Revised Common Lectionary (Complementary)
ਯੋਧ
73 ਯਹੋਵਾਹ, ਤੁਸੀਂ ਮੈਨੂੰ ਸਾਜਿਆ ਅਤੇ ਤੁਸੀਂ ਮੈਨੂੰ ਆਪਣੇ ਹਥਾ ਨਾਲ ਆਸਰਾ ਦਿੰਦੇ ਹੋ।
ਆਪਣੇ ਆਦੇਸ਼ਾ ਨੂੰ ਸਿੱਖਣ ਤੇ ਸਮਝਣ ਵਿੱਚ ਮੇਰੀ ਮਦਦ ਕਰੋ।
74 ਯਹੋਵਾਹ, ਤੁਹਾਡੇ ਅਨੁਯਾਈ ਮੈਨੂੰ ਵੇਖਦੇ ਹਨ ਅਤੇ ਮੇਰਾ ਆਦਰ ਕਰਦੇ ਹਨ।
ਉਹ ਖੁਸ਼ ਹਨ ਕਿਉਂਕਿ ਮੈਂ ਤੁਹਾਡੇ ਉੱਤੇ ਵਿਸ਼ਵਾਸ ਕਰਦਾ ਹਾਂ।
75 ਹੇ ਯਹੋਵਾਹ, ਮੈਂ ਜਾਣਦਾ ਹਾਂ ਕਿ ਤੁਹਾਡੇ ਫ਼ੈਸਲੇ ਨਿਆਂਈ ਹਨ
ਅਤੇ ਮੈਨੂੰ ਤਸੀਹੇ ਦੇਣ ਵਿੱਚ ਤੁਸੀਂ ਸਹੀ ਸੀ।
76 ਹੁਣ, ਮੈਨੂੰ ਆਪਣੇ ਸੱਚੇ ਪਿਆਰ ਨਾਲ ਸੁਕੂਨ ਪਹੁੰਚਾ।
ਮੈਨੂੰ ਸੁਕੂਨ ਪਹੁੰਚਾਉ ਜਿਵੇਂ ਤੁਸੀਂ ਵਾਅਦਾ ਕੀਤਾ ਸੀ।
77 ਯਹੋਵਾਹ, ਮੈਨੂੰ ਸੱਕੂਨ ਪਹੁੰਚਾਉ ਅਤੇ ਮੈਨੂੰ ਜਿਉਣ ਦਿਉ।
ਮੈਂ ਸੱਚਮੁੱਚ ਤੁਹਾਡੇ ਉਪਦੇਸ਼ਾਂ ਵਿੱਚ ਆਨੰਦ ਮਾਣਦਾ ਹਾਂ।
78 ਉਨ੍ਹਾਂ ਲੋਕਾਂ, ਜੋ ਆਪਣੇ-ਆਪ ਨੂੰ ਮੇਰੇ ਨਾਲੋਂ ਬਿਹਤਰ ਸਮਝਦੇ ਹਨ, ਮੇਰੇ ਬਾਰੇ ਝੂਠ ਬੋਲਿਆ।
ਮੈਨੂੰ ਆਸ ਹੈ ਕਿ ਉਹ ਲੋਕ ਸ਼ਰਮਸਾਰ ਹਨ। ਯਹੋਵਾਹ, ਮੈਂ ਤੁਹਾਡੇ ਨੇਮਾਂ ਦਾ ਅਧਿਐਨ ਕਰਦਾ ਹਾਂ।
79 ਮੈਨੂੰ ਆਸ ਹੈ ਕਿ ਤੁਹਾਡੇ ਅਨੁਯਾਈ ਵਾਪਸ ਮੇਰੇ ਕੋਲ ਆਵਣਗੇ,
ਤਾਂ ਜੋ ਉਹ ਤੁਹਾਡੇ ਕਰਾਰ ਬਾਰੇ ਜਾਣ ਸੱਕਣ।
80 ਯਹੋਵਾਹ, ਮੈਨੂੰ ਪੂਰੀ ਤਰ੍ਹਾਂ ਤੁਹਾਡੇ ਆਦੇਸ਼ ਮੰਨਣ ਦਿਉ।
ਤਾਂ ਜੋ ਮੈਂ ਸ਼ਰਮਸਾਰ ਨਾ ਹੋਵਾਂ।
