Revised Common Lectionary (Complementary)
ਨਿਰਦੇਸ਼ਕ ਲਈ: ਮਥਲਬੇਨ ਦੀ ਸਰਗਮ [a] ਵਿੱਚ ਗਾਉਣ ਲਈ। ਦਾਊਦ ਦਾ ਇੱਕ ਗੀਤ।
9 ਮੈਂ ਸੱਚੇ ਦਿਲੋਂ ਯਹੋਵਾਹ ਦੀ ਉਸਤਤਿ ਕਰਦਾ ਹਾਂ।
ਯਹੋਵਾਹ ਮੈਂ ਲੋਕਾਂ ਨੂੰ ਉਨ੍ਹਾਂ ਸਮੂਹ ਅਚਂਭਿਆਂ ਬਾਰੇ ਦੱਸਾਂਗਾ ਜਿਨ੍ਹਾਂ ਨੂੰ ਤੂੰ ਸਾਜਿਆ ਹੈ।
2 ਤੁਸੀਂ ਮੈਨੂੰ ਇੰਨਾ ਪ੍ਰਸੰਨ ਕਰਦੇ ਹੋਂ।
ਹੇ ਸਭ ਤੋਂ ਉੱਚੇ ਪਰਮੇਸ਼ੁਰ, ਮੈਂ ਤੇਰੇ ਨਾਮ ਦੀ ਉਸਤਤਿ ਕਰਾਂ।
3 ਮੇਰੇ ਦੁਸ਼ਮਣ ਤੈਥੋਂ ਡਰਕੇ ਨੱਸ ਗਏ ਹਨ।
ਅਤੇ ਉਹ ਡਿੱਗ ਪਏ ਹਨ ਤੇ ਉਨ੍ਹਾਂ ਦਾ ਨਾਸ਼ ਹੋ ਗਿਆ।
4 ਤੁਸੀਂ ਆਪਣੇ ਤਖਤ ਉੱਤੇ ਧਰਮੀ ਨਿਆਂਕਾਰ ਵਾਂਗ ਬੈਠੇ ਸੀ।
ਯਹੋਵਾਹ, ਤੁਸੀਂ ਮੇਰੀ ਬੇਨਤੀ ਸੁਣੀ।
ਅਤੇ ਤੁਸੀਂ ਨਿਆਂ ਸੁਣਾ ਦਿੱਤਾ।
5 ਤੁਸਾਂ ਉਨ੍ਹਾਂ ਹੋਰ ਲੋਕਾਂ ਦੀ ਨਿੰਦਿਆ ਕੀਤੀ,
ਯਹੋਵਾਹ ਤੁਸਾਂ ਉਨ੍ਹਾਂ ਮੰਦਿਆਂ ਲੋਕਾਂ ਨੂੰ ਖਤਮ ਕਰ ਦਿੱਤਾ ਹੈ।
ਤੁਸਾਂ ਹਮੇਸ਼ਾ ਲਈ ਉਨ੍ਹਾਂ ਦਾ ਨਾਮ ਉਨ੍ਹਾਂ ਲੋਕਾਂ ਦੀ ਸੂਚੀ ਵਿੱਚੋਂ ਮਿਟਾ ਦਿੱਤਾ ਜਿਹੜੇ ਜਿਉਂਦੇ ਜਾਗਦੇ ਹਨ।
6 ਦੁਸ਼ਮਣ ਖਤਮ ਹੋ ਗਿਆ ਹੈ।
ਯਹੋਵਾਹ ਤੁਸੀਂ ਉਨ੍ਹਾਂ ਦੇ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ।
ਹੁਣ ਸਿਰਫ਼ ਉਨ੍ਹਾਂ ਘਰਾਂ ਦਾ ਮਲਵਾ ਹੀ ਬੱਚਿਆਂ ਹੈ।
