Revised Common Lectionary (Complementary)
ਦਾਊਦ ਦੇ ਗੀਤਾਂ ਵਿੱਚੋਂ ਇੱਕ ਇਹ ਗੀਤ ਮੰਦਰ ਦੇ ਸਮਰਪਣ ਲਈ ਸੀ।
30 ਯਹੋਵਾਹ, ਤੁਸਾਂ ਮੈਨੂੰ ਮੇਰੇ ਸੰਕਟਾਂ ਵਿੱਚੋਂ ਉਭਾਰਿਆ।
ਤੁਸਾਂ ਮੇਰੇ ਦੁਸ਼ਮਣਾਂ ਨੂੰ ਮੈਨੂੰ ਹਰਾਉਣ, ਅਤੇ ਮੇਰੇ ਉੱਤੇ ਹੱਸਣ ਨਹੀਂ ਦਿੱਤਾ।
ਇਸ ਲਈ ਮੈਂ ਤੁਹਾਡੇ ਲਈ ਆਦਰ ਦਰਸਾਵਾਂਗਾ।
2 ਮੇਰੇ ਯਹੋਵਾਹ ਪਰਮੇਸ਼ੁਰ, ਮੈਂ ਤੁਹਾਨੂੰ ਪ੍ਰਾਰਥਨਾ ਕੀਤੀ।
ਤੇ ਤੁਸਾਂ ਮੈਨੂੰ ਨਿਰੋਗ ਕੀਤਾ।
3 ਤੁਸਾਂ ਮੈਨੂੰ ਕਬਰ ਵਿੱਚੋਂ ਉੱਠਾ ਲਿਆ ਸੀ।
ਤੁਸਾਂ ਮੈਨੂੰ ਜੀਣ ਦਿੱਤਾ।
ਮੈਨੂੰ ਮੁਰਦਿਆਂ ਦੇ ਨਾਲ ਲੇਟਣਾ ਨਹੀਂ ਪਿਆ ਜਿਹੜੇ ਮ੍ਰਿਤੂ ਲੋਕ ਵਿੱਚ ਪਏ ਹਨ।
4 ਹੇ ਪਰਮੇਸ਼ੁਰ ਦੇ ਚੇਲਿਉ, ਯਹੋਵਾਹ ਨੂੰ ਉਸਤਤਾਂ ਗਾਵੋ।
ਉਸ ਦੇ ਪਵਿੱਤਰ ਨਾਮ ਦੀ ਉਸਤਤਿ ਕਰੋ।
5 ਪਰਮੇਸ਼ੁਰ ਗੁੱਸੇ ਸੀ, ਇਸ ਲਈ ਫ਼ੈਸਲਾ “ਮੌਤ” ਸੀ।
ਪਰ ਉਸ ਨੇ ਆਪਣਾ ਪਿਆਰ ਦਰਸਾਇਆ, ਅਤੇ ਉਸ ਨੇ ਮੈਨੂੰ “ਜੀਵਨ ਦੀ ਅਸੀਸ” ਦਿੱਤੀ।
ਰਾਤ ਵੇਲੇ ਮੈਂ ਰੋਂਦਾ ਹੋਇਆ ਲੇਟਿਆ ਸਾਂ।
ਅਗਲੀ ਸਵੇਰ, ਮੈਂ ਪ੍ਰਸੰਨ ਸਾਂ ਤੇ ਗਾ ਰਿਹਾ ਸਾਂ।
6 ਜਦੋਂ ਮੈਂ ਸੁਰੱਖਿਅਤ ਤੇ ਨਿਸ਼ਚਿੰਤ ਸਾਂ,
ਮੈਂ ਸੋਚਿਆ ਮੈਨੂੰ ਕੋਈ ਵੀ ਸੱਟ ਨਹੀਂ ਮਾਰ ਸੱਕਦਾ।
7 ਹਾਂ, ਯਹੋਵਾਹ, ਜਦੋਂ ਤੁਸੀਂ ਮੇਰੇ ਉੱਤੇ ਮਿਹਰਬਾਨ ਸੀ।
ਮੈਂ ਮਹਿਸੂਸ ਕੀਤਾ ਜਿਵੇਂ ਕੁਝ ਵੀ ਨਹੀਂ ਜੋ ਮੈਨੂੰ ਹਰਾ ਸੱਕਦਾ ਸੀ।
ਪਰ ਜਦੋਂ ਤੁਸੀਂ ਮੈਥੋਂ ਮੁੱਖ ਮੋੜਿਆ ਸੀ
ਮੈਂ ਸਹਿਮ ਗਿਆ ਅਤੇ ਡਰ ਨਾਲ ਕੰਬ ਗਿਆ।
8 ਇਸ ਲਈ, ਹੇ ਪਰਮੇਸ਼ੁਰ ਮੈਂ ਧਰਤੀ ਉੱਤੇ ਤੇਰੇ ਅੱਗੇ ਪ੍ਰਾਰਥਨਾ ਕੀਤੀ।
ਮੈਂ ਆਖਿਆ ਕਿ ਤੂੰ ਮੇਰੇ ਉੱਪਰ ਦਯਾ ਕਰੇਂ।
9 ਮੈਂ ਆਖਿਆ, “ਹੇ ਪਰਮੇਸ਼ੁਰ ਇਸ ਵਿੱਚ ਕੀ ਚੰਗਾ ਹੈ ਜੇ ਮੈਂ ਮਰ ਜਾਵਾਂ
ਤੇ ਮੈਂ ਕਬਰ ਵਿੱਚ ਨਿਘਰ ਜਾਵਾਂ?
