Revised Common Lectionary (Complementary)
ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ।
64 ਹੇ ਪਰਮੇਸ਼ੁਰ, ਮੇਰੀ ਗੱਲ ਸੁਣੋ।
ਮੇਰੇ ਵੈਰੀਆਂ ਨੇ ਮੈਨੂੰ ਧਮਕਾਇਆ ਹੈ। ਉਨ੍ਹਾਂ ਕੋਲੋਂ ਮੇਰੀ ਜ਼ਿੰਦਗੀ ਨੂੰ ਬਚਾਉ।
2 ਮੈਨੂੰ ਮੇਰੇ ਵੈਰੀਆਂ ਦੇ ਗੁਪਤ ਛੜਯਂਤਰਾਂ ਤੋਂ ਬਚਾਵੋ।
ਮੈਨੂੰ ਉਨ੍ਹਾਂ ਬਦਕਾਰ ਲੋਕਾਂ ਕੋਲੋਂ ਛੁਪਾ ਲਵੋ।
3 ਉਨ੍ਹਾਂ ਨੇ ਮੇਰੇ ਬਾਰੇ ਬਹੁਤ ਝੂਠ ਬੋਲੇ ਹਨ।
ਉਨ੍ਹਾਂ ਦੀਆਂ ਜੀਭਾਂ ਤੇਜ਼ ਤਲਵਾਰ ਜਿਹੀਆਂ ਹਨ, ਉਨ੍ਹਾਂ ਦੇ ਕੌੜੇ ਸ਼ਬਦ ਤੀਰਾਂ ਵਰਗੇ ਹਨ।
4 ਫ਼ੇਰ ਅਚਾਨਕ ਉਹ ਨਿਡਰ ਹੋਕੇ ਆਪਣੇ ਟਿਕਾਣਿਆ ਵਿੱਚੋਂ
ਸਿੱਧੇ ਸਾਦੇ ਇਮਾਨਦਾਰ ਬੰਦਿਆਂ ਨੂੰ ਤੀਰ ਮਾਰਦੇ ਹਨ।
5 ਉਹ ਇੱਕ ਦੂਜੇ ਨੂੰ ਬੁਰਾ ਕਰਨ ਲਈ ਉਕਸਾਉਂਦੇ ਹਨ।
ਉਹ ਆਪਣੇ ਫ਼ੰਦਿਆਂ ਨੂੰ ਵਿਛਾਉਣ ਬਾਰੇ ਗੱਲਾਂ ਕਰਦੇ ਹਨ।
ਉਹ ਇੱਕ ਦੂਜੇ ਨੂੰ ਦੱਸਦੇ ਹਨ, “ਕੋਈ ਵੀ ਫ਼ੰਦਿਆਂ ਨੂੰ ਵੇਖਣ ਦੇ ਸਮਰਥ ਨਹੀਂ ਹੋਵੇਗਾ।
6 ਉਨ੍ਹਾਂ ਨੇ ਆਪਣੇ ਫ਼ੰਦੇ ਛੁਪਾਏ ਹੋਏ ਹਨ,
ਉਹ ਆਪਣੇ ਸ਼ਿਕਾਰ ਨੂੰ ਲੱਭ ਰਹੇ ਹਨ।”
ਲੋਕ ਬਹੁਤ ਚਾਲਬਾਜ਼ ਹੋ ਸੱਕਦੇ ਹਨ,
ਇਹ ਜਾਨਣਾ ਬਹੁਤ ਮੁਸ਼ਕਿਲ ਹੈ ਕਿ ਉਹ ਕਿਸ ਬਾਰੇ ਸੋਚ ਰਹੇ ਹਨ।
