੌਕਰ ਹਨ।
15 ਹੇ ਪਰਮੇਸ਼ੁਰ, ਤੁਹਾਡੇ ਵਫ਼ਾਦਾਰ ਸੇਵਕ ਸੱਚਮੁੱਚ ਖੁਸ਼ ਰਹਿੰਦੇ ਹਨ,
ਉਹ ਤੁਹਾਡੀ ਦਯਾ ਦੀ ਰੌਸ਼ਨੀ ਵਿੱਚ ਰਹਿੰਦੇ ਹਨ।
16 ਤੁਹਾਡਾ ਨਾਮ ਉਨ੍ਹਾਂ ਨੂੰ ਸਦਾ ਖੁਸ਼ੀ ਦਿੰਦਾ ਹੈ।
ਉਹ ਤੁਹਾਡੀ ਨੇਕੀ ਦੀ ਉਸਤਤਿ ਕਰਦੇ ਹਨ।
17 ਤੁਸੀਂ ਉਨ੍ਹਾਂ ਦੀ ਚਮਤਕਾਰੀ ਸ਼ਕਤੀ ਹੋ।
ਉਨ੍ਹਾਂ ਦੀ ਸ਼ਕਤੀ ਤੁਹਾਡੇ ਵੱਲੋਂ ਆਉਂਦੀ ਹੈ।
18 ਯਹੋਵਾਹ, ਤੁਸੀਂ ਸਾਡੇ ਰੱਖਿਅਕ ਹੋ,
ਇਸਰਾਏਲ ਦੀ ਪਵਿੱਤਰ ਧਰਤੀ ਸਾਡਾ ਰਾਜਾ ਹੈ।
ਯਹੂਦਾਹ ਦਾ ਪਾਤਸ਼ਾਹ ਮਨੱਸ਼ਹ
33 ਮਨੱਸ਼ਹ ਜਦੋਂ ਯਹੂਦਾਹ ਦਾ ਪਾਤਸ਼ਾਹ ਬਣਿਆ ਤਾਂ ਉਹ 12ਵਰ੍ਹਿਆਂ ਦਾ ਸੀ ਅਤੇ ਉਸ ਨੇ ਯਰੂਸਲਮ ਵਿੱਚ 55 ਵਰ੍ਹੇ ਰਾਜ ਕੀਤਾ। 2 ਮਨੱਸ਼ਹ ਨੇ ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ ਅਤੇ ਉਸ ਨੇ ਉਨ੍ਹਾਂ ਕੌਮਾਂ ਦੇ ਘਿਨਾਉਣੇ ਕੰਮਾਂ ਵਾਂਗ ਮਾੜੇ ਕੰਮ ਕੀਤੇ ਜਿਨ੍ਹਾਂ ਕਾਰਣ ਯਹੋਵਾਹ ਨੇ ਉਨ੍ਹਾਂ ਨੂੰ ਇਸਰਾਏਲੀਆਂ ਦੇ ਅਗਿਓ ਕੱਢ ਦਿੱਤਾ ਸੀ। 3 ਮਨੱਸ਼ਹ ਨੇ ਉਨ੍ਹਾਂ ਉਚਿਆਂ ਥਾਵਾਂ ਨੂੰ ਮੁੜ ਤੋਂ ਬਣਵਾਇਆ, ਜਿਨ੍ਹਾਂ ਨੂੰ ਉਸ ਦੇ ਪਿਤਾ ਹਿਜ਼ਕੀਯਾਹ ਨੇ ਢਾਹ ਦਿੱਤਾ ਸੀ। ਮਨੱਸ਼ਹ ਨੇ ਬਆਲਾਂ ਦੇਵਤਿਆਂ ਲਈ ਜਗਵੇਦੀਆਂ ਅਤੇ ਟੁੰਡ ਦੇਵੀਆਂ ਬਣਵਾਈਆਂ। ਉਸ ਨੇ ਸਾਰੇ ਸੁਰਗੀ ਲਸ਼ਕਰਾਂ ਨੂੰ ਮੱਥਾ ਟੇਕਿਆ ਅਤੇ ਉਨ੍ਹਾਂ ਦੀ ਉਪਾਸਨਾ ਕੀਤੀ। 