Revised Common Lectionary (Complementary)
ਦਾਊਦ ਦਾ ਇੱਕ ਗੀਤ।
138 ਹੇ ਪਰਮੇਸ਼ੁਰ, ਮੈਂ ਪੂਰੇ ਦਿਲ ਨਾਲ ਤੇਰੀ ਉਸਤਤਿ ਕਰਦਾ ਹਾਂ।
ਮੈਂ ਸਾਰੇ ਦੇਵਤਿਆ ਸਾਹਮਣੇ ਤੇਰੇ ਗੀਤ ਗਾਵਾਂਗਾ।
2 ਹੇ ਪਰਮੇਸ਼ੁਰ, ਮੈਂ ਤੇਰੇ ਪਵਿੱਤਰ ਮੰਦਰ ਨੂੰ ਸਿਜਦਾ ਕਰਦਾ ਹਾਂ।
ਮੈਂ ਤੇਰੇ ਨਾਮ ਦੀ, ਤੇਰੇ ਸੱਚੇ ਪਿਆਰ ਦੀ, ਅਤੇ ਤੇਰੀ ਵਫ਼ਾਦਾਰੀ ਦੀ ਉਸਤਤਿ ਕਰਦਾ ਹਾਂ।
ਤੂੰ ਆਪਣੇ ਸ਼ਬਦ ਦੀ ਸ਼ਕਤੀ ਲਈ ਮਸ਼ਹੂਰ ਹੈਂ ਹੁਣ ਤੂੰ ਇਸ ਨੂੰ ਹੋਰ ਵੀ ਮਹਾਨ ਬਣਾ ਦਿੱਤਾ ਹੈ।
3 ਹੇ ਪਰਮੇਸ਼ੁਰ, ਮੈਂ ਤੈਨੂੰ ਮਦਦ ਲਈ ਪੁਕਾਰਿਆ।
ਅਤੇ ਤੁਸੀਂ ਮੈਨੂੰ ਉੱਤਰ ਦਿੱਤਾ! ਤੁਸੀਂ ਮੈਨੂੰ ਸ਼ਕਤੀ ਦਿੱਤੀ।
4 ਯਹੋਵਾਹ, ਧਰਤੀ ਦੇ ਸਾਰੇ ਰਾਜੇ ਤੁਹਾਡੀ ਉਸਤਤਿ ਕਰਨਗੇ।
ਜਦੋਂ ਜੋ ਤੁਸੀਂ ਆਖੋਂਗੇ ਉਹ ਸੁਣਨਗੇ।
5 ਉਹ ਯਹੋਵਾਹ ਦੇ ਰਸਤੇ ਬਾਰੇ ਗਾਉਣਗੇ।
ਕਿਉਂਕਿ ਯਹੋਵਾਹ ਦੀ ਮਹਿਮਾ ਬਹੁਤ ਮਹਾਨ ਹੈ।
6 ਪਰਮੇਸ਼ੁਰ ਬਹੁਤ ਮਹੱਤਵਪੂਰਣ ਹੈ।
ਪਰ ਫ਼ੇਰ ਵੀ ਉਹ ਨਿਮਾਣੇ ਲੋਕਾਂ ਦੀ ਪਾਲਣਾ ਕਰਦਾ ਹੈ।
ਜੋ ਗੁਮਾਨੀ ਲੋਕ ਕਰਦੇ ਹਨ ਉਹ ਜਾਣਦਾ ਹੈ।
ਪਰ ਉਹ ਉਨ੍ਹਾਂ ਤੋਂ ਦੂਰ ਰਹਿੰਦਾ ਹੈ।
7 ਹੇ ਪਰਮੇਸ਼ੁਰ, ਜੇ ਮੈਂ ਮੁਸੀਬਤਾਂ ਵਿੱਚ ਹੋਵਾਂ ਤਾਂ ਮੈਨੂੰ ਜਿੰਦਾ ਰੱਖੀਂ।
