Revised Common Lectionary (Complementary)
9 ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਹਰ ਕੰਮ ਵਿੱਚ ਤੁਹਾਨੂੰ ਕਾਮਯਾਬੀ ਦੇਵੇਗਾ। ਉਹ ਤੁਹਾਨੂੰ ਬਹੁਤ ਔਲਾਦ ਦੀ ਅਸੀਸ ਦੇਵੇਗਾ। ਉਹ ਤੁਹਾਡੀਆਂ ਗਾਵਾਂ ਨੂੰ ਅਸੀਸ ਦੇਵੇਗਾ-ਉਨ੍ਹਾਂ ਦੇ ਬਹੁਤ ਸਾਰੇ ਵੱਛੇ ਹੋਣਗੇ। ਉਹ ਤੁਹਾਡੇ ਖੇਤਾਂ ਨੂੰ ਅਸੀਸ ਦੇਵੇਗਾ-ਉਨ੍ਹਾਂ ਵਿੱਚ ਬਹੁਤ ਚੰਗੀਆਂ ਫ਼ਸਲਾਂ ਹੋਣਗੀਆਂ। ਯਹੋਵਾਹ ਤੁਹਾਡਾ ਭਲਾ ਕਰੇਗਾ। ਯਹੋਵਾਹ ਇੱਕ ਵਾਰ ਫ਼ੇਰ ਤੁਹਾਡਾ ਭਲਾ ਕਰਕੇ ਪ੍ਰਸੰਨ ਹੋਵੇਗਾ ਜਿਹਾ ਕਿ ਉਹ ਤੁਹਾਡੇ ਪੁਰਖਿਆਂ ਦਾ ਭਲਾ ਕਰਕੇ ਹੁੰਦਾ ਸੀ। 10 ਪਰ ਤੁਹਾਨੂੰ ਉਹ ਗੱਲਾਂ ਕਰਨੀਆਂ ਚਾਹੀਦੀਆਂ ਹਨ ਜਿਹੜੀਆਂ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਕਰਨ ਲਈ ਕਹਿੰਦਾ ਹੈ। ਤੁਹਾਨੂੰ ਚਾਹੀਦਾ ਹੈ ਕਿ ਉਸ ਦੇ ਆਦੇਸ਼ ਮੰਨੋ ਅਤੇ ਉਨ੍ਹਾਂ ਅਸੂਲਾਂ ਉੱਤੇ ਚੱਲੋ ਜਿਹੜੇ ਸਿੱਖਿਆਵਾਂ ਦੀ ਇਸ ਪੁਸਤਕ ਵਿੱਚ ਲਿਖੇ ਹੋਏ ਹਨ। ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਦਾ ਹੁਕਮ ਪੂਰੇ ਦਿਲ ਨਾਲ ਅਤੇ ਆਤਮਾ ਨਾਲ ਮੰਨਣਾ ਚਾਹੀਦਾ ਹੈ। ਫ਼ੇਰ ਇਹ ਚੰਗੀਆਂ ਗੱਲਾਂ ਤੁਹਾਡੇ ਨਾਲ ਵਾਪਰਨਗੀਆਂ।
ਜੀਵਨ ਜਾਂ ਮੌਤ
11 “ਇਹ ਆਦੇਸ਼ ਜਿਹੜਾ ਮੈਂ ਤੁਹਾਨੂੰ ਅੱਜ ਦੇ ਰਿਹਾ ਹਾਂ ਤੁਹਾਡੇ ਲਈ ਕੋਈ ਬਹੁਤਾ ਔਖਾ ਨਹੀਂ। ਇਹ ਦੂਰ ਦੁਰਾਡਾ ਨਹੀਂ ਹੈ। 