ਯਹੋਸ਼ੁਆ ਲੋਕਾਂ ਨੂੰ ਹੌਂਸਲਾ ਦਿੰਦਾ ਹੈ
23 ਯਹੋਵਾਹ ਨੇ ਇਸਰਾਏਲ ਨੂੰ ਉਨ੍ਹਾਂ ਦੇ ਆਲੇ-ਦੁਆਲੇ ਦੇ ਦੁਸ਼ਮਣਾਂ ਤੋਂ ਸ਼ਾਂਤੀ ਪ੍ਰਦਾਨ ਕੀਤੀ। ਯਹੋਵਾਹ ਨੇ ਇਸਰਾਏਲ ਨੂੰ ਸੁਰੱਖਿਅਤ ਬਣਾਇਆ। ਬਹੁਤ ਵਰ੍ਹੇ ਗੁਜ਼ਰ ਗਏ, ਅਤੇ ਯਹੋਸ਼ੁਆ ਬਹੁਤ ਬਿਰਧ ਹੋ ਗਿਆ। 2 ਇਸ ਵੇਲੇ ਯਹੋਸ਼ੁਆ ਨੇ ਸਾਰੇ ਪੁਰਾਣੇ ਆਗੂਆਂ, ਪਰਿਵਾਰਾਂ ਦੇ ਮੁਖੀਆਂ, ਜੱਜਾਂ ਅਤੇ ਇਸਰਾਏਲ ਦੇ ਲੋਕਾਂ ਦੇ ਅਧਿਕਾਰੀਆਂ ਦੀ ਇਕੱਤ੍ਰਤਾ ਸੱਦੀ। ਯਹੋਸ਼ੁਆ ਨੇ ਆਖਿਆ, “ਮੈਂ ਬਹੁਤ ਬਿਰਧ ਹੋ ਗਿਆ ਹਾਂ। 3 ਤੁਸੀਂ ਉਹ ਗੱਲਾਂ ਦੇਖੀਆਂ ਹਨ ਜਿਹੜੀਆਂ ਯਹੋਵਾਹ ਨੇ ਸਾਡੇ ਦੁਸ਼ਮਣਾ ਨਾਲ ਕੀਤੀਆਂ ਸਨ। ਉਸ ਨੇ ਅਜਿਹਾ ਸਾਡੀ ਸਹਾਇਤਾ ਕਰਨ ਲਈ ਕੀਤਾ। ਪਰਮੇਸ਼ੁਰ ਤੁਹਾਡਾ ਯਹੋਵਾਹ ਤੁਹਾਡੇ ਲਈ ਲੜਿਆ। 4 ਯਾਦ ਕਰੋ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਤੁਹਾਡੇ ਲੋਕ ਯਰਦਨ ਨਦੀ ਅਤੇ ਵੱਡੇ ਸਾਗਰ ਵਿੱਚਲੀ ਧਰਤੀ ਲੈ ਸੱਕਦੇ ਹਨ। ਮੈਂ ਤੁਹਾਨੂੰ ਉਹ ਧਰਤੀ ਦੇਣ ਦਾ ਇਕਰਾਰ ਕੀਤਾ ਸੀ ਪਰ ਤੁਸੀਂ ਹਾਲੇ ਇਸ ਉੱਤੇ ਅਧਿਕਾਰ ਨਹੀਂ ਰੱਖਦੇ। 5 ਪਰ ਯਹੋਵਾਹ ਤੁਹਾਡਾ ਪਰਮੇਸ਼ੁਰ ਉੱਥੇ ਰਹਿਣ ਵਾਲੇ ਬੰਦਿਆਂ ਨੂੰ ਉਹ ਥਾਂ ਛੱਡਣ ਲਈ ਮਜ਼ਬੂਰ ਕਰ ਦੇਵੇਗਾ। ਤੁਸੀਂ ਉਹ ਧਰਤੀ ਹਾਸਿਲ ਕਰ ਲਵੋਂਗੇ। ਯਹੋਵਾਹ ਉੱਥੇ ਰਹਿਣ ਵਾਲਿਆਂ ਨੂੰ ਜਾਣ ਲਈ ਮਜ਼ਬੂਰ ਕਰ ਦੇਵੇਗਾ। ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਲਈ ਅਜਿਹਾ ਕਰਨ ਦਾ ਇਕਰਾਰ ਕੀਤਾ ਸੀ।