7 ਪਰ ਪਰਮੇਸ਼ੁਰ ਵੀ ਆਪਣੇ ਤੀਰ ਚੱਲਾ ਸੱਕਦਾ ਹੈ।
ਅਤੇ ਇਸਤੋਂ ਪਹਿਲਾਂ ਕਿ ਉਹ ਮੰਦੇ ਲੋਕ ਜਾਨਣ ਉਹ ਘਾਇਲ ਹੋ ਜਾਂਦੇ ਹਨ।
8 ਦੁਸ਼ਟ ਲੋਕ ਹੋਰਾਂ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਲਈ ਵਿਉਂਤਾ ਬਣਾਉਂਦੇ ਹਨ।
ਪਰ ਪਰਮੇਸ਼ੁਰ ਉਨ੍ਹਾਂ ਦੀਆਂ ਵਿਉਂਤਾ ਨੂੰ ਤਬਾਹ ਕਰ ਸੱਕਦਾ ਹੈ
ਅਤੇ ਉਨ੍ਹਾਂ ਮੰਦੀਆਂ ਗੱਲਾਂ ਨੂੰ ਉਨ੍ਹਾਂ ਨਾਲ ਹੀ ਵਾਪਰਨ ਲਾ ਸੱਕਦਾ ਹੈ।
ਫ਼ੇਰ, ਹਰ ਕੋਈ ਜੋ ਉਨ੍ਹਾਂ ਨੂੰ ਵੇਖਦਾ, ਅਚਂਭੇ ਵਿੱਚ ਆਪਣਾ ਸਿਰ ਹਿਲਾਉਂਦਾ।
9 ਲੋਕੀਂ ਵੇਖਣਗੇ ਪਰਮੇਸ਼ੁਰ ਨੇ ਕੀ ਕੀਤਾ,
ਉਹ ਉਸ ਬਾਰੇ ਹੋਰਾਂ ਲੋਕਾਂ ਨੂੰ ਦਸਣਗੇ
ਫ਼ੇਰ ਹਰ ਕੋਈ ਪਰਮੇਸ਼ੁਰ ਬਾਰੇ ਹੋਰ ਵੱਧੇਰੇ ਜਾਣ ਲਵੇਗਾ।
ਉਹ ਡਰਨਾ ਅਤੇ ਉਸਦਾ ਆਦਰ ਕਰਨਾ ਸਿੱਖ ਲੈਣਗੇ।
10 ਇੱਕ ਚੰਗਾ ਵਿਅਕਤੀ ਯਹੋਵਾਹ ਦੀ ਸੇਵਾ ਕਰਕੇ ਬਹੁਤ ਖੁਸ਼ ਹੁੰਦਾ ਹੈ
ਉਹ ਪਰਮੇਸ਼ੁਰ ਉੱਤੇ ਨਿਰਭਰ ਹੈ।
ਅਤੇ ਜਦੋਂ ਚੰਗੇ ਇਮਾਨਦਾਰ ਲੋਕ ਵੇਖਦੇ ਹਨ ਕਿ ਕੀ ਹੁੰਦਾ ਹੈ, ਉਹ ਯਹੋਵਾਹ ਦੀ ਉਸਤਤਿ ਕਰਦੇ ਹਨ।
ਅੱਯੂਬ ਦਾ ਜਵਾਬ
19 ਫਿਰ ਅੱਯੂਬ ਨੇ ਜਵਾਬ ਦਿੱਤਾ:
2 “ਕਿੰਨੀ ਦੇਰ ਹੋਰ ਤੁਸੀਂ ਮੈਨੂੰ ਦੁੱਖ ਦੇਵੋਂਗੇ
ਤੇ ਮੈਨੂੰ ਸ਼ਬਦਾਂ ਨਾਲ ਹੌਂਸਲਾ ਦੇਵੋਂਗੇ।
