Revised Common Lectionary (Complementary)
ਆਸਾਫ਼ ਦਾ ਇੱਕ ਭੱਗਤੀ ਗੀਤ।
78 ਹੇ ਮੇਰੇ ਲੋਕੋ, ਮੇਰੇ ਉਪਦੇਸ਼ਾਂ ਨੂੰ ਸੁਣੋ।
ਜਿਹੜੀਆਂ ਗੱਲਾਂ ਮੈਂ ਆਖਦਾ ਹਾਂ ਸੁਣੋ।
2 ਮੈਂ ਤੁਹਾਨੂੰ ਇੱਕ ਕਹਾਣੀ ਸੁਣਾਵਾਂਗਾ।
ਮੈਂ ਤੁਹਾਨੂੰ ਇੱਕ ਪੁਰਾਤਨ ਕਹਾਣੀ ਸੁਣਾਵਾਂਗਾ।
3 ਅਸੀਂ ਕਹਾਣੀ ਸੁਣੀ ਅਤੇ ਅਸੀਂ ਇਸ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ।
ਸਾਡੇ ਪੁਰਖਿਆਂ ਨੇ ਇਹ ਕਹਾਣੀ ਸੁਣਾਈ ਸੀ।
4 ਅਤੇ ਅਸੀਂ ਇਹ ਕਹਾਣੀ ਨਹੀਂ ਭੁੱਲਾਂਗੇ।
ਸਾਡੇ ਲੋਕ ਆਖਰੀ ਪੀੜ੍ਹੀ ਨੂੰ ਦੱਸ ਰਹੇ ਹੋਣਗੇ।
ਅਸੀਂ ਸਾਰੇ ਯਹੋਵਾਹ ਦੀ ਉਸਤਤਿ ਕਰਾਂਗੇ
ਅਤੇ ਉਸ ਦੀਆਂ ਕੀਤੀਆਂ ਅਦਭੁਤ ਗੱਲਾਂ ਬਾਰੇ ਦੱਸਾਂਗੇ।
52 ਫ਼ੇਰ ਪਰਮੇਸ਼ੁਰ ਨੇ ਇਸਰਾਏਲ ਨੂੰ ਆਜੜੀ ਵਾਂਗ ਹੱਕ ਲਿਆ,
ਉਹ ਆਪਣੇ ਲੋਕਾਂ ਨੂੰ ਭੇਡਾਂ ਵਾਂਗ ਮਾਰੂਥਲ ਅੰਦਰ ਲੈ ਤੁਰਿਆ।
53 ਉਸ ਨੇ ਸੁਰੱਖਿਅਤ ਢੰਗ ਨਾਲ ਆਪਣੇ ਲੋਕਾਂ ਦੀ ਰਾਹਨੁਮਾਈ ਕੀਤੀ।
ਉਸ ਦੇ ਲੋਕਾਂ ਨੂੰ ਕੋਈ ਡਰ ਨਹੀਂ ਸੀ।
ਉਸ ਨੇ ਉਨ੍ਹਾਂ ਦੇ ਦੁਸ਼ਮਣਾਂ ਨੂੰ ਲਾਲ ਸਾਗਰ ਵਿੱਚ ਡੁਬੋ ਦਿੱਤਾ।
54 ਪਰਮੇਸ਼ੁਰ ਨੇ ਆਪਣੇ ਲੋਕਾਂ ਦੀ ਅਗਵਾਈ ਆਪਣੇ ਸੱਜੇ ਹੱਥ ਨਾਲ ਬਣਾਏ
ਆਪਣੇ ਪਵਿੱਤਰ ਪਰਬਤ ਦੇ ਸਿਰੇ ਤੱਕ ਕੀਤੀ।
55 ਪਰਮੇਸ਼ੁਰ ਨੇ ਹੋਰਾਂ ਕੌਮਾਂ ਨੂੰ ਉਹ ਧਰਤੀ ਛੱਡਣ ਲਈ ਮਜਬੂਰ ਕਰ ਦਿੱਤਾ।
ਪਰਮੇਸ਼ੁਰ ਨੇ ਹਰ ਪਰਿਵਾਰ ਨੂੰ ਉਸ ਧਰਤੀ ਵਿੱਚੋਂ ਹਿੱਸਾ ਦਿੱਤਾ।