12 ਇਹ ਆਦੇਸ਼ ਸਵਰਗ ਵਿੱਚ ਨਹੀਂ ਹੈ ਤਾਂ ਜੋ ਤੁਸੀਂ ਇਹ ਆਖ ਸੱਕੋ, ‘ਸਾਡੇ ਲਈ ਕਿਹੜਾ ਸਵਰਗ ਵਿੱਚ ਜਾਵੇਗਾ ਅਤੇ ਇਸ ਨੂੰ ਸਾਡੇ ਕੋਲ ਲੈ ਕੇ ਆਵੇਗਾ ਤਾਂ ਜੋ ਅਸੀਂ ਇਸ ਨੂੰ ਸੁਣ ਸੱਕੀਏ ਅਤੇ ਇਸ ਉੱਤੇ ਅਮਲ ਕਰ ਸੱਕੀਏ।’ 13 ਇਹ ਆਦੇਸ਼ ਸਮੁੰਦਰ ਦੇ ਪਰਲੇ ਪਾਸੇ ਵੀ ਨਹੀਂ ਤਾਂ ਜੋ ਅਸੀਂ ਆਖ ਸੱਕੀਏ, ‘ਇਸ ਨੂੰ ਸਾਡੇ ਤੱਕ ਲਿਆਉਣ ਲਈ ਕਿਹੜਾ ਸਮੁੰਦਰ ਪਾਰ ਜਾਵੇਗਾ ਤਾਂ ਜੋ ਅਸੀਂ ਇਸ ਨੂੰ ਸੁਣ ਸੱਕੀਏ ਅਤੇ ਅਮਲ ਕਰ ਸੱਕੀਏ।’ 14 ਨਹੀਂ, ਇਹ ਹੁਕਮ ਤਾਂ ਤੁਹਾਡੇ ਬਹੁਤ ਨਜ਼ਦੀਕ ਹੈ। ਇਹ ਤੁਹਾਡੇ ਮੂੰਹ ਵਿੱਚ ਅਤੇ ਤੁਹਾਡੇ ਦਿਲ ਵਿੱਚ ਹੈ। ਇਸ ਲਈ ਤੁਸੀਂ ਇਸ ਨੂੰ ਮੰਨ ਸੱਕਦੇ ਹੋ।
ਦਾਊਦ ਦਾ ਇੱਕ ਗੀਤ।
25 ਯਹੋਵਾਹ, ਮੈਂ ਤੈਨੂੰ ਆਪਣਾ-ਆਪ ਅਰਪਣ ਕਰਦਾ ਹਾਂ।
2 ਮੇਰੇ ਪਰਮੇਸ਼ੁਰ, ਮੈਂ ਤੇਰੇ ਵਿੱਚ ਯਕੀਨ ਰੱਖਦਾ ਹਾਂ,
ਮੈਂ ਆਸ ਰੱਖਦਾ ਹਾਂ ਕਿ ਮੈਂ ਕਦੀ ਵੀ ਨਿਰਾਸ਼ ਨਹੀਂ ਹੋਵਾਂਗਾ।
ਮੇਰੇ ਦੁਸ਼ਮਣ ਮੇਰੇ ਉੱਤੇ ਨਹੀਂ ਹੱਸਣਗੇ।
3 ਉਹ ਜੋ ਤੇਰੇ ਵਿੱਚ ਯਕੀਨ ਰੱਖਦਾ ਹੈ ਕਦੀ ਵੀ ਨਿਰਾਸ਼ ਨਹੀਂ ਹੋਵੇਗਾ।
ਪਰ ਗਦਾਰ ਨਾਉਮੀਦ ਹੋਣਗੇ
ਉਨ੍ਹਾਂ ਨੂੰ ਕੁਝ ਨਹੀਂ ਮਿਲੇਗਾ।
4 ਯਹੋਵਾਹ, ਤੁਹਾਡੇ ਰਾਹਾਂ ਤੇ ਤੁਰਨਾ ਸਿਖਣ ਵਿੱਚ ਮੇਰੀ ਮਦਦ ਕਰੋ।
ਮੈਨੂੰ ਆਪਣੇ ਤੌਰ ਤਰੀਕੇ ਸਿੱਖਾਉ।
5 ਮੇਰੀ ਅਗਵਾਈ ਕਰੋ ਅਤੇ ਆਪਣੇ ਸੱਚ ਨੂੰ ਸਿੱਖਾਉ।
ਤੁਸੀਂ ਮੇਰੇ ਪਰਮੇਸ਼ੁਰ, ਮੁਕਤੀਦਾਤਾ ਹੋ।
ਮੈਂ ਹਰ ਦਿਨ ਤੁਹਾਡੇ ਉੱਤੇ ਭਰੋਸਾ ਕਰਦਾ ਹਾਂ।
6 ਮੇਰੇ ਉੱਤੇ ਮਿਹਰਬਾਨ ਹੋਣਾ ਚੇਤੇ ਰੱਖੋ, ਯਹੋਵਾਹ।
ਮੇਰੇ ਲਈ ਆਪਣਾ ਕੋਮਲ ਪਿਆਰ ਦਰਸਾਉ ਜਿਹੜਾ ਸਦਾ ਤੋਂ ਤੁਹਾਡੇ ਕੋਲ ਹੈ।
