Revised Common Lectionary (Complementary)
ਮੀਮ
97 ਆਹਾ, ਮੈਂ ਤੁਹਾਡੀਆਂ ਸਿੱਖਿਆਵਾਂ ਨੂੰ ਪਿਆਰ ਕਰਦਾ ਹਾਂ, ਯਹੋਵਾਹ।
ਮੈਂ ਹਰ ਵੇਲੇ ਉਨ੍ਹਾਂ ਦੀਆਂ ਗੱਲਾਂ ਕਰਦਾ ਹਾਂ।
98 ਯਹੋਵਾਹ, ਤੁਹਾਡੇ ਹੁਕਮਾਂ ਨੇ ਮੈਨੂੰ ਮੇਰੇ ਦੁਸ਼ਮਣਾਂ ਨਾਲੋਂ ਵੱਧੇਰੇ ਸਿਆਣਾ ਬਣਾ ਦਿੱਤਾ ਹੈ।
ਤੁਹਾਡਾ ਨੇਮ ਸਦਾ ਮੇਰੇ ਨਾਲ ਹੈ।
99 ਮੈਂ ਆਪਣੇ ਸਾਰੇ ਗੁਰੂਆਂ ਨਾਲੋਂ ਸਿਆਣਾ ਹਾਂ।
ਕਿਉਂਕਿ ਮੈਂ ਤੁਹਾਡੇ ਕਰਾਰ ਦਾ ਅਧਿਐਨ ਕਰਦਾ ਹਾਂ।
100 ਮੈਂ ਬਜ਼ੁਰਗ ਆਗੂਆਂ ਨਾਲੋਂ ਵੱਧੇਰੇ ਸਮਝਦਾ ਹਾਂ।
ਕਿਉਂਕਿ ਮੈਂ ਤੁਹਾਡੇ ਆਦੇਸ਼ ਨਿਭਾਉਂਦਾ ਹਾਂ।
101 ਤੁਸੀਂ ਮੇਰੇ ਚੁੱਕੇ ਹਰ ਕਦਮ ਵਿੱਚ ਮੈਨੂੰ ਗਲਤ ਰਾਹ ਤੋਂ ਦੂਰ ਰੱਖਦੇ ਹੋ।
ਹੇ ਪਰਮੇਸ਼ੁਰ, ਇਸੇ ਲਈ, ਮੈਂ ਉਹ ਕਰ ਸੱਕਦਾ ਜੋ ਤੁਸੀਂ ਆਖਦੇ ਹੋ।
102 ਹੇ ਯਹੋਵਾਹ, ਤੁਸੀਂ ਮੇਰੇ ਗੁਰੂ ਹੋ,
ਇਸ ਲਈ ਮੈਂ ਤੁਹਾਡੇ ਫ਼ੈਸਲਿਆ ਨੂੰ ਮੰਨਣਾ ਜਾਰੀ ਰੱਖਾਂਗਾ।
103 ਤੁਹਾਡੇ ਸ਼ਬਦ ਮੇਰੇ ਮੂੰਹ ਵਿੱਚਲੇ ਸ਼ਹਿਦ ਨਾਲੋਂ ਵੀ ਮਿੱਠੇ ਹਨ।
104 ਤੁਹਾਡੀਆਂ ਸਿੱਖਿਆਵਾਂ ਮੈਨੂੰ ਸਿਆਣਾ ਬਣਾਉਂਦੀਆਂ ਹਨ।
ਇਸ ਲਈ ਮੈਂ ਝੂਠੀਆਂ ਸਿੱਖਿਆਵਾ ਨੂੰ ਨਫ਼ਰਤ ਕਰਦਾ ਹਾਂ।
ਮੂਸਾ ਦੇ ਸੌਹਰੇ ਵੱਲੋਂ ਸਲਾਹ
18 ਮੂਸਾ ਦਾ ਸੌਹਰਾ, ਯਿਥਰੋ, ਮਿਦਯਾਨ ਦਾ ਜਾਜਕ ਸੀ। ਉਸ ਨੇ ਉਸ ਸਭ ਕਾਸੇ ਬਾਰੇ ਸੁਣਿਆ ਜੋ ਯਹੋਵਾਹ ਨੇ ਮੂਸਾ ਅਤੇ ਇਸਰਾਏਲ ਦੇ ਲੋਕਾਂ ਲਈ ਕੀਤਾ ਸੀ ਅਤੇ ਕਿਵੇਂ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਦੀ ਮਿਸਰ ਤੋਂ ਬਾਹਰ ਵੱਲ ਅਗਵਾਈ ਕੀਤੀ। 