Revised Common Lectionary (Complementary)
ਦਾਊਦ ਦਾ ਇੱਕ ਗੀਤ।
25 ਯਹੋਵਾਹ, ਮੈਂ ਤੈਨੂੰ ਆਪਣਾ-ਆਪ ਅਰਪਣ ਕਰਦਾ ਹਾਂ।
2 ਮੇਰੇ ਪਰਮੇਸ਼ੁਰ, ਮੈਂ ਤੇਰੇ ਵਿੱਚ ਯਕੀਨ ਰੱਖਦਾ ਹਾਂ,
ਮੈਂ ਆਸ ਰੱਖਦਾ ਹਾਂ ਕਿ ਮੈਂ ਕਦੀ ਵੀ ਨਿਰਾਸ਼ ਨਹੀਂ ਹੋਵਾਂਗਾ।
ਮੇਰੇ ਦੁਸ਼ਮਣ ਮੇਰੇ ਉੱਤੇ ਨਹੀਂ ਹੱਸਣਗੇ।
3 ਉਹ ਜੋ ਤੇਰੇ ਵਿੱਚ ਯਕੀਨ ਰੱਖਦਾ ਹੈ ਕਦੀ ਵੀ ਨਿਰਾਸ਼ ਨਹੀਂ ਹੋਵੇਗਾ।
ਪਰ ਗਦਾਰ ਨਾਉਮੀਦ ਹੋਣਗੇ
ਉਨ੍ਹਾਂ ਨੂੰ ਕੁਝ ਨਹੀਂ ਮਿਲੇਗਾ।
4 ਯਹੋਵਾਹ, ਤੁਹਾਡੇ ਰਾਹਾਂ ਤੇ ਤੁਰਨਾ ਸਿਖਣ ਵਿੱਚ ਮੇਰੀ ਮਦਦ ਕਰੋ।
ਮੈਨੂੰ ਆਪਣੇ ਤੌਰ ਤਰੀਕੇ ਸਿੱਖਾਉ।
5 ਮੇਰੀ ਅਗਵਾਈ ਕਰੋ ਅਤੇ ਆਪਣੇ ਸੱਚ ਨੂੰ ਸਿੱਖਾਉ।
ਤੁਸੀਂ ਮੇਰੇ ਪਰਮੇਸ਼ੁਰ, ਮੁਕਤੀਦਾਤਾ ਹੋ।
ਮੈਂ ਹਰ ਦਿਨ ਤੁਹਾਡੇ ਉੱਤੇ ਭਰੋਸਾ ਕਰਦਾ ਹਾਂ।
6 ਮੇਰੇ ਉੱਤੇ ਮਿਹਰਬਾਨ ਹੋਣਾ ਚੇਤੇ ਰੱਖੋ, ਯਹੋਵਾਹ।
ਮੇਰੇ ਲਈ ਆਪਣਾ ਕੋਮਲ ਪਿਆਰ ਦਰਸਾਉ ਜਿਹੜਾ ਸਦਾ ਤੋਂ ਤੁਹਾਡੇ ਕੋਲ ਹੈ।
7 ਮੇਰੇ ਉਨ੍ਹਾਂ ਗੁਨਾਹਾਂ ਤੇ ਮੰਦੀਆਂ ਗੱਲਾਂ ਨੂੰ ਚੇਤੇ ਨਾ ਕਰੋ ਜੋ ਮੈਂ ਉਸ ਵੇਲੇ ਕੀਤੀਆਂ ਸਨ ਜਦੋਂ ਮੈਂ ਜਵਾਨ ਸਾਂ।
ਆਪਣੇ ਸੁਭ ਨਾਮ ਸਦਕਾ, ਯਹੋਵਾਹ, ਮੈਨੂੰ ਪਿਆਰ ਨਾਲ ਚੇਤੇ ਕਰੋ।
8 ਯਹੋਵਾਹ ਸੱਚਮੁੱਚ ਸ਼ੁਭ ਹੈ।
