Revised Common Lectionary (Complementary)
ਹੇ
33 ਯਹੋਵਾਹ, ਮੈਨੂੰ ਆਪਣੇ ਨੇਮਾ ਦੀ ਸਿੱਖਿਆ ਦੇਵੋ,
ਅਤੇ ਮੈਂ ਉਨ੍ਹਾਂ ਉੱਤੇ ਚੱਲਾਂਗਾ।
34 ਸਮਝਣ ਵਿੱਚ ਮੇਰੀ ਮਦਦ ਕਰੋ,
ਅਤੇ ਮੈਂ ਤੁਹਾਡੀਆਂ ਸਿੱਖਿਆਵਾਂ ਮੰਨਾਗਾ।
ਮੈਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਮੰਨਾਗਾ।
35 ਯਹੋਵਾਹ, ਮੇਰੀ ਅਗਵਾਈ ਆਪਣੇ ਆਦੇਸ਼ ਦੇ ਰਾਹ ਉੱਤੇ ਕਰੋ।
ਮੈਂ ਸੱਚਮੁੱਚ ਉਸ ਜੀਵਨ ਢੰਗ ਨੂੰ ਪਿਆਰ ਕਰਦਾ ਹਾਂ।
36 ਆਪਣੇ ਕਰਾਰ ਬਾਰੇ ਸੋਚਣ ਵਿੱਚ ਮੇਰੀ ਮਦਦ ਕਰੋ
ਬਜਾਇ ਇਸਦੇ ਕਿ ਮੈਂ ਅਮੀਰ ਕਿਵੇਂ ਹੋਵਾਂ?
37 ਹੇ ਯਹੋਵਾਹ, ਮੈਨੂੰ ਨਿਰਾਰਥਕ ਗੱਲਾਂ ਵੱਲ ਧਿਆਨ ਦੇਣ ਦਿਉ।
ਤੁਹਾਡੇ ਰਾਹ ਵਿੱਚ ਰਹਿਣ ਲਈ ਮੇਰੀ ਮਦਦ ਕਰੋ।
38 ਉਹੀ ਕਰੋ ਜਿਸਦਾ ਵਾਅਦਾ ਤੁਸੀਂ ਆਪਣੇ ਸੇਵਕ ਨਾਲ ਕੀਤਾ ਸੀ
ਤਾਂ ਜੋ ਲੋਕ ਤੁਹਾਡਾ ਆਦਰ ਕਰਨ।
39 ਯਹੋਵਾਹ, ਸ਼ਰਮਿੰਦਗੀ ਨੂੰ ਦੂਰ ਕਰ ਦਿਉ ਜਿਸਤੋਂ ਮੈਂ ਡਰਦਾ ਹਾਂ।
ਤੁਹਾਡੇ ਸਿਆਣੇ ਨਿਆਂ ਸ਼ੁਭ ਹਨ।
40 ਵੇਖੋ, ਮੈਂ ਤੁਹਾਡੇ ਹੁਕਮਾਂ ਦੀ ਇੱਛਾ ਕਰਦਾ ਹਾਂ,
ਮੇਰੇ ਨਾਲ ਚੰਗਾ ਕਰੋ ਅਤੇ ਮੈਨੂੰ ਜਿਉਣ ਦਿਉ।
ਜਿਸ ਬੰਦੇ ਨੇ ਪਰਮੇਸ਼ੁਰ ਨੂੰ ਸਰਾਪਿਆ
10 ਕਿਸੇ ਇਸਰਾਏਲੀ ਮਾਤਾ ਅਤੇ ਮਿਸਰੀ ਪਿਤਾ ਦੇ ਇੱਕ ਪੁੱਤਰ ਨੇ, ਇਸਰਾਏਲੀ ਲੋਕਾਂ ਦਰਮਿਆਨ ਤੁਰਿਆ ਜਾਂਦਿਆਂ ਡੇਰੇ ਅੰਦਰ ਇੱਕ ਇਸਰਾਏਲੀ ਆਦਮੀ ਨਾਲ ਲੜਨਾ ਸ਼ੁਰੂ ਕਰ ਦਿੱਤਾ। 