Revised Common Lectionary (Complementary)
ਦਾਊਦ ਦੇ ਗੀਤਾਂ ਵਿੱਚੋਂ ਇੱਕ ਇਹ ਗੀਤ ਮੰਦਰ ਦੇ ਸਮਰਪਣ ਲਈ ਸੀ।
30 ਯਹੋਵਾਹ, ਤੁਸਾਂ ਮੈਨੂੰ ਮੇਰੇ ਸੰਕਟਾਂ ਵਿੱਚੋਂ ਉਭਾਰਿਆ।
ਤੁਸਾਂ ਮੇਰੇ ਦੁਸ਼ਮਣਾਂ ਨੂੰ ਮੈਨੂੰ ਹਰਾਉਣ, ਅਤੇ ਮੇਰੇ ਉੱਤੇ ਹੱਸਣ ਨਹੀਂ ਦਿੱਤਾ।
ਇਸ ਲਈ ਮੈਂ ਤੁਹਾਡੇ ਲਈ ਆਦਰ ਦਰਸਾਵਾਂਗਾ।
2 ਮੇਰੇ ਯਹੋਵਾਹ ਪਰਮੇਸ਼ੁਰ, ਮੈਂ ਤੁਹਾਨੂੰ ਪ੍ਰਾਰਥਨਾ ਕੀਤੀ।
ਤੇ ਤੁਸਾਂ ਮੈਨੂੰ ਨਿਰੋਗ ਕੀਤਾ।
3 ਤੁਸਾਂ ਮੈਨੂੰ ਕਬਰ ਵਿੱਚੋਂ ਉੱਠਾ ਲਿਆ ਸੀ।
ਤੁਸਾਂ ਮੈਨੂੰ ਜੀਣ ਦਿੱਤਾ।
ਮੈਨੂੰ ਮੁਰਦਿਆਂ ਦੇ ਨਾਲ ਲੇਟਣਾ ਨਹੀਂ ਪਿਆ ਜਿਹੜੇ ਮ੍ਰਿਤੂ ਲੋਕ ਵਿੱਚ ਪਏ ਹਨ।
4 ਹੇ ਪਰਮੇਸ਼ੁਰ ਦੇ ਚੇਲਿਉ, ਯਹੋਵਾਹ ਨੂੰ ਉਸਤਤਾਂ ਗਾਵੋ।
ਉਸ ਦੇ ਪਵਿੱਤਰ ਨਾਮ ਦੀ ਉਸਤਤਿ ਕਰੋ।
5 ਪਰਮੇਸ਼ੁਰ ਗੁੱਸੇ ਸੀ, ਇਸ ਲਈ ਫ਼ੈਸਲਾ “ਮੌਤ” ਸੀ।
ਪਰ ਉਸ ਨੇ ਆਪਣਾ ਪਿਆਰ ਦਰਸਾਇਆ, ਅਤੇ ਉਸ ਨੇ ਮੈਨੂੰ “ਜੀਵਨ ਦੀ ਅਸੀਸ” ਦਿੱਤੀ।
ਰਾਤ ਵੇਲੇ ਮੈਂ ਰੋਂਦਾ ਹੋਇਆ ਲੇਟਿਆ ਸਾਂ।
ਅਗਲੀ ਸਵੇਰ, ਮੈਂ ਪ੍ਰਸੰਨ ਸਾਂ ਤੇ ਗਾ ਰਿਹਾ ਸਾਂ।
6 ਜਦੋਂ ਮੈਂ ਸੁਰੱਖਿਅਤ ਤੇ ਨਿਸ਼ਚਿੰਤ ਸਾਂ,
ਮੈਂ ਸੋਚਿਆ ਮੈਨੂੰ ਕੋਈ ਵੀ ਸੱਟ ਨਹੀਂ ਮਾਰ ਸੱਕਦਾ।
7 ਹਾਂ, ਯਹੋਵਾਹ, ਜਦੋਂ ਤੁਸੀਂ ਮੇਰੇ ਉੱਤੇ ਮਿਹਰਬਾਨ ਸੀ।
ਮੈਂ ਮਹਿਸੂਸ ਕੀਤਾ ਜਿਵੇਂ ਕੁਝ ਵੀ ਨਹੀਂ ਜੋ ਮੈਨੂੰ ਹਰਾ ਸੱਕਦਾ ਸੀ।
ਪਰ ਜਦੋਂ ਤੁਸੀਂ ਮੈਥੋਂ ਮੁੱਖ ਮੋੜਿਆ ਸੀ
ਮੈਂ ਸਹਿਮ ਗਿਆ ਅਤੇ ਡਰ ਨਾਲ ਕੰਬ ਗਿਆ।
8 ਇਸ ਲਈ, ਹੇ ਪਰਮੇਸ਼ੁਰ ਮੈਂ ਧਰਤੀ ਉੱਤੇ ਤੇਰੇ ਅੱਗੇ ਪ੍ਰਾਰਥਨਾ ਕੀਤੀ।
ਮੈਂ ਆਖਿਆ ਕਿ ਤੂੰ ਮੇਰੇ ਉੱਪਰ ਦਯਾ ਕਰੇਂ।
9 ਮੈਂ ਆਖਿਆ, “ਹੇ ਪਰਮੇਸ਼ੁਰ ਇਸ ਵਿੱਚ ਕੀ ਚੰਗਾ ਹੈ ਜੇ ਮੈਂ ਮਰ ਜਾਵਾਂ
ਤੇ ਮੈਂ ਕਬਰ ਵਿੱਚ ਨਿਘਰ ਜਾਵਾਂ?
