Revised Common Lectionary (Complementary)
95 ਆਉ, ਅਸੀਂ ਪਰਮੇਸ਼ੁਰ ਦੀ ਉਸਤਤਿ ਕਰੀਏ।
ਆਉ, ਉਸ ਚੱਟਾਨ ਲਈ, ਉਸਤਤਿ ਦੇ ਜੈਕਾਰੇ ਗਾਈਏ।
ਜਿਹੜੀ ਸਾਡੀ ਰੱਖਿਆ ਕਰਦੀ ਹੈ।
2 ਆਉ ਯਹੋਵਾਹ ਦੇ ਧੰਨਵਾਦ ਦੇ ਗੀਤ ਗਾਈਏ
ਆਉ ਉਸਦੀ ਉਸਤਤਿ ਦੇ ਪ੍ਰਸੰਨ ਗੀਤ ਗਾਈਏ।
3 ਕਿਉਂਕਿ ਯਹੋਵਹ ਹੀ ਮਹਾਨ ਪਰਮੇਸ਼ੁਰ ਹੈ।
ਉਹੀ ਮਹਾਨ ਰਾਜਾ ਹੈ ਜਿਹੜਾ “ਹੋਰਨਾਂ ਸਾਰੇ ਦੇਵਤਿਆਂ” ਉੱਤੇ ਹਕੂਮਤ ਕਰਦਾ ਹੈ।
4 ਸਭ ਤੋਂ ਡੂੰਘੀਆਂ ਗੁਫ਼ਾਵਾਂ ਅਤੇ ਉੱਚੇ ਤੋਂ ਉੱਚਾ ਪਹਾੜ ਯਹੋਵਾਹ ਦੇ ਹਨ।
5 ਸਾਗਰ ਉਸਦਾ ਹੈ ਉਸ ਨੇ ਇਸ ਨੂੰ ਸਾਜਿਆ ਸੀ।
ਪਰਮੇਸ਼ੁਰ ਨੇ ਆਪਣਿਆਂ ਹੱਥਾਂ ਨਾਲ ਸੁੱਕੀ ਧਰਤੀ ਬਣਾਈ ਸੀ।
6 ਆਉ, ਨੀਵੇਂ ਝੁਕੀਏ ਅਤੇ ਉਸਦੀ ਉਪਾਸਨਾ ਕਰੀਏ।
ਆਉ ਉਸ ਪਰਮੇਸ਼ੁਰ ਦੀ ਉਸਤਤਿ ਕਰੀਏ ਜਿਸਨੇ ਸਾਨੂੰ ਬਣਾਇਆ।
7 ਉਹ ਹੀ ਸਾਡਾ ਪਰਮੇਸ਼ੁਰ ਹੈ।
ਅਤੇ ਅਸੀਂ ਉਸ ਦੇ ਬੰਦੇ ਹਾਂ।
ਅਸੀਂ ਉਸ ਦੀਆਂ ਭੇਡਾਂ ਹਾਂ
ਜੇ ਅੱਜ ਅਸੀਂ ਉਸਦੀ ਅਵਾਜ਼ ਸੁਣੀਏ।