ਕੁਝ ਵੀ ਨਹੀਂ ਬੱਚਿਆਂ ਜਿਹੜਾ ਸਾਨੂੰ ਉਨ੍ਹਾਂ ਮੰਦੇ ਲੋਕਾਂ ਦਾ ਚੇਤਾ ਕਰਾ ਸੱਕਾਂ।
7 ਪਰ ਯਹੋਵਾਹ ਸਦਾ ਲਈ ਸ਼ਾਸਨ ਕਰਦਾ ਹੈ।
ਉਸ ਨੇ ਆਪਣੇ ਰਾਜ ਨੂੰ ਸ਼ਕਤੀਸ਼ਾਲੀ ਬਣਾਇਆ।
ਉਸ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਦੁਨੀਆਂ ਵਿੱਚ ਨਿਆਂ ਪ੍ਰਬਲ ਹੋ ਸੱਕੇ।
8 ਯਹੋਵਾਹ ਧਰਤੀ ਉੱਤੇ ਸਭ ਨਾਲ ਸੱਚਾ ਨਿਆਂ ਕਰਦਾ ਹੈ।
ਉਹ ਸਾਰੀਆਂ ਕੌਮਾਂ ਵਾਸਤੇ ਨਿਆਂਈ ਹੈ।
9 ਯਹੋਵਾਹ ਸਤਾਏ ਹੋਏ ਲੋਕਾਂ ਲਈ
ਸੁਰੱਖਿਅਤ ਸਥਾਨ ਹੋਵੇਗਾ।
ਅਤੇ ਉਨ੍ਹਾਂ ਲੋਕਾਂ ਲਈ ਸ਼ਰਨ ਦਾ ਇੱਕ ਸਥਾਨ ਹੋਵੇਗਾ
ਜਿਹੜੇ ਤਕਲੀਫ਼ਾਂ ਝੱਲ ਰਹੇ ਹਨ।
10 ਉਹ ਲੋਕ ਜਿਹੜੇ ਤੇਰੇ ਸੱਚੇ ਨਾਮ ਤੋਂ ਸਚੇਤ ਹਨ,
ਉਨ੍ਹਾਂ ਨੂੰ ਤੇਰੇ ਵਿੱਚ ਯਕੀਨ ਰੱਖਣਾ ਪਵੇਗਾ।
ਯਹੋਵਾਹ, ਜੇਕਰ ਇਹ ਲੋਕ ਤੁਹਾਡੇ ਵੱਲ ਆਉਣ
ਤਾਂ ਉਨ੍ਹਾਂ ਨੂੰ ਬਿਨ ਮਦਦ ਤੋਂ ਨਾ ਛੱਡੀਂ।
11 ਹੇ ਸੀਯੋਨ ਪਰਬਤ ਦੇ ਵਾਸੀਓ ਯਹੋਵਾਹ ਦੀ ਉਸਤਤਿ ਦੇ ਗੀਤ ਗਾਵੋ।
ਪਰਾਈਆਂ ਕੌਮਾਂ ਨੂੰ ਯਹੋਵਾਹ ਦੀਆਂ ਮਹਾਨ ਗੱਲਾਂ ਬਾਰੇ ਦੱਸੋ।
12 ਯਹੋਵਾਹ ਨੇ ਉਨ੍ਹਾਂ ਲੋਕਾਂ ਨੂੰ ਆਪਣੇ ਚੇਤੇ ਰੱਖਿਆ ਹੈ
ਜਿਹੜੇ ਉਸ ਵੱਲ ਸਹਾਇਤਾ ਲਈ ਚੱਲਦੇ ਹਨ।
ਯਹੋਵਾਹ ਨਿਮ੍ਰ ਲੋਕਾਂ ਦੀਆਂ ਚੀਕਾਂ ਨੂੰ ਨਹੀਂ ਭੁੱਲਦਾ।