7 ਮੇਰੇ ਉਨ੍ਹਾਂ ਗੁਨਾਹਾਂ ਤੇ ਮੰਦੀਆਂ ਗੱਲਾਂ ਨੂੰ ਚੇਤੇ ਨਾ ਕਰੋ ਜੋ ਮੈਂ ਉਸ ਵੇਲੇ ਕੀਤੀਆਂ ਸਨ ਜਦੋਂ ਮੈਂ ਜਵਾਨ ਸਾਂ।
ਆਪਣੇ ਸੁਭ ਨਾਮ ਸਦਕਾ, ਯਹੋਵਾਹ, ਮੈਨੂੰ ਪਿਆਰ ਨਾਲ ਚੇਤੇ ਕਰੋ।
8 ਯਹੋਵਾਹ ਸੱਚਮੁੱਚ ਸ਼ੁਭ ਹੈ।
ਉਹ ਪਾਪੀਆਂ ਨੂੰ ਜਿਉਣ ਦਾ ਸਹੀ ਤਰੀਕਾ ਸਿੱਖਾਉਂਦਾ ਹੈ।
9 ਉਹ ਖੁਦ ਨਿਰਪੱਖ ਹੋਕੇ ਨਿਮ੍ਰ ਲੋਕਾਂ ਨੂੰ
ਆਪਣਾ ਜੀਵਨ ਢੰਗ ਸਿੱਖਾਉਂਦਾ ਹੈ।
10 ਯਹੋਵਾਹ ਉਨ੍ਹਾਂ ਲੋਕਾਂ ਲਈ ਦਯਾਵਾਨ ਅਤੇ ਵਫ਼ਾਦਾਰ ਹੈ
ਜਿਹੜੇ ਉਸ ਦੇ ਵਾਦਿਆਂ, ਅਤੇ ਕਰਾਰਾਂ ਦਾ ਅਨੁਸਰਣ ਕਰਦੇ ਹਨ।
1 ਮਸੀਹ ਯਿਸੂ ਦੇ ਰਸੂਲ ਪੌਲੁਸ ਵੱਲੋਂ ਸ਼ੁਭਕਾਮਨਾਵਾਂ। ਮੈਂ ਇਸ ਲਈ ਪਰਮੇਸ਼ੁਰ ਦਾ ਰਸੂਲ ਹਾਂ ਕਿਉਂਕਿ ਇਹ ਪਰਮੇਸ਼ੁਰ ਦੀ ਰਜ਼ਾ ਸੀ। ਮਸੀਹ ਵਿੱਚ ਸਾਡੇ ਭਰਾ ਤਿਮੋਥਿਉਸ ਵੱਲੋਂ ਵੀ ਸ਼ੁਭਕਾਮਨਾਵਾਂ।
2 ਉਨ੍ਹਾਂ ਸਾਰੇ ਪਵਿੱਤਰ ਅਤੇ ਵਫ਼ਾਦਾਰ ਭਰਾਵਾਂ ਨੂੰ ਸ਼ੁਭਕਾਮਨਾਵਾਂ ਜਿਹੜੇ ਮਸੀਹ ਵਿੱਚ ਨਿਹਚਾ ਰੱਖਦੇ ਹਨ ਅਤੇ ਜਿਹੜੇ ਕੁਲੁੱਸੈ ਸ਼ਹਿਰ ਵਿੱਚ ਰਹਿੰਦੇ ਹਨ।
ਪਰਮੇਸ਼ੁਰ ਸਾਡੇ ਪਿਤਾ, ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ।
3 ਜਦੋਂ ਵੀ ਅਸੀਂ ਤੁਹਾਡੇ ਲਈ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦੇ ਹਾਂ, ਅਸੀਂ ਹਮੇਸ਼ਾ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਰਮੇਸ਼ੁਰ ਪਿਤਾ ਦਾ ਧੰਨਵਾਦ ਕਰਦੇ ਹਾਂ। 