11 ਇਸਰਾਏਲੀ ਔਰਤ ਦੇ ਪੁੱਤਰ ਨੇ ਗਾਲ੍ਹਾਂ ਕੱਢੀਆਂ ਤੇ ਯਹੋਵਾਹ ਦੇ ਨਾਮ ਨੂੰ ਕਲੰਕਤ ਕਰ ਦਿੱਤਾ, ਇਸ ਲਈ ਲੋਕ ਇਸ ਆਦਮੀ ਨੂੰ ਮੂਸਾ ਕੋਲ ਲੈ ਆਏ। (ਉਸਦੀ ਮਾਂ ਦਾ ਨਾਮ ਸ਼ਲੂਮੀਥ ਸੀ ਜਿਹੜੀ ਦਾਨ ਦੇ ਪਰਿਵਾਰ-ਸਮੂਹ ਵਿੱਚੋਂ ਦਿਬਰੀ ਦੀ ਧੀ ਸੀ।) 12 ਲੋਕਾਂ ਨੇ ਉਸ ਆਦਮੀ ਨੂੰ ਕੈਦੀ ਬਣਾ ਲਿਆ ਅਤੇ ਯਹੋਵਾਹ ਦੇ ਹੁਕਮ ਨੂੰ ਉਨ੍ਹਾਂ ਸਾਹਮਣੇ ਸਾਫ਼ ਹੋ ਜਾਣ ਦਾ ਇੰਤਜ਼ਾਰ ਕਰਨ ਲੱਗੇ।
13 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, 14 “ਉਸ ਆਦਮੀ ਨੂੰ, ਜਿਸਨੇ ਸਰਾਪਿਆ ਸੀ, ਡੇਰੇ ਤੋਂ ਬਾਹਰ ਲੈ ਜਾਉ। ਫ਼ੇਰ ਉਨ੍ਹਾਂ ਸਾਰੇ ਲੋਕਾਂ ਨੂੰ ਇੱਕਤਰ ਕਰੋ ਜਿਨ੍ਹਾਂ ਨੇ ਉਸ ਨੂੰ ਗਾਲ੍ਹਾਂ ਕੱਢਦਿਆਂ ਸੁਣਿਆ ਸੀ। ਉਨ੍ਹਾਂ ਨੂੰ ਆਪਣੇ ਹੱਥ ਉਸ ਦੇ ਸਿਰ ਤੇ ਰੱਖਣੇ ਚਾਹੀਦੇ ਹਨ ਅਤੇ ਫ਼ੇਰ ਸਾਰੇ ਲੋਕਾਂ ਨੂੰ ਉਸ ਉੱਤੇ ਪੱਥਰ ਸੁੱਟਕੇ ਉਸ ਨੂੰ ਮਾਰ ਦੇਣਾ ਚਾਹੀਦਾ ਹੈ। 15 ਤੈਨੂੰ ਇਸਰਾਏਲ ਦੇ ਲੋਕਾਂ ਨੂੰ ਦੱਸ ਦੇਣਾ ਚਾਹੀਦਾ ਹੈ; ਜੇ ਕੋਈ ਬੰਦਾ ਆਪਣੇ ਪਰਮੇਸ਼ੁਰ ਨੂੰ ਗਾਲ੍ਹ ਕੱਢਦਾ ਹੈ ਤਾਂ ਉਸ ਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ। 16 ਕੋਈ ਵੀ ਬੰਦਾ, ਜਿਹੜਾ ਯਹੋਵਾਹ ਦੇ ਨਾਮ ਦੇ ਵਿਰੁੱਧ ਬੋਲਦਾ ਹੈ, ਮਾਰ ਮੁਕਾਇਆ ਜਾਣਾ ਚਾਹੀਦਾ ਹੈ। ਸਾਰੇ ਲੋਕਾਂ ਨੂੰ ਉਸ ਨੂੰ ਪੱਥਰ ਮਾਰਨੇ ਚਾਹੀਦੇ ਹਨ। ਪਰਦੇਸੀਆਂ ਨੂੰ ਵੀ ਉਸੇ ਤਰ੍ਹਾਂ ਦੀ ਸਜ਼ਾ ਦੇਣੀ ਚਾਹੀਦੀ ਹੈ ਜਿਹੋ ਜਿਹੀ ਇਸਰਾਏਲ ਵਿੱਚ ਜੰਮੇ ਬੰਦੇ ਨੂੰ ਦਿੱਤੀ ਗਈ। ਜੇ ਕੋਈ ਬੰਦਾ ਯਹੋਵਾਹ ਦੇ ਨਾਮ ਨੂੰ ਸਰਾਪਦਾ ਹੈ ਉਸ ਨੂੰ ਮਾਰ ਸੁੱਟਣਾ ਚਾਹੀਦਾ ਹੈ।