6 “ਤੁਹਾਨੂੰ ਆਪਣੇ ਫ਼ੈਸਲੇ ਨੂੰ ਮਜ਼ਬੂਤ ਕਰਨਾ ਚਾਹੀਦਾ ਅਤੇ ਉਹ ਸਭ ਕੁਝ ਮੰਨਣਾ ਅਤੇ ਕਰਨਾ ਚਾਹੀਦਾ ਜੋ ਮੂਸਾ ਦੀ ਬਿਵਸਥਾ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ। ਉਸ ਬਿਧੀ ਤੋਂ ਸੱਜੇ ਜਾਂ ਖੱਬੇ ਨਾ ਮੁੜੋ। 7 ਹਾਲੇ ਵੀ ਸਾਡੇ ਦਰਮਿਆਨ ਰਹਿਣ ਵਾਲੇ ਕੁਝ ਲੋਕ ਅਜਿਹੇ ਹਨ ਜਿਹੜੇ ਇਸਰਾਏਲ ਦੇ ਲੋਕ ਨਹੀਂ ਹਨ। ਉਹ ਲੋਕ ਆਪਣੇ ਦੇਵਤਿਆਂ ਦੀ ਉਪਾਸਨਾ ਕਰਦੇ ਹਨ। ਉਨ੍ਹਾਂ ਲੋਕਾਂ ਨਾਲ ਦੋਸਤੀ ਨਾ ਕਰੋ। ਉਨ੍ਹਾਂ ਦੇ ਦੇਵਤਿਆਂ ਦੀ ਸੇਵਾ ਜਾਂ ਉਪਾਸਨਾ ਨਾ ਕਰੋ। ਉਨ੍ਹਾਂ ਦੇ ਨਾਮ ਵੀ ਨਾ ਉਚਾਰੋ ਅਤੇ ਉਨ੍ਹਾਂ ਦੇ ਨਾਵਾਂ ਦੀ ਸੌਂਹ ਨਾ ਖਾਵੋ ਅਤੇ ਉਨ੍ਹਾਂ ਦੀ ਉਪਾਸਨਾ ਜਾਂ ਉਨ੍ਹਾਂ ਦੇ ਅੱਗੇ ਨਾ ਝੁਕੋ। 8 ਤੁਹਾਨੂੰ ਯਹੋਵਾਹ ਆਪਣੇ ਪਰਮੇਸ਼ੁਰ ਦੇ ਪਿੱਛੇ ਲੱਗੇ ਰਹਿਣਾ ਚਾਹੀਦਾ ਹੈ। ਤੁਸੀਂ ਅਤੀਤ ਵਿੱਚ ਅਜਿਹਾ ਕੀਤਾ ਸੀ ਅਤੇ ਤੁਹਾਨੂੰ ਚਾਹੀਦਾ ਹੈ ਕਿ ਅਜਿਹਾ ਹੀ ਕਰਦੇ ਰਹੋ।
9 “ਯਹੋਵਾਹ ਨੇ ਬਹੁਤ ਸਾਰੀਆਂ ਮਹਾਨ ਅਤੇ ਤਾਕਤਵਰ ਕੌਮਾਂ ਨੂੰ ਹਰਾਉਣ ਵਿੱਚ ਤੁਹਾਡੀ ਸਹਾਇਤਾ ਕੀਤੀ ਸੀ, ਯਹੋਵਾਹ ਨੇ ਉਨ੍ਹਾਂ ਲੋਕਾਂ ਨੂੰ ਜਾਣ ਲਈ ਮਜ਼ਬੂਰ ਕਰ ਦਿੱਤਾ ਸੀ। ਕੋਈ ਵੀ ਕੌਮ ਤੁਹਾਨੂੰ ਹਰਾ ਨਹੀਂ ਸੱਕੀ। 