4 ਅਸੀਂ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਅਸੀਂ ਤੁਹਾਡੇ ਮਸੀਹ ਯਿਸੂ ਵਿੱਚ ਵਿਸ਼ਵਾਸ ਅਤੇ ਪਰਮੇਸ਼ੁਰ ਦੇ ਸਮੂਹ ਲੋਕਾਂ ਲਈ ਪ੍ਰੇਮ ਬਾਰੇ ਸੁਣਿਆ ਹੈ। 5 ਤੁਹਾਨੂੰ ਪਤਾ ਹੈ ਕਿ ਜਿਨ੍ਹਾਂ ਚੀਜ਼ਾਂ ਦੀ ਤੁਸੀਂ ਆਸ ਰੱਖਦੇ ਹੋ ਤੁਹਾਡੇ ਲਈ ਸਵਰਗ ਵਿੱਚ ਸੁਰੱਖਿਆਤ ਰੱਖੀਆਂ ਗਈਆਂ ਹਨ। ਤੁਸੀਂ ਉਸ ਆਸ ਬਾਰੇ ਉਦੋਂ ਸਿੱਖਿਆ ਜਦੋਂ ਤੁਸੀਂ ਸੱਚੇ ਉਪਦੇਸ਼, ਖੁਸ਼ਖਬਰੀ ਨੂੰ ਸੁਣਿਆ ਸੀ। 6 ਜਿਹੜੀ ਖੁਸ਼ਖਬਰੀ ਤੁਹਾਨੂੰ ਕਹੀ ਗਈ ਸੀ ਫ਼ਲ ਦੇ ਰਹੀ ਹੈ ਅਤੇ ਸਾਰੀ ਦੁਨੀਆਂ ਵਿੱਚ ਵੱਧ ਰਹੀ ਹੈ। ਹੁਣ ਤੱਕ ਤੁਹਾਡੇ ਨਾਲ ਵੀ ਉਹੀ ਗੱਲ ਵਾਪਰੀ ਜਿਸ ਸਮੇਂ ਤੋਂ ਤੁਸੀਂ ਖੁਸ਼ਖਬਰੀ ਸੁਣੀ ਅਤੇ ਪਰਮੇਸ਼ੁਰ ਦੀ ਕਿਰਪਾ ਬਾਰੇ ਸੱਚਮੁੱਚ ਸਮਝ ਗਏ। 7 ਤੁਸੀਂ ਪਰਮੇਸ਼ੁਰ ਦੀ ਕਿਰਪਾ ਬਾਰੇ ਸਾਡੇ ਸਾਥੀ ਸੇਵਕ ਇਪਫ਼੍ਰਾਸ ਤੋਂ ਸਿੱਖਿਆ। ਅਸੀਂ ਉਸ ਨੂੰ ਪਿਆਰ ਕਰਦੇ ਹਾਂ ਅਤੇ ਉਹ ਮਸੀਹ ਦਾ ਇੱਕ ਵਫ਼ਾਦਾਰ ਨੌਕਰ ਹੈ। 8 ਇਪਾਫ਼੍ਰਾਸ ਨੇ ਸਾਨੂੰ ਤੁਹਾਡੇ ਉਸ ਪ੍ਰੇਮ ਬਾਰੇ ਵੀ ਦੱਸਿਆ ਜਿਹੜਾ ਤੁਹਾਨੂੰ ਪਵਿੱਤਰ ਆਤਮਾ ਪਾਸੋਂ ਮਿਲਿਆ ਹੈ।
9 ਜਿਸ ਦਿਨ ਤੋਂ ਅਸੀਂ ਤੁਹਾਡੇ ਬਾਰੇ ਇਹ ਸਭ ਸੁਣਿਆ ਹੈ ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰਦੇ ਰਹੇ ਹਾਂ। ਅਸੀਂ ਤੁਹਾਡੇ ਲਈ ਇਨ੍ਹਾਂ ਗੱਲਾਂ ਦੀ ਪ੍ਰਾਰਥਨਾ ਕਰ ਰਹੇ ਹਾਂ:
ਤੁਹਾਨੂੰ ਉਸ ਬਾਰੇ ਪੂਰਾ ਗਿਆਨ ਹੋਵੇ ਜੋ ਪਰਮੇਸ਼ੁਰ ਚਾਹੁੰਦਾ ਹੈ; ਤੁਹਾਡੇ ਕੋਲ ਮਹਾਨ ਸਿਆਣਪ ਅਤੇ ਆਤਮਕ ਗੱਲਾਂ ਵਿੱਚ ਸਮਝਦਾਰੀ ਹੋਵੇ; 10 ਤੁਸੀਂ ਅਜਿਹੇ ਢੰਗ ਨਾਲ ਜੀਵੋ ਜੋ ਪ੍ਰਭੂ ਨੂੰ ਮਾਣ ਲਿਆਉਂਦਾ ਹੋਵੇ ਅਤੇ ਉਸ ਨੂੰ ਹਰ ਤਰ੍ਹਾਂ ਪ੍ਰਸੰਨ ਕਰਦਾ ਹੋਵੇ; ਤੁਸੀਂ ਸਭ ਤਰ੍ਹਾਂ ਦੇ ਚੰਗੇ ਕੰਮ ਕਰ ਸੱਕੋਂ ਅਤੇ ਪਰਮੇਸ਼ੁਰ ਦੇ ਪੂਰਨ ਗਿਆਨ ਵਿੱਚ ਵੱਧ ਸੱਕੋਂ; 11 ਪਰਮੇਸ਼ੁਰ ਤੁਹਾਨੂੰ ਆਪਣੀ ਮਹਾਨ ਸ਼ਕਤੀ ਨਾਲ ਬਲ ਬਖਸ਼ੇ ਤਾਂ ਜੋ ਤੁਸੀਂ ਵੱਡੇ ਸਬਰ ਨਾਲ ਸਾਰੀਆਂ ਤਕਲੀਫ਼ਾਂ ਨੂੰ ਝੱਲ ਸੱਕੋਂ।
ਫ਼ੇਰ ਅਨੰਦ ਨਾਲ, 12 ਤੁਸੀਂ ਪਿਤਾ ਦਾ ਧੰਨਵਾਦ ਕਰੋਂਗ਼ੇ। ਉਸ ਨੇ ਤੁਹਾਨੂੰ ਉਹ ਚੀਜ਼ਾਂ ਹਾਸਿਲ ਕਰਨ ਦੇ ਸਮਰਥ ਬਣਾਇਆ ਹੈ ਜਿਹੜੀਆਂ ਉਸ ਨੇ ਤੁਹਾਡੇ ਲਈ ਤਿਆਰ ਕੀਤੀਆਂ ਹਨ। ਉਸ ਨੇ ਇਹ ਸਭ ਚੀਜ਼ਾਂ ਆਪਣੇ ਉਨ੍ਹਾਂ ਲੋਕਾਂ ਲਈ ਤਿਆਰ ਕੀਤੀਆਂ ਹਨ ਜਿਹੜੇ ਰੌਸ਼ਨੀ ਵਿੱਚ ਰਹਿੰਦੇ ਹਨ। 13 ਪਰਮੇਸ਼ੁਰ ਨੇ ਸਾਨੂੰ ਉਸ ਸ਼ਕਤੀ ਤੋਂ ਮੁਕਤ ਕਰਾਇਆ ਜਿਹੜੀ ਹਨੇਰੇ ਤੇ ਸ਼ਾਸਨ ਕਰਦੀ ਹੈ। ਅਤੇ ਸਾਨੂੰ ਆਪਣੇ ਪਿਆਰੇ ਪੁੱਤਰ ਦੇ ਰਾਜ ਵਿੱਚ ਲਿਆਇਆ। 14 ਉਸ ਪੁੱਤਰ ਨੇ ਸਾਡੇ ਪਾਪਾਂ ਦਾ ਮੁੱਲ ਤਾਰਿਆ ਹੈ, ਉਸ ਵਿੱਚ ਅਸੀਂ ਆਪਣੇ ਪਾਪਾਂ ਤੋਂ ਬਖਸ਼ੇ ਗਏ ਹਾਂ।
ਨੇਕ ਸਾਮਰੀਆਂ ਬਾਰੇ ਦ੍ਰਿਸ਼ਟਾਂਤ
25 ਤਦ ਇੱਕ ਨੇਮ ਦਾ ਉਪਦੇਸ਼ਕ ਉੱਠ ਖਲੋਇਆ। ਉਹ ਯਿਸੂ ਨੂੰ ਪਰੱਖਣਾ ਚਾਹੁੰਦਾ ਸੀ ਤਾਂ ਉਸ ਨੇ ਕਿਹਾ, “ਗੁਰੂ ਜੀ! ਸਦੀਪਕ ਜੀਵਨ ਪਾਉਣ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ।”
26 ਯਿਸੂ ਨੇ ਆਖਿਆ, “ਨੇਮ ਵਿੱਚ ਕੀ ਲਿਖਿਆ ਹੋਇਆ ਹੈ? ਤੂੰ ਉਸ ਵਿੱਚ ਕੀ ਪੜ੍ਹਿਆ ਹੈ?”