4 ਮਨੱਸ਼ਹ ਨੇ ਯਹੋਵਾਹ ਦੇ ਮੰਦਰ ਵਿੱਚ ਝੂਠੇ ਦੇਵਤਿਆਂ ਦੀਆਂ ਜਗਵੇਦੀਆਂ ਬਣਵਾਈਆਂ। ਜਿੱਥੇ ਕਿ ਯਹੋਵਾਹ ਦਾ ਫੁਰਮਾਨ ਸੀ, “ਮੇਰਾ ਨਾਉਂ ਯਰੂਸ਼ਲਮ ਵਿੱਚ ਸਦਾ ਤੀਕ ਰਹੇਗਾ।” 5 ਮਨੱਸ਼ਹ ਨੇ ਯਹੋਵਾਹ ਦੇ ਮੰਦਰ ਦੇ ਦੋ ਵਿਹੜਿਆਂ ਵਿੱਚ ਤਾਰਿਆਂ ਦੇ ਲਸ਼ਕਰਾਂ ਲਈ ਜਗਵੇਦੀਆਂ ਬਣਵਾਈਆਂ। 6 ਉਸ ਨੇ ਬਨ-ਹਿੰਨੋਮ ਦੀ ਵਾਦੀ ਵਿੱਚ ਬਲੀ ਵਜੋਂ ਆਪਣੇ ਪੁੱਤਰਾਂ ਨੂੰ ਅੱਗ ਵਿੱਚ ਸਾੜਿਆ। ਉਹ ਕਾਲਾ ਜਾਦੂ (ਭਵਿੱਖ ਬਾਣੀ) ਕਰਦਾ ਸੀ ਅਤੇ ਉਨ੍ਹਾਂ ਲੋਕਾਂ ਦਾ ਸਾਥ ਰੱਖਦਾ ਸੀ ਜਿਹੜੇ ਭੂਤ-ਮ੍ਰਿਤ, ਜਾਦੂਗਰ ਅਤੇ ਜੋਤਸ਼ੀ ਸਨ। ਮਨੱਸ਼ਹ ਨੇ ਬਹੁਤ ਸਾਰੇ ਅਜਿਹੇ ਕੰਮ ਕੀਤੇ ਜੋ ਯਹੋਵਾਹ ਮੁਤਾਬਕ ਨਹੀਂ ਕੀਤੇ ਜਾਣੇ ਚਾਹੀਦੇ ਸਨ। ਇਸ ਕਰਕੇ ਯਹੋਵਾਹ ਮਨੱਸ਼ਹ ਤੇ ਬੜਾ ਕ੍ਰੋਧਵਾਨ ਸੀ। 7 ਮਨੱਸ਼ਹ ਨੇ ਇੱਕ ਮੂਰਤ ਘੜਵਾ ਕੇ ਉਸਦਾ ਬੁੱਤ ਯਹੋਵਾਹ ਦੇ ਮੰਦਰ ਵਿੱਚ ਰੱਖਵਾਇਆ। ਅਤੇ ਰੱਖਵਾਇਆ ਵੀ ਉਸ ਮੰਦਰ ਵਿੱਚ ਜਿਸ ਬਾਰੇ ਪਰਮੇਸ਼ੁਰ ਨੇ ਦਾਊਦ ਅਤੇ ਉਸ ਦੇ ਪੁੱਤਰ ਸੁਲੇਮਾਨ ਨੂੰ ਹੁਕਮ ਦਿੱਤਾ ਸੀ ਕਿ ਮੈਂ ਇਸ ਮੰਦਰ ਵਿੱਚ ਅਤੇ ਯਰੂਸ਼ਲਮ ਵਿੱਚ ਜਿਸ ਨੂੰ ਮੈਂ ਹੁਣ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹ ਵਿੱਚੋਂ ਚੁਣ ਲਿਆ ਹੈ, ਇੱਥੇ ਆਪਣਾ ਨਾਉਂ ਹਮੇਸ਼ਾ ਲਈ ਰੱਖਾਂਗਾ। 8 ਅਤੇ ਮੈਂ ਇਸਰਾਏਲ ਦੇ ਪੈਰ ਉਸ ਜ਼ਮੀਨ ਉੱਤੋਂ ਜਿਸ ਦੇ ਵਿੱਚ ਮੈਂ ਉਨ੍ਹਾਂ ਦੇ ਪੁਰਖਿਆਂ ਨੂੰ ਭੇਜਿਆ ਹੈ, ਫ਼ਿਰ ਕਦੇ ਨਹੀਂ ਹਟਾਵਾਂਗਾ ਪਰ ਜੇ ਉਹ ਉਨ੍ਹਾਂ ਸਾਰੀਆਂ ਗੱਲਾਂ ਦੇ ਪੂਰਾ ਕਰਨ ਦੀ, ਜਿਨ੍ਹਾਂ ਦਾ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ, ਉਸਦੀ ਪਾਲਨਾ ਕਰਨ। ਯਾਣੀ ਕਿ ਜਿਹੜੀਆਂ ਬਿਵਸਥਾ, ਬਿਧੀਆਂ ਅਤੇ ਨਿਆਵਾਂ ਦਾ ਮੂਸਾ ਨੇ ਲੋਕਾਂ ਨੂੰ ਮੰਨਣ ਦਾ ਹੁਕਮ ਦਿੱਤਾ ਸੀ।
9 ਮਨੱਸ਼ਹ ਨੇ ਯਹੂਦਾਹ ਦੇ ਲੋਕਾਂ ਅਤੇ ਯਰੂਸ਼ਲਮ ਵਿੱਚ ਜੋ ਲੋਕ ਰਹਿ ਰਹੇ ਸਨ, ਉਨ੍ਹਾਂ ਨੂੰ ਗ਼ਲਤ ਕੰਮਾਂ ਲਈ ਪ੍ਰੇਰਿਆ। ਇਨ੍ਹਾਂ ਲੋਕਾਂ ਨੇ ਉਨ੍ਹਾਂ ਕੌਮਾਂ ਨਾਲੋਂ ਵੀ ਵੱਧ ਬੁਰੇ ਕੰਮ ਕੀਤੇ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲੀਆਂ ਦੇ ਅੱਗੇ ਬਰਬਾਦ ਕਰਵਾਇਆ ਸੀ।
10 ਯਹੋਵਾਹ ਨੇ ਮਨੱਸ਼ਹ ਅਤੇ ਉਸ ਦੇ ਲੋਕਾਂ ਨਾਲ ਗੱਲ ਕਰਨ ਦੀ ਕੋਸਿਸ਼ ਕੀਤੀ ਪਰ ਉਨ੍ਹਾਂ ਨੇ ਗੱਲ ਨਾ ਸੁਣੀ। 11 ਇਸ ਲਈ ਯਹੋਵਾਹ ਨੇ ਅੱਸ਼ੂਰ ਦੀ ਸੈਨਾ ਦੇ ਕਮਾਂਡਰਾਂ ਨੂੰ ਉਨ੍ਹਾਂ ਉੱਪਰ ਹਮਲਾ ਕਰਨ ਲਈ ਭੇਜਿਆ। ਉਹ ਕਮਾਂਡਰ ਮਨੱਸ਼ਹ ਦੇ ਨੱਕ ਵਿੱਚ ਨੱਥ ਪਾ ਕੇ, ਉਸ ਦੇ ਹੱਥਾਂ ਨੂੰ ਹੱਥਕੜੀਆਂ ਲਗਾ ਕੇ ਉਸ ਨੂੰ ਬਾਬਲ ਨੂੰ ਲੈ ਆਏ।
12 ਜਦੋਂ ਮਨੱਸ਼ਹ ਤੇ ਇਹ ਬਿਪਤਾ ਆ ਪਈ ਤਾਂ ਫ਼ਿਰ ਉਹ ਯਹੋਵਾਹ ਆਪਣੇ ਪਰਮੇਸ਼ੁਰ ਦੀ ਮਿੰਨਤ ਕਰਨ ਲੱਗਾ ਕਿ ਉਸਦੀ ਮਦਦ ਕਰੇ। ਇਉਂ ਉਸ ਨੇ ਯਹੋਵਾਹ ਪਰਮੇਸ਼ੁਰ ਦੇ ਸਾਹਮਣੇ ਆਪਣੇ ਵੱਡੇਰਿਆਂ ਵਾਂਗ ਨਿਮਰਤਾ ਵਿਖਾਈ। 