Print Page Options
Previous Prev Day Next DayNext

Revised Common Lectionary (Complementary)

Daily Bible readings that follow the church liturgical year, with thematically matched Old and New Testament readings.
Duration: 1245 days
Punjabi Bible: Easy-to-Read Version (ERV-PA)
Version
ਜ਼ਬੂਰ 30

ਦਾਊਦ ਦੇ ਗੀਤਾਂ ਵਿੱਚੋਂ ਇੱਕ ਇਹ ਗੀਤ ਮੰਦਰ ਦੇ ਸਮਰਪਣ ਲਈ ਸੀ।

30 ਯਹੋਵਾਹ, ਤੁਸਾਂ ਮੈਨੂੰ ਮੇਰੇ ਸੰਕਟਾਂ ਵਿੱਚੋਂ ਉਭਾਰਿਆ।
    ਤੁਸਾਂ ਮੇਰੇ ਦੁਸ਼ਮਣਾਂ ਨੂੰ ਮੈਨੂੰ ਹਰਾਉਣ, ਅਤੇ ਮੇਰੇ ਉੱਤੇ ਹੱਸਣ ਨਹੀਂ ਦਿੱਤਾ।
    ਇਸ ਲਈ ਮੈਂ ਤੁਹਾਡੇ ਲਈ ਆਦਰ ਦਰਸਾਵਾਂਗਾ।
ਮੇਰੇ ਯਹੋਵਾਹ ਪਰਮੇਸ਼ੁਰ, ਮੈਂ ਤੁਹਾਨੂੰ ਪ੍ਰਾਰਥਨਾ ਕੀਤੀ।
    ਤੇ ਤੁਸਾਂ ਮੈਨੂੰ ਨਿਰੋਗ ਕੀਤਾ।
ਤੁਸਾਂ ਮੈਨੂੰ ਕਬਰ ਵਿੱਚੋਂ ਉੱਠਾ ਲਿਆ ਸੀ।
    ਤੁਸਾਂ ਮੈਨੂੰ ਜੀਣ ਦਿੱਤਾ।
    ਮੈਨੂੰ ਮੁਰਦਿਆਂ ਦੇ ਨਾਲ ਲੇਟਣਾ ਨਹੀਂ ਪਿਆ ਜਿਹੜੇ ਮ੍ਰਿਤੂ ਲੋਕ ਵਿੱਚ ਪਏ ਹਨ।

ਹੇ ਪਰਮੇਸ਼ੁਰ ਦੇ ਚੇਲਿਉ, ਯਹੋਵਾਹ ਨੂੰ ਉਸਤਤਾਂ ਗਾਵੋ।
    ਉਸ ਦੇ ਪਵਿੱਤਰ ਨਾਮ ਦੀ ਉਸਤਤਿ ਕਰੋ।
ਪਰਮੇਸ਼ੁਰ ਗੁੱਸੇ ਸੀ, ਇਸ ਲਈ ਫ਼ੈਸਲਾ “ਮੌਤ” ਸੀ।
    ਪਰ ਉਸ ਨੇ ਆਪਣਾ ਪਿਆਰ ਦਰਸਾਇਆ, ਅਤੇ ਉਸ ਨੇ ਮੈਨੂੰ “ਜੀਵਨ ਦੀ ਅਸੀਸ” ਦਿੱਤੀ।
ਰਾਤ ਵੇਲੇ ਮੈਂ ਰੋਂਦਾ ਹੋਇਆ ਲੇਟਿਆ ਸਾਂ।
    ਅਗਲੀ ਸਵੇਰ, ਮੈਂ ਪ੍ਰਸੰਨ ਸਾਂ ਤੇ ਗਾ ਰਿਹਾ ਸਾਂ।