ਸਿਰਫ਼ ਮੁਰਦਾ ਲੋਕ ਖਾਕ ਵਿੱਚ ਲੇਟਦੇ ਹਨ?
ਉਹ ਤੇਰੀ ਉਸਤਤਿ ਨਹੀਂ ਕਰਦੇ।
ਉਹ ਲੋਕਾਂ ਤਾਈਂ ਨਹੀਂ ਦੱਸਦੇ ਅਸੀਂ ਤੇਰੇ ਉੱਤੇ ਕਿੰਨਾ ਨਿਰਭਰ ਹੋ ਸੱਕਦੇ ਹਾਂ।
10 ਹੇ ਯਹੋਵਾਹ, ਮੇਰੀ ਪ੍ਰਾਰਥਨਾ ਸੁਣੋ ਅਤੇ ਮੇਰੇ ਉੱਤੇ ਮਿਹਰਬਾਨ ਹੋਵੋ।
ਹੇ ਯਹੋਵਾਹ, ਮੇਰੀ ਮਦਦ ਕਰੋ।”
11 ਮੈਂ ਪ੍ਰਾਰਥਨਾ ਕੀਤੀ ਅਤੇ ਤੁਸਾਂ ਮੇਰੀ ਮਦਦ ਕੀਤੀ।
ਤੁਸੀਂ ਮੇਰੇ ਰੋਣ ਨੂੰ ਨੱਚਣ ਵਿੱਚ ਬਦਲਿਆ।
ਤੁਸੀਂ ਮੇਰੀ ਉਦਾਸੀ ਦੀ ਪੋਸ਼ਾਕ ਲਾਹ ਲਈ।
ਅਤੇ ਤੁਸੀਂ ਮੈਨੂੰ ਖੁਸ਼ੀ ਨਾਲ ਢੱਕਿਆ।
12 ਯਹੋਵਾਹ, ਮੇਰੇ ਪਰਮੇਸ਼ੁਰ, ਮੈਂ ਸਦਾ ਤੇਰੀ ਉਸਤਤਿ ਕਰਾਂਗਾ ਇਸ ਲਈ ਕਦੇ ਵੀ ਖਾਮੋਸ਼ੀ ਨਹੀਂ ਛਾਏਗੀ
ਅਤੇ ਇੱਥੋਂ ਕੋਈ ਨਾ ਕੋਈ ਸਦਾ ਤੁਹਾਡੇ ਆਦਰ ਦੇ ਗੀਤ ਗਾ ਰਿਹਾ ਹੋਵੇਗਾ।
18 ਯਹੋਵਾਹ ਦੇ ਸਾਹਮਣੇ, ਪੂਰੇ ਦਿਲ ਨਾਲ ਰੋ ਲੈ!
ਸੀਯੋਨ ਦੀ ਧੀ ਦੀਏ ਕੰਧੇ, ਆਪਣੇ ਅੱਬਰੂ ਨਦੀ ਵਾਂਗ ਵਗਣ ਦੇ,
ਆਪਣੇ ਅੱਬਰੂ ਦਿਨ-ਰਾਤ ਵਗਣ ਦੇ।
ਰੁਕ ਨਾ! ਆਪਣੀਆਂ ਅੱਖਾਂ ਨੂੰ ਸ਼ਾਂਤ ਨਾ ਹੋਣ ਦੇ।
19 ਉੱਠੋ! ਵੈਣ ਪਾ ਲੈ ਰਾਤ ਵੇਲੇ! ਰਾਤ ਦੇ ਹਰ ਪਹਿਰ ਦੇ ਸ਼ੁਰੂ ਵਿੱਚ ਵੈਣ ਪਾ ਲੈ!
ਆਪਣੇ ਦਿਲ ਨੂੰ ਪਾਣੀ ਵਾਂਗਰਾਂ ਉਲਦ੍ਦ ਦੇ!