13 ਮੈਂ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ: “ਹੇ ਯਹੋਵਾਹ, ਮੇਰੇ ਉੱਪਰ ਮਿਹਰ ਕਰੋ।
ਵੇਖੋ ਮੇਰੇ ਦੁਸ਼ਮਣ ਮੈਨੂੰ ਉਦਾਸ ਕਰ ਰਹੇ ਹਨ।
ਮੈਨੂੰ ‘ਮੌਤ ਦੇ ਦਰਵਾਜ਼ੇ’ ਤੋਂ ਬਚਾਉ।
14 ਫ਼ੇਰ ਹੇ ਯਹੋਵਾਹ, ਮੈਂ ਯਰੂਸ਼ਲਮ ਦੇ ਦਰਾਂ ਤੇ ਤੇਰੀ ਉਸਤਤਿ ਕਰਾਂਗਾ।
ਮੈਂ ਬਹੁਤ ਖੁਸ਼ ਹੋਵਾਂਗਾ, ਕਿਉਂਕਿ ਤੁਸੀਂ ਮੈਨੂੰ ਬਚਾਇਆ।”
ਅੱਯੂਬ ਦਾ ਅਲੀਫਜ਼ ਨੂੰ ਜਵਾਬ
16 ਫੇਰ ਅੱਯੂਬ ਨੇ ਜਵਾਬ ਦਿੱਤਾ, ਮੈਂ ਸੁਣਿਆ ਹੈ:
2 “ਪਹਿਲਾਂ ਵੀ ਇਨ੍ਹਾਂ ਗੱਲਾਂ ਬਾਰੇ।
ਤੁਸੀਂ ਤਿੰਨੇ ਬੰਦੇ ਮੈਨੂੰ ਤਕਲੀਫ ਦਿੰਦੇ ਹੋ ਆਰਾਮ ਨਹੀਂ।
3 ਤੁਹਾਡੇ ਲੰਮੇ ਭਾਸ਼ਣ ਕਦੇ ਖਤਮ ਨਹੀਂ ਹੁੰਦੇ।
ਤੁਸੀਂ ਬਹਿਸ ਕਿਉਂ ਕਰੀ ਜਾ ਰਹੇ ਹੋ।
4 ਜੇਕਰ ਤੁਹਾਡੇ ਦੁੱਖ ਵੀ ਮੇਰੇ ਵਰਗੇ ਹੁੰਦੇ,
ਮੈਂ ਵੀ ਤੁਹਾਨੂੰ ਇਹੋ ਗੱਲਾਂ ਕਹਿ ਸੱਕਦਾ ਸੀ।
ਮੈਂ ਤੁਹਾਡੇ ਵਿਰੁੱਧ ਸਿਆਣੀਆਂ ਗੱਲਾਂ ਆਖਕੇ ਤੁਹਾਡੇ
ਤੇ ਆਪਣਾ ਸਿਰ ਹਿਲਾ ਸੱਕਦਾ ਸੀ।
5 ਪਰ ਮੈਂ ਤੁਹਾਨੂੰ ਹੌਂਸਲਾ ਦੇ ਸੱਕਦਾ ਸੀ
ਅਤੇ ਆਪਣੇ ਸ਼ਬਦਾਂ ਨਾਲ ਤੁਹਾਨੂੰ ਉਮੀਦ ਦੇ ਸੱਕਦਾ ਸੀ।
6 “ਪਰ ਜੋ ਕੁਝ ਵੀ ਮੈਂ ਆਖਦਾ ਹਾਂ ਮੇਰੇ ਦਰਦ ਨੂੰ ਦੂਰ ਨਹੀਂ ਕਰਦਾ।
ਅਤੇ ਨਾ ਹੀ ਖਾਮੋਸ਼ ਰਹਿਣਾ ਕੁਝ ਸਹਾਇਤਾ ਕਰਦਾ ਹੈ।
7 ਹੇ ਪਰਮੇਸ਼ੁਰ ਸੱਚਮੁੱਚ ਹੀ ਤੂੰ ਮੇਰੀ ਸ਼ਕਤੀ ਖੋਹ ਲਈ ਹੈ।