ਸਿਰਫ਼ ਮੁਰਦਾ ਲੋਕ ਖਾਕ ਵਿੱਚ ਲੇਟਦੇ ਹਨ?
ਉਹ ਤੇਰੀ ਉਸਤਤਿ ਨਹੀਂ ਕਰਦੇ।
ਉਹ ਲੋਕਾਂ ਤਾਈਂ ਨਹੀਂ ਦੱਸਦੇ ਅਸੀਂ ਤੇਰੇ ਉੱਤੇ ਕਿੰਨਾ ਨਿਰਭਰ ਹੋ ਸੱਕਦੇ ਹਾਂ।
10 ਹੇ ਯਹੋਵਾਹ, ਮੇਰੀ ਪ੍ਰਾਰਥਨਾ ਸੁਣੋ ਅਤੇ ਮੇਰੇ ਉੱਤੇ ਮਿਹਰਬਾਨ ਹੋਵੋ।
ਹੇ ਯਹੋਵਾਹ, ਮੇਰੀ ਮਦਦ ਕਰੋ।”
11 ਮੈਂ ਪ੍ਰਾਰਥਨਾ ਕੀਤੀ ਅਤੇ ਤੁਸਾਂ ਮੇਰੀ ਮਦਦ ਕੀਤੀ।
ਤੁਸੀਂ ਮੇਰੇ ਰੋਣ ਨੂੰ ਨੱਚਣ ਵਿੱਚ ਬਦਲਿਆ।
ਤੁਸੀਂ ਮੇਰੀ ਉਦਾਸੀ ਦੀ ਪੋਸ਼ਾਕ ਲਾਹ ਲਈ।
ਅਤੇ ਤੁਸੀਂ ਮੈਨੂੰ ਖੁਸ਼ੀ ਨਾਲ ਢੱਕਿਆ।
12 ਯਹੋਵਾਹ, ਮੇਰੇ ਪਰਮੇਸ਼ੁਰ, ਮੈਂ ਸਦਾ ਤੇਰੀ ਉਸਤਤਿ ਕਰਾਂਗਾ ਇਸ ਲਈ ਕਦੇ ਵੀ ਖਾਮੋਸ਼ੀ ਨਹੀਂ ਛਾਏਗੀ
ਅਤੇ ਇੱਥੋਂ ਕੋਈ ਨਾ ਕੋਈ ਸਦਾ ਤੁਹਾਡੇ ਆਦਰ ਦੇ ਗੀਤ ਗਾ ਰਿਹਾ ਹੋਵੇਗਾ।
21 “ਪਰ ਜੇ ਬੰਦਾ ਗਰੀਬ ਹੈ ਅਤੇ ਉਨ੍ਹਾਂ ਚੜ੍ਹਾਵਿਆਂ ਦੀ ਉਸਦੀ ਪੁੱਜਤ ਨਹੀਂ ਤਾਂ ਉਸ ਨੂੰ ਦੋਸ਼ ਦੀ ਭੇਟ ਲਈ ਇੱਕ ਲੇਲਾ ਲੈਣਾ ਚਾਹੀਦਾ ਹੈ। ਇਹ ਹਿਲਾਉਣ ਦੀ ਭੇਟ ਹੋਵੇਗੀ ਤਾਂ ਜੋ ਜਾਜਕ ਉਸ ਬੰਦੇ ਨੂੰ ਸ਼ੁੱਧ ਬਣਾ ਸੱਕੇ। ਉਸ ਨੂੰ 8 ਕੱਪ ਤੇਲ ਮਿਲਿਆ ਮੈਦਾ ਲਿਆਉਣਾ ਚਾਹੀਦਾ ਹੈ। ਇਹ ਮੈਦਾ ਅਨਾਜ ਦੀ ਭੇਟ ਲਈ ਵਰਤਿਆ ਜਾਵੇਗਾ। ਉਸ ਬੰਦੇ ਨੂੰ 2/3 ਪਿੰਟ ਜੈਤੂਨ ਦਾ ਤੇਲ ਲਿਆਉਣਾ ਚਾਹੀਦਾ ਹੈ। 22 ਉਸ ਨੂੰ ਦੋ ਘੁੱਗੀ ਜਾਂ ਦੋ ਕਬੂਤਰ ਲਿਆਉਣੇ ਚਾਹੀਦੇ ਹਨ ਜਿਨ੍ਹਾਂ ਨੂੰ ਕੋਈ ਵੀ ਦੇ ਸੱਕਦਾ ਹੈ। ਇੱਕ ਪੰਛੀ ਪਾਪ ਦੀ ਭੇਟ ਲਈ ਅਤੇ ਦੂਸਰਾ ਹੋਮ ਦੀ ਭੇਟ ਲਈ ਹੋਵੇਗਾ।