3 ਹੁਣ ਤਾਈਂ ਤੁਸੀਂ ਮੈਨੂੰ ਦਸ ਵਾਰੀ ਬੇਇੱਜ਼ਤ ਕੀਤਾ ਹੈ,
ਮੇਰੇ ਉੱਤੇ ਵਾਰ ਕਰਦਿਆਂ ਤੁਹਾਨੂੰ ਕੋਈ ਸ਼ਰਮ ਨਹੀਂ।
4 ਜੇ ਮੈਂ ਪਾਪ ਵੀ ਕੀਤਾ ਹੈ ਤਾਂ ਇਹ ਮੇਰੀ ਸਮੱਸਿਆ ਹੈ।
ਇਸ ਨਾਲ ਤੁਹਾਨੂੰ ਕੋਈ ਤਕਲੀਫ ਨਹੀਂ।
5 ਤੁਸੀਂ ਤਾਂ ਬਸ ਮੇਰੇ ਨਾਲੋਂ ਬਿਹਤਰ ਦਿਸਣਾ ਚਾਹੁੰਦੇ ਹੋ।
ਤੁਸੀਂ ਆਖਦੇ ਹੋ ਕਿ ਮੇਰੀਆਂ ਮੁਸੀਬਤਾਂ ਮੇਰਾ ਹੀ ਕਸੂਰ ਨੇ।
6 ਪਰ ਇਹ ਤਾਂ ਪਰਮੇਸ਼ੁਰ ਹੀ ਹੈ ਜਿਸਨੇ ਮੇਰਾ ਬੁਰਾ ਕੀਤਾ ਹੈ
ਉਸ ਨੇ ਮੈਨੂੰ ਫੜਨ ਲਈ ਆਪਣਾ ਜਾਲ ਵਿਛਾਇਆ।
7 ਮੈਂ ਚੀਖਦਾ ਹਾਂ ਉਸ ਨੇ ਮੈਨੂੰ ਦੁੱਖ ਦਿੱਤਾ ਹੈ!
ਪਰ ਮੈਨੂੰ ਕੋਈ ਜਵਾਬ ਨਹੀਂ ਮਿਲਦਾ ਭਾਵੇਂ
ਮੈਂ ਉੱਚੀ-ਉੱਚੀ ਸਹਾਇਤਾ ਲਈ ਪੁਕਾਰਦਾ ਹਾਂ ਪਰ ਕੋਈ ਨਿਆਂ ਨਹੀਂ ਮਿਲਦਾ।
8 ਪਰਮੇਸ਼ੁਰ ਨੇ ਮੇਰਾ ਰਾਹ ਰੋਕ ਦਿੱਤਾ ਹੈ ਇਸ ਲਈ ਮੈਂ ਨਿਕਲ ਨਹੀਂ ਸੱਕਦਾ।
ਉਸ ਨੇ ਮੇਰਾ ਰਾਹ ਹਨੇਰੇ ਵਿੱਚ ਛੁਪਾ ਦਿੱਤਾ ਹੈ।
9 ਪਰਮੇਸ਼ੁਰ ਨੇ ਮੇਰਾ ਮਾਣ ਖੋਹ ਲਿਆ ਹੈ।
ਉਸ ਨੇ ਮੇਰੇ ਸਿਰ ਉੱਤੋਂ ਤਾਜ ਲਾਹ ਦਿੱਤਾ ਹੈ।
10 ਪਰਮੇਸ਼ੁਰ ਮੈਨੂੰ ਹਰ ਪਾਸਿਓ ਮਾਰਦਾ ਹੈ ਜਦ ਤੀਕ ਕਿ ਮੈਂ ਖਤਮ ਨਹੀਂ ਹੋ ਜਾਂਦਾ।
ਉਹ ਮੇਰੀ ਆਸ ਖੋਹ ਲੈਂਦਾ ਹੈ
ਜਿਵੇਂ ਕਿਸੇ ਰੁੱਖ ਨੂੰ ਜੜੋਂ ਪੁਟਿਆ ਜਾਂਦਾ ਹੈ।
11 ਪਰਮੇਸ਼ੁਰ ਦਾ ਕ੍ਰੋਧ ਮੇਰੇ ਖਿਲਾਫ਼ ਬਲਦਾ ਹੈ
