Revised Common Lectionary (Complementary)
ਨਅਮਾਨ ਦਾ ਕਸ਼ਟ
5 ਨਅਮਾਨ ਅਰਾਮ ਦੇ ਰਾਜ ਦੀ ਸੈਨਾ ਦਾ ਸੈਨਾਪਤੀ ਸੀ ਅਤੇ ਉਹ ਆਪਣੇ ਰਾਜਾ ਦਾ ਬੜਾ ਮਹੱਤਵਪੂਰਣ ਆਦਮੀ ਸੀ ਉਸਦਾ ਆਦਰ-ਮਾਨ ਉੱਥੇ ਬਹੁਤ ਸੀ ਕਿਉਂ ਕਿ ਉਸ ਦੇ ਰਾਹੀਂ ਯਹੋਵਾਹ ਨੇ ਅਰਾਮ ਨੂੰ ਜਿੱਤ ਦਿੱਤੀ ਸੀ। ਉਹ ਬੜਾ ਵੀਰ-ਯੋਧਾ ਮਨੁੱਖ ਸੀ ਪਰ ਉਹ ਕੋੜ੍ਹ ਦੇ ਰੋਗ ਤੋਂ ਬੜਾ ਦੁੱਖੀ ਸੀ।
2 ਅਰਾਮੀ ਸੈਨਾ ਨੇ ਇਸਰਾਏਲ ਵਿੱਚ ਲੜਨ ਲਈ ਬਹੁਤ ਸਾਰੇ ਟੋਲੇ ਭੇਜੇ। ਤੇ ਉਹ ਸਿਪਾਹੀ ਲੋਕਾਂ ਨੂੰ ਚੁੱਕ ਕੇ ਆਪਣੇ ਗੁਲਾਮ ਬਣਾ ਲੈਂਦੇ। ਇੱਕ ਵਾਰੀ ਉਹ ਇਸਰਾਏਲ ਤੋਂ ਇੱਕ ਨਿੱਕੀ ਜਿਹੀ ਕੁੜੀ ਚੁੱਕ ਲਿਆਏ ਜੋ ਕਿ ਨਅਮਾਨ ਦੀ ਵਹੁਟੀ ਦੀ ਗੋਲੀ ਬਣ ਗਈ। 3 ਇਸ ਕੁੜੀ ਨੇ ਨਅਮਾਨ ਦੀ ਪਤਨੀ ਨੂੰ ਆਕੇ ਕਿਹਾ, “ਕਾਸ਼ ਮੇਰਾ ਸੁਆਮੀ (ਨਅਮਾਨ) ਉਸ ਨਬੀ ਦੇ ਕੋਲ ਹੁੰਦਾ ਜੋ ਸਾਮਰਿਯਾ ਵਿੱਚ (ਆਲੀਸ਼ਾ) ਹੈ। ਉਹ ਨਬੀ ਉਸ ਦੇ ਕੋੜ੍ਹ ਤੋਂ ਉਸ ਨੂੰ ਮੁਕਤ ਕਰ ਸੱਕਦਾ ਹੈ।”
4 ਨਅਮਾਨ ਆਪਣੇ ਮਾਲਕ (ਅਰਾਮ ਦੇ ਰਾਜੇ) ਕੋਲ ਗਿਆ ਅਤੇ ਉਸ ਨੂੰ ਉਹ ਦੱਸਿਆ ਜੋ ਉਸ ਇਸਰਾਏਲੀ ਕੁੜੀ ਨੇ ਆਖਿਆ ਸੀ।
5 ਤਦ ਅਰਾਮ ਦੇ ਰਾਜੇ ਨੇ ਆਖਿਆ, “ਹੁਣੇ ਜਾ ਅਤੇ ਮੈਂ ਇਸਰਾਏਲ ਦੇ ਪਾਤਸ਼ਾਹ ਨੂੰ ਇੱਕ ਚਿੱਠੀ ਭੇਜਦਾ ਹਾਂ।”