27 ਉਸ ਨੇ ਜਵਾਬ ਦਿੱਤਾ, “‘ਪ੍ਰਭੂ ਆਪਣੇ ਪਰਮੇਸ਼ੁਰ ਨੂੰ ਪੂਰੇ ਦਿਲ ਨਾਲ, ਪੂਰੇ ਆਤਮਾ ਨਾਲ, ਆਪਣੀ ਪੂਰੀ ਤਾਕਤ ਨਾਲ ਅਤੇ ਆਪਣੇ ਪੂਰੇ ਦਿਮਾਗ ਨਾਲ ਪਿਆਰ ਕਰੋ।’ [a] ਅਤੇ, ‘ਆਪਣੇ ਗੁਆਂਢੀ ਨਾਲ ਵੀ ਇੰਝ ਪਿਆਰ ਕਰੋ ਜਿਵੇਂ ਤੁਸੀਂ ਆਪਣੇ-ਆਪ ਨੂੰ ਕਰਦੇ ਹੋ।’” [b]
28 ਯਿਸੂ ਨੇ ਉਸ ਨੂੰ ਆਖਿਆ, “ਤੂੰ ਬਿਲਕੁਲ ਦਰੁਸਤ ਜਵਾਬ ਦਿੱਤਾ ਹੈ, ਇਸ ਤੇ ਅਮਲ ਕਰੇਂ ਤਾਂ ਤੂੰ ਜਿਉਂਦਾ ਰਹੇਂਗਾ।”
29 ਉਹ ਆਦਮੀ ਦਰਸ਼ਾਉਣਾ ਚਾਹੁੰਦਾ ਸੀ ਕਿ ਉਹ ਸਵਾਲ ਪੁੱਛਣ ਵਿੱਚ ਸਹੀ ਸੀ, ਇਸ ਲਈ ਉਸ ਨੇ ਯਿਸੂ ਨੂੰ ਆਖਿਆ, “ਮੇਰਾ ਗੁਆਂਢੀ ਕੌਣ ਹੈ?”
30 ਇਸ ਗੱਲ ਦਾ ਜਵਾਬ ਦਿੰਦਿਆਂ ਯਿਸੂ ਨੇ ਕਿਹਾ, “ਇੱਕ ਆਦਮੀ ਯਰੂਸ਼ਲਮ ਤੋਂ ਯਰੀਹੋ ਵੱਲ ਨੂੰ ਜਾ ਰਿਹਾ ਸੀ। ਕੁਝ ਡਾਕੂਆਂ ਨੇ ਉਸ ਨੂੰ ਘੇਰ ਲਿਆ। ਉਨ੍ਹਾਂ ਨੇ ਉਸ ਦੇ ਕੱਪੜੇ ਪਾੜ ਦਿੱਤੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਉਸ ਨੂੰ ਅੱਧ ਮੋਇਆ ਛੱਡ ਕੇ ਚੱਲੇ ਗਏ।
31 “ਸੱਬਬ ਨਾਲ ਇੱਕ ਯਹੂਦੀ ਜਾਜਕ ਉਸ ਸੜਕ ਤੋਂ ਲੰਘ ਰਿਹਾ ਸੀ, ਜਿਸ ਵਕਤ ਉਸ ਜਾਜਕ ਨੇ ਉਸ ਅਧਮਰੇ ਮਨੁੱਖ ਨੂੰ ਸੜਕ ਤੇ ਪਿਆ ਵੇਖਿਆ ਤਾਂ ਉਹ ਉਸਦੀ ਮਦਦ ਕਰਨ ਲਈ ਰੁਕਿਆ ਨਹੀਂ ਸਗੋਂ ਅਗ੍ਹਾਂ, ਲੰਘ ਗਿਆ। 32 ਇੱਕ ਲੇਵੀ ਵੀ ਉਸ ਰਾਹ ਤੋਂ ਲੰਘ ਰਿਹਾ ਸੀ ਅਤੇ ਉਹ ਵੀ ਉਸ ਆਦਮੀ ਨੂੰ ਵੇਖਕੇ ਇੱਕ ਪਾਸੇ ਹੋਕੇ ਲੰਘ ਗਿਆ, ਉਹ ਵੀ ਉਸਦੀ ਮਦਦ ਲਈ ਨਹੀਂ ਰੁਕਿਆ।