ਪਰਮੇਸ਼ੁਰ ਨੇ ਇਸਰਾਏਲ ਦੇ ਹਰ ਪਾਰਵਾਰਿਕ ਸਮੂਹ ਨੂੰ ਰਹਿਣ ਲਈ ਘਰ ਦਿੱਤਾ।
56 ਪਰ ਉਨ੍ਹਾਂ ਨੇ ਸਰਬ ਉੱਚ ਪਰਮੇਸ਼ੁਰ ਨੂੰ ਪਰੱਖਿਆ ਅਤੇ ਉਸ ਦੇ ਖਿਲਾਫ਼ ਵਿਦ੍ਰੋਹ ਕੀਤਾ।
ਉਨ੍ਹਾਂ ਲੋਕਾਂ ਨੇ ਉਸ ਦੇ ਆਦੇਸ਼ਾਂ ਨੂੰ ਸਤਿਕਾਰ ਨਹੀਂ ਦਿੱਤਾ।
57 ਇਸਰਾਏਲ ਦੇ ਲੋਕ ਪਰਮੇਸ਼ੁਰ ਕੋਲੋਂ ਬੇਮੁੱਖ ਹੋ ਗਏ।
ਉਹ ਉਸ ਦੇ ਖਿਲਾਫ਼ ਹੋ ਗਏ ਜਿਵੇਂ ਉਨ੍ਹਾਂ ਦੇ ਪੁਰਖਿਆਂ ਨੇ ਕੀਤਾ ਸੀ।
ਉਨ੍ਹਾਂ ਬੈਮਰੂਗ ਵਾਂਗ ਦਿਸ਼ਾਵਾਂ ਬਦਲ ਲਈਆਂ।
58 ਇਸਰਾਏਲ ਦੇ ਲੋਕਾਂ ਨੇ ਉੱਚੀਆਂ ਥਾਵਾਂ ਉਸਾਰੀਆਂ ਅਤੇ ਪਰਮੇਸ਼ੁਰ ਨੂੰ ਗੁੱਸੇ ਕੀਤਾ।
ਉਨ੍ਹਾਂ ਨੇ ਝੂਠੇ ਦੇਵਤਿਆਂ ਦੇ ਬੁੱਤ ਬਣਾਏ ਅਤੇ ਪਰਮੇਸ਼ੁਰ ਨੂੰ ਬਹੁਤ ਈਰਖਾਲੂ ਕਰ ਦਿੱਤਾ।
59 ਪਰਮੇਸ਼ੁਰ ਨੇ ਇਸ ਨੂੰ ਸੁਣਿਆ ਅਤੇ ਉਹ ਬਹੁਤ ਕਹਿਰਵਾਨ ਹੋ ਗਿਆ।
ਅਤੇ ਉਸ ਨੇ ਪੂਰੀ ਤਰ੍ਹਾਂ ਇਸਰਾਏਲ ਨੂੰ ਤਿਆਗ ਦਿੱਤਾ।
60 ਪਰਮੇਸ਼ੁਰ ਨੇ ਸ਼ੀਲੋਹ ਦੇ ਪਵਿੱਤਰ ਤੰਬੂ ਨੂੰ ਛੱਡ ਦਿੱਤਾ।
ਪਰਮੇਸ਼ੁਰ ਉਸ ਤੰਬੂ ਵਿੱਚ ਲੋਕਾਂ ਸੰਗ ਨਿਵਾਸ ਕਰਦਾ ਸੀ।
61 ਆਪਣੇ ਲੋਕਾਂ ਨੂੰ ਹੋਰਾਂ ਕੌਮਾਂ ਦੁਆਰਾ ਕੈਦ ਕਰਨ ਦਿੱਤਾ।
ਵੈਰੀਆਂ ਨੇ ਪਰਮੇਸ਼ੁਰ ਦਾ “ਸੁੰਦਰ ਹੀਰਾ” ਖੋਹ ਲਿਆ।
62 ਕਿਉਂਕਿ ਪਰਮੇਸ਼ੁਰ ਆਪਣੇ ਚੁਣੇ ਹੋਏ ਲੋਕਾਂ ਨਾਲ ਗੁੱਸੇ ਸੀ।
ਉਸ ਨੇ ਉਨ੍ਹਾਂ ਨੂੰ ਜੰਗ ਵਿੱਚ ਮਰ ਜਾਣ ਦਿੱਤਾ।
63 ਜਵਾਨ ਨੂੰ ਅੱਗ ਨਾਲ ਸਾੜਿਆ ਗਿਆ ਸੀ, ਅਤੇ ਉਨ੍ਹਾਂ ਮੁਟਿਆਰਾਂ ਨੇ,
ਜਿਹੜੀਆਂ ਉਨ੍ਹਾਂ ਨਾਲ ਵਿਆਹ ਕਰਨ ਵਾਲੀਆਂ ਸਨ, ਸੁਹਾਗ ਦੇ ਗੀਤ ਗਾਏ।