ਉਹ ਪਾਪੀਆਂ ਨੂੰ ਜਿਉਣ ਦਾ ਸਹੀ ਤਰੀਕਾ ਸਿੱਖਾਉਂਦਾ ਹੈ।
9 ਉਹ ਖੁਦ ਨਿਰਪੱਖ ਹੋਕੇ ਨਿਮ੍ਰ ਲੋਕਾਂ ਨੂੰ
ਆਪਣਾ ਜੀਵਨ ਢੰਗ ਸਿੱਖਾਉਂਦਾ ਹੈ।
10 ਯਹੋਵਾਹ ਉਨ੍ਹਾਂ ਲੋਕਾਂ ਲਈ ਦਯਾਵਾਨ ਅਤੇ ਵਫ਼ਾਦਾਰ ਹੈ
ਜਿਹੜੇ ਉਸ ਦੇ ਵਾਦਿਆਂ, ਅਤੇ ਕਰਾਰਾਂ ਦਾ ਅਨੁਸਰਣ ਕਰਦੇ ਹਨ।
37 ਫ਼ਿਰਊਨ ਨੂੰ ਇਹ ਵਿੱਚਾਰ ਬਹੁਤ ਚੰਗਾ ਲੱਗਿਆ ਅਤੇ ਉਸ ਦੇ ਸਾਰੇ ਅਧਿਕਾਰੀ ਵੀ ਮੰਨ ਗਏ। 38 ਫ਼ੇਰ ਫ਼ਿਰੂਨ ਨੇ ਉਨ੍ਹਾਂ ਨੂੰ ਆਖਿਆ, “ਮੇਰਾ ਖਿਆਲ ਹੈ ਕਿ ਅਸੀਂ ਇਸ ਕੰਮ ਲਈ ਯੂਸੁਫ਼ ਨਾਲੋਂ ਕੋਈ ਵੱਧੇਰੇ ਸਿਆਣਾ ਬੰਦਾ ਨਹੀਂ ਲੱਭ ਸੱਕਦੇ। ਪਰਮੇਸ਼ੁਰ ਦਾ ਆਤਮਾ ਉਸ ਦੇ ਅੰਦਰ ਹੈ ਜਿਹੜਾ ਉਸ ਨੂੰ ਬਹੁਤ ਸਿਆਣਾ ਬਣਾ ਰਿਹਾ ਹੈ।”
39 ਇਸ ਲਈ ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, “ਪਰਮੇਸ਼ੁਰ ਨੇ ਤੈਨੂੰ ਇਹ ਚੀਜ਼ਾਂ ਦਿਖਾਈਆਂ, ਇਸ ਲਈ ਤੂੰ ਹੀ ਸਭ ਤੋਂ ਸਿਆਣਾ ਬੰਦਾ ਹੋਵੇਂਗਾ। 40 ਮੈਂ ਤੈਨੂੰ ਆਪਣੇ ਦੇਸ਼ ਦਾ ਮੁਖਤਾਰ ਬਣਾ ਦਿਆਂਗਾ ਅਤੇ ਲੋਕ ਤੇਰੇ ਸਾਰੇ ਆਦੇਸ਼ ਮੰਨਣਗੇ। ਸਿਰਫ਼ ਮੈਂ ਹੀ ਉਹ ਬੰਦਾ ਹੋਵਾਂਗਾ ਜਿਹੜਾ ਤੇਰੇ ਨਾਲੋਂ ਵੱਧ ਤਾਕਤਵਰ ਹੋਵਾਂਗਾ।”