ਜੋ ਮੇਰੇ ਦੁਸ਼ਮਣ ਮੇਰੇ ਉੱਤੇ ਕ੍ਰੋਧਵਾਨ ਹੋਣ ਤਾਂ ਮੈਨੂੰ ਉਨ੍ਹਾਂ ਕੋਲੋਂ ਬਚਾਈ।
8 ਯਹੋਵਾਹ, ਮੈਨੂੰ ਉਹ ਚੀਜ਼ਾਂ ਦੇਵੋ ਜਿਨ੍ਹਾਂ ਦਾ ਤੁਸੀਂ ਇਕਰਾਰ ਕੀਤਾ ਸੀ।
ਯਹੋਵਾਹ, ਤੁਹਾਡਾ ਸੱਚਾ ਪਿਆਰ ਸਦਾ ਰਹਿੰਦਾ ਹੈ।
ਯਹੋਵਾਹ, ਤੁਸੀਂ ਸਾਨੂੰ ਸਾਜਿਆ, ਇਸ ਲਈ ਸਾਨੂੰ ਨਾ ਛੱਡੋ।
ਮਾਰਦਕਈ ਦੀ ਅਸਤਰ ਅੱਗੇ ਫਰਿਆਦ
4 ਮਾਰਦਕਈ ਨੇ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਸੁਣਿਆ, ਅਤੇ ਜਦੋਂ ਉਸ ਨੂੰ ਪਾਤਸ਼ਾਹ ਦੇ ਯਹੂਦੀਆਂ ਵਿਰੁੱਧ ਹੁਕਮ ਬਾਰੇ ਪਤਾ ਲੱਗਾ ਤਾਂ ਮਾਰਦਕਈ ਨੇ ਆਪਣੇ ਵਸਤਰ ਪਾੜ ਲਈ। ਉਸ ਨੇ ਉਦਾਸੀ ਦੇ ਵਸਤਰ ਧਾਰਨ ਕਰਕੇ ਸਿਰ ਤੇ ਸੁਆਹ ਪਾ ਲਈ। ਫ਼ਿਰ ਉਹ ਉੱਚੀ-ਉੱਚੀ ਰੋਦਾ ਹੋਇਆ ਸ਼ਹਿਰ ਅੰਦਰ ਚੱਲਾ ਗਿਆ। 2 ਪਰ ਉਹ ਪਾਤਸ਼ਾਹ ਦੇ ਫਾਟਕ ਤੀਕ ਹੀ ਜਾ ਸੱਕਿਆ ਕਿਉਂ ਕਿ ਕੋਈ ਵੀ ਮਨੁੱਖ ਉਦਾਸੀ ਦੇ ਕੱਪੜੇ ਧਾਰਨ ਕਰਕੇ ਉਸ ਫਾਟਕ ਅੰਦਰ ਦਾਖਲ ਨਹੀਂ ਸੀ ਹੋ ਸੱਕਦਾ। 3 ਹਰ ਸੂਬੇ ਵਿੱਚ ਜਿੱਥੇ ਪਾਤਸ਼ਾਹ ਦਾ ਆਦੇਸ਼ ਪਹੁੰਚਿਆ, ਓੱਥੇ ਯਹੂਦੀਆਂ ਦਰਮਿਆਨ ਰੋਣਾ ਅਤੇ ਉਦਾਸੀ ਸੀ। ਉਹ ਵਰਤ ਰੱਖ ਰਹੇ ਸਨ ਅਤੇ ਉੱਚੀ-ਉੱਚੀ ਚੀਕ ਰਹੇ ਸਨ ਅਤੇ ਬਹੁਤ ਸਾਰੇ ਯਹੂਦੀਆਂ ਨੇ ਸੋਗ ਦੇ ਬਸਤਰ ਪਾਕੇ ਆਪਣੇ ਸਿਰਾਂ ਵਿੱਚ ਸੁਆਹ ਪਾਈ ਹੋਈ ਸੀ ਅਤੇ ਜ਼ਮੀਨ ਤੇ ਲਿਟੇ ਪਏ ਸਨ।