13 ਜਦੋਂ ਇਹ ਸਭ ਕੁਝ ਵਾਪਰ ਰਿਹਾ ਸੀ, ਅਫ਼ਸਰ ਮੀਕਾਯਾਹ ਨੂੰ ਲੱਭਣ ਲਈ ਗਿਆ ਅਤੇ ਉਸ ਨੇ ਉਸ ਨਬੀ ਨੂੰ ਲੱਭ ਕੇ ਆਖਿਆ, “ਬਾਕੀ ਸਾਰੇ ਨਬੀਆਂ ਦਾ ਕਹਿਣਾ ਹੈ ਕਿ ਪਾਤਸ਼ਾਹ ਦੀ ਜਿੱਤ ਹੋਵੇਗੀ ਇਸ ਲਈ ਤੇਰੀ ਗੱਲ ਵੀ ਉਨ੍ਹਾਂ ਦੀ ਗੱਲ ਦੀ ਸਾਖੀ ਹੀ ਭਰੇ, ਇਸ ਵਿੱਚ ਹੀ ਭਲਾ ਹੈ।”
14 ਪਰ ਮੀਕਾਯਾਹ ਨੇ ਆਖਿਆ, “ਜਿਉਂਦੇ ਯਹੋਵਾਹ ਦੀ ਸੌਂਹ, ਜੋ ਕੁਝ ਯਹੋਵਾਹ ਮੈਨੂੰ ਫ਼ੁਰਮਾਏਗਾ, ਉਹੋ ਹੀ ਬੋਲਾਂਗਾ।”
15 ਤਦ ਉਹ ਪਾਤਸ਼ਾਹ ਕੋਲ ਆਇਆ ਤਾਂ ਪਾਤਸ਼ਾਹ ਨੇ ਉਸ ਨੂੰ ਆਖਿਆ, “ਹੇ ਮੀਕਾਯਾਹ ਕੀ ਮੈਂ ਅਤੇ ਯਹੋਸ਼ਾਫ਼ਾਟ ਰਾਮੋਥ ਗਿਲਆਦ ਉੱਪਰ ਚੜ੍ਹਾਈ ਕਰਨ ਜਾਈਏ ਜਾਂ ਰੁਕੇ ਰਹੀਏ?”
ਮੀਕਾਯਾਹ ਬੋਲਿਆ, “ਹਾਂ, ਤੁਸੀਂ ਜਾਓ ਅਤੇ ਜਿੱਤ ਪ੍ਰਾਪਤ ਕਰੋ ਕਿਉਂ ਕਿ ਯਹੋਵਾਹ ਉਸ ਨੂੰ ਪਾਤਸ਼ਾਹ ਦੇ ਹੱਥ ਵਿੱਚ ਦੇ ਦੇਵੇਗਾ।”
16 ਪਰ ਅਹਾਬ ਨੇ ਆਖਿਆ, “ਇਹ ਬਚਨ ਤੂੰ ਯਹੋਵਾਹ ਦੀ ਸ਼ਕਤੀ ਨਾਲ ਨਹੀਂ ਬੋਲ ਰਿਹਾ ਜਾਂ ਇਹ ਤੂੰ ਆਪਣੀ ਮਨਬਚਨੀ ਆਖ ਰਿਹਾ ਹੈਂ। ਇਸ ਲਈ ਮੈਨੂੰ ਸੱਚ ਦੱਸ। ਮੈਂ ਤੈਨੂੰ ਕਿੰਨੀ ਵਾਰ ਸਮਝਾਵਾਂ ਕਿ ਤੂੰ ਮੈਨੂੰ ਸਿਰਫ਼ ਯਹੋਵਾਹ ਦੇ ਅਗੰਮ ਵਾਕ ਸੁਣਾ ਕਿ ਉਹ ਕੀ ਆਖਦਾ ਹੈ?”