2 ਇਸ ਲਈ ਯਿਥਰੋ ਮੂਸਾ ਕੋਲ ਗਿਆ ਜਦੋਂ ਕਿ ਮੂਸਾ ਨੇ ਪਰਮੇਸ਼ੁਰ ਦੇ ਪਰਬਤ ਨੇੜੇ ਡੇਰਾ ਲਾਇਆ ਹੋਇਆ ਸੀ। ਯਿਥਰੋ ਮੂਸਾ ਦੀ ਪਤਨੀ ਸਿੱਪੋਰਾਹ ਨੂੰ ਆਪਣੇ ਨਾਲ ਲਿਆਇਆ। (ਸਿੱਪੋਰਾਹ ਮੂਸਾ ਦੇ ਨਾਲ ਨਹੀਂ ਸੀ ਕਿਉਂਕਿ ਮੂਸਾ ਨੇ ਉਸ ਨੂੰ ਉਸ ਦੇ ਘਰ ਭੇਜ ਦਿੱਤਾ ਸੀ।) 3 ਯਿਥਰੋ ਆਪਣੇ ਨਾਲ ਮੂਸਾ ਦੇ ਦੋ ਪੁੱਤਰਾਂ ਨੂੰ ਵੀ ਲਿਆਇਆ। ਪਹਿਲੇ ਪੁੱਤਰ ਦਾ ਨਾਮ ਗੇਰਸ਼ੋਨ ਸੀ, ਕਿਉਂਕਿ ਜਦੋਂ ਉਹ ਜੰਮਿਆ ਸੀ, ਮੂਸਾ ਨੇ ਆਖਿਆ ਸੀ, “ਮੈਂ ਪ੍ਰਦੇਸ਼ ਵਿੱਚ ਇੱਕ ਅਜਨਬੀ ਹਾਂ।” 4 ਦੂਸਰੇ ਪੁੱਤਰ ਦਾ ਨਾਮ ਅਲੀਅਜ਼ਰ ਸੀ, ਕਿਉਂਕਿ ਜਦੋਂ ਉਹ ਜੰਮਿਆ ਸੀ ਤਾਂ ਮੂਸਾ ਨੇ ਆਖਿਆ ਸੀ, “ਮੇਰੇ ਪਿਤਾ ਦੇ ਪਰਮੇਸ਼ੁਰ ਨੇ ਮੇਰੀ ਸਹਾਇਤਾ ਕੀਤੀ ਅਤੇ ਮੈਨੂੰ ਮਿਸਰ ਦੇ ਰਾਜੇ ਤੋਂ ਬਚਾਇਆ।” 5 ਇਸ ਲਈ ਯਿਥਰੋ ਮੂਸਾ ਕੋਲ ਗਿਆ ਜਦੋਂ ਮੂਸਾ ਨੇ ਪਰਮੇਸ਼ੁਰ ਦੇ ਪਰਬਤ (ਸੀਨਈ ਪਰਬਤ) ਨੇੜੇ ਮਾਰੂਥਲ ਵਿੱਚ ਡੇਰਾ ਲਾਇਆ ਹੋਇਆ ਸੀ। ਮੂਸਾ ਦੀ ਪਤਨੀ ਅਤੇ ਉਸ ਦੇ ਦੋਵੇਂ ਪੁੱਤਰ ਯਿਥਰੋ ਦੇ ਨਾਲ ਸਨ।
6 ਯਿਥਰੋ ਨੇ ਮੂਸਾ ਨੂੰ ਸੁਨੇਹਾ ਭੇਜਿਆ। ਯਿਥਰੋ ਨੇ ਆਖਿਆ, “ਇਹ ਮੈਂ, ਤੇਰਾ ਸੌਹਰਾ ਯਿਥਰੋ ਹਾਂ। ਮੈਂ ਤੇਰੀ ਪਤਨੀ ਤੇ ਦੋਹਾਂ ਪੁੱਤਰਾਂ ਨੂੰ ਤੇਰੇ ਕੋਲ ਲਿਆ ਰਿਹਾ ਹਾਂ।”