ਤੂੰ ਮੇਰੇ ਸਾਰੇ ਪਰਿਵਾਰ ਨੂੰ ਤਬਾਹ ਕਰ ਦਿੱਤਾ ਹੈ।
8 ਤੂੰ ਮੈਨੂੰ ਪਤਲਾ ਤੇ ਕਮਜ਼ੋਰ ਬਣਾ ਦਿੱਤਾ ਹੈ,
ਤੇ ਲੋਕ ਇਹੀ ਸੋਚਦੇ ਨੇ ਕਿ ਮੈਂ ਦੋਸ਼ੀ ਹਾਂ।
9 “ਪਰਮੇਸ਼ੁਰ ਮੇਰੇ ਉੱਤੇ ਵਾਰ ਕਰਦਾ ਹੈ,
ਉਹ ਮੇਰੇ ਉੱਤੇ ਕਹਿਰਵਾਨ ਹੈ ਤੇ ਉਹ ਮੇਰੇ ਸ਼ਰੀਰ ਦੇ ਟੋਟੇ ਕਰ ਰਿਹਾ ਹੈ।
ਪਰਮੇਸ਼ੁਰ ਮੇਰੇ ਖਿਲਾਫ਼ ਦੰਦ ਕਰੀਚ ਰਿਹਾ ਹੈ।
ਮੇਰਾ ਦੁਸ਼ਮਣ ਮੇਰੇ ਵੱਲ ਨਫ਼ਰਤ ਨਾਲ ਤੱਕ ਰਿਹਾ ਹੈ।
10 ਲੋਕ ਮੇਰੇ ਦੁਆਲੇ ਇਕੱਠੇ ਹੋ ਗਏ ਨੇ।
ਉਹ ਮੇਰਾ ਮਜ਼ਾਕ ਉਡਾਉਂਦੇ ਨੇ ਤੇ ਮੇਰੇ ਮੂੰਹ ਉੱਤੇ ਚਪੇੜਾਂ ਮਾਰਦੇ ਨੇ।
11 ਪਰਮੇਸ਼ੁਰ ਨੇ ਮੈਨੂੰ ਬਦ ਲੋਕਾਂ ਦੇ ਹਵਾਲੇ ਕਰ ਦਿੱਤਾ ਹੈ।
ਉਸ ਨੇ ਮੈਨੂੰ ਬੁਰੇ ਲੋਕਾਂ ਪਾਸੋਂ ਜ਼ਖਮੀ ਕਰਵਾਇਆ ਹੈ।
12 ਮੇਰੇ ਨਾਲ ਹਰ ਗੱਲ ਬੜੀ ਠੀਕ ਠਾਕ ਸੀ,
ਪਰ ਫੇਰ ਪਰਮੇਸ਼ੁਰ ਨੇ ਮੈਨੂੰ ਕੁਚਲ ਦਿੱਤਾ।
ਹਾਂ, ਉਸ ਨੇ ਮੈਨੂੰ ਗਰਦਨ ਤੋਂ ਫ਼ੜ ਲਿਆ
ਤੇ ਮੈਨੂੰ ਟੋਟੇ-ਟੋਟੇ ਕਰ ਦਿੱਤਾ।
ਪਰਮੇਸ਼ੁਰ ਨੇ ਮੈਨੂੰ ਨਿਸ਼ਾਨੇਬਾਜ਼ੀ ਲਈ ਵਰਤਿਆ।
13 ਪਰਮੇਸ਼ੁਰ ਦੇ ਤੀਰ ਅੰਦਾਜ਼ ਮੇਰੇ ਹਰ ਪਾਸੇ ਨੇ
ਉਹ ਮੇਰੇ ਗੁਰਦਿਆਂ ਵਿੱਚ ਤੀਰ ਮਾਰਦਾ ਹੈ।
ਉਹ ਕੋਈ ਮਿਹਰ ਨਹੀਂ ਦਰਸਾਉਂਦਾ।
ਉਹ ਮੇਰੇ ਪਿਤ੍ਤ ਨੂੰ ਧਰਤੀ ਉੱਤੇ ਰੋਢ਼ ਦਿੰਦਾ ਹੈ।
14 ਪਰਮੇਸ਼ੁਰ ਬਾਰ-ਬਾਰ ਮੇਰੇ ਉੱਤੇ ਹਮਲਾ ਕਰਦਾ ਹੈ