4 ਅਸਤਰ ਦੀਆਂ ਦਾਸੀਆਂ ਅਤੇ ਖੁਸਰਿਆਂ ਨੇ ਉਸ ਕੋਲ ਆ ਕੇ ਉਸ ਨੂੰ ਮਾਰਦਕਈ ਦੇ ਵਿਹਾਰ ਬਾਰੇ ਦੱਸਿਆ। ਇਸ ਗੱਲ ਨੇ ਰਾਣੀ ਨੂੰ ਬਹੁਤ ਬੇਚੈਨ ਅਤੇ ਉਦਾਸ ਕਰ ਦਿੱਤਾ। ਉਸ ਨੇ ਮਾਰਦਕਈ ਕੋਲ ਸੋਗ ਵਸਤਰ ਦੀ ਬਜਾਇ ਦੂਜੇ ਕੱਪੜੇ ਭੇਜੇ ਪਰ ਉਸ ਨੇ ਉਨ੍ਹਾਂ ਕੱਪੜਿਆਂ ਨੂੰ ਪਾਉਣ ਤੋਂ ਇਨਕਾਰ ਕਰ ਦਿੱਤਾ। 5 ਤਦ ਅਸਤਰ ਨੇ ਹਬਾਕ ਨੂੰ ਸੱਦਿਆ। ਹ੍ਹਬਾਕ ਉਨ੍ਹਾਂ ਪਾਤਸ਼ਾਹੀ ਖੁਸਰਿਆਂ ਵਿੱਚੋਂ ਸੀ ਜਿਸ ਨੂੰ ਉਸਦੀ ਸੇਵਾ ਲਈ ਚੁਣਿਆ ਗਿਆ ਸੀ ਤਾਂ ਅਸਤਰ ਨੇ ਹਬਾਕ ਨੂੰ ਮਾਰਦਕਈ ਦੀ ਉਦਾਸੀ ਦਾ ਕਾਰਣ ਜਾਨਣ ਲਈ ਭੇਜਿਆ। 6 ਤਾਂ ਹਬਾਕ ਸ਼ਹਿਰ ਦੀ ਉਸ ਬਾਵੇਂ ਪਾਤਸ਼ਾਹ ਦੇ ਫਾਟਕ ਦੇ ਸਾਹਮਣੇ ਗਿਆ ਜਿੱਥੇ ਮਾਰਦਕਈ ਖੁੱਲੀ ਜਗ੍ਹਾ ਕੋਲ ਖੜ੍ਹਾ ਸੀ। 7 ਫਿਰ ਮਾਰਦਕਈ ਨੇ ਹਬਾਕ ਨੂੰ, ਜੋ ਕੁਝ ਵੀ ਵਾਪਰਿਆ ਸੀ ਦੱਸਿਆ। ਉਸ ਨੇ ਹਬਾਕ ਨੂੰ ਇਹ ਵੀ ਦੱਸਿਆ ਕਿ ਹ੍ਹਾਮਾਨ ਨੇ ਯਹੂਦੀਆਂ ਨੂੰ ਮਾਰਨ ਲਈ ਸ਼ਾਹੀ ਖਜਾਨੇ ਵਿੱਚ ਕਿੰਨੀ ਚਾਂਦੀ ਪਾਉਣ ਦਾ ਇਕਰਾਰ ਕੀਤਾ ਸੀ। 