17 ਤਾਂ ਮੀਕਾਯਾਹ ਨੇ ਆਖਿਆ, “ਮੈਂ ਵੇਖ ਸੱਕਦਾਂ ਕਿ ਕੀ ਵਾਪਰੇਗਾ। ਮੈਂ ਸਾਰੇ ਇਸਰਾਏਲ ਨੂੰ ਪਹਾੜੀਆਂ ਤੇ ਬਿਨਾ ਆਜੜੀ ਦੀਆਂ ਭੇਡਾਂ ਵਾਂਗ ਖਿੰਡਿਆ ਹੋਇਆ ਵੇਖਿਆ ਹੈ। ਯਹੋਵਾਹ ਇਹੀ ਫੁਰਮਾਉਂਦਾ ਹੈ, ਜਿਨ੍ਹਾਂ ਲੋਕਾਂ ਦਾ ਕੋਈ ਆਗੂ ਨਹੀਂ ਉਨ੍ਹਾਂ ਨੂੰ ਲੜਨ ਦੀ ਬਜਾਇ ਆਪਣੇ ਘਰਾਂ ਨੂੰ ਪਰਤ ਜਾਣਾ ਚਾਹੀਦਾ ਹੈ।”
18 ਤਦ ਅਹਾਬ ਨੇ ਯਹੋਸ਼ਾਫ਼ਾਟ ਨੂੰ ਕਿਹਾ, “ਵੇਖ! ਮੈਂ ਤੈਨੂੰ ਕਿਹਾ ਸੀ ਨਾ! ਇਸ ਨਬੀ ਨੇ ਕਦੇ ਮੇਰੇ ਭਲੇ ਦੀ ਕੋਈ ਗੱਲ ਨਹੀਂ ਕੀਤੀ। ਇਹ ਹਮੇਸ਼ਾ ਉਹੀ ਗੱਲਾਂ ਦਸਦਾ ਹੈ ਜੋ ਮੈਨੂੰ ਅਸੁਖਾਵੀਆਂ ਹੋਣ।”
19 ਪਰ ਮੀਕਾਯਾਹ ਯਹੋਵਾਹ ਵਲੋਂ ਬੋਲਦਾ ਰਿਹਾ ਅਤੇ ਆਖਿਆ, “ਸੁਣੋ! ਇਹ ਵਾਕ ਹਨ ਜੋ ਯਹੋਵਾਹ ਨੇ ਕਹੇ। ਮੈਂ ਯਹੋਵਾਹ ਨੂੰ ਅਕਾਸ਼ ਵਿੱਚ ਆਪਣੇ ਸਿੰਘਾਸਣ ਤੇ ਬੈਠਿਆਂ ਅਤੇ ਉਸ ਦੇ ਦੂਤਾਂ ਨੂੰ ਉਸ ਦੇ ਨਜ਼ਦੀਕ ਖੜ੍ਹੇ ਵੇਖਿਆ ਹੈ। 20 ਯਹੋਵਾਹ ਨੇ ਆਖਿਆ, ‘ਕੌਣ ਅਹਾਬ ਨੂੰ ਭਰਮਾਏਗਾ? ਤਾਂ ਜੋ ਉਹ ਰਾਮੋਥ ਵਿਖੇ ਅਰਾਮ ਦੀ ਸੈਨਾ ਤੇ ਹਮਲਾ ਕਰੇ ਅਤੇ ਓੱਥੇ ਉਹ ਮਾਰਿਆਂ ਜਾਵੇਗਾ।’ ਤਾਂ ਦੂਤ ਨਿਰਣਾਂ ਨਾ ਕਰ ਸੱਕੇ ਕਿ ਉਹ ਕੀ ਕਰਨ। 21 ਤਦ ਇੱਕ ਦੂਤ ਨੇ ਯਹੋਵਾਹ ਕੋਲ ਜਾਕੇ ਆਖਿਆ, ‘ਮੈਂ ਉਸ ਨੂੰ ਭਰਮਾਵਾਂਗਾ!’ 22 ਯਹੋਵਾਹ ਨੇ ਫ਼ੁਰਮਾਇਆ, ‘ਭਲਾ, ਤੂੰ ਅਹਾਬ ਨੂੰ ਕਿਵੇਂ ਭਰਮਾਏਂਗਾ?’ ਦੂਤ ਨੇ ਆਖਿਆ, ‘ਮੈਂ ਜਾਵਾਂਗਾ ਅਤੇ ਉਸ ਦੇ ਨਬੀਆਂ ਦੇ ਮੂੰਹਾਂ ਵਿੱਚ ਇੱਕ ਝੂਠ ਬੋਲਦਾ ਆਤਮਾ ਹੋਵਾਂਗਾ।’ ਤਾਂ ਯਹੋਵਾਹ ਨੇ ਫ਼ੁਰਮਾਇਆ, ‘ਚੰਗੀ ਗੱਲ ਹੈ, ਜਾ ਅਤੇ ਜਾਕੇ ਅਹਾਬ ਪਾਤਸ਼ਾਹ ਨੂੰ ਭਰਮਾ, ਤੂੰ ਉਸ ਨੂੰ ਭਰਮਾਉਣ ਵਿੱਚ ਕਾਮਯਾਬ ਹੋਵੇਂਗਾ।’”
23 ਮੀਕਾਯਾਹ ਨੇ ਆਪਣੀ ਕਹਾਣੀ ਖਤਮ ਕੀਤੀ। ਤਦ ਉਸ ਨੇ ਕਿਹਾ, “ਹੁਣ ਵੇਖੋ! ਯਹੋਵਾਹ ਨੇ ਤੁਹਾਡੇ ਇਨ੍ਹਾਂ ਸਭਨਾਂ ਨਬੀਆਂ ਦੇ ਮੂੰਹਾਂ ਵਿੱਚ ਇੱਕ ਝੂਠਾ ਵਾਕ ਪਾ ਦਿੱਤਾ ਹੈ, ਪਰ ਯਹੋਵਾਹ ਤੁਹਾਡੇ ਲਈ ਬੁਰਿਆਈ ਹੀ ਬੋਲਿਆ ਹੈ।”
ਮੁਕਤ ਲੋਕਾਂ ਦਾ ਗੀਤ
14 ਫ਼ਿਰ ਮੈਂ ਤੱਕਿਆ, ਅਤੇ ਉੱਥੇ ਮੇਰੇ ਸਾਹਮਣੇ ਇੱਕ ਲੇਲਾ ਸੀ। ਉਹ ਸੀਯੋਨ ਪਰਬਤ ਉੱਤੇ ਖਲੋਤਾ ਸੀ। ਉਸ ਦੇ ਨਾਲ 144,000 ਲੋਕ ਸਨ। ਉਨ੍ਹਾਂ ਸਾਰਿਆਂ ਦੇ ਮੱਥਿਆਂ ਉੱਤੇ ਉਸਦਾ ਅਤੇ ਉਸ ਦੇ ਪਿਤਾ ਦਾ ਨਾਮ ਲਿਖਿਆ ਹੋਇਆ ਸੀ।
2 ਫ਼ੇਰ ਮੈਂ ਸਵਰਗ ਵਿੱਚੋਂ ਆਉਂਦੀ ਇੱਕ ਅਵਾਜ਼ ਸੁਣੀ ਜੋ ਕਿ ਹੜ੍ਹ ਦੇ ਪਾਣੀ ਅਤੇ ਉੱਚੀ ਗਰਜ ਦੀ ਅਵਾਜ਼ ਵਰਗੀ ਸੀ। ਜਿਹੜੀ ਅਵਾਜ਼ ਮੈਂ ਸੁਣੀ ਉਹ ਲੋਕਾਂ ਦੇ ਰਬਾਬ ਵਜਾਉਣ ਦੀ ਅਵਾਜ਼ ਵਰਗੀ ਸੀ। 