ਉਹ ਮੈਨੂੰ ਆਪਣਾ ਦੁਸ਼ਮਣ ਸੱਦਦਾ ਹੈ
12 ਪਰਮੇਸ਼ੁਰ ਆਪਣੀ ਫ਼ੌਜ ਨੂੰ ਮੇਰੇ ਉੱਤੇ ਹਮਲਾ ਕਰਨ ਲਈ ਭੇਜਦਾ ਹੈ।
ਉਹ ਮੇਰੇ ਆਲੇ-ਦੁਆਲੇ ਹਮਲੇ ਦੇ ਬੁਰਜ ਉਸਾਰ ਲੈਂਦੇ ਨੇ
ਉਹ ਮੇਰੇ ਤੰਬੂ ਦਾ ਘੇਰਾ ਪਾ ਲੈਂਦੇ ਨੇ।
13 “ਪਰਮੇਸ਼ੁਰ ਨੇ ਮੇਰੇ ਭਰਾਵਾਂ ਨੂੰ ਮੇਰੇ ਨਾਲ ਨਫ਼ਰਤ ਕਰਨ ਲਾ ਦਿੱਤਾ ਹੈ।
ਮੈਂ ਆਪਣੇ ਸਾਰੇ ਮਿੱਤਰਾਂ ਲਈ ਅਜਨਬੀ ਹਾਂ।
14 ਮੇਰੇ ਸੱਕੇ ਸੰਬੰਧੀ ਮੈਨੂੰ ਛੱਡ ਗਏ ਨੇ।
ਮੇਰੇ ਮਿੱਤਰ ਮੈਨੂੰ ਭੁੱਲ ਗਏ ਨੇ।
15 ਮੇਰੇ ਘਰ ਆਉਣ ਵਾਲੇ ਅਤੇ ਮੇਰੀਆਂ ਨੌਕਰਾਣੀਆਂ
ਮੇਰੇ ਵੱਲ ਤੱਕਦੀਆਂ ਨੇ ਜਿਵੇਂ ਮੈਂ ਇੱਕ ਅਜਨਬੀ ਅਤੇ ਵਿਦੇਸ਼ੀ ਹੋਵਾਂ।
16 ਮੈਂ ਆਪਣੇ ਨੌਕਰ ਨੂੰ ਬੁਲਾਉਂਦਾ ਹਾਂ ਪਰ ਉਹ ਜਵਾਬ ਨਹੀਂ ਦਿੰਦਾ ਜੇ
ਮੈਂ ਸਹਾਇਤਾ ਲਈ ਉਸ ਦੀ ਮਿੰਨਤ ਵੀ ਕਰਾਂ ਮੇਰਾ ਨੌਕਰ ਮੈਨੂੰ ਹੁਂਗਾਰਾ ਨਹੀਂ ਦੇਵੇਗਾ।
17 ਮੇਰੀ ਪਤਨੀ ਮੇਰੇ ਸਾਹ ਵਿੱਚੋਂ ਆਉਂਦੀ ਗੰਧ ਨੂੰ ਨਫ਼ਰਤ ਕਰਦੀ ਹੈ
ਮੇਰੇ ਆਪਣੇ ਭਰਾ ਮੈਨੂੰ ਨਫ਼ਰਤ ਕਰਦੇ ਨੇ।
18 ਛੋਟੇ ਬੱਚੇ ਵੀ ਮੇਰਾ ਮਜ਼ਾਕ ਉਡਾਉਂਦੇ ਨੇ ਜਦੋਂ ਵੀ
ਮੈਂ ਉਨ੍ਹਾਂ ਦੇ ਨੇੜੇ ਆਉਂਦਾ ਹਾਂ ਉਹ ਮੈਨੂੰ ਮੰਦਾ ਬੋਲਦੇ ਨੇ।
19 ਮੇਰੇ ਸਾਰੇ ਕਰੀਬੀ ਦੋਸਤ ਮੈਨੂੰ ਨਫ਼ਰਤ ਕਰਦੇ ਨੇ ਉਹ ਲੋਕ ਵੀ