ਉਹ ਮੇਰੇ ਉੱਤੇ ਲੜਾਈ ਵਿੱਚਲੇ ਸਿਪਾਹੀ ਵਾਂਗ ਟੁੱਟ ਪੈਂਦਾ ਹੈ।
15 “ਮੈਂ ਬਹੁਤ ਉਦਾਸ ਹਾਂ ਇਸ ਲਈ ਮੈਂ ਉਦਾਸੀ ਦੇ ਇਹ ਬਸਤਰ ਪਾਉਂਦਾ ਹਾਂ।
ਮੈਂ ਘੱਟੇ ਅਤੇ ਸੁਆਹ ਵਿੱਚ ਬੈਠਾ ਹੋਇਆ ਹਾਂ ਤੇ ਮੈਂ ਹਾਰਿਆ ਹੋਇਆ ਮਹਿਸੂਸ ਕਰਦਾ ਹਾਂ।
16 ਰੋ-ਰੋ ਕੇ ਮੇਰਾ ਮੂੰਹ ਲਾਲ ਹੋਇਆ ਪਿਆ ਹੈ।
ਮੇਰੀਆਂ ਅੱਖਾਂ ਦੁਆਲੇ ਕਾਲੇ ਘੇਰੇ ਨੇ।
17 ਮੈਂ ਕਦੇ ਵੀ ਕਿਸੇ ਲਈ ਜ਼ਾਲਮ ਨਹੀਂ ਸਾਂ ਪਰ ਮੇਰੇ ਨਾਲ ਇਹ ਮਾੜੀਆਂ ਗੱਲਾਂ ਵਾਪਰੀਆਂ ਨੇ।
ਮੇਰੀਆਂ ਪ੍ਰਾਰਥਨਾਵਾਂ ਸ਼ੁੱਧ ਤੇ ਧਰਮੀ ਹਨ।
18 “ਧਰਤੀਏ ਉਨ੍ਹਾਂ ਮਾੜੀਆਂ ਗੱਲਾਂ ਨੂੰ ਛੁਪਾ ਨਾ ਜਿਹੜੀਆਂ ਮੇਰੇ ਨਾਲ ਕੀਤੀਆਂ ਗਈਆਂ ਸੀ।
ਕਾਸੇ ਨੂੰ ਵੀ ਨਿਰਪੱਖਤਾ ਲਈ ਮੇਰੀਆਂ ਅਰਜੋਈਆਂ ਨੂੰ ਰੋਕਣ ਨਾ ਦੇਵੀਂ।
19 ਹੁਣ ਵੀ ਅਕਾਸ਼ ਵਿੱਚ ਕੋਈ ਨਾ ਕੋਈ ਹੈ ਜਿਹੜਾ ਮੇਰੇ ਪੱਖ ਵਿੱਚ ਬੋਲੇਗਾ।
ਉੱਪਰ ਕੋਈ ਨਾ ਕੋਈ ਹੈ ਜਿਹੜਾ ਮੇਰੇ ਲਈ ਸਾਖੀ ਦੇਵੇਗਾ।
20 ਮੇਰਾ ਮਿੱਤਰ ਮੇਰੇ ਲਈ ਗੱਲ ਕਰ ਰਿਹਾ ਹੈ
ਜਦ ਕਿ ਮੇਰੀਆਂ ਅੱਖਾਂ ਪਰਮੇਸ਼ੁਰ ਸਾਹਮਣੇ ਹੰਝੂ ਕੇਰ ਰਹੀਆਂ ਨੇ।
21 ਉਹ ਮੇਰੇ ਲਈ ਪਰਮੇਸ਼ੁਰ ਨਾਲ ਗੱਲ ਕਰ ਰਿਹਾ ਹੈ,
ਜਿਵੇਂ ਕੋਈ ਵਿਅਕਤੀ [a] ਆਪਣੇ ਦੋਸਤ ਲਈ ਗਵਾਹੀ ਦਿੰਦਾ ਹੈ।
ਚੰਗੇ ਨੋਕਰ ਅਤੇ ਬੁਰੇ ਨੋਕਰ(A)