ਆਪਣੇ ਦਿਲ ਨੂੰ ਯਹੋਵਾਹ ਦੇ ਸਾਹਮਣੇ ਉਲਟ ਦੇ!
ਯਹੋਵਾਹ ਅੱਗੇ ਪ੍ਰਾਰਥਨਾ ਲਈ ਆਪਣੇ ਹੱਥ ਚੁੱਕ।
ਉਸ ਨੂੰ ਆਖ ਕਿ ਉਹ ਤੇਰੇ ਬੱਚਿਆਂ ਨੂੰ ਬਚਾ ਲਵੇ।
ਉਸ ਨੂੰ ਆਖ ਕਿ ਤੇਰੇ ਬੱਚਿਆਂ ਨੂੰ ਬਚਾ ਲਵੇ ਜਿਹੜੇ,
ਸ਼ਹਿਰ ਦੀਆਂ ਸਾਰੀਆਂ ਗਲੀਆਂ ਅੰਦਰ ਭੁੱਖ ਕਾਰਣ ਬੇਹੋਸ਼ ਹੋ ਰਹੇ ਨੇ।
20 ਯਹੋਵਾਹ, ਸਾਡੇ ਵੱਲ ਵੇਖ।
ਉਨ੍ਹਾਂ ਲੋਕਾਂ ਵੱਲ ਵੇਖ ਜਿਨ੍ਹਾਂ ਨਾਲ ਤੂੰ ਅਜਿਹਾ ਸਲੂਕ ਕੀਤਾ ਹੈ!
ਮੈਂ ਇਹ ਸਵਾਲ ਪੁੱਛਣ ਦਿਓ: ਕੀ ਔਰਤਾਂ ਨੂੰ ਆਪਣੇ ਹੀ ਬੱਚਿਆਂ ਨੂੰ ਖਾ ਲੈਣਾ ਚਾਹੀਦਾ ਹੈ
ਜਿਨ੍ਹਾਂ ਨੂੰ ਉਨ੍ਹਾਂ ਨੇ ਜਨਮ ਦਿੱਤਾ?
ਕੀ ਔਰਤਾਂ ਨੂੰ ਆਪਣੇ ਹੀ ਬੱਚਿਆਂ ਨੂੰ ਖਾ ਲੈਣਾ ਚਾਹੀਦਾ, ਜਿਨ੍ਹਾਂ ਨੂੰ ਉਨ੍ਹਾਂ ਨੇ ਪਾਲਿਆ ਸੀ।
ਕੀ ਜਾਜਕ ਅਤੇ ਨਬੀ ਯਹੋਵਾਹ ਦੇ ਮੰਦਰ ਵਿੱਚ ਮਾਰ ਦਿੱਤੇ ਜਾਣੇ ਚਾਹੀਦੇ ਹਨ?
21 ਨੌਜਵਾਨ ਅਤੇ ਬਜ਼ੁਰਗ ਬੰਦੇ ਸ਼ਹਿਰ ਦੀਆਂ ਗਲੀਆਂ ਅੰਦਰ ਧਰਤੀ ਉੱਤੇ ਲੇਟੇ ਹੋਏ ਨੇ।
ਮੇਰੀਆਂ ਮੁਟਿਆਰਾਂ ਅਤੇ ਮੇਰੇ ਗੱਭਰੂ ਤਲਵਾਰ ਨਾਲ ਮਾਰੇ ਗਏ ਨੇ।
ਤੁਸੀਂ ਯਹੋਵਾਹ ਜੀ, ਉਨ੍ਹਾਂ ਨੂੰ ਆਪਣੇ ਕਹਿਰ ਵਾਲੇ ਦਿਨ ਮਾਰ ਦਿੱਤਾ ਸੀ।
ਤੁਸੀਂ ਉਨ੍ਹਾਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਸੀ!
22 ਤੁਸੀਂ ਮੇਰੇ ਲਈ ਆਤੰਕ ਨੂੰ ਚਾਰ-ਚੁਫ਼ੇਰਿਓਁ
ਸੱਦਾ ਦਿੱਤਾ ਸੀ।
ਤੁਸੀਂ ਆਤੰਕ ਨੂੰ ਸੱਦਾ ਦਿੱਤਾ ਸੀ ਜਿਵੇਂ ਤੁਸੀਂ ਇਸ ਨੂੰ ਛੁੱਟੀ ਮਨਾਉਣ ਲਈ ਸੱਦ ਰਹੇ ਹੋਵੋ।
ਯਹੋਵਾਹ ਦੇ ਕਹਿਰ ਵਾਲੇ ਦਿਨ ਕੋਈ ਵੀ ਬੰਦਾ ਨਹੀਂ ਬੱਚਿਆਂ!