ਜਦੋਂ ਮੈਂ ਸੁਰੱਖਿਅਤ ਤੇ ਨਿਸ਼ਚਿੰਤ ਸਾਂ,
    ਮੈਂ ਸੋਚਿਆ ਮੈਨੂੰ ਕੋਈ ਵੀ ਸੱਟ ਨਹੀਂ ਮਾਰ ਸੱਕਦਾ।
ਹਾਂ, ਯਹੋਵਾਹ, ਜਦੋਂ ਤੁਸੀਂ ਮੇਰੇ ਉੱਤੇ ਮਿਹਰਬਾਨ ਸੀ।
    ਮੈਂ ਮਹਿਸੂਸ ਕੀਤਾ ਜਿਵੇਂ ਕੁਝ ਵੀ ਨਹੀਂ ਜੋ ਮੈਨੂੰ ਹਰਾ ਸੱਕਦਾ ਸੀ।
ਪਰ ਜਦੋਂ ਤੁਸੀਂ ਮੈਥੋਂ ਮੁੱਖ ਮੋੜਿਆ ਸੀ
    ਮੈਂ ਸਹਿਮ ਗਿਆ ਅਤੇ ਡਰ ਨਾਲ ਕੰਬ ਗਿਆ।
ਇਸ ਲਈ, ਹੇ ਪਰਮੇਸ਼ੁਰ ਮੈਂ ਧਰਤੀ ਉੱਤੇ ਤੇਰੇ ਅੱਗੇ ਪ੍ਰਾਰਥਨਾ ਕੀਤੀ।
    ਮੈਂ ਆਖਿਆ ਕਿ ਤੂੰ ਮੇਰੇ ਉੱਪਰ ਦਯਾ ਕਰੇਂ।
ਮੈਂ ਆਖਿਆ, “ਹੇ ਪਰਮੇਸ਼ੁਰ ਇਸ ਵਿੱਚ ਕੀ ਚੰਗਾ ਹੈ ਜੇ ਮੈਂ ਮਰ ਜਾਵਾਂ
    ਤੇ ਮੈਂ ਕਬਰ ਵਿੱਚ ਨਿਘਰ ਜਾਵਾਂ?
ਸਿਰਫ਼ ਮੁਰਦਾ ਲੋਕ ਖਾਕ ਵਿੱਚ ਲੇਟਦੇ ਹਨ?
    ਉਹ ਤੇਰੀ ਉਸਤਤਿ ਨਹੀਂ ਕਰਦੇ।
    ਉਹ ਲੋਕਾਂ ਤਾਈਂ ਨਹੀਂ ਦੱਸਦੇ ਅਸੀਂ ਤੇਰੇ ਉੱਤੇ ਕਿੰਨਾ ਨਿਰਭਰ ਹੋ ਸੱਕਦੇ ਹਾਂ।
10 ਹੇ ਯਹੋਵਾਹ, ਮੇਰੀ ਪ੍ਰਾਰਥਨਾ ਸੁਣੋ ਅਤੇ ਮੇਰੇ ਉੱਤੇ ਮਿਹਰਬਾਨ ਹੋਵੋ।
    ਹੇ ਯਹੋਵਾਹ, ਮੇਰੀ ਮਦਦ ਕਰੋ।”

11 ਮੈਂ ਪ੍ਰਾਰਥਨਾ ਕੀਤੀ ਅਤੇ ਤੁਸਾਂ ਮੇਰੀ ਮਦਦ ਕੀਤੀ।
    ਤੁਸੀਂ ਮੇਰੇ ਰੋਣ ਨੂੰ ਨੱਚਣ ਵਿੱਚ ਬਦਲਿਆ।
ਤੁਸੀਂ ਮੇਰੀ ਉਦਾਸੀ ਦੀ ਪੋਸ਼ਾਕ ਲਾਹ ਲਈ।
    ਅਤੇ ਤੁਸੀਂ ਮੈਨੂੰ ਖੁਸ਼ੀ ਨਾਲ ਢੱਕਿਆ।
12 ਯਹੋਵਾਹ, ਮੇਰੇ ਪਰਮੇਸ਼ੁਰ, ਮੈਂ ਸਦਾ ਤੇਰੀ ਉਸਤਤਿ ਕਰਾਂਗਾ ਇਸ ਲਈ ਕਦੇ ਵੀ ਖਾਮੋਸ਼ੀ ਨਹੀਂ ਛਾਏਗੀ
    ਅਤੇ ਇੱਥੋਂ ਕੋਈ ਨਾ ਕੋਈ ਸਦਾ ਤੁਹਾਡੇ ਆਦਰ ਦੇ ਗੀਤ ਗਾ ਰਿਹਾ ਹੋਵੇਗਾ।