ਤਦ ਨਅਮਾਨ ਇਸਰਾਏਲ ਨੂੰ ਗਿਆ, ਅਤੇ ਆਪਣੇ ਨਾਲ ਕੁਝ ਸੁਗਾਤਾਂ ਵੀ ਲੈ ਗਿਆ। ਉਸ ਨੇ 340 ਕਿੱਲੋ ਚਾਂਦੀ, 6,000 ਸੋਨੇ ਦੇ ਸਿੱਕੇ ਅਤੇ ਦਸ ਜੋੜੇ ਕੱਪੜੇ ਆਪਣੇ ਨਾਲ ਲੈ ਲਏ। 6 ਉਹ ਇਸਰਾਏਲ ਦੇ ਪਾਤਸ਼ਾਹ ਕੋਲ ਉਹ ਚਿੱਠੀ ਲਿਆਇਆ ਜਿਸ ਵਿੱਚ ਇਹ ਲਿਖਿਆ ਸੀ ਕਿ ਹੁਣ ਜਦੋਂ ਇਹ ਚਿੱਠੀ ਤੇਰੇ ਤੀਕ ਪਹੁੰਚੇ ਤਾਂ ਵੇਖ ਮੈਂ ਆਪਣੇ ਬੰਦੇ ਨਅਮਾਨ ਨੂੰ ਤੇਰੇ ਕੋਲ ਭੇਜਿਆ ਹੈ ਤਾਂ ਜੋ ਤੂੰ ਉਸ ਦੇ ਕੋੜ੍ਹ ਨੂੰ ਚੰਗਿਆਂ ਕਰ ਦੇਵੇਂ।
7 ਜਦੋਂ ਇਸਰਾਏਲ ਦੇ ਪਾਤਸ਼ਾਹ ਨੇ ਉਹ ਚਿੱਠੀ ਪੜ੍ਹੀ ਤਾਂ ਉਸ ਨੇ ਆਪਣੇ ਕੱਪੜੇ ਫ਼ਾੜ ਕੇ ਇਹ ਦਰਸਾਇਆ ਕਿ ਉਹ ਉਦਾਸ ਹੈ ਅਤੇ ਪਰੇਸ਼ਾਨ ਹੈ। ਇਸਰਾਏਲ ਦੇ ਪਾਤਸ਼ਾਹ ਨੇ ਆਖਿਆ, “ਕੀ ਮੈਂ ਪਰਮੇਸ਼ੁਰ ਹਾਂ? ਨਹੀਂ! ਮੇਰਾ ਜੀਵਨ ਅਤੇ ਮੌਤ ਉੱਪਰ ਕੋਈ ਅਧਿਕਾਰ ਨਹੀਂ ਤਾਂ ਫ਼ਿਰ ਭਲਾ ਮੈਂ ਇਸ ਕੋਹੜੀ ਮਨੁੱਖ ਨੂੰ ਇਸਦੇ ਕੋੜ੍ਹ ਤੋਂ ਕਿਵੇਂ ਮੁਕਤ ਕਰ ਸੱਕਦਾ ਹਾਂ। ਤਾਂ ਫ਼ਿਰ ਉਸ ਨੇ ਭਲਾ ਇਸ ਨੂੰ ਮੇਰੇ ਕੋਲ ਕਿਉਂ ਭੇਜਿਆ ਹੈ? ਜ਼ਰਾ ਧਿਆਨ ਨਾਲ ਸੋਚੋ ਤਾਂ ਪਤਾ ਚੱਲੇਗਾ ਕਿ ਇਹ ਉਸਦੀ ਚਾਲ ਹੈ। ਇਸਦਾ ਮਤਲਬ ਅਰਾਮ ਦਾ ਰਾਜਾ ਮੇਰੇ ਨਾਲ ਲੜਾਈ ਲੜਨ ਦੀ ਵਿਉਂਤ ਕਰ ਰਿਹਾ ਹੈ।”
8 ਜਦੋਂ ਅਲੀਸ਼ਾ ਨੂੰ ਇਹ ਖਬਰ ਮਿਲੀ ਕਿ ਇਸਰਾਏਲ ਦੇ ਪਾਤਸ਼ਾਹ ਨੇ ਆਪਣੇ ਕੱਪੜੇ ਫ਼ਾੜੇ ਹਨ ਅਤੇ ਉਹ ਉਦਾਸ ਅਤੇ ਪਰੇਸ਼ਾਨ ਹੈ ਤਾਂ ਅਲੀਸ਼ਾ ਨੇ ਪਾਤਸ਼ਾਹ ਨੂੰ ਇਹ ਸੁਨੇਹਾ ਭੇਜਿਆ, “ਤੂੰ ਆਪਣੇ ਵਸਤਰ ਕਿਉਂ ਫ਼ਾੜਦਾ ਹੈਂ? ਤੂੰ ਉਸ ਨਅਮਾਨ ਨੂੰ ਮੇਰੇ ਕੋਲ ਭੇਜਦੇ ਤਾਂ ਜੋ ਉਸ ਨੂੰ ਪਤਾ ਚੱਲੇ ਕਿ ਇਸਰਾਏਲ ਵਿੱਚ ਇੱਕ ਨਬੀ ਹੈ।”