10 ਯਹੋਵਾਹ ਦੀ ਸਹਾਇਤਾ ਨਾਲ ਇਸਰਾਏਲ ਦਾ ਇੱਕ ਆਦਮੀ ਦੁਸ਼ਮਣ ਦੇ 1,000 ਆਦਮੀਆਂ ਨੂੰ ਹਰਾ ਸੱਕਦਾ ਸੀ। ਕਿਉਂਕਿ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਲਈ ਲੜਦਾ ਹੈ। ਯਹੋਵਾਹ ਨੇ ਅਜਿਹਾ ਕਰਨ ਦਾ ਇਕਰਾਰ ਕੀਤਾ ਸੀ। 11 ਇਸ ਲਈ ਤੁਹਾਨੂੰ ਚਾਹੀਦਾ ਹੈ ਕਿ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਪਿਆਰ ਕਰਦੇ ਰਹੋ।
12 “ਯਹੋਵਾਹ ਦੇ ਪਿੱਛੇ ਲੱਗਣ ਤੋਂ ਨਾ ਹਟੋ। ਉਨ੍ਹਾਂ ਹੋਰਨਾ ਲੋਕਾਂ ਨਾਲ ਮਿੱਤਰਤਾ ਨਾ ਕਰੋ ਜਿਹੜੇ ਇਸਰਾਏਲ ਦਾ ਅੰਗ ਨਹੀਂ ਹਨ। ਉਨ੍ਹਾਂ ਦੇ ਕਿਸੇ ਬੰਦੇ ਨਾਲ ਵਿਆਹ ਨਾ ਰਚਾਉ। ਪਰ ਜੇ ਤੁਸੀਂ ਇਨ੍ਹਾਂ ਲੋਕਾਂ ਦੇ ਮਿੱਤਰ ਬਣੋਂਗੇ। 13 ਤਾਂ ਯਹੋਵਾਹ ਤੁਹਾਡਾ ਪਰਮੇਸ਼ੁਰ ਦੁਸ਼ਮਣਾ ਨੂੰ ਹਰਾਉਣ ਵਿੱਚ ਤੁਹਾਡੀ ਸਹਾਇਤਾ ਨਹੀਂ ਕਰੇਗਾ। ਇਹ ਲੋਕ ਤੁਹਾਡੇ ਲਈ ਇੱਕ ਕੁੜਿਕੀ ਵਰਗੇ ਬਣ ਜਾਣਗੇ। ਉਹ ਤੁਹਾਡੇ ਲਈ ਦੁੱਖ ਦਾ ਕਾਰਣ ਬਣਨਗੇ-ਜਿਵੇਂ ਤੁਹਾਡੀਆਂ ਅੱਖਾਂ ਵਿੱਚ ਧੂੰਆਂ ਅਤੇ ਘੱਟਾ ਪੈ ਜਾਂਦਾ ਹੈ। ਅਤੇ ਤੁਹਾਨੂੰ ਇਹ ਚੰਗੀ ਧਰਤੀ ਛੱਡਣ ਲਈ ਮਜ਼ਬੂਰ ਹੋਣਾ ਪਵੇਗਾ। ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਇਹ ਧਰਤੀ ਦਿੱਤੀ ਸੀ। ਪਰ ਜੇ ਤੁਸੀਂ ਇਹ ਆਦੇਸ਼ ਨਹੀਂ ਮੰਨੋਗੇ ਤਾਂ ਤੁਸੀਂ ਇਸ ਨੂੰ ਗਵਾ ਸੱਕਦੇ ਹੋ।