ਲੇਵੀਆਂ ਦੀ ਪੋਥੀ 14:1-20

ਕੋੜ੍ਹੀ ਨੂੰ ਪਾਕ ਬਨਾਉਣ ਦੀਆਂ ਬਿਧੀਆਂ

14 ਯਹੋਵਾਹ ਨੇ ਮੂਸਾ ਨੂੰ ਆਖਿਆ, “ਉਨ੍ਹਾਂ ਲੋਕਾਂ ਲਈ ਇਹ ਬਿਧੀਆਂ ਹਨ ਜਿਨ੍ਹਾਂ ਨੂੰ ਚਮੜੀ ਦਾ ਰੋਗ ਹੋਇਆ ਅਤੇ ਫ਼ੇਰ ਰਾਜ਼ੀ ਹੋ ਗਏ। ਉਸ ਬੰਦੇ ਨੂੰ ਪਾਕ ਬਨਾਉਣ ਦੀਆਂ ਬਿਧੀਆਂ ਇਹ ਹਨ।

“ਉਸ ਬੰਦੇ ਨੂੰ ਜਾਜਕ ਕੋਲ ਲਿਆਂਦਾ ਜਾਣਾ ਚਾਹੀਦਾ ਹੈ। ਜਾਜਕ ਨੂੰ ਡੇਰੇ ਤੋਂ ਬਾਹਰ ਉਸ ਬੰਦੇ ਕੋਲ ਜਾਣਾ ਚਾਹੀਦਾ ਹੈ। ਜਾਜਕ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ ਕਿ ਚਮੜੀ ਦਾ ਰੋਗ ਹਟ ਗਿਆ ਹੈ ਜਾਂ ਨਹੀਂ। ਜੇ ਬੰਦਾ ਸਿਹਤਮੰਦ ਹੋ ਗਿਆ ਹੈ ਤਾਂ ਜਾਜਕ ਨੂੰ ਉਸ ਨੂੰ ਇਹ ਗੱਲਾਂ ਕਰਨ ਲਈ ਆਖਣਾ ਚਾਹੀਦਾ ਹੈ; ਉਸ ਬੰਦੇ ਨੂੰ ਦੋ ਜਿਉਂਦੇ ਪਾਕ ਪੰਛੀ ਲੈਣੇ ਚਾਹੀਦੇ ਹਨ। ਉਸ ਨੂੰ ਦਿਆਰ ਦੀ ਲੱਕੜੀ ਦਾ ਇੱਕ ਟੁਕੜਾ, ਲਾਲ ਕੱਪੜੇ ਦੀ ਇੱਕ ਟਾਕੀ ਅਤੇ ਜ਼ੁਫ਼ਾ ਲਿਆਉਣ ਚਾਹੀਦਾ ਹੈ। ਫ਼ੇਰ ਜਾਜਕ ਨੂੰ ਹੁਕਮ ਦੇਣਾ ਚਾਹੀਦਾ ਹੈ ਕਿ ਵਗਦੇ ਪਾਣੀ ਉੱਤੇ ਮਿੱਟੀ ਦੇ ਭਾਂਡੇ ਵਿੱਚ ਇੱਕ ਪੰਛੀ ਨੂੰ ਮਾਰਿਆ ਜਾਵੇ। ਜਾਜਕ ਨੂੰ ਦੂਸਰਾ ਪੰਛੀ, ਜਿਹੜਾ ਹਾਲੇ ਜਿਉਂਦਾ ਹੈ, ਅਤੇ ਦਿਆਰ ਦੀ ਲੱਕੜੀ ਦਾ ਟੁਕੜਾ, ਲਾਲ ਕੱਪੜੇ ਦੀ ਟਾਕੀ ਅਤੇ ਜ਼ੂਫ਼ਾ ਲੈਣਾ ਚਾਹੀਦਾ ਹੈ। ਉਸ ਨੂੰ ਉਹ ਜਿਉਂਦਾ ਪੰਛੀ ਅਤੇ ਦੂਸਰੀਆਂ ਚੀਜ਼ਾਂ ਨੂੰ ਉਸ ਪੰਛੀ ਦੇ ਖੂਨ ਵਿੱਚ ਡੁਬੋਣਾ ਚਾਹੀਦਾ ਹੈ ਜਿਹੜਾ ਵਗਦੇ ਪਾਣੀ ਉੱਤੇ ਮਾਰਿਆ ਗਿਆ ਸੀ। ਜਾਜਕ ਨੂੰ ਉਸ ਬੰਦੇ ਉੱਤੇ ਸੱਤ ਵਾਰੀ ਖੂਨ ਛਿੜਕਣਾ ਚਾਹੀਦਾ ਹੈ। ਜਿਸ ਨੂੰ ਚਮੜੀ ਦਾ ਰੋਗ ਸੀ। ਫ਼ੇਰ ਜਾਜਕ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਉਹ ਬੰਦਾ ਪਾਕ ਹੈ। ਇਸਤੋਂ ਮਗਰੋਂ ਜਾਜਕ ਨੂੰ ਕਿਸੇ ਖੁਲ੍ਹੇ ਖੇਤ ਵੱਲ ਜਾਣਾ ਚਾਹੀਦਾ ਹੈ ਅਤੇ ਜਿਉਂਦੇ ਪੰਛੀ ਨੂੰ ਅਜ਼ਾਦ ਕਰ ਦੇਣਾ ਚਾਹੀਦਾ ਹੈ।