17 “ਅਤੇ ਜੇ ਕੋਈ ਬੰਦਾ ਕਿਸੇ ਹੋਰ ਬੰਦੇ ਨੂੰ ਮਾਰ ਦਿੰਦਾ ਹੈ ਤਾਂ ਉਸ ਨੂੰ ਮਾਰ ਦੇਣਾ ਚਾਹੀਦਾ ਹੈ। 18 ਜਿਹੜਾ ਬੰਦਾ ਕਿਸੇ ਜਾਨਵਰ ਨੂੰ ਮਾਰ ਦਿੰਦਾ ਹੈ ਜਿਹੜਾ ਕਿਸੇ ਹੋਰ ਬੰਦੇ ਦਾ ਹੈ ਤਾਂ ਉਸ ਨੂੰ ਉਸਦੀ ਥਾਵੇਂ ਹੋਰ ਜਾਨਵਰ ਦੇਣਾ ਚਾਹੀਦਾ ਹੈ।
19 “ਅਤੇ ਜੇ ਕੋਈ ਬੰਦਾ ਆਪਣੇ ਗੁਆਂਢੀ ਨੂੰ ਜ਼ਖਮ ਦਿੰਦਾ ਹੈ ਤਾਂ ਉਸੇ ਤਰ੍ਹਾਂ ਦਾ ਜ਼ਖਮ ਉਸ ਬੰਦੇ ਨੂੰ ਦੇਣਾ ਚਾਹੀਦਾ ਹੈ। 20 ਟੁੱਟੀ ਹੱਡੀ ਬਦਲੇ ਟੁੱਟੀ ਹੱਡੀ, ਅੱਖ ਬਦਲੇ ਅੱਖ ਦੰਦ ਬਦਲੇ ਦੰਦ। ਜਿਸ ਕਿਸਮ ਦਾ ਜ਼ਖਮ ਕੋਈ ਬੰਦਾ ਕਿਸੇ ਦੂਸਰੇ ਨੂੰ ਦਿੰਦਾ ਹੈ ਉਸ ਬੰਦੇ ਨੂੰ ਵੀ ਉਸੇ ਤਰ੍ਹਾਂ ਦਾ ਜ਼ਖਮ ਦੇਣਾ ਚਾਹੀਦਾ ਹੈ। 21 ਇਸ ਲਈ ਜੇ ਕੋਈ ਬੰਦਾ ਕਿਸੇ ਜਾਨਵਰ ਨੂੰ ਮਾਰ ਦਿੰਦਾ ਹੈ ਤਾਂ ਉਸ ਬੰਦੇ ਨੂੰ ਜਾਨਵਰ ਦੀ ਕੀਮਤ ਦੇਣੀ ਚਾਹੀਦੀ ਹੈ। ਪਰ ਜੇ ਕੋਈ ਬੰਦਾ ਕਿਸੇ ਦੂਸਰੇ ਬੰਦੇ ਨੂੰ ਮਾਰ ਦਿੰਦਾ ਹੈ ਤਾਂ ਉਸ ਨੂੰ ਮਾਰ ਦੇਣਾ ਚਾਹੀਦਾ ਹੈ।
22 “ਇਹ ਕਾਨੂੰਨ ਬੇਲਾਗ ਹੋਵੇਗਾ-ਇਹ ਪਰਦੇਸੀਆਂ ਲਈ ਵੀ ਹੈ ਅਤੇ ਤੁਹਾਡੇ ਆਪਣੇ ਦੇਸ਼ ਦੇ ਲੋਕਾਂ ਲਈ ਵੀ। ਕਿਉਂਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।”