14 “ਮੇਰੀ ਮੌਤ ਦਾ ਸਮਾਂ ਹੁਣ ਕਰੀਬ-ਕਰੀਬ ਆ ਗਿਆ ਹੈ। ਤੁਸੀਂ ਜਾਣਦੇ ਹੋ ਕ ਅਤੇ ਸੱਚਮੁੱਚ ਯਕੀਨ ਕਰਦੇ ਹੋ ਕਿ ਯਹੋਵਾਹ ਨੇ ਤੁਹਾਡੇ ਲਈ ਬਹੁਤ ਸਾਰੀਆਂ ਮਹਾਨ ਗੱਲਾਂ ਕੀਤੀਆਂ ਹਨ। ਤੁਸੀਂ ਜਾਣਦੇ ਹੋ ਕਿ ਉਹ ਆਪਣੇ ਕਿਸੇ ਇਕਰਾਰ ਨੂੰ ਪੂਰਾ ਕਰਨ ਵਿੱਚ ਅਸਫ਼ਲ ਨਹੀਂ ਹੋਇਆ। ਯਹੋਵਾਹ ਨੇ ਉਹ ਹਰ ਇਕਰਾਰ ਪੂਰਾ ਕੀਤਾ ਹੈ ਜੋ ਉਸ ਨੇ ਸਾਡੇ ਨਾਲ ਕੀਤਾ ਹੈ। 15 ਹਰ ਨੇਕ ਇਕਰਾਰ ਜਿਹੜਾ ਤੁਹਾਡੇ ਯਹੋਵਾਹ ਪਰਮੇਸ਼ੁਰ ਨੇ ਸਾਡੇ ਨਾਲ ਕੀਤਾ ਸੱਚਾ ਸਿੱਧ ਹੋਇਆ ਹੈ। ਪਰ ਉਸੇ ਤਰ੍ਹਾਂ ਯਹੋਵਾਹ ਆਪਣੇ ਦੂਸਰੇ ਇਕਰਾਰ ਨੂੰ ਵੀ ਪੂਰਾ ਕਰਕੇ ਦਿਖਾਵੇਗਾ। ਉਸ ਨੇ ਇਕਰਾਰ ਕੀਤਾ ਸੀ ਕਿ ਜੇ ਤੁਸੀਂ ਮੰਦਾ ਕਰੋਂਗੇ ਤਾਂ ਤੁਹਾਡੇ ਨਾਲ ਮੰਦੀਆਂ ਗੱਲਾਂ ਵਾਪਰਨਗੀਆਂ, ਉਸ ਨੇ ਇਕਰਾਰ ਕੀਤਾ ਸੀ ਕਿ ਉਹ ਤੁਹਾਨੂੰ ਇਸ ਚੰਗੀ ਧਰਤੀ ਵਿੱਚੋਂ ਨਿਕਲ ਜਾਣ ਲਈ ਮਜ਼ਬੂਰ ਕਰ ਦੇਵੇਗਾ ਜਿਹੜੀ ਉਸ ਨੇ ਤੁਹਾਨੂੰ ਦਿੱਤੀ ਸੀ। 16 ਅਜਿਹਾ ਹੀ ਵਾਪਰੇਗਾ ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਕੀਤੇ ਇਕਰਾਰਨਾਮੇ ਨੂੰ ਪੂਰਾ ਕਰਨ ਤੋਂ ਇਨਕਾਰ ਕਰ ਦਿਉਂਗੇ। ਜੇ ਤੁਸੀਂ ਜਾਕੇ ਹੋਰਨਾ ਦੇਵਤਿਆਂ ਦੀ ਸੇਵਾ ਕਰੋਂਗੇ ਤਾਂ ਇਹ ਧਰਤੀ ਗਵਾ ਬੈਠੋਂਗੇ। ਤੁਹਾਨੂੰ ਉਨ੍ਹਾਂ ਹੋਰਨਾ ਦੇਵਤਿਆਂ ਦੀ ਉਪਾਸਨਾ ਬਿਲਕੁਲ ਨਹੀਂ ਕਰਨੀ ਚਾਹੀਦੀ। ਜੇ ਤੁਸੀਂ ਅਜਿਹਾ ਕਰੋਂਗੇ, ਤਾਂ ਯਹੋਵਾਹ ਤੁਹਾਡੇ ਨਾਲ ਬਹੁਤ ਨਾਰਾਜ਼ ਹੋ ਜਾਵੇਗਾ। ਫ਼ੇਰ ਤੁਹਾਨੂੰ ਛੇਤੀ ਹੀ ਇਹ ਚੰਗੀ ਧਰਤੀ ਛੱਡਣ ਲਈ ਮਜ਼ਬੂਰ ਹੋਣਾ ਪਵੇਗਾ ਜਿਹੜੀ ਉਸ ਨੇ ਤੁਹਾਨੂੰ ਦਿੱਤੀ ਸੀ।”