64 ਜਾਜਕ ਮਾਰੇ ਗਏ,
ਪਰ ਵਿਧਵਾਵਾਂ ਉਨ੍ਹਾਂ ਲਈ ਨਾ ਪਿਟ ਸੱਕੀਆਂ।
65 ਆਖਰਕਾਰ ਸਾਡਾ ਮਾਲਕ ਨੀਂਦ ਵਿੱਚੋਂ ਉੱਠਦਾ ਹੈ।
ਜਿਵੇਂ ਸਿਪਾਹੀ ਬਹੁਤ ਮੈਅ ਪੀਣ ਤੋਂ ਬਾਅਦ ਉੱਠਦਾ ਹੈ।
66 ਪਰਮੇਸ਼ੁਰ ਨੇ ਆਪਣੇ ਵੈਰੀਆਂ ਨੂੰ ਪਿੱਛਾਂਹ ਧੱਕ ਦਿੱਤਾ ਅਤੇ ਉਨ੍ਹਾਂ ਨੂੰ ਹਰਾ ਦਿੱਤਾ।
ਪਰਮੇਸ਼ੁਰ ਨੇ ਆਪਣੇ ਵੈਰੀਆਂ ਨੂੰ ਹਰਾ ਦਿੱਤਾ ਅਤੇ ਸਦਾ ਲਈ ਬੇਇੱਜ਼ਤ ਕਰ ਦਿੱਤਾ।
67 ਪਰ ਪਰਮੇਸ਼ੁਰ ਨੇ ਯੂਸੁਫ਼ ਦੇ ਪਰਿਵਾਰ ਨੂੰ ਤਿਆਗ ਦਿੱਤਾ,
ਪਰਮੇਸ਼ੁਰ ਨੇ ਇਫ਼ਰਾਈਮ ਦੇ ਪਰਿਵਾਰ ਨੂੰ ਪ੍ਰਵਾਨ ਨਹੀਂ ਕੀਤਾ।
68 ਨਹੀਂ, ਪਰਮੇਸ਼ੁਰ ਨੇ ਯਹੂਦਾਹ ਦੇ ਪਰਿਵਾਰ ਨੂੰ ਚੁਣਿਆ।
ਪਰਮੇਸ਼ੁਰ ਨੇ ਸੀਯੋਨ ਪਰਬਤ ਨੂੰ ਚੁਣਿਆ ਜਿਸ ਨੂੰ ਉਹ ਪਿਆਰ ਕਰਦਾ ਹੈ।
69 ਪਰਮੇਸ਼ੁਰ ਨੇ ਉਸ ਪਰਬਤ ਦੀ ਚੋਟੀ ਉੱਤੇ ਆਪਣਾ ਪਵਿੱਤਰ ਮੰਦਰ ਉਸਾਰਿਆ।
ਪਰਮੇਸ਼ੁਰ ਨੇ ਆਪਣੇ ਪਵਿੱਤਰ ਮੰਦਰ ਨੂੰ ਧਰਤੀ ਵਾਂਗ ਹੀ ਸਦਾ ਲਈ ਰਹਿਣ ਲਈ ਉਸਾਰਿਆ।
70 ਪਰਮੇਸ਼ੁਰ ਨੇ ਦਾਊਦ ਨੂੰ ਆਪਣਾ ਖਾਸ ਸੇਵਕ ਹੋਣ ਲਈ ਚੁਣਿਆ।
ਦਾਊਦ ਭੇਡਾਂ ਦੇ ਵਾੜਿਆਂ ਦਾ ਰੱਖਵਾਲਾ ਸੀ ਪਰ ਪਰਮੇਸ਼ੁਰ ਨੇ ਉਸਤੋਂ ਇਹ ਕੰਮ ਛੁਡਾ ਦਿੱਤਾ।
71 ਦਾਊਦ ਭੇਡਾਂ ਦੀ ਦੇਖ-ਭਾਲ ਕਰਦਾ ਸੀ ਪਰ ਪਰਮੇਸ਼ੁਰ ਨੇ ਉਸਤੋਂ ਇਹ ਕੰਮ ਛੁਡਾ ਦਿੱਤਾ।
ਪਰਮੇਸ਼ੁਰ ਨੇ ਦਾਊਦ ਨੂੰ ਆਪਣੇ ਲੋਕਾਂ ਨੂੰ ਯਾਕੂਬ ਦੇ ਲੋਕਾਂ ਨੂੰ, ਇਸਰਾਏਲ ਦੇ ਲੋਕਾਂ ਨੂੰ ਅਤੇ ਪਰਮੇਸ਼ੁਰ ਦੀ ਮਲਕੀਅਤ ਨੂੰ ਪਾਲਣ ਦਾ ਕੰਮ ਦਿੱਤਾ।