9 ਤਾਂ ਨਅਮਾਨ ਆਪਣੇ ਘੋੜਿਆਂ ਅਤੇ ਰੱਥਾਂ ਸਮੇਤ ਆਇਆ ਅਤੇ ਅਲੀਸ਼ਾ ਦੇ ਘਰ ਦੇ ਦਰਵਾਜ਼ੇ ਕੋਲ ਖੜੋ ਗਿਆ। 10 ਅਲੀਸ਼ਾ ਨੇ ਇੱਕ ਸੰਦੇਸ਼ਵਾਹਕ ਨੂੰ ਇਹ ਕਹਿ ਕੇ ਉਸ ਕੋਲ ਭੇਜਿਆ ਕਿ ਜਾਹ ਅਤੇ ਜਾਕੇ ਯਰਦਨ ਨਦੀ ਵਿੱਚ ਸੱਤ ਚੁੱਬੀਆਂ ਮਾਰ ਤਾਂ ਤੇਰਾ ਕੋੜ੍ਹ ਠੀਕ ਹੋ ਜਾਵੇਗਾ ਅਤੇ ਤੂੰ ਬਿਲਕੁਲ ਪਾਕ ਪਵਿੱਤਰ ਹੋ ਜਾਵੇਂਗਾ।
11 ਨਅਮਾਨ ਬੜੇ ਕਰੋਧ ਵਿੱਚ ਉੱਥੋਂ ਮੁੜ ਆਇਆ ਅਤੇ ਉਸ ਨੇ ਕਿਹਾ, “ਵੇਖੋ! ਮੈਂ ਤਾਂ ਸੋਚਦਾ ਸੀ ਕਿ ਉਹ ਬਾਹਰ ਆਕੇ ਖੜ੍ਹਾ ਹੋਵੇਗਾ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਉਂ ਲੈ ਕੇ ਮੇਰੇ ਕੋਹੜ ਵਾਲੀ ਥਾਂ ਤੇ ਆਪਣਾ ਹੱਥ ਫ਼ੇਰੇਗਾ ਤੇ ਮੈਨੂੰ ਕੋਹੜ ਤੋਂ ਮੁਕਤ ਕਰੇਗਾ। 12 ਅਬਨਾਹ ਅਤੇ ਫ਼ਰਪਰ ਜੋ ਕਿ ਦੰਮਿਸਕ ਦੀਆਂ ਨਦੀਆਂ ਹਨ ਇਸਰਾਏਲ ਦੇ ਸਾਰੇ ਪਾਣੀਆਂ ਨਾਲੋਂ ਚੰਗੀਆਂ ਹਨ। ਕੀ ਮੈਂ ਉਨ੍ਹਾਂ ਵਿੱਚ ਨਹਾਕੇ ਸਾਫ਼ ਨਹੀਂ ਹੋ ਸੱਕਦਾ?” ਅਤੇ ਉਹ ਜਾਣ ਲਈ ਮੁੜਿਆ।
13 ਪਰ ਤਦ ਨਅਮਾਨ ਦੇ ਸੇਵਕ ਉਸ ਕੋਲ ਆਏ ਤੇ ਉਸ ਨੂੰ ਆਖਣ ਲੱਗੇ, “ਹੇ ਮੇਰੇ ਪਿਤਾ! ਕੀ ਜੇ ਨਬੀ ਤੈਨੂੰ ਕੋਈ ਵੱਡਾ ਕੰਮ ਕਰਨ ਦੀ ਆਗਿਆ ਦਿੰਦਾ ਤਾਂ ਤੂੰ ਨਾ ਕਰਦਾ? ਤੇ ਫ਼ਿਰ ਜੇਕਰ ਉਸ ਨੇ ਤੈਨੂੰ ਇਹ ਆਖਿਆ ਹੈ ਕਿ ਯਰਦਨ ਨਦੀ ਵਿੱਚ ਨਹਾ ਲੈ ਤੇ ਸ਼ੁੱਧ ਹੋ ਜਾ, ਤਾਂ ਤੈਨੂੰ ਉਸਦੀ ਆਗਿਆ ਮੰਨ ਲੈਣੀ ਚਾਹੀਦੀ ਹੈ।”