23 “ਅੱਠਵੇਂ ਦਿਨ, ਉਹ ਬੰਦਾ ਜਾਜਕ ਕੋਲ ਇਹ ਚੀਜ਼ਾਂ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਤੇ ਯਹੋਵਾਹ ਦੇ ਸਾਹਮਣੇ ਲੈ ਕੇ ਆਵੇਗਾ। 24 ਜਾਜਕ ਦੋਸ਼ ਦੀ ਭੇਟ ਦੇ ਲੇਲੇ ਅਤੇ ਤੇਲ ਨੂੰ ਲਾਵੇਗਾ ਅਤੇ ਉਨ੍ਹਾਂ ਨੂੰ ਯਹੋਵਾਹ ਦੇ ਸਾਹਮਣੇ ਹਿਲਾਉਣ ਦੀ ਭੇਟ ਵਜੋਂ ਭੇਟ ਕਰੇਗਾ। 25 ਫ਼ੇਰ ਜਾਜਕ ਦੀ ਦੋਸ਼ ਦੀ ਭੇਟ ਵਾਲੇ ਲੇਲੇ ਨੂੰ ਮਾਰੇਗਾ। ਉਹ ਦੋਸ਼ ਦੀ ਭੇਟ ਦਾ ਥੋੜਾ ਜਿਹਾ ਖੂਨ ਲੈ ਕੇ ਉਸ ਬੰਦੇ ਦੇ ਸੱਜੇ ਕੰਨ ਦੀ ਪਪੜੀ ਉੱਤੇ ਲਾਵੇਗਾ ਜਿਸ ਨੂੰ ਪਾਕ ਬਣਾਇਆ ਜਾਣਾ ਹੈ। ਉਹ ਉਸ ਖੂਨ ਵਿੱਚੋਂ ਥੋੜਾ ਜਿਹਾ ਖੂਨ ਉਸ ਬੰਦੇ ਦੇ ਸੱਜੇ ਹੱਥ ਦੇ ਅੰਗੂਠੇ ਅਤੇ ਸੱਜੇ ਪੈਰ ਦੇ ਅੰਗੂਠੇ ਉੱਤੇ ਲਾਵੇਗਾ। 26 ਜਾਜਕ ਇਹ ਥੋੜਾ ਜਿਹਾ ਤੇਲ ਆਪਣੀ ਖੱਬੀ ਤਲੀ ਉੱਤੇ ਪਾਵੇਗਾ। 27 ਜਾਜਕ ਆਪਣੇ ਸੱਜੇ ਹੱਥ ਦੀ ਉਂਗਲੀ ਨਾਲ ਆਪਣੇ ਖੱਬੇ ਹੱਥ ਦੀ ਹਥੇਲੀ ਤੋਂ ਥੋੜਾ ਜਿਹਾ ਤੇਲ ਯਹੋਵਾਹ ਦੇ ਸਾਹਮਣੇ ਸੱਤ ਵਾਰੀ ਛਿੜਕੇਗਾ। 28 ਫ਼ੇਰ ਜਾਜਕ ਆਪਣੀ ਹਥੇਲੀ ਉਤਲੇ ਤੇਲ ਵਿੱਚੋਂ ਕੁਝ ਉਨ੍ਹਾਂ ਥਾਵਾਂ ਉੱਤੇ ਪਾਵੇਗਾ ਜਿੱਥੇ ਉਸ ਨੇ ਦੋਸ਼ ਦੀ ਭੇਟ ਦਾ ਖੂਨ ਪਾਇਆ ਸੀ। ਉਹ ਤੇਲ ਪਾਕ ਬਣਾਏ ਜਾਣ ਵਾਲੇ ਬੰਦੇ ਦੇ ਸੱਜੇ ਕੰਨ ਦੀ ਪਪੜੀ ਉੱਤੇ ਲਾਵੇਗਾ। ਉਹ ਕੁਝ ਤੇਲ ਉਸ ਦੇ ਸੱਜੇ ਹੱਥ ਦੇ ਅੰਗੂਠੇ ਉੱਤੇ ਅਤੇ ਕੁਝ ਤੇਲ ਉਸ ਬੰਦੇ ਦੇ ਸੱਜੇ ਪੈਰ ਦੇ ਅੰਗੂਠੇ ਉੱਤੇ ਲਾਵੇਗਾ। 