23 ਫ਼ੇਰ ਮੂਸਾ ਨੇ ਇਸਰਾਏਲ ਦੇ ਲੋਕਾਂ ਨਾਲ ਗੱਲ ਕੀਤੀ, ਅਤੇ ਉਨ੍ਹਾਂ ਨੇ ਉਸ ਬੰਦੇ ਨੂੰ, ਡੇਰੇ ਤੋਂ ਬਾਹਰ ਲਿਆਂਦਾ, ਜਿਸਨੇ ਸਰਾਪਿਆ ਸੀ। ਫ਼ੇਰ ਉਨ੍ਹਾਂ ਨੇ ਉਸ ਨੂੰ ਪੱਥਰਾਂ ਨਾਲ ਮਾਰ ਦਿੱਤਾ। ਇਸ ਤਰ੍ਹਾਂ ਇਸਰਾਏਲ ਦੇ ਲੋਕਾਂ ਨੇ ਬਿਲਕੁਲ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
ਯਿਸੂ ਦਾ ਅਧਿਕਾਰ ਵਾਲਾ ਉਪਦੇਸ਼(A)
7 “ਦੂਜੇ ਲੋਕਾਂ ਦਾ ਨਿਰਨਾ ਨਾ ਕਰੋ ਤਾਂ ਤੁਹਾਡਾ ਨਿਰਨਾ ਵੀ ਨਹੀਂ ਕੀਤਾ ਜਾਵੇਗਾ। 2 ਜੇਕਰ ਤੁਸੀਂ ਦੂਸਰਿਆਂ ਦਾ ਨਿਰਨਾ ਕਰਦੇ ਹੋ ਤਾਂ ਉਸੇ ਤਰ੍ਹਾਂ ਹੀ ਤੁਹਾਡਾ ਵੀ ਨਿਰਨਾ ਕੀਤਾ ਜਾਵੇਗਾ। ਅਤੇ ਜਿਸ ਮਾਪ ਨਾਲ ਤੁਸੀਂ ਦੂਸਰਿਆਂ ਨੂੰ ਮਿਣਦੇ ਹੋ, ਉਸੇ ਨਾਲ ਤੁਹਾਨੂੰ ਵੀ ਮਿਣਿਆ ਜਾਵੇਗਾ।
3 “ਤੁਸੀਂ ਆਪਣੇ ਭਰਾ ਦੀ ਅੱਖ ਵਿੱਚ ਉਸ ਧੂੜ ਦੇ ਕਣ ਨੂੰ ਕਿਵੇਂ ਵੇਖ ਸੱਕਦੇ ਹੋਂ ਜਦੋਂ ਕਿ ਤੁਸੀਂ ਆਪਣੀ ਅੱਖ ਵਿੱਚਲੇ ਸ਼ਤੀਰ ਨੂੰ ਨਹੀਂ ਵੇਖਦੇ। 4 ਜਾਂ ਤੁਸੀਂ ਆਪਣੇ ਭਰਾ ਨੂੰ ਕਿਵੇਂ ਆਖ ਸੱਕਦੇ ਹੋਂ, ‘ਲਿਆ ਮੈਂ ਤੇਰੀ ਅੱਖ ਵਿੱਚੋਂ ਧੂੜ ਦੇ ਕਣ ਨੂੰ ਕੱਢਾਂ’ ਜਦ ਕਿ ਹਾਲੇ ਵੀ ਤੁਹਾਡੀ ਆਪਣੀ ਅੱਖ ਵਿੱਚ ਸ਼ਤੀਰ ਹੈ? 5 ਤੁਸੀਂ ਕਪਟੀ ਹੋ, ਪਹਿਲਾਂ ਉਸ ਸ਼ਤੀਰ ਨੂੰ ਆਪਣੀ ਅੱਖ ਵਿੱਚੋਂ ਕੱਢੋ ਤਾਂ ਹੀ ਤੁਸੀਂ ਉਸ ਕਣ ਨੂੰ ਕੱਢਣ ਵਾਸਤੇ ਸਪੱਸ਼ਟ ਤੌਰ ਤੇ ਵੇਖ ਸੱਕਦੇ ਹੋਂ।