8 ਮਾਰਦਕਈ ਨੇ ਹਬਾਕ ਨੂੰ ਉਸ ਖਤ ਦੀ ਇੱਕ ਨਕਲ ਵੀ ਦਿੱਤੀ, ਜਿਸ ਵਿੱਚ ਯਹੂਦੀਆਂ ਨੂੰ ਮਾਰਨ ਦਾ ਆਦੇਸ਼ ਸੀ, ਜੋ ਕਿ ਸ਼ੂਸ਼ਨ ਦੇ ਸਾਰੇ ਸ਼ਹਿਰ ਵਿੱਚ ਘਲਿਆ ਗਿਆ ਸੀ। ਉਹ ਚਾਹੁੰਦਾ ਸੀ ਕਿ ਹਬਾਕ ਅਸਤਰ ਨੂੰ ਇਹ ਵਿਖਾਵੇ ਅਤੇ ਉਸ ਨੂੰ ਜਾ ਕੇ ਸਾਰਾ ਹਾਲ ਦੱਸੇ। ਅਤੇ ਉਸ ਨੇ ਅਸਤਰ ਨੂੰ ਪਾਤਸ਼ਾਹ ਕੋਲ ਜਾਕੇ, ਮਾਰਦਕਈ ਅਤੇ ਆਪਣੇ ਲੋਕਾਂ ਤੇ ਤਰਸ ਕਰਨ ਦੀ ਮਿੰਨਤ ਕਰਨ ਦੀ ਹਿਦਾਇਤ ਦਿੱਤੀ।
9 ਹਬਾਕ ਨੇ ਜਾਕੇ ਸਭ ਕੁਝ ਅਸਤਰ ਨੂੰ ਉਵੇਂ ਕਿਹਾ ਜਿਵੇਂ ਮਾਰਦਕਈ ਨੇ ਆਖਿਆ ਸੀ।
10 ਫਿਰ ਅਸਤਰ ਨੇ ਹਬਾਕ ਨਾਲ ਗੱਲ ਕੀਤੀ ਤੇ ਮਾਰਦਕਈ ਲਈ ਇਹ ਸੁਨੇਹਾ ਭੇਜਿਆ, 11 “ਮਾਰਦਕਈ ਪਾਤਸ਼ਾਹ ਦੇ ਸਾਰੇ ਆਗੂਆਂ ਅਤੇ ਉਸ ਦੇ ਸੂਬੇ ਦੇ ਸਭ ਲੋਕਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਜੋ ਕੋਈ ਵੀ ਪਾਤਸ਼ਾਹ ਦੇ ਅੰਦਰਲੇ ਵਿਹੜੇ ਦੇ ਸਿੰਘਾਸਣ ਦੇ ਕੋਲ ਬਿਨ-ਬੁਲਾਇਆਂ ਜਾਵੇ, ਭਾਵੇਂ ਉਹ ਮਰਦ ਹੋਵੇ ਭਾਵੇਂ ਔਰਤ ਉਨ੍ਹਾਂ ਲਈ ਇੱਕੋ ਹੀ ਹੁਕਮ ਹੈ ਕਿ ਉਸ ਵਿਅਕਤੀ ਨੂੰ ਜਾਨੋ ਮਾਰ ਦਿੱਤਾ ਜਾਵੇ। ਪਰ ਉਸ ਵਿਅਕਤੀ ਲਈ ਜਿਸ ਖਾਤਰ ਪਾਤਸ਼ਾਹ ਆਪਣਾ ਸੁਨਿਹਰੀ ਰਾਜ-ਦੰਡ ਫੈਲਾਵੇ-ਉਸ ਵਿਅਕਤੀ ਦੀ ਜਾਨ ਬਚ ਜਾਵੇਗੀ। 30 ਦਿਨ ਹੋ ਗਏ ਹਨ ਅਤੇ ਮੈਨੂੰ ਅੰਦਰ ਰਾਜੇ ਦੇ ਕੋਲ ਹੋਣ ਲਈ ਨਹੀਂ ਸੱਦਿਆ ਗਿਆ ਹੈ”