“ਫ਼ੇਰ ਉਸ ਬੰਦੇ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ। ਉਸ ਨੂੰ ਆਪਣੇ ਸਾਰੇ ਵਾਲ ਮੁੱਨ ਲੈਣੇ ਚਾਹੀਦੇ ਹਨ। ਅਤੇ ਉਸ ਨੂੰ ਪਾਣੀ ਨਾਲ ਨਹਾਉਣਾ ਚਾਹੀਦਾ ਹੈ। ਫ਼ੇਰ ਉਹ ਪਾਕ ਹੋ ਜਾਵੇਗਾ। ਫ਼ੇਰ ਉਹ ਬੰਦਾ ਡੇਰੇ ਵਿੱਚ ਜਾ ਸੱਕੇਗਾ। ਪਰ ਉਸ ਨੂੰ ਸੱਤ ਦਿਨ ਤੱਕ ਆਪਣੇ ਤੰਬੂ ਤੋਂ ਬਾਹਰ ਰਹਿਣਾ ਚਾਹੀਦਾ ਹੈ। ਸੱਤਵੇਂ ਦਿਨ, ਉਸ ਨੂੰ ਆਪਣੇ ਸਾਰੇ ਵਾਲ ਮੁਨਾ ਲੈਣੇ ਚਾਹੀਦੇ ਹਨ। ਉਸ ਨੂੰ ਆਪਣਾ ਸਿਰ, ਆਪਣੀ ਦਾਹੜੀ ਅਤੇ ਆਪਣੇ ਭਰਵੱਟੇ-ਹਾਂ ਸਾਰੇ ਹੀ ਵਾਲ ਮੁਨਾ ਲੈਣੇ ਚਾਹੀਦੇ ਹਨ। ਫ਼ੇਰ ਉਸ ਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਪਾਣੀ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ। ਫ਼ੇਰ ਉਹ ਪਾਕ ਹੋ ਜਾਵੇਗਾ।