29 ਜਾਜਕ ਆਪਣੀ ਹਥੇਲੀ ਤੇ ਬਚੇ ਹੋਏ ਤੇਲ ਨੂੰ ਪਾਕ ਬਣਾਏ ਜਾਣ ਵਾਲੇ ਬੰਦੇ ਦੇ ਸਿਰ ਉੱਤੇ ਪਾਵੇਗਾ। ਇਸ ਤਰ੍ਹਾਂ ਜਾਜਕ ਯਹੋਵਾਹ ਦੇ ਸਾਹਮਣੇ ਉਸ ਬੰਦੇ ਲਈ ਪਰਾਸਚਿਤ ਕਰੇਗਾ।
30 “ਫ਼ੇਰ ਜਾਜਕ ਘੁੱਗੀਆਂ ਜਾਂ ਕਬੂਤਰਾਂ ਵਿੱਚੋਂ ਇੱਕ ਨੂੰ ਭੇਟ ਕਰੇਗਾ। (ਉਸ ਨੂੰ ਉਹੀ ਭੇਟ ਕਰਨਾ ਚਾਹੀਦਾ ਹੈ ਜੋ ਕਿਸੇ ਬੰਦੇ ਦੀ ਪੁੱਜਤ ਹੈ।) 31 ਉਸ ਨੂੰ ਇਨ੍ਹਾਂ ਵਿੱਚੋਂ ਇੱਕ ਪੰਛੀ ਨੂੰ ਪਾਪ ਦੀ ਭੇਟ ਵਜੋਂ ਅਤੇ ਦੂਸਰੇ ਨੂੰ ਹੋਮ ਦੀ ਭੇਟ ਵਜੋਂ ਭੇਟ ਕਰਨਾ ਚਾਹੀਦਾ ਹੈ। ਉਸ ਨੂੰ ਪੰਛੀਆਂ ਨੂੰ ਅਨਾਜ ਦੀ ਭੇਟ ਦੇ ਨਾਲ ਭੇਟ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਜਾਜਕ ਉਸ ਬੰਦੇ ਲਈ ਪਰਾਸਚਿਤ ਕਰੇਗਾ ਜਿਹੜਾ ਯਹੋਵਾਹ ਦੇ ਸਾਹਮਣੇ ਪਾਕ ਬਣਾਇਆ ਜਾ ਰਿਹਾ।”
32 ਇਹ ਨੇਮ ਉਨ੍ਹਾਂ ਲੋਕਾਂ ਲਈ ਹਨ ਜਿਹੜੇ ਆਪਣੇ ਚਮੜੀ ਦੇ ਰੋਗਾਂ ਤੋਂ ਰਾਜੀ ਹੋਏ ਹਨ ਪਰ ਪਾਕ ਹੋਣ ਲਈ ਬਲੀਆਂ ਦੇਣ ਦੇ ਸਮਰਥ ਨਹੀਂ ਹਨ।
ਇੱਕ ਔਰਤ ਨੇ ਵਿਸ਼ੇਸ਼ ਕੰਮ ਕੀਤਾ(A)