33 “ਉਸ ਰਾਹ ਫ਼ਿਰ ਇੱਕ ਸਾਮਰੀ ਆਇਆ। ਉਹ ਉਸ ਜਗ੍ਹਾ ਪਹੁੰਚਿਆ ਜਿੱਥੇ ਉਹ ਅੱਧ ਮੋਇਆ ਮਨੁੱਖ ਬੇਹਾਲ ਪਿਆ ਸੀ। ਜਦੋਂ ਉਹ ਨੇੜੇ ਆਇਆ ਅਤੇ ਬੰਦੇ ਨੂੰ ਵੇਖਿਆ, ਅਤੇ ਉਸ ਉੱਤੇ ਤਰਸ ਖਾਧਾ। 34 ਉਹ ਉਸ ਦੇ ਨੇੜੇ ਆਇਆ ਅਤੇ ਜੈਤੂਨ ਦੇ ਤੇਲ ਅਤੇ ਮੈਅ ਨਾਲ ਉਸ ਦੇ ਜਖਮਾਂ ਤੇ ਪੱਟੀ ਕੀਤੀ। ਉਸ ਸਾਮਰੀ ਕੋਲ ਇੱਕ ਗਧਾ ਸੀ ਉਸ ਨੇ ਜਖਮੀ ਮਨੁੱਖ ਨੂੰ ਉਸ ਉੱਪਰ ਬਿਠਾਇਆ ਅਤੇ ਉਸ ਨੂੰ ਇੱਕ ਸਰ੍ਹਾਂ ਵਿੱਚ ਲੈ ਗਿਆ ਅਤੇ ਉੱਥੇ ਜਾਕੇ ਉਸਦੀ ਟਹਿਲ ਕੀਤੀ। 35 ਅਗਲੇ ਦਿਨ ਉਸ ਨੇ ਦੋ ਚਾਂਦੀ ਦੇ ਸਿੱਕੇ ਕੱਢੇ ਅਤੇ ਸਰ੍ਹਾਂ ਵਾਲੇ ਨੂੰ ਦਿੱਤੇ ਅਤੇ ਉਸ ਨੂੰ ਆਖਿਆ, ‘ਇਸ ਘਾਇਲ ਮਨੁੱਖ ਦੀ ਦੇਖਭਾਲ ਕਰੀ। ਜੇਕਰ ਤੂੰ ਇਸਤੋਂ ਵੱਧ ਪੈਸਾ ਇਸ ਮਨੁੱਖ ਉੱਪਰ ਖਰਚ ਕਰੇ ਤਾਂ ਜਦੋਂ ਮੈਂ ਇੱਥੇ ਦੋਬਾਰਾ ਵਾਪਸ ਆਵਾਂਗਾ ਤਾਂ ਤੈਨੂੰ ਮੋੜ ਦੇਵਾਂਗਾ।’”
36 ਮੈਨੂੰ ਦੱਸੋ, “ਇਨ੍ਹਾਂ ਤਿੰਨਾਂ ਆਦਮੀਆਂ ਵਿੱਚੋਂ ਕਿਸ ਆਦਮੀ ਨੇ ਉਸ ਬੰਦੇ ਨਾਲ ਗੁਆਂਢੀ ਹੋਣ ਦਾ ਸਬੂਤ ਦਿੱਤਾ ਜਿਸ ਉੱਤੇ ਡਾਕੂਆਂ ਨੇ ਹਮਲਾ ਕੀਤਾ ਸੀ?”
37 ਨੇਮ ਦੇ ਉਪਦੇਸ਼ਕ ਨੇ ਆਖਿਆ, “ਉਸ ਆਦਮੀ ਨੇ, ਜਿਸਨੇ ਉਸ ਉੱਪਰ ਰਹਿਮ ਦਰਸਾਇਆ।”
ਤਾਂ ਯਿਸੂ ਨੇ ਉਸ ਨੂੰ ਕਿਹਾ, “ਤਾਂ ਜਾ, ਤੂੰ ਵੀ ਜਾਕੇ ਇਵੇਂ ਹੀ ਕਰ।”
2010 by World Bible Translation Center