ਮੇਰੇ ਖਿਲਾਫ਼ ਹੋ ਰਹੇ ਨੇ, ਜਿਨ੍ਹਾਂ ਨੂੰ ਮੈਂ ਪਿਆਰ ਕੀਤਾ।
20 “ਮੈਂ ਇੰਨਾ ਪਤਲਾ ਹਾਂ, ਮੇਰੀ ਚਮੜੀ ਹੱਡੀਆਂ ਉੱਤੋਂ ਢਿਲਕ ਗਈ ਹੈ।
ਮੇਰੇ ਅੰਦਰ ਥੋੜਾ ਜਿਹਾ ਜੀਵਨ ਹੀ ਬੱਚਿਆਂ ਹੈ।
21 “ਮੇਰੇ ਦੋਸਤੋਂ ਤਰਸ ਕਰੋ, ਮੇਰੇ ਉੱਤੇ ਤਰਸ ਕਰੋ।
ਕਿਉਂ ਕਿ ਪਰਮੇਸ਼ੁਰ ਨੇ ਮੈਨੂੰ ਆਪਣੇ ਹੱਥ ਨਾਲ ਮਾਰਿਆ।
22 ਤੁਸੀਂ ਮੈਨੂੰ ਪਰਮੇਸ਼ੁਰ ਦੇ ਕਰਨ ਵਾਂਗ ਹੀ ਕਿਉਂ ਭਜਾਉਂਦੇ ਹੋ!
ਕੀ ਤੁਸੀਂ ਹਾਲੇ ਵੀ ਮੇਰੀ ਹੋਰ ਚਮੜੀ ਦੇ ਭੁੱਖੇ ਹੋ?
ਮਸੀਹ ਵਿੱਚ ਇੱਕਮਿਕ
11 ਤੁਸੀਂ ਗੈਰ ਯਹੂਦੀਆਂ ਦੇ ਤੌਰ ਤੇ ਜਨਮੇ ਸੀ। ਤੁਸੀਂ ਉਹ ਲੋਕ ਹੋ ਜਿਨ੍ਹਾਂ ਨੂੰ ਯਹੂਦੀ “ਬੇ-ਸੁੰਨਤੀਏ” ਆਖਦੇ ਹਨ। ਉਹ ਯਹੂਦੀ ਜਿਹੜੇ ਤੁਹਾਨੂੰ “ਬੇ-ਸੁੰਨਤੀਏ” ਆਖਦੇ ਹਨ ਉਹ ਆਪਣੇ ਆਪ ਨੂੰ “ਸੁੰਨਤੀ” ਅਖਵਾਉਂਦੇ ਹਨ। ਉਨ੍ਹਾਂ ਦੀ ਸੁੰਨਤ ਅਜਿਹੀ ਹੈ ਜਿਹੜੀ ਉਹ ਖੁਦ ਆਪਣੇ ਸਰੀਰਾਂ ਉੱਪਰ ਕਰਦੇ ਹਨ। 12 ਅਤੀਤ ਵਿੱਚ, ਯਾਦ ਰੱਖੋ ਕਿ ਤੁਸੀਂ ਮਸੀਹ ਤੋਂ ਬਿਨਾ ਸੀ। ਤੁਸੀਂ ਇਸਰਾਏਲ ਦੇ ਨਾਗਰਿਕ ਨਹੀਂ ਸੀ। ਤੁਹਾਡੇ ਕੋਲ ਵਾਇਦੇ ਦਾ ਉਹ ਕਰਾਰ ਨਹੀਂ ਸੀ, ਜਿਹੜਾ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਦਿੱਤਾ ਸੀ। ਤੁਹਾਨੂੰ ਕੋਈ ਉਮੀਦ ਨਹੀਂ ਸੀ ਅਤੇ ਤੁਸੀਂ ਪਰਮੇਸ਼ੁਰ ਨੂੰ ਨਹੀਂ ਜਾਣਦੇ ਸੀ। 