6 “ਪਵਿੱਤਰ ਵਸਤਾਂ ਕੁੱਤਿਆਂ ਨੂੰ ਨਾ ਪਾਓ ਕਿਉਂਕਿ ਉਹ ਮੁੜ ਤੁਹਾਨੂੰ ਵੱਢਣਗੇ ਅਤੇ ਆਪਣੇ ਮੋਤੀ ਸੂਰਾਂ ਅੱਗੇ ਨਾ ਸੁੱਟੋ ਕਿਉਂਕਿ ਉਹ ਉਨ੍ਹਾਂ ਨੂੰ ਆਪਣੇ ਪੈਰਾਂ ਹੇਠ ਮਿਧ ਦੇਣਗੇ।
ਜੋ ਤੁਹਾਨੂੰ ਚਾਹੀਦਾ ਹੈ ਪਰਮੇਸ਼ੁਰ ਕੋਲੋਂ ਮੰਗਣਾ ਜਾਰੀ ਰੱਖੋ(B)
7 “ਜੇਕਰ ਤੁਸੀਂ ਮੰਗਦੇ ਰਹੋਂਗੇ ਤਾਂ, ਤੁਸੀਂ ਪ੍ਰਾਪਤ ਕਰ ਲਵੋਂਗੇ। ਲੱਭੋ, ਤਾਂ ਲੱਭੇਗਾ। ਖੜਕਾਓ, ਤਾਂ ਤੁਹਾਡੇ ਲਈ ਦਰਵਾਜ਼ਾ ਖੋਲ੍ਹਿਆ ਜਵੇਗਾ। 8 ਕਿਉਂਕਿ ਹਰੇਕ ਮੰਗਣ ਵਾਲਾ ਪਾ ਲੈਂਦਾ ਹੈ ਅਤੇ ਢੂੰਢਣ ਵਾਲੇ ਨੂੰ ਲੱਭਦਾ ਹੈ ਅਤੇ ਖੜਕਾਉਣ ਵਾਲੇ ਲਈ ਦਰਵਾਜ਼ਾ ਖੋਲ੍ਹਿਆ ਜਾਂਦਾ ਹੈ।
9 “ਤੁਹਾਡੇ ਵਿੱਚੋਂ ਕਿਹੜਾ ਐਸਾ ਹੈ, ਕਿ ਜਦੋਂ ਉਸਦਾ ਪੁੱਤਰ ਉਸ ਤੋਂ ਰੋਟੀ ਮੰਗੇ ਤਾਂ ਉਹ ਉਸ ਨੂੰ ਪੱਥਰ ਦੇਵੇਗਾ? 10 ਜੇਕਰ ਉਹ ਇੱਕ ਮੱਛੀ ਮੰਗੇ, ਤਾਂ ਕੀ ਤੁਸੀਂ ਉਸ ਨੂੰ ਸੱਪ ਦੇਵੋਂਗੇ? 11 ਜੇਕਰ ਤੁਸੀਂ ਇੰਨੇ ਦੁਸ਼ਟ ਹੋਕੇ ਵੀ, ਆਪਣੇ ਬੱਚਿਆਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਤੁਹਾਡਾ ਸੁਰਗੀ ਪਿਤਾ, ਮੰਗਣ ਵਾਲਿਆਂ ਨੂੰ, ਕਿੰਨੀਆਂ ਵੱਧ ਚੰਗੀਆਂ ਦਾਤਾਂ ਦੇਵੇਗਾ?
ਸਭ ਤੋਂ ਜ਼ਰੂਰੀ ਅਸੂਲ
12 “ਇਸ ਲਈ ਜੋ ਕੁਝ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਨਾਲ ਕਰਨ, ਉਨ੍ਹਾਂ ਨਾਲ ਵੀ ਉਵੇਂ ਦੀਆਂ ਹੀ ਗੱਲਾਂ ਕਰੋ। ਕਿਉਂਕਿ ਮੂਸਾ ਦੀ ਸ਼ਰ੍ਹਾ ਅਤੇ ਨਬੀਆਂ ਦੀਆਂ ਲਿਖਤਾਂ ਦਾ ਇਹੋ ਨਚੋੜ ਹੈ।
2010 by World Bible Translation Center