10 “ਅੱਠਵੇਂ ਦਿਨ, ਜਿਸ ਬੰਦੇ ਨੂੰ ਚਮੜੀ ਦਾ ਰੋਗ ਸੀ, ਉਸ ਨੂੰ ਦੋ ਬੇਨੁਕਸ ਲੇਲੇ ਅਤੇ ਇੱਕ ਸਾਲ ਦੀ ਲੇਲੀ ਲਿਆਉਣੀ ਚਾਹੀਦੀ ਹੈ। ਉਸ ਬੰਦੇ ਨੂੰ ਤੇਲ ਮਿਲਿਆ 24 ਕੱਪ ਮੈਦਾ ਅਤੇ 2/3 ਪਿੰਟ ਜੈਤੂਨ ਦਾ ਤੇਲ ਵੀ ਲਿਆਉਣਾ ਚਾਹੀਦਾ ਹੈ। 11 ਜਾਜਕ ਨੂੰ ਉਸ ਬੰਦੇ ਨੂੰ ਅਤੇ ਉਸ ਦੀਆਂ ਬਲੀਆਂ ਨੂੰ ਯਹੋਵਾਹ ਦੇ ਸਾਹਮਣੇ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਤੇ ਲਿਆਉਣਾ ਚਾਹੀਦਾ ਹੈ। 12 ਜਾਜਕ ਲੇਲਿਆਂ ਵਿੱਚੋਂ ਇੱਕ ਨੂੰ ਦੋਸ਼ ਦੀ ਭੇਟ ਵਜੋਂ ਭੇਟ ਕਰੇਗਾ। ਉਹ ਉਸ ਲੇਲੇ ਅਤੇ ਤੇਲ ਨੂੰ ਯਹੋਵਾਹ ਦੇ ਅੱਗੇ ਹਿਲਾਉਣ ਦੀ ਭੇਟ ਵਜੋਂ ਚੜ੍ਹਾਵੇਗਾ। 13 ਫ਼ੇਰ ਉਹ ਜਾਜਕ ਉਸ ਲੇਲੇ ਨੂੰ ਪਵਿੱਤਰ ਸਥਾਨ ਵਿੱਚ ਉਸ ਥਾਂ ਤੇ ਮਾਰੇਗਾ ਜਿੱਥੇ ਪਾਪ ਦੀ ਭੇਟ ਅਤੇ ਹੋਮ ਦੀ ਭੇਟ ਨੂੰ ਮਾਰਿਆ ਜਾਂਦਾ ਹੈ। ਦੋਸ਼ ਦੀ ਭੇਟ ਪਾਪ ਦੀ ਭੇਟ ਵਰਗੀ ਹੀ ਹੈ। ਇਹ ਜਾਜਕ ਦੀ ਹੈ ਅਤੇ ਇਹ ਅੱਤ ਪਵਿੱਤਰ ਹੈ।