14 ਤਦ ਨਅਮਾਨ ਨੇ ਪਰਮੇਸ਼ੁਰ ਦੇ ਮਨੁੱਖ (ਅਲੀਸ਼ਾ) ਦੇ ਕਹੇ ਅਨੁਸਾਰ ਉਵੇਂ ਹੀ ਕੀਤਾ। ਉਸ ਨੇ ਯਰਦਨ ਨਦੀ ਵਿੱਚ ਸੱਤ ਵਾਰੀ ਚੁੱਬੀ ਮਾਰੀ ਤਾਂ ਉਸ ਦਾ ਕੋੜ੍ਹ ਠੀਕ ਹੋ ਗਿਆ ਤੇ ਉਹ ਸ਼ੁੱਧ ਹੋ ਗਿਆ। ਉਸਦੀ ਚਮੜੀ ਬੱਚਿਆਂ ਦੀ ਚਮੜੀ ਵਰਗੀ ਨਰਮ ਤੇ ਨਰੋਈ ਹੋ ਗਈ।
ਦਾਊਦ ਦੇ ਗੀਤਾਂ ਵਿੱਚੋਂ ਇੱਕ ਇਹ ਗੀਤ ਮੰਦਰ ਦੇ ਸਮਰਪਣ ਲਈ ਸੀ।
30 ਯਹੋਵਾਹ, ਤੁਸਾਂ ਮੈਨੂੰ ਮੇਰੇ ਸੰਕਟਾਂ ਵਿੱਚੋਂ ਉਭਾਰਿਆ।
ਤੁਸਾਂ ਮੇਰੇ ਦੁਸ਼ਮਣਾਂ ਨੂੰ ਮੈਨੂੰ ਹਰਾਉਣ, ਅਤੇ ਮੇਰੇ ਉੱਤੇ ਹੱਸਣ ਨਹੀਂ ਦਿੱਤਾ।
ਇਸ ਲਈ ਮੈਂ ਤੁਹਾਡੇ ਲਈ ਆਦਰ ਦਰਸਾਵਾਂਗਾ।
2 ਮੇਰੇ ਯਹੋਵਾਹ ਪਰਮੇਸ਼ੁਰ, ਮੈਂ ਤੁਹਾਨੂੰ ਪ੍ਰਾਰਥਨਾ ਕੀਤੀ।
ਤੇ ਤੁਸਾਂ ਮੈਨੂੰ ਨਿਰੋਗ ਕੀਤਾ।
3 ਤੁਸਾਂ ਮੈਨੂੰ ਕਬਰ ਵਿੱਚੋਂ ਉੱਠਾ ਲਿਆ ਸੀ।
ਤੁਸਾਂ ਮੈਨੂੰ ਜੀਣ ਦਿੱਤਾ।
ਮੈਨੂੰ ਮੁਰਦਿਆਂ ਦੇ ਨਾਲ ਲੇਟਣਾ ਨਹੀਂ ਪਿਆ ਜਿਹੜੇ ਮ੍ਰਿਤੂ ਲੋਕ ਵਿੱਚ ਪਏ ਹਨ।
4 ਹੇ ਪਰਮੇਸ਼ੁਰ ਦੇ ਚੇਲਿਉ, ਯਹੋਵਾਹ ਨੂੰ ਉਸਤਤਾਂ ਗਾਵੋ।
ਉਸ ਦੇ ਪਵਿੱਤਰ ਨਾਮ ਦੀ ਉਸਤਤਿ ਕਰੋ।
5 ਪਰਮੇਸ਼ੁਰ ਗੁੱਸੇ ਸੀ, ਇਸ ਲਈ ਫ਼ੈਸਲਾ “ਮੌਤ” ਸੀ।
ਪਰ ਉਸ ਨੇ ਆਪਣਾ ਪਿਆਰ ਦਰਸਾਇਆ, ਅਤੇ ਉਸ ਨੇ ਮੈਨੂੰ “ਜੀਵਨ ਦੀ ਅਸੀਸ” ਦਿੱਤੀ।
ਰਾਤ ਵੇਲੇ ਮੈਂ ਰੋਂਦਾ ਹੋਇਆ ਲੇਟਿਆ ਸਾਂ।