ਯਿਸੂ ਵੱਲੋਂ ਨਿਹਚਾਹੀਣਾ ਨੂੰ ਚੌਕਸੀ(A)
13 “ਖੁਰਾਜ਼ੀਨ ਤੇਰੇ ਤੇ ਲਾਹਨਤ, ਬੈਤਸੈਦਾ ਤੇਰੇ ਤੇ ਲਾਹਨਤ। ਮੈਂ ਤੁਹਾਡੇ ਦਰਮਿਆਨ ਬਹੁਤ ਸਾਰੇ ਕਰਿਸ਼ਮੇ ਕੀਤੇ। ਜੇ ਮੈਂ ਉਹ ਕਰਿਸ਼ਮੇ ਸੂਰ ਅਤੇ ਸੈਦਾ ਵਿੱਚ ਕੀਤੇ ਹੁੰਦੇ ਤਾਂ ਉਨ੍ਹਾਂ ਨੇ ਕਦੋਂ ਦੇ ਆਪਣੇ ਜੀਵਨ ਬਦਲ ਲਏ ਹੁੰਦੇ। ਅਤੇ ਤੱਪੜ ਪਹਿਨ ਕੇ ਆਪਣੇ ਉੱਪਰ ਸੁਆਹ ਮਲ ਲੈਂਦੇ ਇਹ ਦਰਸ਼ਾਉਣ ਲਈ ਕਿ ਉਹ ਆਪਣੇ ਪਾਪਾਂ ਲਈ ਮਾਫ਼ੀ ਮੰਗਦੇ ਹਨ। 14 ਪਰ ਨਿਆਂ ਦੇ ਦਿਨ ਸੂਰ ਅਤੇ ਸੈਦਾ ਕੋਲੋਂ ਤੁਹਾਡਾ ਹਸ਼ਰ ਵੱਧ ਮਾੜਾ ਹੋਵੇਗਾ। 15 ਅਤੇ ਤੂੰ ਕਫ਼ਰਨਾਹੂਮ! ਕੀ ਤੂੰ ਸੋਚਦਾ ਹੈਂ ਕਿ ਤੂੰ ਸੁਰਗਾਂ ਤੱਕ ਉੱਚਾ ਚੁੱਕਿਆ ਜਾਵੇਗਾ? ਨਹੀਂ! ਤੂੰ ਮੌਤ ਦੀ ਥਾਵੇਂ ਥੱਲੇ ਸੁੱਟਿਆ ਜਾਵੇਂਗਾ।
16 “ਜੇਕਰ ਕੋਈ ਮਨੁੱਖ ਤੁਹਡੀ ਸੁਣਦਾ ਹੈ ਤਾਂ ਜਾਣੋ ਉਹ ਮੈਨੂੰ ਹੀ ਸੁਣਦਾ ਹੈ। ਪਰ ਜੇਕਰ ਕੋਈ ਤੁਹਾਨੂੰ ਮੰਨਣ ਤੋਂ ਇਨਕਾਰ ਕਰਦਾ ਹੈ ਤਾਂ ਉਹ ਮੇਰੇ ਤੋਂ ਵੀ ਇਨਕਾਰੀ ਹੁੰਦਾ ਹੈ। ਅਤੇ ਉਹ ਜੋ ਮੈਨੂੰ ਨਾਮੰਜ਼ੂਰ ਕਰਦਾ ਹੈ ਉਸ ਨੂੰ ਨਾਮੰਜ਼ੂਰ ਕਰਦਾ ਹੈ ਜਿਸਨੇ ਮੈਨੂੰ ਭੇਜਿਆ ਹੈ।”
2010 by World Bible Translation Center