14 “ਜਾਜਕ ਦੋਸ਼ ਦੀ ਭੇਟ ਦਾ ਥੋੜਾ ਜਿਹਾ ਖੂਨ ਲਵੇਗਾ। ਜਾਜਕ ਇਸ ਵਿੱਚੋਂ ਥੋੜਾ ਜਿਹਾ ਖੂਨ ਉਸ ਬੰਦੇ ਦੇ ਸੱਜੇ ਕੰਨ ਦੀ ਕਰੂੰਬਲ ਉੱਤੇ ਲਾਵੇਗਾ ਜਿਸ ਨੂੰ ਪਾਕ ਬਣਾਇਆ ਜਾਣਾ ਹੈ। ਜਾਜਕ ਇਸ ਖੂਨ ਵਿੱਚੋਂ ਥੋੜਾ ਜਿਹਾ ਉਸ ਬੰਦੇ ਦੇ ਸੱਜੇ ਹੱਥ ਦੇ ਅੰਗੂਠੇ ਅਤੇ ਸੱਜੇ ਪੈਰ ਦੇ ਅੰਗੂਠੇ ਉੱਤੇ ਲਾਵੇਗਾ। 15 ਜਾਜਕ ਥੋੜਾ ਜਿਹਾ ਜੈਤੂਨ ਦਾ ਤੇਲ ਆਪਣੀ ਖੱਬੀ ਹਥੇਲੀ ਉੱਤੇ ਪਾਵੇਗਾ। 16 ਫ਼ੇਰ ਜਾਜਕ ਆਪਣੇ ਸੱਜੇ ਹੱਥ ਦੀ ਉਂਗਲੀ ਆਪਣੀ ਖੱਬੀ ਹਥੇਲੀ ਉੱਤੇ ਰੱਖੇ ਤੇਲ ਵਿੱਚ ਡੋਬੇਗਾ ਅਤੇ ਉਸ ਤੇਲ ਨੂੰ ਸੱਤ ਵਾਰੀ ਯਹੋਵਾਹ ਦੇ ਸਾਹਮਣੇ ਛਿੜਕੇਗਾ। 17 ਫ਼ੇਰ ਜਾਜਕ ਆਪਣੀ ਹਥੇਲੀ ਤੋਂ ਕੁਝ ਤੇਲ ਲਵੇਗਾ ਅਤੇ ਉਸ ਵਿਅਕਤੀ ਤੇ ਪਾਵੇਗਾ ਜਿਸ ਨੂੰ ਪਾਕ ਬਣਾਇਆ ਜਾਣਾ ਹੈ। ਉਹ ਇਸ ਤੇਲ ਨੂੰ ਉਸ ਬੰਦੇ ਦੇ ਸੱਜੇ ਕੰਨ ਦੀ ਪਿਪਲੀ ਉੱਤੇ, ਉਸ ਦੇ ਸੱਜੇ ਹੱਥ ਦੇ ਅੰਗੂਠੇ ਉੱਤੇ ਅਤੇ ਉਸ ਦੇ ਸੱਜੇ ਪੈਰ ਦੇ ਅੰਗੂਠੇ ਉੱਤੇ ਪਾਵੇਗਾ। ਉਹ ਇਸ ਤੇਲ ਨੂੰ ਉਸ ਖੂਨ ਦੇ ਉੱਤੇ ਪਾਵੇਗਾ ਜਿਹੜਾ ਪਹਿਲਾਂ ਹੀ ਇਨ੍ਹਾਂ ਥਾਵਾਂ ਉੱਤੇ ਪਾਇਆ ਗਿਆ ਸੀ। 18 ਜਾਜਕ ਆਪਣੀ ਹਥੇਲੀ ਤੇ ਬਚੇ ਹੋਏ ਤੇਲ ਨੂੰ ਉਸ ਬੰਦੇ ਦੇ ਸਿਰ ਤੇ ਪਾਵੇਗਾ ਜਿਸ ਨੂੰ ਪਾਕ ਬਣਾਇਆ ਜਾਣਾ ਹੈ। ਇਸ ਤਰ੍ਹਾਂ ਜਾਜਕ ਯਹੋਵਾਹ ਦੇ ਸਾਹਮਣੇ ਉਸ ਬੰਦੇ ਲਈ ਪਰਾਸਚਿਤ ਕਰੇਗਾ।

19-20 “ਫ਼ੇਰ ਜਾਜਕ ਨੂੰ ਪਾਕ ਬਣਾਏ ਜਾਣ ਵਾਲੇ ਬੰਦੇ ਲਈ ਇੱਕ ਪਾਪ ਦੀ ਭੇਟ ਚੜ੍ਹਾਉਣੀ ਚਾਹੀਦੀ ਹੈ। ਉਹ ਉਸ ਪਾਪ ਦੀ ਭੇਟ ਨੂੰ ਚੜ੍ਹਾਵੇਗਾ ਅਤੇ ਉਸ ਬੰਦੇ ਲਈ ਪਰਾਸਚਿਤ ਕਰੇਗਾ। ਇਸਤੋਂ ਮਗਰੋਂ, ਜਾਜਕ ਹੋਮ ਦੀ ਭੇਟ ਲਈ ਜਾਨਵਰ ਨੂੰ ਮਾਰੇਗਾ। ਫ਼ੇਰ ਉਹ ਜਗਵੇਦੀ ਉੱਤੇ ਹੋਮ ਦੀ ਭੇਟ ਅਤੇ ਅਨਾਜ ਦੀ ਭੇਟ ਚੜ੍ਹਾਵੇਗਾ। ਇਸ ਤਰ੍ਹਾਂ ਜਾਜਕ ਯਹੋਵਾਹ ਦੇ ਅੱਗੇ ਉਸ ਬੰਦੇ ਲਈ ਪਰਾਸਚਿਤ ਕਰੇਗਾ।