ਮੇਰੇ ਦੁਸ਼ਮਣ ਨੇ ਉਨ੍ਹਾਂ ਨੂੰ ਮਾਰ ਦਿੱਤਾ ਹੈ
ਜਿਨ੍ਹਾਂ ਨੂੰ ਮੈਂ ਪਾਲ ਕੇ ਵੱਡਾ ਕੀਤਾ ਸੀ।
ਯਿਸੂ ਦਾ ਇੱਕ ਮਨੁੱਖ ਨੂੰ ਠੀਕ ਕਰਨਾ ਜਿਸ ਅੰਦਰ ਪ੍ਰੇਤ ਆਤਮਾ ਸੀ(A)
31 ਜਦੋਂ ਉਹ ਗਲੀਲ ਦੇ ਕਫ਼ਰਨਾਹੂਮ ਵਿੱਚ ਪਹੁੰਚਿਆ ਤਾਂ ਉਸ ਨੇ ਸਬਤ ਦੇ ਦਿਨ ਲੋਕਾਂ ਨੂੰ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ। 32 ਲੋਕ ਉਸ ਦੇ ਉਪਦੇਸ਼ ਤੇ ਹੈਰਾਨ ਹੋ ਗਏ ਕਿਉਂਕਿ ਉਹ ਅਧਿਕਾਰ ਨਾਲ ਬੋਲਿਆ।
33 ਪ੍ਰਾਰਥਨਾ ਸਥਾਨ ਤੇ ਇੱਕ ਮਨੁੱਖ ਸੀ ਜਿਸ ਨੂੰ ਭਰਿਸ਼ਟ ਆਤਮਾ ਚਿੰਬੜਿਆ ਹੋਇਆ ਸੀ, ਉਹ ਆਦਮੀ ਉੱਚੀ ਅਵਾਜ਼ ਵਿੱਚ ਚੀਕਿਆ, 34 “ਹੇ ਨਾਸਰਤ ਦੇ ਯਿਸੂ! ਤੇਰਾ ਸਾਡੇ ਨਾਲ ਕੀ ਕੰਮ? ਕੀ ਤੂੰ ਇੱਥੇ ਸਾਨੂੰ ਤਬਾਹ ਕਰਨ ਆਇਆ ਹੈਂ? ਮੈਂ ਤੈਨੂੰ ਜਾਣਦਾ ਹਾਂ ਕਿ ਤੂੰ ਕੌਣ ਹੈਂ ਤੂੰ ਪਰਮੇਸ਼ੁਰ ਦਾ ਪਵਿੱਤਰ ਪੁਰੱਖ ਹੈਂ।” 35 ਪਰ ਯਿਸੂ ਨੇ ਉਸ ਨੂੰ ਰੋਕਕੇ ਤਾੜਨਾ ਕੀਤੀ ਅਤੇ ਕਿਹਾ, “ਚੁੱਪ ਕਰ! ਅਤੇ ਇਸ ਮਨੁੱਖ ਵਿੱਚੋਂ ਨਿਕਲ ਜਾ।” ਭਰਿਸ਼ਟ ਆਤਮਾ ਨੇ ਸਾਰੇ ਲੋਕਾਂ ਦੇ ਸਾਹਮਣੇ ਉਸ ਮਨੁੱਖ ਨੂੰ ਠਾਹ ਜ਼ਮੀਨ ਤੇ ਪਟਕਿਆ ਅਤੇ ਫ਼ੇਰ ਭਰਿਸ਼ਟ ਆਤਮਾ ਬਿਨਾ ਉਸ ਆਦਮੀ ਨੂੰ ਸੱਟ ਪਹੁੰਚਾਏ ਉਸ ਵਿੱਚੋਂ ਨਿਕਲ ਗਿਆ।
36 ਲੋਕ ਹੈਰਾਨ ਹੋਏ ਤੇ ਇੱਕ ਦੂਜੇ ਨੂੰ ਕਹਿਣ ਲੱਗੇ, “ਇਹ ਕਿਸ ਤਰ੍ਹਾਂ ਦੇ ਉਪਦੇਸ਼ ਹਨ? ਕਿ ਉਹ ਭਰਿਸ਼ਟ ਆਤਮਿਆਂ ਨੂੰ ਸ਼ਕਤੀ ਅਤੇ ਅਧਿਕਾਰ ਨਾਲ ਹੁਕਮ ਦਿੰਦਾ ਹੈ ਅਤੇ ਉਹ ਬਾਹਰ ਆ ਜਾਂਦੇ ਹਨ।” 37 ਉਸ ਖੇਤ੍ਰ ਦੇ ਸਾਰੇ ਭਾਗਾਂ ਵਿੱਚ ਯਿਸੂ ਬਾਰੇ ਖਬਰ ਫ਼ੈਲਣੀ ਸ਼ੁਰੂ ਹੋ ਗਿਆ।
2010 by World Bible Translation Center