72 ਅਤੇ ਦਾਊਦ ਨੇ ਸ਼ੁੱਧ ਹਿਰਦੇ ਨਾਲ ਉਨ੍ਹਾਂ ਦੀ ਅਗਵਾਈ ਕੀਤੀ।
ਉਸ ਨੇ ਬਹੁਤ ਸਿਆਣਪ ਨਾਲ ਉਨ੍ਹਾਂ ਦੀ ਅਗਵਾਈ ਕੀਤੀ।
27 ਸ਼ਨਿਚਰਵਾਰ ਨੂੰ ਕੁਝ ਲੋਕ ਭੋਜਨ ਇਕੱਠਾ ਕਰਨ ਲਈ ਬਾਹਰ ਗਏ ਪਰ ਉਨ੍ਹਾਂ ਨੂੰ ਕੋਈ ਭੋਜਨ ਨਹੀਂ ਮਿਲਿਆ। 28 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਕਿੰਨਾ ਕੁ ਚਿਰ ਤੁਸੀਂ ਲੋਕ ਮੇਰੇ ਹੁਕਮ ਤੇ ਬਿਵਸਥਾਵਾਂ ਨੂੰ ਮੰਨਣ ਤੋਂ ਇਨਕਾਰ ਕਰਦੇ ਰਹੋਂਗੇ? 29 ਦੇਖੋ, ਯਹੋਵਾਹ ਨੇ ਸਬਤ ਨੂੰ ਤੁਹਾਡੇ ਲਈ ਅਰਾਮ ਕਰਨ ਦਾ ਦਿਨ ਬਣਾਇਆ ਹੈ। ਇਸ ਲਈ, ਸ਼ੁਕਰਵਾਰ ਨੂੰ ਯਹੋਵਾਹ ਤੁਹਾਨੂੰ ਦੋ ਦਿਨਾਂ ਲਈ ਕਾਫ਼ੀ ਭੋਜਨ ਦੇਵੇਗਾ। ਫ਼ੇਰ ਸਬਤ ਦੇ ਦਿਨ, ਤੁਹਾਡੇ ਵਿੱਚੋਂ ਹਰੇਕ ਨੂੰ ਬਹਿ ਕੇ ਅਰਾਮ ਕਰਨਾ ਚਾਹੀਦਾ ਹੈ। ਓੱਥੇ ਹੀ ਠਹਿਰੋ ਜਿੱਥੇ ਤੁਸੀਂ ਹੋ।” 30 ਇਸ ਲਈ ਲੋਕ ਸਬਤ ਦੇ ਦਿਨ ਅਰਾਮ ਕਰਦੇ ਸਨ।
31 ਲੋਕਾਂ ਨੇ ਖਾਸ ਭੋਜਨ ਨੂੰ “ਮੰਨ” ਆਖਣਾ ਸ਼ੁਰੂ ਕਰ ਦਿੱਤਾ। ਮੰਨ ਧਣੀਏ ਦੇ ਛੋਟੇ ਸਫ਼ੇਦ ਬੀਜਾਂ ਵਰਗਾ ਸੀ ਅਤੇ ਉਸਦਾ ਸੁਆਦ ਸ਼ਹਿਦ ਨਾਲ ਬਣੇ ਕੇਕ ਵਰਗਾ ਸੀ। 32 ਮੂਸਾ ਨੇ ਆਖਿਆ, “ਯਹੋਵਾਹ ਨੇ ਆਖਿਆ ਸੀ; ‘ਇਸ ਭੋਜਨ ਦੇ ਅੱਠ ਕੱਪ ਆਪਣੇ ਉੱਤਰਾਧਿਕਾਰੀਆਂ ਲਈ ਬਚਾ ਲਵੋ। ਫ਼ੇਰ ਉਹ ਇਸ ਭੋਜਨ ਨੂੰ ਦੇਖ ਸੱਕਣਗੇ ਜਿਹੜਾ ਮੈਂ ਤੁਹਾਨੂੰ ਉਦੋਂ ਮਾਰੂਥਲ ਵਿੱਚ ਦਿੱਤਾ ਜਦੋਂ ਮੈਂ ਤੁਹਾਨੂੰ ਮਿਸਰ ਤੋਂ ਬਾਹਰ ਲਿਆਇਆ ਸੀ।’”