13 ਉਸ ਨੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਅਤੇ ਮਿੰਨਤ ਕੀਤੀ ਕਿ ਉਹ ਉਸਤੇ ਰਹਿਮ ਕਰੇ। ਤਾਂ ਯਹੋਵਾਹ ਨੇ ਮਨੱਸ਼ਹ ਦੀ ਪ੍ਰਾਰਥਨਾ ਸੁਣ ਲਈ ਅਤੇ ਉਸ ਨੂੰ ਖਿਮਾ ਕਰ ਦਿੱਤਾ। ਯਹੋਵਾਹ ਨੇ ਮੁੜ ਉਸ ਨੂੰ ਯਰੂਸ਼ਲਮ ਆਪਣੇ ਰਾਜ ਉੱਪਰ ਜਾਣ ਦਿੱਤਾ। ਤਦ ਮਨੱਸ਼ਹ ਨੂੰ ਸੋਝੀ ਆਈ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ।
14 ਇਸ ਘਟਨਾ ਉਪਰੰਤ ਮਨੱਸ਼ਹ ਨੇ ਦਾਊਦ ਦੇ ਸ਼ਹਿਰ ਬਾਹਰ ਵੱਲ ਇੱਕ ਕੰਧ ਬਣਵਾਈ। ਇਹ ਦੀਵਾਰ ਗੀਹੋਨ ਦੇ ਪੱਛਮ ਵੱਲ ਕਿਦਰੋਨ ਵਾਦੀ ਵਿੱਚੋਂ ਮੱਛੀ ਫ਼ਾਟਕ ਦੇ ਪ੍ਰਵੇਸ਼ ਦੁਆਰ ਅਤੇ ਓਫ਼ਲ ਪਹਾੜੀ ਦੇ ਦੁਆਲੇ ਨੂੰ ਘੇਰਦੀ ਸੀ। ਇਹ ਦੀਵਾਰ ਉਸ ਨੇ ਬੜੀ ਉੱਚੀ ਬਣਾਈ। ਫ਼ਿਰ ਉਸ ਨੇ ਯਹੂਦਾਹ ਦੇ ਸਾਰੇ ਗੜ੍ਹ ਵਾਲੇ ਸ਼ਹਿਰਾਂ ਵਿੱਚ ਅਫ਼ਸਰ ਚੁਣੇ। 15 ਮਨੱਸ਼ਹ ਨੇ ਉੱਥੋਂ ਓਪਰੇ ਦੇਵਤਿਆਂ ਨੂੰ ਚੁੱਕ ਦਿੱਤਾ। ਉਸ ਨੇ ਯਹੋਵਾਹ ਦੇ ਮੰਦਰ ਵਿੱਚੋਂ ਦੇਵਤਿਆਂ ਦੇ ਬੁੱਤਾਂ ਨੂੰ ਬਾਹਰ ਕੱਢ ਦਿੱਤਾ। ਜਿਹੜੇ ਪਹਾੜੀ ਵਾਲੇ ਮੰਦਰ ਉੱਤੇ ਤੇ ਯਰੂਸ਼ਲਮ ਵਿੱਚ ਉਸ ਨੇ ਜਗਵੇਦੀਆਂ ਬਣਾਈਆਂ ਸਨ ਉਹ ਵੀ ਚੁੱਕ ਦਿੱਤੀਆਂ। ਇਹ ਸਭ ਕੁਝ ਉਸ ਨੇ ਯਰੂਸ਼ਲਮ ਵਿੱਚੋਂ ਬਾਹਰ ਕੱਢ ਸੁੱਟਿਆ। 16 ਫ਼ਿਰ ਉਸ ਨੇ ਉੱਥੇ ਯਹੋਵਾਹ ਦੀ ਜਗਵੇਦੀ ਬਣਾਈ ਅਤੇ ਉਸ ਉੱਪਰ ਸੁੱਖ-ਸਾਂਦ ਦੀਆਂ ਭੇਟਾਂ ਅਤੇ ਧੰਨਵਾਦ ਦੀਆਂ ਭੇਟਾਂ ਚੜ੍ਹਾਈਆਂ। ਮਨੱਸ਼ਹ ਨੇ ਫ਼ਿਰ ਯਹੂਦਾਹ ਦੇ ਸਾਰੇ ਲੋਕਾਂ ਨੂੰ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੀ ਸੇਵਾ ਕਰਨ ਦਾ ਹੁਕਮ ਦਿੱਤਾ। 17 ਤਦ ਵੀ ਲੋਕ ਅਜੇ ਤੀਕ ਉਚਿਆਂ ਥਾਵਾਂ ਤੇ ਬਲੀ ਚੜ੍ਹਾਉਂਦੇ ਰਹੇ, ਪਰ ਇਹ ਬਲੀ ਕੇਵਲ ਯਹੋਵਾਹ ਆਪਣੇ ਪਰਮੇਸ਼ੁਰ ਦੇ ਲਈ ਸੀ।