ਅਗਲੀ ਸਵੇਰ, ਮੈਂ ਪ੍ਰਸੰਨ ਸਾਂ ਤੇ ਗਾ ਰਿਹਾ ਸਾਂ।
6 ਜਦੋਂ ਮੈਂ ਸੁਰੱਖਿਅਤ ਤੇ ਨਿਸ਼ਚਿੰਤ ਸਾਂ,
ਮੈਂ ਸੋਚਿਆ ਮੈਨੂੰ ਕੋਈ ਵੀ ਸੱਟ ਨਹੀਂ ਮਾਰ ਸੱਕਦਾ।
7 ਹਾਂ, ਯਹੋਵਾਹ, ਜਦੋਂ ਤੁਸੀਂ ਮੇਰੇ ਉੱਤੇ ਮਿਹਰਬਾਨ ਸੀ।
ਮੈਂ ਮਹਿਸੂਸ ਕੀਤਾ ਜਿਵੇਂ ਕੁਝ ਵੀ ਨਹੀਂ ਜੋ ਮੈਨੂੰ ਹਰਾ ਸੱਕਦਾ ਸੀ।
ਪਰ ਜਦੋਂ ਤੁਸੀਂ ਮੈਥੋਂ ਮੁੱਖ ਮੋੜਿਆ ਸੀ
ਮੈਂ ਸਹਿਮ ਗਿਆ ਅਤੇ ਡਰ ਨਾਲ ਕੰਬ ਗਿਆ।
8 ਇਸ ਲਈ, ਹੇ ਪਰਮੇਸ਼ੁਰ ਮੈਂ ਧਰਤੀ ਉੱਤੇ ਤੇਰੇ ਅੱਗੇ ਪ੍ਰਾਰਥਨਾ ਕੀਤੀ।
ਮੈਂ ਆਖਿਆ ਕਿ ਤੂੰ ਮੇਰੇ ਉੱਪਰ ਦਯਾ ਕਰੇਂ।
9 ਮੈਂ ਆਖਿਆ, “ਹੇ ਪਰਮੇਸ਼ੁਰ ਇਸ ਵਿੱਚ ਕੀ ਚੰਗਾ ਹੈ ਜੇ ਮੈਂ ਮਰ ਜਾਵਾਂ
ਤੇ ਮੈਂ ਕਬਰ ਵਿੱਚ ਨਿਘਰ ਜਾਵਾਂ?
ਸਿਰਫ਼ ਮੁਰਦਾ ਲੋਕ ਖਾਕ ਵਿੱਚ ਲੇਟਦੇ ਹਨ?
ਉਹ ਤੇਰੀ ਉਸਤਤਿ ਨਹੀਂ ਕਰਦੇ।
ਉਹ ਲੋਕਾਂ ਤਾਈਂ ਨਹੀਂ ਦੱਸਦੇ ਅਸੀਂ ਤੇਰੇ ਉੱਤੇ ਕਿੰਨਾ ਨਿਰਭਰ ਹੋ ਸੱਕਦੇ ਹਾਂ।
10 ਹੇ ਯਹੋਵਾਹ, ਮੇਰੀ ਪ੍ਰਾਰਥਨਾ ਸੁਣੋ ਅਤੇ ਮੇਰੇ ਉੱਤੇ ਮਿਹਰਬਾਨ ਹੋਵੋ।
ਹੇ ਯਹੋਵਾਹ, ਮੇਰੀ ਮਦਦ ਕਰੋ।”
11 ਮੈਂ ਪ੍ਰਾਰਥਨਾ ਕੀਤੀ ਅਤੇ ਤੁਸਾਂ ਮੇਰੀ ਮਦਦ ਕੀਤੀ।
ਤੁਸੀਂ ਮੇਰੇ ਰੋਣ ਨੂੰ ਨੱਚਣ ਵਿੱਚ ਬਦਲਿਆ।
ਤੁਸੀਂ ਮੇਰੀ ਉਦਾਸੀ ਦੀ ਪੋਸ਼ਾਕ ਲਾਹ ਲਈ।
ਅਤੇ ਤੁਸੀਂ ਮੈਨੂੰ ਖੁਸ਼ੀ ਨਾਲ ਢੱਕਿਆ।
12 ਯਹੋਵਾਹ, ਮੇਰੇ ਪਰਮੇਸ਼ੁਰ, ਮੈਂ ਸਦਾ ਤੇਰੀ ਉਸਤਤਿ ਕਰਾਂਗਾ ਇਸ ਲਈ ਕਦੇ ਵੀ ਖਾਮੋਸ਼ੀ ਨਹੀਂ ਛਾਏਗੀ