7 ਇਸ ਲਈ ਮੂਸਾ ਆਪਣੇ ਸੌਹਰੇ ਨੂੰ ਮਿਲਣ ਲਈ ਬਾਹਰ ਆਇਆ। ਮੂਸਾ ਨੇ ਉਸ ਨੂੰ ਮੱਥਾ ਟੇਕਿਆ ਅਤੇ ਉਸ ਨੂੰ ਚੁੰਮਿਆ। ਦੋਹਾਂ ਨੇ ਇੱਕ ਦੂਸਰੇ ਦੀ ਖਬਰ ਸਾਰ ਪੁੱਛੀ। ਫ਼ੇਰ ਉਹ ਹੋਰ ਗੱਲਾਂ ਕਰਨ ਲਈ ਮੂਸਾ ਦੇ ਤੰਬੂ ਵਿੱਚ ਚੱਲੇ ਗਏ। 8 ਮੂਸਾ ਨੇ ਯਿਥਰੋ ਨੂੰ ਹਰ ਉਹ ਗੱਲ ਦੱਸੀ ਜਿਹੜੀ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਲਈ ਕੀਤੀ ਸੀ। ਮੂਸਾ ਨੇ ਉਹ ਗੱਲਾਂ ਦੱਸੀਆਂ ਜਿਹੜੀਆਂ ਯਹੋਵਾਹ ਨੇ ਫ਼ਿਰਊਨ ਤੇ ਮਿਸਰ ਦੇ ਲੋਕਾਂ ਨਾਲ ਕੀਤੀਆਂ ਸਨ। ਮੂਸਾ ਨੇ ਉਨ੍ਹਾਂ ਸਾਰੀਆਂ ਸਮੱਸਿਆਵਾਂ ਬਾਰੇ ਦੱਸਿਆ ਜਿਹੜੀਆਂ ਉਨ੍ਹਾਂ ਨੂੰ ਰਸਤੇ ਵਿੱਚ ਪੇਸ਼ ਆਈਆਂ। ਅਤੇ ਮੂਸਾ ਨੇ ਆਪਣੇ ਸੌਹਰੇ ਨੂੰ ਦੱਸਿਆ ਕਿ ਕਿਵੇਂ ਯਹੋਵਾਹ ਨੇ ਹਰ ਸਮੇਂ ਇਸਰਾਏਲ ਦੇ ਲੋਕਾਂ ਨੂੰ ਮੁਸੀਬਤ ਤੋਂ ਬਚਾਇਆ।
9 ਜਦੋਂ ਯਿਥਰੋ ਨੇ ਉਨ੍ਹਾਂ ਸਾਰੀਆਂ ਚੰਗੀਆਂ ਗੱਲਾਂ ਬਾਰੇ ਸੁਣਿਆ ਜੋ ਯਹੋਵਾਹ ਨੇ ਇਸਰਾਏਲ ਲਈ ਕੀਤੀਆਂ ਤਾਂ ਉਹ ਪ੍ਰਸੰਨ ਹੋਇਆ। ਉਹ ਖੁਸ਼ ਸੀ ਕਿ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਮਿਸਰੀਆਂ ਤੋਂ ਅਜ਼ਾਦ ਕਰਾਇਆ ਸੀ। 10 ਯਿਥਰੋ ਨੇ ਆਖਿਆ,
“ਯਹੋਵਾਹ ਦੀ ਉਸਤਤਿ ਕਰੋ।
ਉਸ ਨੇ ਤੁਹਾਨੂੰ ਮਿਸਰ ਦੀ ਤਾਕਤ ਤੋਂ ਅਜ਼ਾਦ ਕੀਤਾ।
ਯਹੋਵਾਹ ਨੇ ਤੁਹਾਨੂੰ ਫ਼ਿਰਊਨ ਤੋਂ ਬਚਾਇਆ।
11 ਹੁਣ ਮੈਂ ਜਾਣਦਾ ਹਾਂ ਕਿ ਯਹੋਵਾਹ ਸਾਰੇ ਦੇਵਤਿਆਂ ਤੋਂ ਮਹਾਨ ਹੈ।
ਉਹ ਸੋਚਦੇ ਸਨ ਕਿ ਉਨ੍ਹਾਂ ਦਾ ਅਧਿਕਾਰ ਸੀ ਪਰ ਦੇਖੋ ਪਰਮੇਸ਼ੁਰ ਨੇ ਕੀ ਕੀਤਾ।”
12 ਯਿਥਰੋ ਪਰਮੇਸ਼ੁਰ ਦੇ ਆਦਰ ਲਈ ਕੁਝ ਬਲੀਆਂ ਤੇ ਭੇਟਾ ਲੈ ਕੇ ਆਇਆ। ਫ਼ੇਰ ਹਾਰੂਨ ਅਤੇ ਇਸਰਾਏਲ ਦੇ ਸਾਰੇ ਬਜ਼ੁਰਗ ਯਹੋਵਾਹ ਦੇ ਸਾਹਮਣੇ ਮੂਸਾ ਦੇ ਸੌਹਰੇ ਯਿਥਰੋ ਕੋਲ ਰੋਟੀ ਖਾਣ ਲਈ ਇਕੱਠੇ ਹੋ ਕੇ ਆਏ।