ਰਸੂਲਾਂ ਦੇ ਕਰਤੱਬ 19:11-20

ਸੱਕੇਵਾਂ ਦੇ ਪੁੱਤਰ

11 ਪਰਮੇਸ਼ੁਰ ਪੌਲੁਸ ਰਾਹੀਂ ਕੁਝ ਮਹਾਨ ਕਰਿਸ਼ਮੇ ਕਰਵਾਉਂਦਾ ਹੁੰਦਾ ਸੀ। 12 ਕੁਝ ਲੋਕਾਂ ਨੇ ਉਹ ਕੱਪੜੇ ਅਤੇ ਰੁਮਾਲ ਲੈ ਲਏ ਜੋ ਪੌਲੁਸ ਨੇ ਇਸਤੇਮਾਲ ਕੀਤੇ ਸਨ ਅਤੇ ਉਹ ਉਨ੍ਹਾਂ ਨੂੰ ਬਿਮਾਰ ਲੋਕਾਂ ਉੱਤੇ ਪਾ ਦਿੰਦੇ। ਜਦੋਂ ਅਜਿਹੇ ਕੱਪੜੇ ਰੋਗੀਆਂ ਨੂੰ ਛੂਂਹਦੇ, ਤਾਂ ਉਹ ਰੋਗੀ ਤੰਦਰੁਸਤ ਹੋ ਜਾਂਦੇ ਅਤੇ ਭਰਿਸ਼ਟ ਆਤਮਾਵਾਂ ਉਨ੍ਹਾਂ ਨੂੰ ਛੱਡ ਜਾਂਦੀਆਂ।

13-14 ਕੁਝ ਯਹੂਦੀ ਲੋਕ ਵੀ ਇਧਰ-ਉਧਰ ਫ਼ਿਰਦਿਆਂ ਹੋਇਆਂ ਲੋਕਾਂ ਵਿੱਚੋਂ ਭਰਿਸ਼ਟ ਆਤਮੇ ਕੱਢਦੇ ਹੁੰਦੇ ਸਨ। ਸੱਕੇਵਾ ਵੱਡੇ ਜਾਜਕ ਦੇ ਸੱਤੇ ਪੁੱਤਰ ਇਹੀ ਕੰਮ ਕਰਦੇ ਸਨ। ਉਨ੍ਹਾਂ ਨੇ ਯਿਸੂ ਦੇ ਨਾਂ ਨੂੰ ਇਸਤੇਮਾਲ ਕਰਕੇ ਭਰਿਸ਼ਟ ਆਤਮਿਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਆਖਿਆ, “ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਤੁਸੀਂ ਉਸੇ ਯਿਸੂ ਦੇ ਨਾਂ ਤੇ ਬਾਹਰ ਆ ਜਾਓ ਜਿਸ ਬਾਰੇ ਪੌਲੁਸ ਦੱਸਦਾ ਹੈ।”

15 ਪਰ ਭਰਿਸ਼ਟ ਆਤਮਾ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਮੈਂ ਯਿਸੂ ਨੂੰ ਵੀ ਜਾਣਦਾ ਹਾਂ ਅਤੇ ਪੌਲੁਸ ਨੂੰ ਵੀ, ਪਰ ਤੁਸੀਂ ਕੌਣ ਹੋਂ?”