3 ਲੋਕਾਂ ਨੇ ਤਖਤ ਦੇ ਸਾਹਮਣੇ ਅਤੇ ਚਾਰ ਸਜੀਵ ਚੀਜ਼ਾਂ ਅਤੇ ਬਜ਼ੁਰਗਾਂ ਦੇ ਸਾਹਮਣੇ ਇੱਕ ਨਵਾਂ ਗੀਤ ਗਾਇਆ। ਇਹ ਨਵਾਂ ਗੀਤ ਸਿਰਫ਼ ਉਹ ਇੱਕ ਲੱਖ ਚੁਤਾਲੀ ਹਜ਼ਾਰ ਲੋਕੀਂ ਹੀ ਸਿੱਖ ਸੱਕਦੇ ਸਨ ਜਿਹੜੇ ਧਰਤੀ ਤੋਂ ਖਰੀਦੇ ਗਏ ਸਨ। ਕੋਈ ਹੋਰ ਇਸ ਗੀਤ ਨੂੰ ਨਾ ਗਾ ਸੱਕਿਆ।
4 ਇਹ 144,000 ਲੋਕ ਉਹੀ ਸਨ ਜਿਨ੍ਹਾਂ ਨੇ ਔਰਤਾਂ ਨਾਲ ਕੁਝ ਵੀ ਅਪਵਿੱਤਰ ਨਹੀਂ ਕੀਤਾ ਸੀ ਉਨ੍ਹਾਂ ਨੇ ਆਪਣੇ ਆਪ ਨੂੰ ਪਵਿੱਤਰ ਰੱਖਿਆ। ਉਹ ਜਿੱਥੇ ਕਿਤੇ ਵੀ ਲੇਲਾ ਜਾਂਦਾ ਉਸਦਾ ਪਿੱਛਾ ਕਰਦੇ, ਇਨ੍ਹਾਂ ਲੋਕਾਂ ਨੂੰ ਧਰਤੀ ਤੋਂ ਖਰੀਦਿਆ ਗਿਆ ਸੀ। ਇਹੀ ਪਹਿਲੇ ਲੋਕ ਸਨ ਜਿਹੜੇ ਪਰਮੇਸ਼ੁਰ ਅਤੇ ਲੇਲੇ ਨੂੰ ਅਰਪਣ ਕੀਤੇ ਗਏ ਸਨ। 5 ਇਹ ਲੋਕ ਝੂਠ ਬੋਲਣ ਦੇ ਦੋਸ਼ੀ ਨਹੀਂ ਸਨ। ਇਹ ਲੋਕ ਬਿਨਾ ਕਿਸੇ ਦੋਸ਼ ਤੋਂ ਸਨ।
ਤਿੰਨ ਦੂਤ
6 ਫ਼ਿਰ ਮੈਂ ਇੱਕ ਹੋਰ ਦੂਤ ਨੂੰ ਹਵਾ ਵਿੱਚ ਉੱਚਾ ਉਡਦਿਆਂ ਵੇਖਿਆ। ਇਸ ਦੂਤ ਕੋਲ ਧਰਤੀ ਤੇ ਰਹਿਣ ਵਾਲੇ ਲੋਕਾਂ – ਹਰ ਕੌਮ, ਕਬੀਲੇ ਭਾਸ਼ਾ ਅਤੇ ਜਾਤੀ ਦੇ ਲੋਕਾਂ ਨੂੰ ਕਦੀ ਵੀ ਨਾ ਖਤਮ ਹੋਣ ਵਾਲੀ ਖੁਸ਼ਖਬਰੀ ਦਿੱਤੀ ਗਈ ਸੀ। 7 ਦੂਤ ਨੇ ਉੱਚੀ ਅਵਾਜ਼ ਵਿੱਚ ਆਖਿਆ, “ਪਰਮੇਸ਼ੁਰ ਤੋਂ ਡਰੋ ਅਤੇ ਉਸ ਨੂੰ ਮਹਿਮਾ ਦਿਉ। ਪਰਮੇਸ਼ੁਰ ਲਈ ਨਿਆਂ ਦੇਣ ਦਾ ਸਮਾਂ ਆ ਗਿਆ ਹੈ। ਉਸਦੀ ਉਪਾਸਨਾ ਕਰੋ। ਉਸ ਨੇ ਸਵਰਗ, ਧਰਤੀ, ਸਮੁੰਦਰ ਅਤੇ ਪਾਣੀ ਦੇ ਚਸ਼ਮੇ ਬਣਾਏ ਹਨ।”