27 ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਇਹ ਪਤਾ ਲਗਾਉਣ ਦਾ ਨਿਰਨਾ ਕਰ ਲਿਆ ਕਿ ਇਹ ਸੱਚ ਕਿੰਨਾ ਅਮੀਰ ਅਤੇ ਮਹਿਮਾਮਈ ਹੈ। ਇਹ ਗੁਪਤ ਸੱਚ ਸਮੂਹ ਕੌਮਾਂ ਲਈ ਹੈ। ਇਹ ਸੱਚਾਈ ਖੁਦ ਮਸੀਹ ਹੈ ਜਿਸਦਾ ਨਿਵਾਸ ਤੁਹਾਡੇ ਅੰਦਰ ਹੈ ਮਹਿਮਾ ਲਈ ਉਹ ਸਾਡੀ ਇੱਕੋ ਇੱਕ ਉਮੀਦ ਹੈ। 28 ਇਸ ਲਈ ਅਸੀਂ ਲੋਕਾਂ ਨੂੰ ਮਸੀਹ ਬਾਰੇ ਦੱਸਦੇ ਰਹਿੰਦੇ ਹਾਂ। ਅਸੀਂ ਹਰ ਇੱਕ ਨੂੰ ਤਕੜਾ ਕਰਨ ਅਤੇ ਹਰ ਇੱਕ ਨੂੰ ਉਪਦੇਸ਼ ਦੇਣ ਲਈ ਸਾਰੀ ਸਿਆਣਪ ਦਾ ਇਸਤੇਮਾਲ ਕਰਦੇ ਹਾਂ। ਅਸੀਂ ਸਮੂਹ ਲੋਕਾਂ ਨੂੰ ਪਰਮੇਸ਼ੁਰ ਦੀ ਹਜੂਰੀ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਕਿ ਉਹ ਮਸੀਹ ਦੇ ਨਮਿਤ ਆਤਮਕ ਤੌਰ ਤੇ ਸੰਪੂਰਣ ਹੋ ਜਾਣ। 29 ਇਸ ਮੰਤਵ ਨਾਲ, ਮੈਂ ਉਸ ਤਾਕਤ ਨਾਲ ਸਖਤ ਮਿਹਨਤ ਕਰਦਾ ਹਾਂ ਜੋ ਮਸੀਹ ਮੈਨੂੰ ਦਿੰਦਾ ਹੈ। ਉਹ ਸ਼ਕਤੀ ਮੇਰੇ ਜੀਵਨ ਵਿੱਚ ਕਾਰਜ ਕਰ ਰਹੀ ਹੈ।
2 ਮੈ ਚਾਹੁੰਨਾ ਕਿ ਤੁਸੀਂ ਇਹ ਜਾਣ ਲਵੋ ਕਿ ਮੈਂ ਤੁਹਾਡੀ ਸਹਾਇਤਾ ਕਰਨ ਲਈ ਬਹੁਤ ਸਖਤ ਕੋਸ਼ਿਸ਼ ਕਰ ਰਿਹਾ ਹਾਂ। ਅਤੇ ਮੈਂ ਲਾਉਦਿਕੀਆ ਦੇ ਲੋਕਾਂ ਅਤੇ ਉਨ੍ਹਾਂ ਹੋਰ ਲੋਕਾਂ ਦੀ ਸਹਾਇਤਾ ਕਰਨ ਲਈ ਕੋਸ਼ਿਸ਼ ਕਰ ਰਿਹਾ ਹਾਂ ਜਿਨ੍ਹਾਂ ਨੇ ਮੈਨੂੰ ਕਦੇ ਦੇਖਿਆ ਨਹੀਂ। 