41 ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, “ਹੁਣ ਮੈਂ ਤੈਨੂੰ ਸਾਰੇ ਮਿਸਰ ਦਾ ਰਾਜਪਾਲ ਥਾਪਦਾ ਹਾਂ।” 42 ਫ਼ੇਰ ਫ਼ਿਰਊਨ ਨੇ ਆਪਣੀ ਖਾਸ ਮੁੰਦਰੀ ਯੂਸੁਫ਼ ਨੂੰ ਦਿੱਤੀ। ਇਸ ਮੁੰਦਰੀ ਉੱਤੇ ਸ਼ਾਹੀ ਮੁਹਰ ਸੀ। ਫ਼ਿਰਊਨ ਨੇ ਯੂਸੁਫ਼ ਨੂੰ ਇੱਕ ਲਿਨਨ ਦਾ ਚੋਲਾ ਵੀ ਦਿੱਤਾ ਅਤੇ ਉਸ ਦੇ ਗਲੇ ਦੁਆਲੇ ਸੁਨਿਹਰੀ ਹਾਰ ਵੀ ਪਾਇਆ। 43 ਫ਼ਿਰਊਨ ਨੇ ਯੂਸੁਫ਼ ਨੂੰ ਦੂਸਰੇ ਰੱਥ ਵਿੱਚ ਸਵਾਰ ਹੋਣ ਲਈ ਕਿਹਾ। ਯੂਸੁਫ਼ ਦੇ ਅੱਗੇ ਖਾਸ ਪਹਿਰੇਦਾਰ ਤੁਰੇ ਅਤੇ ਲੋਕਾਂ ਨੂੰ ਆਖਿਆ, “ਯੂਸੁਫ਼ ਦੇ ਅੱਗੇ ਝੁਕੋ।” ਇਸ ਲਈ ਉਹ ਸਾਰੇ ਮਿਸਰ ਦਾ ਰਾਜਪਾਲ ਬਣ ਗਿਆ।
44 ਫ਼ਿਰਊਨ ਨੇ ਉਸ ਨੂੰ ਆਖਿਆ, “ਮੈਂ ਫ਼ਿਰਊਨ ਹਾਂ, ਪਰ ਮਿਸਰ ਦਾ ਕੋਈ ਵੀ ਬੰਦਾ ਤੇਰੀ ਆਗਿਆ ਤੋਂ ਬਿਨਾ ਕੁਝ ਨਹੀਂ ਕਰ ਸੱਕਦਾ।” 45 ਫ਼ਿਰਊਨ ਨੇ ਯੂਸੁਫ਼ ਨੂੰ ਇੱਕ ਹੋਰ ਨਾਮ ਦਿੱਤਾ, ਸਾਫ਼ਨਥ ਪਾਨੇਆਹ। ਫ਼ਿਰਊਨ ਨੇ ਯੂਸੁਫ਼ ਨੂੰ ਇੱਕ ਪਤਨੀ ਵੀ ਦਿੱਤੀ ਜਿਸਦਾ ਨਾਮ ਸੀ ਆਸਨਥ। ਉਹ ਉਸ ਸ਼ਹਿਰ ਦੇ ਜਾਜਕ ਪੋਟੀਫ਼ਰ ਦੀ ਧੀ ਸੀ। ਇਸ ਤਰ੍ਹਾਂ ਯੂਸੁਫ਼ ਪੂਰੇ ਮਿਸਰ ਦੇਸ਼ ਦਾ ਰਾਜਪਾਲ ਬਣ ਗਿਆ।
46 ਜਦੋਂ ਯੂਸੁਫ਼ ਨੇ ਮਿਸਰ ਦੇਸ਼ ਦੇ ਰਾਜੇ ਦੀ ਸੇਵਾ ਸ਼ੁਰੂ ਕੀਤੀ ਉਹ 30 ਸਾਲਾਂ ਦਾ ਸੀ। ਯੂਸੁਫ਼ ਸਾਰੇ ਮਿਸਰ ਦੇਸ਼ ਵਿੱਚ ਘੁੰਮਿਆ। 47 ਸੱਤ ਚੰਗੇ ਵਰ੍ਹਿਆਂ ਦੌਰਾਨ ਮਿਸਰ ਵਿੱਚ ਫ਼ਸਲਾਂ ਬਹੁਤ ਚੰਗੀਆਂ ਹੋਈਆਂ। 