12-13 ਤਦ ਅਸਤਰ ਦਾ ਸੁਨੇਹਾ ਮਾਰਦਕਈ ਨੂੰ ਦਿੱਤਾ ਗਿਆ। ਜਦੋਂ ਮਾਰਦਕਈ ਨੂੰ ਉਸਦਾ ਸੁਨੇਹਾ ਮਿਲਿਆ ਤਾਂ ਮੁੜ ਉਸ ਨੇ ਇਹ ਜਵਾਬ ਭੇਜਿਆ, “ਅਸਤਰ, ਇਹ ਨਾ ਸੋਚ ਕਿਉਂ ਕਿ ਤੂੰ ਪਾਤਸ਼ਾਹ ਦੇ ਮਹਿਲ ਵਿੱਚ ਹੈਂ, ਤੂੰ ਹੀ ਇੱਕ ਯਹੂਦਣ ਹੋਵੇਂਗੀ ਜੋ ਬਚ ਜਾਵੇਂਗੀ। 14 ਪਰ ਜੇਕਰ ਤੂੰ ਹੁਣ ਚੁੱਪ ਕਰ ਰਹੀ, ਤੇ ਕੋਈ ਯਤਨ ਨਾ ਕੀਤਾ ਤਾਂ ਇਹ ਨਾ ਸੋਚ ਕਿ ਯਹੂਦੀਆਂ ਨੂੰ ਕਿਸੇ ਹੋਰ ਤੋਂ ਕੋਈ ਮਦਦ ਜਾਂ ਆਜ਼ਾਦੀ ਨਹੀਂ ਮਿਲੇਗੀ। ਪਰ ਤੂੰ ਅਤੇ ਤੇਰੇ ਪਿਤਾ ਦੇ ਪਰਿਵਾਰ ਦਾ ਨਾਸ ਹੋ ਜਾਵੇਗਾ ਅਤੇ ਕੀ ਪਤਾ ਕਿ ਤੂੰ ਅਜਿਹੇ ਵਕਤ ਲਈ ਹੀ ਪਾਤਸ਼ਾਹ ਤੀਕ ਪਹੁੰਚੀ ਹੋਵੇਂ?”
15-16 ਤਦ ਅਸਤਰ ਨੇ ਫਿਰ ਆਪਣਾ ਜਵਾਬ ਮਾਰਦਕਈ ਨੂੰ ਭੇਜਿਆ, “ਮਾਰਦਕਈ! ਜਾਕੇ ਸ਼ੂਸ਼ਨ ਸ਼ਹਿਰ ਵਿੱਚੋਂ ਸਾਰੇ ਯਹੂਦੀਆਂ ਨੂੰ ਇਕੱਠਾ ਕਰ ਅਤੇ ਉਨ੍ਹਾਂ ਨੂੰ ਮੇਰੇ ਲਈ ਵਰਤ ਰੱਖਣ ਲਈ ਕਹਿ। ਪੂਰੇ ਤਿੰਨਾਂ ਦਿਨ ਅਤੇ ਤਿੰਨ ਰਾਤਾਂ ਕੁਝ ਵੀ ਖਾਣਾ ਪੀਣਾ ਨਹੀਂ। ਮੈਂ ਅਤੇ ਮੇਰੀਆਂ ਦਾਸੀਆਂ ਵੀ ਇਵੇਂ ਹੀ ਵਰਤ ਰੱਖਾਂਗੀਆਂ। ਵਰਤ ਪੂਰਾ ਹੋਣ ਤੋਂ ਬਾਅਦ, ਮੈਂ ਪਾਤਸ਼ਾਹ ਕੋਲ ਜਾਵਾਂਗੀ। ਹਾਲਾਂ ਕਿ ਮੈਂ ਜਾਣਦੀ ਹਾਂ ਕਿ ਬਿਨ ਬੁਲਾਏ ਪਾਤਸ਼ਾਹ ਕੋਲ ਜਾਣਾ ਬਿਧੀ ਦੇ ਖਿਲਾਫ ਹੈ, ਪਰ ਫਿਰ ਵੀ ਮੈਂ ਜਾਵਾਂਗੀ ਤੇ ਜੇਕਰ ਮੈਂ ਮਰ ਵੀ ਗਈ ਤਾਂ ਕੋਈ ਗੱਲ ਨਹੀਂ।”