2 ਮੈਂ ਚਾਹੁੰਦਾ ਹਾਂ ਕਿ ਉਹ ਮਜ਼ਬੂਤ ਹੋਣ ਅਤੇ ਪ੍ਰੇਮ ਨਾਲ ਇੱਕਮੁੱਠ ਹੋਣ। ਮੈਂ ਅਜਿਹਾ ਇਸ ਲਈ ਕਰ ਰਿਹਾ ਹਾਂ ਤਾਂ ਕਿ ਉਹ ਹੌਂਸਲੇਮੰਦ ਅਤੇ ਪ੍ਰੇਮ ਨਾਲ ਸੰਯੁਕਤ ਹੋਣਗੇ। ਮੈਂ ਉਨ੍ਹਾਂ ਨੂੰ ਉਸ ਵਿਸ਼ਵਾਸ ਵਿੱਚ ਪੂਰੀ ਤਰ੍ਹਾਂ ਅਮੀਰ ਹੋਇਆ ਦੇਖਣਾ ਚਾਹੁੰਦਾ ਹਾਂ ਜੋ ਸਮਝਦਾਰੀ ਤੋਂ ਆਉਂਦਾ ਹੈ। ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਪੂਰੀ ਤਰ੍ਹਾਂ ਉਸ ਗੁਪਤ ਸੱਚ ਬਾਰੇ ਜਾਣ ਜਾਵੋਂ ਜੋ ਪਰਮੇਸ਼ੁਰ ਨੇ ਪਰਗਟ ਕੀਤਾ ਹੈ। ਇਹ ਸੱਚ ਮਸੀਹ ਹੀ ਹੈ। 3 ਮਸੀਹ ਵਿੱਚ, ਸਿਆਣਪ ਅਤੇ ਗਿਆਨ ਦੇ ਸਾਰੇ ਖਜ਼ਾਨੇ ਲੁਕੇ ਹੋਏ ਹਨ।
4 ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਦੱਸ ਰਿਹਾ ਹਾਂ ਤਾਂ ਜੋ ਕੋਈ ਵੀ ਵਿਅਕਤੀ ਤੁਹਾਨੂੰ ਮਿੱਠੀਆਂ ਗੱਲਾਂ ਰਾਹੀਂ ਮੂਰਖ ਨਾ ਬਣਾ ਸੱਕੇ ਜਿਹੜੀਆਂ ਲੱਗਦੀਆਂ ਤਾਂ ਚੰਗੀਆਂ ਹਨ ਪਰ ਅਸਲ ਵਿੱਚ ਝੂਠੀਆਂ ਹਨ। 5 ਹਾਲਾਂ ਕਿ ਮੈਂ ਤੁਹਾਡੇ ਨਾਲ, ਸਰੀਰ ਵਿੱਚ ਨਹੀਂ ਹਾਂ, ਮੇਰਾ ਦਿਲ ਤੁਹਾਡੇ ਨਾਲ ਹੈ। ਮੈਂ ਤੁਹਾਡੇ ਚੰਗੇ ਜੀਵਨ ਅਤੇ ਮਸੀਹ ਵਿੱਚ ਤੁਹਾਡੇ ਤਕੜੇ ਵਿਸ਼ਵਾਸ ਨੂੰ ਦੇਖਕੇ ਖੁਸ਼ ਹਾਂ।
ਮਸੀਹ ਵਿੱਚ ਜਿਉਣਾ ਜਾਰੀ ਰੱਖੋ
6 ਤੁਸੀਂ ਯਿਸੂ ਮਸੀਹ ਨੂੰ ਪ੍ਰਭੂ ਵਾਂਗ ਕਬੂਲ ਕੀਤਾ। ਇਸ ਲਈ ਉਸ ਵਿੱਚ ਜਿਉਣਾ ਜਾਰੀ ਰੱਖੋ। 7 ਤੁਹਾਡੀ ਜ਼ਿੰਦਗੀ ਉਸਤੇ ਨਿਰਭਰ ਕਰਨੀ ਚਾਹੀਦੀ ਹੈ। ਅਤੇ ਜੜ੍ਹਾਂ ਮਸੀਹ ਵਿੱਚ ਹੋਣੀਆਂ ਚਾਹੀਦੀਆਂ ਹਨ। ਜਿਵੇਂ ਤੁਹਾਨੂੰ ਸਿੱਖਾਇਆ ਗਿਆ ਸੀ, ਆਪਣੇ ਦਿਲਾਂ ਨੂੰ ਉਸ ਵਿਸ਼ਵਾਸ ਵਿੱਚ ਦ੍ਰਿੜ ਰਹਿਣ ਦਿਉ। ਪਰਮੇਸ਼ੁਰ ਦੇ ਸ਼ੁਕਰਗੁਜ਼ਾਰ ਹੋਵੋ।
2010 by World Bible Translation Center