16 ਫ਼ੇਰ ਭਰਿਸ਼ਟ ਆਤਮਿਆਂ ਦੇ ਕਾਬਿਜ ਉਸ ਆਦਮੀ ਨੇ ਉਨ੍ਹਾਂ ਯਹੂਦੀਆਂ ਉੱਤੇ ਛਾਲ ਮਾਰੀ। ਉਹ ਉਨ੍ਹਾਂ ਤੋਂ ਕਿਤੇ ਵੱਧ ਤਾਕਤਵਰ ਸੀ। ਉਸ ਨੇ ਉਨ੍ਹਾਂ ਨੂੰ ਕੁਟਿਆ ਅਤੇ ਉਨ੍ਹਾਂ ਦੇ ਕੱਪੜੇ ਪਾੜ ਦਿੱਤੇ। ਇਸ ਲਈ ਉਹ ਨੰਗੇ ਅਤੇ ਜ਼ਖਮੀ ਹੀ ਉਸ ਘਰੋਂ ਭੱਜ ਗਏ।

17 ਅਫ਼ਸੁਸ ਵਿੱਚ ਰਹਿੰਦੇ ਸਾਰੇ ਯਹੂਦੀ ਅਤੇ ਯੂਨਾਨੀ ਸਭਨਾਂ ਨੂੰ ਇਸ ਗੱਲ ਬਾਰੇ ਪਤਾ ਲੱਗ ਗਿਆ ਤੇ ਉਨ੍ਹਾਂ ਸਾਰਿਆਂ ਦੇ ਮਨਾਂ ਵਿੱਚ ਡਰ ਆ ਗਿਆ ਅਤੇ ਲੋਕਾਂ ਨੇ ਪ੍ਰਭੂ ਯਿਸੂ ਦੇ ਨਾਂ ਨੂੰ ਵੱਡਾ ਮਾਨ-ਸੰਮਾਨ ਦਿੱਤਾ। 18 ਬਹੁਤ ਸਾਰੇ ਨਿਹਚਾਵਾਨ ਅੱਗੇ ਆਏ ਅਤੇ ਸਾਰੇ ਲੋਕਾਂ ਸਾਹਮਣੇ, ਜਿਹੜੀਆਂ ਭਰਿਸ਼ਟ ਕਰਨੀਆਂ ਉਨ੍ਹਾਂ ਨੇ ਕੀਤੀਆਂ ਸਨ ਸਵੀਕਾਰ ਕਰ ਲਈਆਂ। 19 ਅਨੇਕਾਂ ਨਿਹਚਾਵਾਨਾਂ, ਨੇ ਜੋ ਜਾਦੂ ਕਰਦੇ ਸਨ, ਆਪਣੀਆਂ ਜਾਦੂ ਦੀਆਂ ਪੁਸਤਕਾਂ ਲਿਆਏ ਅਤੇ ਲੋਕਾਂ ਸਾਹਮਣੇ ਸਾੜ ਦਿੱਤੀਆਂ। ਇਹ ਪੁਸਤਕਾਂ ਤਕਰੀਬਨ 50,000 ਚਾਂਦੀ ਦੇ ਸਿੱਕਿਆਂ ਦੇ ਤੁਲ ਸਨ। 20 ਇਸ ਤਰ੍ਹਾਂ ਪ੍ਰਭੂ ਦਾ ਬਚਨ ਸ਼ਕਤੀਸ਼ਾਲੀ ਢੰਗ ਨਾਲ ਵੱਧ ਤੋਂ ਵੱਧ ਲੋਕਾਂ ਦੇ ਦਿਲਾਂ ਨੂੰ ਪ੍ਰਭਾਵਿਤ ਕਰ ਰਿਹਾ ਸੀ, ਅਤੇ ਬਹੁਤ ਸਾਰੇ ਨਿਹਚਾਵਾਨ ਬਣ ਗਏ।

Punjabi Bible: Easy-to-Read Version (ERV-PA)

2010 by World Bible Translation Center