ਅਤੇ ਇੱਥੋਂ ਕੋਈ ਨਾ ਕੋਈ ਸਦਾ ਤੁਹਾਡੇ ਆਦਰ ਦੇ ਗੀਤ ਗਾ ਰਿਹਾ ਹੋਵੇਗਾ।
24 ਤੁਸੀਂ ਜਾਣਦੇ ਹੋ ਕਿ ਦੌੜ ਵਿੱਚ ਸਾਰੇ ਦੌੜਾਕ ਦੌੜਦੇ ਹਨ। ਪਰ ਕੋਈ ਇੱਕ ਦੌੜਾਕ ਇਨਾਮ ਹਾਸਿਲ ਕਰਦਾ ਹੈ। ਇਸ ਲਈ ਇਹੀ ਤਰੀਕਾ ਹੈ ਜਿਵੇਂ ਤੁਹਾਨੂੰ ਦੌੜਨਾ ਚਾਹੀਦਾ ਹੈ: ਤੁਹਾਨੂੰ ਜਿੱਤਣ ਲਈ ਦੌੜਨਾ ਚਾਹੀਦਾ ਹੈ। 25 ਖੇਡਾਂ ਵਿੱਚ ਹਿੱਸਾ ਲੈਣ ਵਾਲੇ ਸਾਰੇ ਵਿਅਕਤੀ ਸਖਤ ਸਿਖਲਾਈ ਕਰਦੇ ਹਨ। ਅਜਿਹਾ ਉਹ ਇਸ ਲਈ ਕਰਦੇ ਹਨ ਤਾਂ ਜੋ ਉਹ ਤਾਜ ਜਿੱਤ ਸੱਕਣ। ਇਹ ਤਾਜ ਸਿਰਫ਼ ਥੋੜੇ ਸਮੇਂ ਲਈ ਹੀ ਸਥਿਰ ਰਹਿੰਦਾ ਹੈ। ਪਰ ਸਾਡਾ ਤਾਜ ਸਦਾ ਲਈ ਹੋਵੇਗਾ। 26 ਇਸ ਲਈ ਮੈਂ ਉਦੇਸ਼ ਰੱਖਣ ਵਾਲੇ ਇੱਕ ਆਦਮੀ ਵਾਂਗ ਦੌੜਦਾ ਹਾਂ। ਮੈਂ ਉਸ ਲੜਾਕੂ ਦੀ ਤਰ੍ਹਾਂ ਲੜਦਾ ਹਾਂ ਜਿਹੜਾ ਹਵਾ ਨੂੰ ਕਿਸੇ ਚੀਜ਼ ਦੀ ਤਰ੍ਹਾਂ ਨਹੀਂ ਸਗੋਂ ਕਿਸੇ ਚੀਜ਼ ਨੂੰ ਨਿਸ਼ਾਨਾ ਬਨਾਉਂਦਾ ਹੈ। 27 ਇਸ ਲਈ ਮੈਂ ਆਪਣੇ ਖੁਦ ਦੇ ਸਰੀਰ ਨੂੰ ਸੰਜ਼ਮ ਵਿੱਚ ਰੱਖਦਾ ਹਾਂ ਅਤੇ ਇਸ ਨੂੰ ਆਪਣਾ ਗੁਲਾਮ ਬਨਾਉਂਦਾ ਹਾਂ। ਮੈਂ ਇਸ ਤਰ੍ਹਾਂ ਇਸ ਲਈ ਕਰਦਾ ਹਾਂ ਤਾਂ ਜੋ ਲੋਕਾਂ ਵਿੱਚ ਪ੍ਰਚਾਰ ਕਰਨ ਤੋਂ ਬਾਦ ਮੈਂ ਖੁਦ ਪਰਮੇਸ਼ੁਰ ਵੱਲੋਂ ਨਾਮੰਜ਼ੂਰ ਨਾ ਕੀਤਾ ਜਾਵਾਂ।
ਯਿਸੂ ਦਾ ਇੱਕ ਬਿਮਾਰ ਆਦਮੀ ਨੂੰ ਠੀਕ ਕਰਨਾ(A)
40 ਇੱਕ ਆਦਮੀ ਜਿਸ ਨੂੰ ਕੋੜ੍ਹ ਹੋਇਆ ਸੀ, ਉਸ ਨੇ ਝੁਕ ਕੇ ਯਿਸੂ ਅੱਗੇ ਅਰਜੋਈ ਕੀਤੀ, “ਜੇ ਤੂੰ ਚਾਹੇਂ ਤਾਂ ਮੈਨੂੰ ਠੀਕ ਕਰ ਸੱਕਦਾ ਹੈ।”