48 ਅਤੇ ਯੂਸੁਫ਼ ਨੇ ਮਿਸਰ ਵਿੱਚ ਉਨ੍ਹਾਂ ਸੱਤਾਂ ਸਾਲਾਂ ਦੌਰਾਨ ਅਨਾਜ ਬਚਾਇਆ। ਯੂਸੁਫ਼ ਨੇ ਸ਼ਹਿਰਾਂ ਵਿੱਚ ਅਨਾਜ ਜਮ੍ਹਾਂ ਕਰ ਲਿਆ। ਹਰ ਸ਼ਹਿਰ ਵਿੱਚ ਯੂਸੁਫ਼ ਨੇ ਉਹ ਅਨਾਜ ਜਮ੍ਹਾਂ ਕਰ ਲਿਆ ਜਿਹੜੇ ਸ਼ਹਿਰ ਦੇ ਆਲੇ-ਦੁਆਲੇ ਦੇ ਖੇਤਾਂ ਵਿੱਚ ਪੈਦਾ ਹੁੰਦਾ ਸੀ। 49 ਯੂਸੁਫ਼ ਨੇ ਇੰਨਾ ਅਨਾਜ ਇਕੱਠਾ ਕੀਤਾ ਜਿੰਨੀ ਸਮੁੰਦਰ ਕਿਨਾਰੇ ਰੇਤ। ਉਸ ਨੇ ਇੰਨਾ ਜ਼ਿਆਦਾ ਅਨਾਜ ਜਮ੍ਹਾਂ ਕਰ ਲਿਆ ਕਿ ਉਸ ਨੂੰ ਮਾਪਣਾ ਔਖਾ ਸੀ।
9 “ਪਰ ਇਨ੍ਹਾਂ ਪੂਰਵਜ਼ਾਂ ਨੇ ਆਪਣੇ ਛੋਟੇ ਭਰਾ ਯੂਸੁਫ਼ ਨੂੰ ਈਰਖਾ ਕਾਰਣ ਮਿਸਰ ਦੇ ਲੋਕਾਂ ਕੋਲ ਇੱਕ ਦਾਸ ਵਾਂਗ ਵੇਚ ਦਿੱਤਾ। ਪਰ ਪਰਮੇਸ਼ੁਰ ਯੂਸੁਫ਼ ਦੇ ਨਾਲ ਸੀ। 10 ਯੂਸੁਫ਼ ਨੂੰ ਉੱਥੇ ਬੜੀਆਂ ਮੁਸੀਬਤਾਂ ਆਈਆਂ, ਪਰ ਪਰਮੇਸ਼ੁਰ ਨੇ ਉਸ ਨੂੰ ਉਨ੍ਹਾਂ ਸਭ ਮੁਸੀਬਤਾਂ ਤੋਂ ਬਚਾਇਆ। ਉਸ ਵਕਤ, ਫ਼ਿਰਊਨ ਮਿਸਰ ਤੇ ਰਾਜ ਕਰਦਾ ਸੀ। ਫ਼ਿਰਊਨ ਯੂਸੁਫ਼ ਦੀ ਉਸ ਸਿਆਣਪ ਕਾਰਣ, ਜੋ ਪਰਮੇਸ਼ੁਰ ਨੇ ਉਸ ਨੂੰ ਬਖਸ਼ੀ ਸੀ, ਉਸ ਦੀ ਇੱਜ਼ਤ ਕਰਦਾ ਸੀ। ਫ਼ਿਰਊਨ ਨੇ ਯੂਸੁਫ਼ ਨੂੰ ਮਿਸਰ ਦੇ ਰਾਜਪਾਲ ਦਾ ਅਹੁਦਾ ਦਿੱਤਾ ਅਤੇ ਆਪਣੇ ਮਹਿਲਾਂ ਦੀਆਂ ਸਾਰੀਆਂ ਚੀਜ਼ਾਂ ਦੀ ਜਿੰਮੇਵਾਰੀ ਦੇ ਦਿੱਤੀ। 