13 ਇਸ ਤਰ੍ਹਾਂ ਇੱਕ ਸਮੇਂ ਤੁਸੀਂ ਪਰਮੇਸ਼ੁਰ ਤੋਂ ਬਹੁਤ ਦੂਰ ਸੀ। ਪਰ ਹੁਣ ਤੁਸੀਂ ਮਸੀਹ ਯਿਸੂ ਵਿੱਚ ਉਸ ਦੇ ਲਹੂ ਰਾਹੀਂ ਪਰਮੇਸ਼ੁਰ ਦੇ ਨੇੜੇ ਲਿਆਏ ਗਏ ਹੋ।
14 ਮਸੀਹ ਦੇ ਕਾਰਣ ਹੁਣ ਸਾਨੂੰ ਸ਼ਾਂਤੀ ਮਿਲੀ ਹੋਈ ਹੈ। ਮਸੀਹ ਨੇ ਸਾਨੂੰ ਦੋਹਾਂ ਨੂੰ ਇੱਕ ਕੌਮ ਵਾਂਗ ਇਕੱਠਿਆਂ ਕੀਤਾ ਹੈ। ਯਹੂਦੀ ਅਤੇ ਗੈਰ ਯਹੂਦੀ ਇਸ ਤਰ੍ਹਾਂ ਵੰਡੇ ਹੋਏ ਸਨ ਜਿਵੇਂ ਉਨ੍ਹਾਂ ਵਿੱਚਕਾਰ ਇੱਕ ਕੰਧ ਹੋਵੇ। ਉਹ ਇੱਕ ਦੂਸਰੇ ਨੂੰ ਨਫ਼ਰਤ ਕਰਦੇ ਸਨ। ਪਰ ਮਸੀਹ ਨੇ ਆਪਣਾ ਸਰੀਰ ਦੇਕੇ ਨਫ਼ਰਤ ਦੀ ਉਸ ਕੰਧ ਨੂੰ ਢਾਹ ਦਿੱਤਾ। 15 ਯਹੂਦੀ ਸ਼ਰ੍ਹਾ ਵਿੱਚ ਕਈ ਹੁਕਮ ਅਤੇ ਅਸੂਲ ਸਨ। ਪਰ ਮਸੀਹ ਨੇ ਉਸ ਸ਼ਰ੍ਹਾ ਦਾ ਅੰਤ ਕਰ ਦਿੱਤਾ। ਮਸੀਹ ਦਾ ਉਦੇਸ਼ ਲੋਕਾਂ ਦੇ ਦੋ ਸਮੂਹਾਂ ਨੂੰ ਆਪਣੇ ਵਿੱਚ ਇੱਕ ਕੌਮ ਬਨਾਉਣਾ ਅਤੇ ਉੱਥੇ ਸ਼ਾਂਤੀ ਸਥਾਪਿਤ ਕਰਨਾ ਸੀ। 16 ਮਸੀਹ ਨੇ ਸਲੀਬ ਤੇ ਮਰਕੇ ਇਨ੍ਹਾਂ ਦੋਹਾਂ ਸਮੂਹਾਂ ਵਿੱਚਲੀ ਨਫ਼ਰਤ ਦਾ ਅੰਤ ਕਰ ਦਿੱਤਾ ਹੈ। ਜਦੋਂ ਦੋ ਸਮੂਹ ਇੱਕ ਸਰੀਰ ਬਣ ਗਏ, ਉਹ ਵਾਪਸ ਉਨ੍ਹਾਂ ਨੂੰ ਪਰਮੇਸ਼ੁਰ ਕੋਲ ਲੈ ਆਇਆ। ਇਹ ਮਸੀਹ ਨੇ ਸਲੀਬ ਉੱਤੇ ਆਪਣੀ ਮੌਤ ਰਾਹੀਂ ਕੀਤਾ। 