41 ਯਿਸੂ ਨੂੰ ਉਸ ਮਨੁੱਖ ਤੇ ਤਰਸ ਆਇਆ ਤਾਂ ਉਸ ਨੇ ਉਸ ਆਦਮੀ ਨੂੰ ਛੂਹਿਆ ਅਤੇ ਕਿਹਾ, “ਮੈਂ ਚਾਹੁੰਦਾ ਹਾਂ ਕਿ ਤੂੰ ਠੀਕ ਹੋ ਜਾਵੇਂ ਸੋ ਤੂੰ ਰਾਜੀ ਹੋ ਜਾ।” 42 ਫ਼ਿਰ ਕੋੜ੍ਹ ਨੇ ਉਸ ਨੂੰ ਛੱਡ ਦਿੱਤਾ ਅਤੇ ਉਹ ਨਿਰਮਲ ਹੋ ਗਿਆ।
43 ਯਿਸੂ ਨੇ ਉਸ ਆਦਮੀ ਨੂੰ ਬੜੀ ਸਖਤੀ ਨਾਲ ਤਗੀਦ ਕਰਕੇ ਭੇਜ ਦਿੱਤਾ, 44 ਉਸ ਨੇ ਉਸ ਨੂੰ ਆਖਿਆ, “ਤੂੰ ਇਸ ਬਾਰੇ ਕਿਸੇ ਨੂੰ ਨਾ ਦੱਸੀਂ। ਪਰ ਜਾ ਅਤੇ ਆਪਣੇ-ਆਪ ਨੂੰ ਜਾਜਕ ਨੂੰ ਵਿਖਾ। ਕਿਉਂਕਿ ਤੂੰ ਚੰਗਾ ਕੀਤਾ ਗਿਆ ਹੈਂ, ਪਰਮੇਸ਼ੁਰ ਨੂੰ ਭੇਟਾ ਪੇਸ਼ ਕਰ। ਤੂੰ ਉਹੀ ਭੇਟਾ ਅਰਪਨ ਕਰੀ ਜਿਸਦਾ ਮੂਸਾ ਨੇ ਹੁਕਮ ਦਿੱਤਾ ਸੀ। ਇਸ ਨਾਲ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਤੂੰ ਰਾਜੀ ਹੋ ਗਿਆ ਹੈਂ।” 45 ਪਰ ਉਹ ਆਦਮੀ ਬਾਹਰ ਜਾਕੇ ਇਹ ਚਰਚਾ ਕਰਨ ਲੱਗਾ ਕਿ ਯਿਸੂ ਨੇ ਉਸ ਨੂੰ ਰਾਜੀ ਕੀਤਾ ਹੈ। ਇਉਂ ਯਿਸੂ ਦੀ ਖਬਰ ਸਭ ਜਗ੍ਹਾ ਫ਼ੈਲ ਗਈ। ਇਸ ਲਈ ਯਿਸੂ ਖੁਲ੍ਹੇ-ਆਮ ਕਿਸੇ ਨਗਰ ਵਿੱਚ ਨਾ ਵੜ ਸੱਕਿਆ। ਤਾਂ ਉਸ ਨੇ ਇੱਕਾਂਤ ਜਗ੍ਹਾਵਾਂ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਪਰ ਤਾਂ ਵੀ ਲੋਕਾਂ ਨੇ ਸਭ ਨਗਰਾਂ ਤੋਂ ਯਿਸੂ ਕੋਲ ਆਉਣਾ ਜਾਰੀ ਰੱਖਿਆ।
2010 by World Bible Translation Center