ਨਿਹਚਾ
11 ਨਿਹਚਾ ਦਾ ਅਰਥ ਉਨ੍ਹਾਂ ਚੀਜ਼ਾਂ ਬਾਰੇ ਨਿਸ਼ਚਿਤ ਹੋਣਾ ਹੈ ਜਿਨ੍ਹਾਂ ਦੀ ਅਸੀਂ ਉਮੀਦ ਰੱਖਦੇ ਹਾਂ ਅਤੇ ਉਨ੍ਹਾਂ ਗੱਲਾਂ ਤੇ ਨਿਹਚਾ ਕਰਨੀ ਹੈ ਜਿਹੜੀਆਂ ਅਸੀਂ ਨਹੀਂ ਵੇਖ ਸੱਕਦੇ ਕਿ ਉਹ ਸੱਚ ਹਨ। 2 ਪਰਮੇਸ਼ੁਰ ਉਨ੍ਹਾਂ ਲੋਕਾਂ ਨਾਲ ਖੁਸ਼ ਸੀ ਜਿਹੜੇ ਅਤੀਤ ਵਿੱਚ ਰਹੇ ਕਿਉਂਕਿ ਉਨ੍ਹਾਂ ਨੇ ਇਸ ਰਾਹ ਤੇ ਨਿਹਚਾ ਕੀਤੀ।
3 ਨਿਹਚਾ ਇਹ ਸਮਝਣ ਵਿੱਚ ਸਾਡੀ ਸਹਾਇਤਾ ਕਰਦੀ ਹੈ ਕਿ ਪਰਮੇਸ਼ੁਰ ਨੇ ਆਪਣੇ ਆਦੇਸ਼ ਨਾਲ ਸਾਰੀ ਦੁਨੀਆਂ ਨੂੰ ਸਾਜਿਆ ਸੀ। ਇਸਦਾ ਇਹ ਅਰਥ ਹੈ ਕਿ ਜਿਹੜੀਆਂ ਚੀਜ਼ਾਂ ਅਸੀਂ ਦੇਖਦੇ ਹਾਂ ਉਨ੍ਹਾਂ ਚੀਜ਼ਾਂ ਤੋਂ ਬਾਹਰ ਬਣਾਈਆਂ ਗਈਆਂ ਸਨ ਜਿਸ ਨੂੰ ਦੇਖਿਆ ਨਹੀਂ ਜਾ ਸੱਕਦਾ।
4 ਕਇਨ ਅਤੇ ਹਾਬਲ ਦੋਹਾਂ ਨੇ ਪਰਮੇਸ਼ੁਰ ਨੂੰ ਬਲੀਆਂ ਚੜ੍ਹਾਈਆਂ ਸਨ। ਪਰ ਹਾਬਲ ਨੇ ਪਰਮੇਸ਼ੁਰ ਨੂੰ ਬਿਹਤਰ ਬਲੀ ਚੜ੍ਹਾਈ ਸੀ ਕਿਉਂਕਿ ਉਸ ਨੂੰ ਨਿਹਚਾ ਸੀ। ਪਰਮੇਸ਼ੁਰ ਨੇ ਆਖਿਆ ਕਿ ਉਹ ਹਾਬਲ ਦੀਆਂ ਚੜ੍ਹਾਈਆਂ ਚੀਜ਼ਾਂ ਤੋਂ ਪ੍ਰਸੰਨ ਸੀ। ਅਤੇ ਇਸ ਲਈ ਪਰਮੇਸ਼ੁਰ ਨੇ ਹਾਬਲ ਨੂੰ ਚੰਗਾ ਮਨੁੱਖ ਆਖਿਆ ਕਿਉਂਕਿ ਉਸ ਨੂੰ ਨਿਹਚਾ ਸੀ। ਹਾਬਲ ਮਰ ਗਿਆ, ਪਰ ਆਪਣੀ ਨਿਹਚਾ ਰਾਹੀਂ ਉਹ ਹਾਲੇ ਵੀ ਬੋਲ ਰਿਹਾ ਹੈ।