33 ਇਸ ਲਈ ਮੂਸਾ ਨੇ ਹਾਰੂਨ ਨੂੰ ਆਖਿਆ, “ਇੱਕ ਜੱਗ ਲਵੋ ਅਤੇ ਇਸ ਵਿੱਚ ਅੱਠ ਕੱਪ ਮੰਨ ਦੇ ਭਰੋ। ਇਸ ਮੰਨ ਨੂੰ ਯਹੋਵਾਹ ਦੇ ਅੱਗੇ ਰੱਖਣ ਲਈ ਬਚਾਵੋ। ਇਸ ਨੂੰ ਸਾਡੇ ਉੱਤਰਾਧਿਕਾਰੀਆਂ ਲਈ ਬਚਾਵੋ।” 34 (ਹਾਰੂਨ ਨੇ ਬਾਦ ਵਿੱਚ ਓਵੇਂ ਹੀ ਕੀਤਾ ਜਿਸ ਬਾਰੇ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। ਹਾਰੂਨ ਨੇ ਮੰਨ ਵਾਲਾ ਜੱਗ ਇਕਰਾਰਨਾਮੇ ਦੇ ਸਾਹਮਣੇ ਰੱਖਿਆ।) 35 ਇਸਰਾਏਲ ਦੇ ਲੋਕਾਂ ਨੇ 40 ਸਾਲਾਂ ਤੀਕ ਮੰਨ ਖਾਧਾ। ਜਦੋਂ ਤੱਕ ਉਹ ਰਹਿਣ ਯੋਗ ਧਰਤੀ ਤੇ ਨਹੀਂ ਪਹੁੰਚ ਗਏ, ਜੋ ਕਿ ਕਨਾਨ ਦੀ ਧਰਤੀ ਦੀ ਸੀਮਾ ਤੇ ਹੈ। 36 (ਜਿਸ ਪੈਮਾਨੇ ਦੀ ਵਰਤੋਂ ਉਨ੍ਹਾਂ ਨੇ ਮੰਨ ਲਈ ਕੀਤੀ ਉਹ ਇੱਕ ਓਮਰ ਸੀ। ਇੱਕ ਓਮਰ ਤਕਰੀਬਨ 8 ਕੱਪ ਦੇ ਬਰਾਬਰ ਸੀ।)
ਯਰੂਸ਼ਲਮ ਵਿੱਚ ਸਭਾ
15 ਕੁਝ ਲੋਕ ਯਹੂਦਿਯਾ ਤੋਂ ਅੰਤਾਕਿਯਾ ਨੂੰ ਆਏ ਅਤੇ ਗੈਰ-ਯਹੂਦੀ ਭਰਾਵਾਂ ਨੂੰ ਉਪਦੇਸ਼ ਦੇਣ ਲੱਗੇ, “ਜੇ ਮੂਸਾ ਦੀ ਰੀਤ ਅਨੁਸਾਰ ਤੁਹਾਡੀ ਸੁੰਨਤ ਨਾ ਕਰਾਈ ਗਈ ਤਾਂ ਤੁਸੀਂ ਬਚ ਨਹੀਂ ਸੱਕੋਂਗੇ।” 2 ਪੌਲੁਸ ਅਤੇ ਬਰਨਬਾਸ ਅਜਿਹੇ ਉਪਦੇਸ਼ ਦੇ ਵਿਰੁੱਧ ਸਨ। ਇਸ ਲਈ ਉਨ੍ਹਾਂ ਨੇ ਯਹੂਦਿਯਾ ਦੇ ਇਨ੍ਹਾਂ ਆਦਮੀਆਂ ਨੂੰ ਦ੍ਰਿੜ੍ਹਤਾ ਨਾਲ ਬਹਿਸ ਕੀਤੀ। ਅਤੇ ਅੰਤ ਵਿੱਚ ਇਹ ਨਿਸ਼ਚਿਤ ਹੋਇਆ ਕਿ ਪੌਲੁਸ ਅਤੇ ਬਰਨਬਾਸ ਕੁਝ ਸਥਾਨਕ ਲੋਕਾਂ ਨਾਲ, ਰਸੂਲਾਂ ਅਤੇ ਬਜ਼ੁਰਗਾਂ ਨਾਲ ਸੰਪਰਕ ਕਰਨ ਅਤੇ ਇਸ ਪ੍ਰਸ਼ਨ ਬਾਰੇ ਚਰਚਾ ਕਰਨ ਲਈ, ਯਰੂਸ਼ਲਮ ਨੂੰ ਜਾਣਗੇ।