17 ਤਾਂ ਫਿਰ ਮਾਰਦਕਈ ਚੱਲਾ ਗਿਆ ਅਤੇ ਉਸ ਨੇ ਸਭ ਕੁਝ ਅਸਤਰ ਦੇ ਹੁਕਮ ਮੁਤਾਬਕ ਕੀਤਾ।
ਚੇਲਿਆਂ ਵੱਲੋਂ ਯਿਸੂ ਦੀ ਸ਼ਕਤੀ ਵੇਖਣਾ(A)
22 ਇੱਕ ਦਿਨ ਯਿਸੂ ਅਤੇ ਉਸ ਦੇ ਚੇਲੇ ਬੇੜੀ ਉੱਤੇ ਚੜ੍ਹ੍ਹੇ ਤਾਂ ਯਿਸੂ ਨੇ ਉਨ੍ਹਾਂ ਨੂੰ ਆਖਿਆ, “ਆਓ ਇਸ ਝੀਲ ਦੇ ਪਾਰ ਚੱਲੀਏ।” ਤਾਂ ਉਹ ਇੱਕ ਬੇੜੀ ਵਿੱਚ ਬੈਠੇ ਅਤੇ ਚੱਲ ਪਏ। 23 ਜਦੋ ਉਹ ਬੇੜੀ ਚੱਲਾ ਰਹੇ ਸਨ ਯਿਸੂ ਸੌਂ ਗਿਆ। ਉੱਥੇ ਬੜਾ ਤੇਜ ਤੂਫ਼ਾਨ ਆਇਆ ਅਤੇ ਪਾਣੀ ਬੇੜੀ ਵਿੱਚ ਭਰਨਾ ਸ਼ੁਰੂ ਹੋ ਗਿਆ। ਉਹ ਖਤਰੇ ਵਿੱਚ ਸਨ। 24 ਚੇਲੇ ਯਿਸੂ ਕੋਲ ਗਏ ਅਤੇ ਜਾਕੇ ਉਸ ਨੂੰ ਜਗਾਇਆ। ਉਨ੍ਹਾਂ ਆਖਿਆ, “ਪ੍ਰਭੂ! ਪ੍ਰਭੂ! ਅਸੀਂ ਤਾਂ ਡੁੱਬ ਚੱਲੇ ਹਾਂ।”
ਯਿਸੂ ਉੱਠਿਆ ਅਤੇ ਉਸ ਨੇ ਹਵਾ ਅਤੇ ਲਹਿਰਾਂ ਨੂੰ ਝਿੜਕਿਆ ਅਤੇ ਰੁਕ ਜਾਣ ਲਈ ਕਿਹਾ ਤਾਂ ਇੱਕਦਮ ਹਵਾ ਤੇ ਝੀਲ ਸ਼ਾਂਤ ਹੋ ਗਈ। 25 ਫ਼ੇਰ ਯਿਸੂ ਨੇ ਉਨ੍ਹਾਂ ਨੂੰ ਆਖਿਆ, “ਕਿੱਥੇ ਹੈ ਤੁਹਾਡਾ ਵਿਸ਼ਵਾਸ?”
ਚੇਲੇ ਡਰ ਗਏ ਅਤੇ ਹੈਰਾਨ ਸਨ ਉਨ੍ਹਾਂ ਇੱਕ ਦੂਸਰੇ ਨੂੰ ਆਖਿਆ, “ਇਹ ਕੌਣ ਮਨੁੱਖ ਹੈ? ਜੋ ਹਵਾਵਾਂ ਅਤੇ ਪਾਣੀਆਂ ਨੂੰ ਵੀ ਹੁਕਮ ਦਿੰਦਾ ਹੈ ਤੇ ਉਹ ਉਸ ਨੂੰ ਮੰਨਦੇ ਹਨ?”
2010 by World Bible Translation Center