45 “ਗਿਆਨੀ ਅਤੇ ਭਰੋਸੇ ਯੋਗ ਨੋਕਰ ਕੌਣ ਹੈ? ਉਹ ਅਜਿਹਾ ਹੈ ਜਿਸ ਨੂੰ ਮਾਲਕ ਨੇ ਹੋਰਨਾਂ ਸਾਰੇ ਨੋਕਰਾਂ ਉੱਤੇ ਨਿਗਰਾਨੀ ਰੱਖਣ ਅਤੇ ਉਨ੍ਹਾਂ ਨੂੰ ਠੀਕ ਸਮੇਂ ਤੇ ਭੋਜਨ ਦੇਣ ਦੀ ਜ਼ਿੰਮੇਦਾਰੀ ਦਿੱਤੀ ਹੈ? 46 ਜਦੋਂ ਮਾਲਕ ਆਉਂਦਾ ਹੈ ਅਤੇ ਨੋਕਰ ਨੂੰ ਦਿੱਤਾ ਹੋਇਆ ਕੰਮ ਕਰਦਿਆਂ ਵੇਖਦਾ ਹੈ, ਤਾਂ ਉਹ ਨੋਕਰ ਬਹੁਤ ਖੁਸ਼ ਹੁੰਦਾ ਹੈ। 47 ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਮਾਲਕ ਉਸ ਨੋਕਰ ਨੂੰ ਆਪਣੀ ਸਾਰੀ ਜਾਇਦਾਦ ਦੀ ਜ਼ਿੰਮੇਵਾਰੀ ਦੇ ਦੇਵੇਗਾ।
48 “ਪਰ ਉਦੋਂ ਕੀ ਹੋਵੇਗਾ ਜੇ ਨੋਕਰ ਦੁਸ਼ਟ ਹੋਵੇ ਅਤੇ ਸੋਚੇ ਕਿ ਉਸਦਾ ਮਾਲਕ ਛੇਤੀ ਵਾਪਿਸ ਨਹੀਂ ਆਵੇਗਾ? 49 ਫ਼ੇਰ ਉਹ ਦੂਜੇ ਨੋਕਰਾਂ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦੇਵੇਗਾ ਅਤੇ ਸ਼ਰਾਬੀਆਂ ਨਾਲ ਖਾਣ-ਪੀਣ ਅਤੇ ਆਨੰਦ ਮਾਨਣ ਲੱਗ ਪਵੇਗਾ। 50 ਤਾਂ ਉਸ ਨੋਕਰ ਦਾ ਮਾਲਕ ਅਚਾਨਕ ਆਵੇਗਾ, ਜਦੋਂ ਉਸ ਨੂੰ ਉਸਦੀ ਆਸ ਵੀ ਨਹੀਂ ਹੋਵੇਗੀ, ਅਤੇ ਉਹ ਉਸ ਨੂੰ ਯਾਦ ਚੇਤੇ ਨਹੀਂ ਹੋਵੇਗਾ। 51 ਫ਼ਿਰ ਮਾਲਕ ਉਸ ਨੂੰ ਸਜ਼ਾ ਦੇਵੇਗਾ ਅਤੇ ਉਸ ਨੂੰ ਕਪਟੀਆਂ ਨਾਲ ਭੇਜ ਦੇਵੇਗਾ, ਜਿੱਥੇ ਲੋਕ ਚੀਕਦੇ ਅਤੇ ਆਪਣੇ ਦੰਦ ਕਰੀਚਦੇ ਹੋਣਗੇ।
2010 by World Bible Translation Center