3 ਕਲੀਸਿਯਾ ਨੇ ਇਨ੍ਹਾਂ ਆਦਮੀਆਂ ਦੀ ਉਨ੍ਹਾਂ ਦੀ ਯਾਤਰਾ ਲਈ ਮਦਦ ਕੀਤੀ। ਫ਼ੇਰ ਉਨ੍ਹਾਂ ਨੇ ਫ਼ੈਨੀਕੇ ਅਤੇ ਸਾਮਰਿਯਾ ਰਾਹੀਂ ਯਾਤਰਾ ਕੀਤੀ। ਉਨ੍ਹਾਂ ਨੇ ਫ਼ੈਨੀਕੇ ਅਤੇ ਸਾਮਰਿਯਾ ਦੇ ਲੋਕਾਂ ਨੂੰ ਦੱਸਿਆ ਕਿ ਕਿਵੇਂ ਗੈਰ-ਯਹੂਦੀ ਲੋਕ ਸੱਚੇ ਪਰਮੇਸ਼ੁਰ ਵੱਲ ਪਰਤੇ ਹਨ। ਇਹ ਸੁਣਕੇ ਸਾਰੇ ਭਰਾ ਬਹੁਤ ਖੁਸ਼ ਹੋਏ। 4 ਫ਼ਿਰ ਪੌਲੁਸ, ਬਰਨਬਾਸ ਅਤੇ ਹੋਰ ਦੂਜੇ ਲੋਕ ਵੀ ਯਰੂਸ਼ਲਮ ਵਿੱਚ ਪਹੁੰਚੇ। ਰਸੂਲਾਂ, ਬਜ਼ੁਰਗਾਂ ਅਤੇ ਸਾਰੇ ਨਿਹਚਾਵਾਨਾਂ ਨੇ ਉਨ੍ਹਾਂ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਉਹ ਸਭ ਗੱਲਾਂ ਕਹੀਆਂ ਜੋ ਪਰਮੇਸ਼ੁਰ ਨੇ ਉਨ੍ਹਾਂ ਰਾਹੀਂ ਕੀਤੀਆਂ ਸਨ। 5 ਯਰੂਸ਼ਲਮ ਵਿੱਚ ਕੁਝ ਨਿਹਚਾਵਾਨਾਂ ਨੇ, ਜੋ ਫ਼ਰੀਸੀ ਪੰਥ ਵਿੱਚੋਂ ਸਨ ਖੜੋ ਕੇ ਕਿਹਾ, “ਗੈਰ-ਯਹੂਦੀ ਨਿਹਚਾਵਾਨਾਂ ਦੀ ਸੁੰਨਤ ਅੱਤ ਜ਼ਰੂਰੀ ਹੈ। ਸਾਨੂੰ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਮੂਸਾ ਦੀ ਸ਼ਰ੍ਹਾ ਦੀ ਪਾਲਣਾ ਕਰਨੀ ਚਾਹੀਦੀ ਹੈ।”
ਗੈਰ-ਯਹੂਦੀ ਨਿਹਚਾਵਾਨਾਂ ਨੂੰ ਚਿੱਠੀ
22 ਤਦ ਰਸੂਲਾਂ, ਬਜ਼ੁਰਗਾਂ ਅਤੇ ਕਲੀਸਿਯਾ ਦੇ ਨਿਹਚਾਵਾਨਾਂ ਨੇ ਨਿਸ਼ਚਾ ਕੀਤਾ ਕਿ ਉਨ੍ਹਾਂ ਨੂੰ ਪੌਲੁਸ ਤੇ ਬਰਨਬਾਸ ਨਾਲ ਅੰਤਾਕਿਯਾ ਨੂੰ ਕੁਝ ਆਦਮੀਆਂ ਨੂੰ ਭੇਜਣਾ ਚਾਹੀਦਾ ਹੈ। ਉਸ ਸਮੂਹ ਨੇ ਆਪਣੇ ਖੁਦ ਦੀ ਮੰਡਲੀ ਵਿੱਚੋਂ ਕੁਝ ਖਾਸ ਆਦਮੀਆਂ ਨੂੰ ਚੁਣਿਆ। ਉਨ੍ਹਾਂ ਨੇ ਯਹੂਦਾ ਜਿਹੜਾ ਬਰਸਬਾਸ ਕਹਾਉਂਦਾ ਸੀ ਅਤੇ ਸੀਲਾਸ ਨੂੰ ਚੁਣਿਆ। ਇਹ ਆਦਮੀ ਯਰੂਸ਼ਲਮ ਦੇ ਭਰਾਵਾਂ ਵੱਲੋਂ ਸਤਿਕਾਰੇ ਜਾਂਦੇ ਸਨ। 23 ਇਸ ਮੰਡਲੀ ਨੇ ਇਨ੍ਹਾਂ ਦੇ ਨਾਲ ਇੱਕ ਚਿਠੀ ਵੀ ਭੇਜੀ ਜਿਸ ਵਿੱਚ ਲਿਖਿਆ ਸੀ:
ਰਸੂਲਾਂ ਅਤੇ ਬਜ਼ੁਰਗਾਂ ਤੁਹਾਡੇ ਭਰਾਵਾਂ ਵੱਲੋਂ,
ਸਾਰੇ ਗੈਰ-ਯਹੂਦੀ ਭਰਾਵਾਂ ਨੂੰ, ਅੰਤਾਕਿਯਾ ਦੇ ਸ਼ਹਿਰ ਅਤੇ ਸੁਰਿਯਾ ਦੇ ਦੇਸ਼ਾਂ ਵਿੱਚ ਅਤੇ ਕਿਲੀਕਿਯਾ ਵਿੱਚ ਸ਼ੁਭਕਾਮਨਾਵਾਂ।
ਪਿਆਰੇ ਭਰਾਵੋ,
24 ਪਿਆਰੇ ਭਰਾਵੋ, ਸਾਨੂੰ ਪਤਾ ਲੱਗਿਆ ਹੈ ਕਿ ਸਾਡੇ ਸਮੂਹ ਵਿੱਚੋਂ ਕੁਝ ਆਦਮੀ ਤੁਹਾਡੀ ਜਗ਼੍ਹਾ ਆਏ ਹਨ। ਅਤੇ ਉਨ੍ਹਾਂ ਨੇ ਤੁਹਾਨੂੰ ਤਕਲੀਫ਼ਾਂ ਦਿੱਤੀਆਂ ਅਤੇ ਤੁਹਾਨੂੰ ਆਖੀਆਂ ਗੱਲਾਂ ਦੁਆਰਾ ਪਰੇਸ਼ਾਨ ਕੀਤਾ। ਅਰ ਅਸੀਂ ਉਨ੍ਹਾਂ ਨੂੰ ਅਜਿਹਾ ਕਰਨ ਲਈ ਨਹੀਂ ਆਖਿਆ। 25 ਅਸੀਂ ਸਾਰੇ ਇੱਕਸਾਥ ਇਕੱਠੇ ਹੋਏ ਅਤੇ ਹਾਮੀ ਭਰੀ ਕਿ ਸਾਨੂੰ ਕੁਝ ਆਦਮੀਆਂ ਨੂੰ ਚੁਣਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸਾਡੇ ਪਿਆਰੇ ਮਿੱਤਰ ਪੌਲੁਸ ਅਤੇ ਬਰਨਬਾਸ ਨਾਲ ਤੁਹਾਡੇ ਕੋਲ ਭੇਜਣ ਚਾਹੀਦਾ ਹੈ। 26 ਪੌਲੁਸ ਅਤੇ ਬਰਨਬਾਸ ਨੇ ਆਪਣੇ ਜੀਵਨ ਪ੍ਰਭੂ ਯਿਸੂ ਮਸੀਹ ਦੀ ਸੇਵਾ ਲਈ ਅਰਪਣ ਕਰ ਦਿੱਤੇ ਹਨ। 27 ਇਸ ਲਈ ਉਨ੍ਹਾਂ ਨਾਲ ਅਸੀਂ ਯਹੂਦਾ ਅਤੇ ਸੀਲਾਸ ਨੂੰ ਭੇਜਿਆ ਹੈ, ਉਹ ਆਪ ਵੀ ਇਹ ਗੱਲਾਂ ਜ਼ਬਾਨੀ ਦੱਸਣਗੇ। 28 ਪਵਿੱਤਰ ਆਤਮਾ ਚਾਹੁੰਦਾ ਹੈ ਕਿ ਤੁਹਾਡੇ ਉੱਪਰ ਹੋਰ ਭਾਰ ਨਾ ਪਵੇ, ਇਸ ਲਈ ਅਸੀਂ ਮੰਨ ਲਿਆ। ਤੁਹਾਨੂੰ ਸਿਰਫ਼ ਇਹੀ ਗੱਲਾਂ ਕਰਨ ਦੀ ਲੋੜ ਹੈ:
29 ਉਹ ਭੋਜਨ ਨਾ ਖਾਓ ਜਿਹੜਾ ਮੂਰਤਾਂ ਨੂੰ ਅਰਪਿਤ ਕੀਤਾ ਗਿਆ ਹੈ,
ਲਹੂ ਨਾ ਖਾਓ, ਗਲ ਘੁੱਟੇ ਹੋਏ ਜਾਨਵਰਾਂ ਦਾ ਮਾਸ ਨਾ ਖਾਓ।
ਕਿਸੇ ਤਰ੍ਹਾਂ ਦਾ ਜਿਨਸੀ ਪਾਪ ਨਾ ਕਰੋ।
ਜੇਕਰ ਤੁਸੀਂ ਇਨ੍ਹਾਂ ਗੱਲਾਂ ਤੋਂ ਦੂਰ ਰਹੋ ਤਾਂ ਤੁਸੀਂ ਸਹੀ ਕਰ ਰਹੇ ਹੋਵੋਂਗੇ।
ਹੁਣ ਅਸੀਂ ਤੁਹਾਨੂੰ ਅਲਵਿਦਾ ਆਖਦੇ ਹਾਂ।
30 ਇਉਂ ਪੌਲੁਸ, ਬਰਨਬਾਸ, ਯਹੂਦਾ ਅਤੇ ਸੀਲਾਸ ਯਰੂਸ਼ਲਮ ਨੂੰ ਛੱਡ ਕੇ ਅੰਤਾਕਿਯਾ ਵੱਲ ਨੂੰ ਚੱਲੇ ਗਏ। ਉੱਥੇ ਜਾਕੇ ਉਨ੍ਹਾਂ ਨੇ ਨਿਹਚਾਵਾਨਾਂ ਦਾ ਵੱਡਾ ਇਕੱਠ ਕਰਕੇ, ਉਨ੍ਹਾਂ ਨੂੰ ਇਹ ਚਿੱਠੀ ਦਿੱਤੀ। 31 ਜਦੋਂ ਉਨ੍ਹਾਂ ਨੇ ਇਹ ਚਿੱਠੀ ਪੜੀ, ਤਾਂ ਉਹ ਇਸਦੇ ਸੁਖੀ ਸੰਦੇਸ਼ ਲਈ ਬਹੁਤ ਖੁਸ਼ ਸਨ। 32 ਯਹੂਦਾ ਅਤੇ ਸੀਲਾਸ ਵੀ ਰਸੂਲ ਸਨ। ਉਨ੍ਹਾਂ ਨੇ ਵੀ ਨਿਹਚਾਵਾਨਾਂ ਨੂੰ ਉਤਸਾਹਤ ਕਰਨ ਅਤੇ ਤਕੜੇ ਬਨਾਉਣ ਲਈ ਬਹੁਤ ਗੱਲਾਂ ਕਹੀਆਂ। 33 ਕੁਝ ਦੇਰ ਯਹੂਦਾ ਅਤੇ ਸੀਲਾਸ ਉੱਥੇ ਰਹੇ ਅਤੇ ਉੱਥੋਂ ਭਾਈਆਂ ਕੋਲੋਂ ਸੁੱਖ-ਸ਼ਾਂਤੀ ਦੀ ਆਸੀਸ ਲੈ ਕੇ ਫ਼ਿਰ ਉੱਥੋਂ ਚੱਲੇ ਗਏ। ਉਹ ਮੁੜ ਯਰੂਸ਼ਲਮ ਵਿੱਚ ਆਪਣੇ ਭਾਈਆਂ ਵਿੱਚ ਪਰਤ ਆਏ ਜਿਨ੍ਹਾਂ ਨੇ ਉਨ੍ਹਾਂ ਨੂੰ ਭੇਜਿਆ ਸੀ। 34 [a]
35 ਪਰ ਪੌਲੁਸ ਅਤੇ ਬਰਨਬਾਸ ਅੰਤਾਕਿਯਾ ਵਿੱਚ ਹੀ ਰੁਕੇ ਰਹੇ, ਉੱਥੇ ਉਨ੍ਹਾਂ ਨੇ ਤੇ ਹੋਰਨਾਂ ਲੋਕਾਂ ਨੂੰ ਪ੍ਰਭੂ ਮਾਲਿਕ ਦਾ ਸੰਦੇਸ਼ ਦਿੱਤਾ ਅਤੇ ਖੁਸ਼ਖਬਰੀ ਬਾਰੇ ਸਿੱਖਾਇਆ ਅਤੇ ਪਰਚਾਰ ਕੀਤਾ।
2010 by World Bible Translation Center