5 ਹਨੋਕ ਨੂੰ ਇਸ ਧਰਤੀ ਤੋਂ ਉੱਠਾ ਲਿਆ ਗਿਆ। ਉਹ ਕਦੇ ਨਹੀਂ ਮਰਿਆ ਪੋਥੀ ਆਖਦੀ ਹੈ ਕਿ ਹਨੋਕ ਨੂੰ ਉੱਠਾਏ ਜਾਣ ਤੋਂ ਪਹਿਲਾਂ, ਉਹ ਸੱਚੀ ਤਰ੍ਹਾਂ ਪਰਮੇਸ਼ੁਰ ਨੂੰ ਪ੍ਰਸੰਨ ਕਰਕੇ ਜਿਉਂਇਆ। ਬਾਦ ਵਿੱਚ, ਲੋਕ ਹਨੋਕ ਨੂੰ ਨਹੀਂ ਲੱਭ ਸੱਕੇ, ਕਿਉਂਕਿ ਪਰਮੇਸ਼ੁਰ ਨੇ ਹਨੋਕ ਨੂੰ ਸਵਰਗ ਵਿੱਚ ਹੋਣ ਲਈ ਉੱਠਾਇਆ। ਹਨੋਕ ਨਾਲ ਅਜਿਹਾ ਵਾਪਰਿਆ ਕਿਉਂਕਿ ਉਹ ਨਿਹਚਾਵਾਨ ਸੀ। 6 ਨਿਹਚਾ ਤੋਂ ਬਗੈਰ ਕੋਈ ਵਿਅਕਤੀ ਪਰਮੇਸ਼ੁਰ ਨੂੰ ਪ੍ਰਸੰਨ ਨਹੀਂ ਕਰ ਸੱਕਦਾ। ਜਿਹੜਾ ਵਿਅਕਤੀ ਪਰਮੇਸ਼ੁਰ ਵੱਲ ਆਉਂਦਾ ਹੈ ਉਸ ਨੂੰ ਨਿਹਚਾ ਕਰਨੀ ਹੋਵੇਗੀ ਕਿ ਪਰਮੇਸ਼ੁਰ ਵਾਸਤਵਿਕ ਹੈ। ਅਤੇ ਜਿਹੜਾ ਵਿਅਕਤੀ ਪਰਮੇਸ਼ੁਰ ਕੋਲ ਆਉਂਦਾ ਹੈ ਉਸ ਨੂੰ ਨਿਹਚਾ ਕਰਨੀ ਪਵੇਗੀ ਕਿ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਫ਼ਲ ਦਿੰਦਾ ਹੈ ਜਿਹੜੇ ਉਸ ਨੂੰ ਸੱਚਮੁੱਚ ਲੱਭਣਾ ਚਾਹੁੰਦੇ ਹਨ।
7 ਨੂਹ ਨੂੰ ਪਰਮੇਸ਼ੁਰ ਵੱਲੋਂ ਉਨ੍ਹਾਂ ਚੀਜ਼ਾਂ ਬਾਰੇ ਚਿਤਾਵਨੀ ਦਿੱਤੀ ਗਈ ਸੀ ਜਿਨ੍ਹਾਂ ਨੂੰ ਉਹ ਹਾਲੇ ਨਹੀਂ ਦੇਖ ਸੱਕਿਆ ਸੀ। ਪਰ ਨੂਹ ਦੇ ਦਿਲ ਵਿੱਚ ਪਰਮੇਸ਼ੁਰ ਲਈ ਨਿਹਚਾ ਅਤੇ ਆਦਰ ਸੀ। ਇਸ ਲਈ ਨੂਹ ਨੇ ਆਪਣੇ ਪਰਿਵਾਰ ਨੂੰ ਬਚਾਉਣ ਲਈ ਇੱਕ ਵੱਡੀ ਕਿਸ਼ਤੀ ਬਣਾਈ। ਆਪਣੀ ਨਿਹਚਾ ਰਾਹੀਂ ਨੂਹ ਨੇ ਦਰਸਾਇਆ ਕਿ ਦੁਨੀਆਂ ਗਲਤ ਸੀ। ਅਤੇ ਨੂਹ ਉਨ੍ਹਾਂ ਲੋਕਾਂ ਵਿੱਚ ਸ਼ਾਮਿਲ ਹੋ ਗਿਆ ਜਿਨ੍ਹਾਂ ਨੂੰ ਨਿਹਚਾ ਰਾਹੀਂ ਪਰਮੇਸ਼ੁਰ ਨਾਲ ਧਰਮੀ ਬਣਾਇਆ ਗਿਆ ਸੀ।
2010 by World Bible Translation Center