17 ਮਸੀਹ ਆਇਆ ਅਤੇ ਉਸ ਨੇ ਸ਼ਾਂਤੀ ਦਾ ਪ੍ਰਚਾਰ ਤੁਹਾਡੇ ਸਭਨਾਂ ਵਿੱਚ ਕੀਤਾ ਤੁਸੀਂ ਜੋ ਪਰਮੇਸ਼ੁਰ ਤੋਂ ਦੂਰ ਹੋ ਅਤੇ ਤੁਸੀਂ ਜਿਹੜੇ ਪਰਮੇਸ਼ੁਰ ਦੇ ਨਜ਼ਦੀਕ ਹੋ। 18 ਹਾਂ, ਮਸੀਹ ਰਾਹੀਂ, ਸਾਡੇ ਦੋਹਾਂ ਸਮੂਹਾਂ ਨੂੰ ਇੱਕ ਆਤਮਾ ਵਿੱਚ ਪਿਤਾ ਕੋਲ ਆਉਣ ਦਾ ਹੱਕ ਹੈ।
19 ਹੁਣ ਤੁਸੀਂ ਗੈਰ ਯਹੂਦੀਓ ਓਪਰੇ ਜਾਂ ਯਾਤਰੀ ਨਹੀਂ ਹੋ। ਹੁਣ ਤੁਸੀਂ, ਪਰਮੇਸ਼ੁਰ ਦੇ ਪਵਿੱਤਰ ਲੋਕਾਂ ਦੇ ਨਾਲ ਦੇ ਨਾਗਰਿਕ ਹੋ ਤੁਸੀਂ ਪਰਮੇਸ਼ੁਰ ਦੇ ਪਰਿਵਾਰ ਦੇ ਹੋਂ। 20 ਤੁਸੀਂ ਵਿਸ਼ਵਾਸੀ ਉਸ ਇਮਾਰਤ ਵਾਂਗ ਹੋ ਜਿਸਦਾ ਮਾਲਕ ਪਰਮੇਸ਼ੁਰ ਹੈ। ਇਹ ਇਮਾਰਤ ਰਸੂਲਾਂ ਅਤੇ ਨਬੀਆਂ ਦੁਆਰਾ ਬਣਾਈ ਉਸ ਬੁਨਿਯਾਦ ਉੱਪਰ ਉਸਾਰੀ ਗਈ ਸੀ। ਮਸੀਹ ਯਿਸੂ ਖੁਦ ਇਸ ਇਮਾਰਤ ਦਾ ਸਭ ਤੋਂ ਮਹੱਤਵਪੂਰਣ ਪੱਥਰ ਹੈ। 21 ਇਹ ਸਾਰੀ ਇਮਾਰਤ ਮਸੀਹ ਵਿੱਚ ਸੰਯੁਕਤ ਹੈ। ਅਤੇ ਇਸ ਨੂੰ ਵੱਧਾਕੇ, ਮਸੀਹ ਇਸ ਨੂੰ ਪ੍ਰਭੂ ਵਿੱਚ ਇੱਕ ਪਵਿੱਤਰ ਮੰਦਰ ਬਣਾ ਦਿੰਦਾ ਹੈ। 22 ਅਤੇ ਮਸੀਹ ਵਿੱਚ, ਤੁਸੀਂ ਲੋਕ ਹੋਰਨਾਂ ਲੋਕਾਂ ਸਮੇਤ ਉਸਾਰੇ ਜਾ ਰਹੇ ਹੋਂ। ਤੁਸੀਂ ਇੱਕ ਅਜਿਹੇ ਸਥਾਨ ਤੇ ਨਿਰਮਾਣਿਤ ਕੀਤੇ ਜਾ ਰਹੇ ਹੋ ਜਿੱਥੇ ਆਤਮਾ ਦੇ ਰਾਹੀਂ ਪਰਮੇਸ਼ੁਰ ਨਿਵਾਸ ਕਰਦਾ ਹੈ।
2010 by World Bible Translation Center