8 ਫ਼ਿਰ ਪਹਿਲੇ ਦੂਤ ਦੇ ਪਿੱਛੇ ਦੂਸਰਾ ਦੂਤ ਆਇਆ ਅਤੇ ਉਸ ਨੇ ਆਖਿਆ, “ਉਹ ਤਬਾਹ ਹੋ ਚੁੱਕੀ ਹੈ। ਬੇਬੀਲੋਨ ਦੀ ਮਹਾਨ ਨਗਰੀ ਤਬਾਹ ਹੋ ਚੁੱਕੀ ਹੈ। ਉਸ ਨੇ ਹੀ ਸਾਰੀਆਂ ਕੌਮਾਂ ਨੂੰ ਆਪਣੀ ਬਦਕਾਰੀ ਦੀ ਮੈਅ ਪੀਣ ਅਤੇ ਪਰਮੇਸ਼ੁਰ ਦੇ ਗੁੱਸੇ ਨੂੰ ਪਿਲਾਇਆ।”
9 ਦੋਨਾਂ ਦੂਤਾਂ ਦੇ ਪਿੱਛੇ ਤੀਜਾ ਦੂਤ ਆਇਆ। ਇਸ ਤੀਜੇ ਦੂਤ ਨੇ ਉੱਚੀ ਅਵਾਜ਼ ਵਿੱਚ ਆਖਿਆ, “ਉਸ ਵਿਅਕਤੀ ਲਈ ਇਹ ਭਿਆਨਕ ਹੋਵੇਗਾ ਜਿਹੜਾ ਜਾਨਵਰ ਅਤੇ ਜਾਨਵਰ ਦੀ ਮੂਰਤੀ ਦੀ ਪੂਜਾ ਕਰਦਾ ਹੈ ਅਤੇ ਆਪਣੇ ਮੱਥੇ ਜਾਂ ਹੱਥ ਉੱਤੇ ਨਿਸ਼ਾਨ ਪ੍ਰਾਪਤ ਕਰਾਉਂਦਾ ਹੈ। 10 ਉਹ ਵਿਅਕਤੀ ਪਰਮੇਸ਼ੁਰ ਦੇ ਗੁੱਸੇ ਦੀ ਮੈਅ ਪੀਂਦਾ ਹੈ। ਇਹ ਮੈਅ ਪਰਮੇਸ਼ੁਰ ਦੇ ਗੁੱਸੇ ਵਾਲੇ ਪਿਆਲੇ ਵਿੱਚ ਬਿਨ ਪਤਲੀ ਕੀਤਿਆਂ ਵਰਤਾਈ ਜਾਵੇਗੀ। ਇਸ ਵਿਅਕਤੀ ਨੂੰ ਬਲਦੀ ਹੋਈ ਗੰਧਕ ਨਾਲ ਪਵਿੱਤਰ ਦੂਤਾਂ ਅਤੇ ਲੇਲੇ ਦੇ ਸਾਹਮਣੇ ਕਸ਼ਟ ਦਿੱਤੇ ਜਾਣਗੇ। 11 ਅਤੇ ਉਨ੍ਹਾਂ ਦੀ ਬਲਦੀ ਹੋਈ ਪੀੜਾ ਦਾ ਧੂੰਆਂ ਹਮੇਸ਼ਾ-ਹਮੇਸ਼ਾ ਲਈ ਉੱਡਦਾ ਰਹੇਗਾ। ਉਨ੍ਹਾਂ ਲੋਕਾਂ ਨੂੰ ਕਦੇ ਵੀ ਦਿਨ ਜਾਂ ਰਾਤ ਨੂੰ ਅਰਾਮ ਨਹੀਂ ਮਿਲੇਗਾ। ਜਿਹੜੇ ਜਾਨਵਰ ਅਤੇ ਉਸਦੀ ਮੂਰਤੀ ਦੀ ਪੂਜਾ ਕਰਦੇ ਹਨ ਅਤੇ ਉਸ ਦੇ ਨਾਂ ਦਾ ਨਿਸ਼ਾਨ ਪ੍ਰਾਪਤ ਕਰਦੇ ਹਨ।”
2010 by World Bible Translation Center