6 ਜਦੋਂ ਯਿਸੂ ਬੈਤਅਨੀਆ ਵਿੱਚ ਸ਼ਮਊਨ ਕੋੜ੍ਹੀ ਦੇ ਘਰ ਸੀ। 7 ਤਾਂ ਇੱਕ ਔਰਤ ਉਸ ਕੋਲ ਆਈ। ਉਸ ਕੋਲ ਸੰਗਮਰਮਰ ਦੀ ਸ਼ੀਸ਼ੀ ਵਿੱਚ ਬੜਾ ਮਹਿੰਗਾ ਅਤਰ ਭਰਿਆ ਹੋਇਆ ਸੀ। ਉਸ ਔਰਤ ਨੇ ਜਦੋਂ ਯਿਸੂ ਭੋਜਨ ਕਰ ਰਿਹਾ ਸੀ, ਇਹ ਅਤਰ ਉਸ ਦੇ ਸਿਰ ਉੱਤੇ ਡੋਲ੍ਹ ਦਿੱਤਾ।
8 ਜਦੋਂ ਚੇਲਿਆਂ ਨੇ ਔਰਤ ਨੂੰ ਇਉਂ ਕਰਦਿਆਂ ਵੇਖਿਆ, ਉਹ ਬੜੇ ਪਰੇਸ਼ਾਨ ਹੋ ਗਏ ਅਤੇ ਆਖਿਆ, “ਇਹ ਬੇਕਾਰ ਹੀ ਕਿਉਂ? 9 ਇਹੋ ਅਤਰ ਮਹਿੰਗੇ ਮੁੱਲ ਵੇਚਿਆ ਜਾ ਸੱਕਦਾ ਸੀ ਅਤੇ ਪੈਸੇ ਗਰੀਬ ਲੋਕਾਂ ਨੂੰ ਦਿੱਤੇ ਜਾ ਸੱਕਦੇ ਸਨ?”
10 ਯਿਸੂ ਜਾਣਦਾ ਸੀ ਕਿ ਕੀ ਵਾਪਰਿਆ ਸੀ। ਇਸ ਲਈ ਉਸ ਨੇ ਆਖਿਆ, “ਤੁਸੀਂ ਇਸ ਔਰਤ ਨੂੰ ਕਿਉਂ ਖਿਝਾ ਰਹੇ ਹੋ? ਉਸ ਨੇ ਮੇਰੇ ਲਈ ਇਹ ਬਹੁਤ ਚੰਗਾ ਕੀਤਾ ਹੈ। 11 ਗਰੀਬ ਲੋਕ ਹਮੇਸ਼ਾ ਤੁਹਾਡੇ ਨਾਲ ਹੋਣਗੇ [a] ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਰਹਾਂਗਾ। 12 ਇਸ ਔਰਤ ਨੇ ਅਤਰ ਮੇਰੇ ਸ਼ਰੀਰ ਤੇ ਡੋਲ੍ਹਿਆ ਹੈ। ਇਸਨੇ ਇਹ ਸਭ ਕੁਝ ਮੇਰੇ ਮਰਨ ਉਪਰੰਤ ਦੇਹ ਨੂੰ ਦਫ਼ਨਾਉਣ ਲਈ ਕੀਤਾ ਹੈ। 13 ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਖੁਸ਼ਖਬਰੀ ਦਾ ਪ੍ਰਚਾਰ ਸਾਰੇ ਸੰਸਾਰ ਵਿੱਚ ਕੀਤਾ ਜਾਵੇਗਾ ਅਤੇ ਜਿੱਥੇ ਕਿਤੇ ਇਹ ਖੁਸ਼ਖਬਰੀ ਪਹੁੰਚੇਗੀ, ਜੋ ਇਸ ਔਰਤ ਨੇ ਕੀਤਾ ਹੈ ਇਹ ਕਹਾਣੀ ਵੀ ਕਹੀ ਜਾਵੇਗੀ ਅਤੇ ਲੋਕ ਉਸ ਨੂੰ ਯਾਦ ਕਰਨਗੇ।”
2010 by World Bible Translation Center