11 ਪਰ ਫ਼ਿਰ ਸਾਰੇ ਮਿਸਰ ਅਤੇ ਕਨਾਨ ਵਿੱਚ ਕਾਲ ਪਿਆ, ਜ਼ਮੀਨ ਇੰਨੀ ਸੁੱਕ ਗਈ ਕਿ ਅਨਾਜ ਨਾ ਉੱਗ ਸੱਕਿਆ। ਨਤੀਜਾ, ਲੋਕਾਂ ਨੂੰ ਬਹੁਤ ਕਸ਼ਟ ਝੱਲਣੇ ਪਏ। ਸਾਡੇ ਪਿਉ-ਦਾਦਿਆਂ ਨੂੰ ਉੱਥੇ ਖਾਣ ਨੂੰ ਕੁਝ ਨਾ ਲੱਭਿਆ।
12 “ਪਰ ਯਾਕੂਬ ਨੇ ਸੁਣਿਆ ਕਿ ਮਿਸਰ ਵਿੱਚ ਅਨਾਜ ਇਕੱਠਾ ਕੀਤਾ ਗਿਆ ਹੈ। ਇਸ ਲਈ ਉਸ ਨੇ ਸਾਡੇ ਪਿਉ ਦਾਦਿਆਂ ਨੂੰ ਉੱਥੇ ਭੇਜਿਆ। ਮਿਸਰ ਨੂੰ ਇਹ ਉਨ੍ਹਾਂ ਦੀ ਪਹਿਲੀ ਯਾਤਰਾ ਸੀ। 13 ਤਦ ਫ਼ਿਰ ਉਹ ਉੱਥੇ ਦੂਜੀ ਵਾਰ ਫ਼ਿਰ ਗਏ। ਇਸ ਵਾਰ, ਯੂਸੁਫ਼ ਤੇ ਆਪਣੇ ਭਰਾਵਾਂ ਨੂੰ ਆਪਣਾ ਅਸਲੀ ਪਰੀਚੇ ਪ੍ਰਗਟਾਇਆ। ਤਾਂ ਫ਼ਿਰਊਨ ਨੂੰ ਯੂਸੁਫ਼ ਦੇ ਪਰਿਵਾਰ ਬਾਰੇ ਮਾਲੂਮ ਹੋ ਗਿਆ। 14 ਤਦ ਯੂਸੁਫ਼ ਨੇ ਕੁਝ ਆਦਮੀਆਂ ਨੂੰ ਆਪਣੇ ਪਿਉ ਯਾਕੂਬ ਨੂੰ ਅਤੇ ਰਿਸ਼ਤੇਦਾਰਾਂ ਨੂੰ, ਮਿਸਰ ਵਿੱਚ ਨਿਉਂਤਾ ਦੇਣ ਲਈ ਭੇਜਿਆ ਜੋ ਕਿ ਗਿਣਤੀ ਵਿੱਚ ਕੁੱਲ ਪੰਝੱਤਰ ਜੀਅ ਸਨ। 15 ਤਦ ਯਾਕੂਬ ਮਿਸਰ ਨੂੰ ਗਿਆ। ਯਾਕੂਬ ਅਤੇ ਸਾਡੇ ਦਾਦੇ-ਪੜਦਾਦੇ ਫ਼ਿਰ ਮਰਨ ਤੱਕ ਉੱਥੇ ਹੀ ਰਹੇ। 16 ਬਾਅਦ ਵਿੱਚ, ਉਨ੍ਹਾਂ ਦੇ ਸਰੀਰ ਸ਼ਕਮ ਨੂੰ ਲਿਜਾਏ ਗਏ ਅਤੇ ਕਬਰ ਵਿੱਚ ਪਾ ਦਿੱਤੇ ਗਏ। ਇਹ ਉਹੀ ਕਬਰ ਸੀ ਜਿਹੜੀਆਂ ਅਬਰਾਹਾਮ ਨੇ ਸ਼ਕਮ ਵਿੱਚ ਹਮੋਰ ਦੇ ਪੁੱਤਰਾਂ ਤੋਂ ਚਾਂਦੀ ਦੇਕੇ ਮੁਲ ਖਰੀਦੀ ਸੀ।
2010 by World Bible Translation Center