Revised Common Lectionary (Complementary)
ਦਾਊਦ ਦਾ ਉਸ ਵੇਲੇ ਦਾ ਇੱਕ ਗੀਤ ਜਦੋਂ ਉਹ ਯਹੂਦਾਹ ਦੇ ਮਾਰੂਥਲ ਵਿੱਚ ਸੀ।
63 ਹੇ ਪਰਮੇਸ਼ੁਰ, ਤੁਸੀਂ ਮੇਰੇ ਪਰਮੇਸ਼ੁਰ ਹੋ।
ਮੈਂ ਬੇਸਬਰੀ ਨਾਲ ਤੁਹਾਡਾ ਇੰਤਜ਼ਾਰ ਕਰ ਰਿਹਾ ਹਾਂ।
ਮੇਰੀ ਰੂਹ ਅਤੇ ਮੇਰਾ ਸ਼ਰੀਰ ਤੁਹਾਡੇ ਪਿਆਸੇ ਹਨ,
ਜਿਵੇਂ ਬੰਜਰ ਜ਼ਮੀਨ ਪਾਣੀ ਤੋਂ ਬਿਨਾ ਹੁੰਦੀ ਹੈ।
2 ਹਾਂ, ਮੈਂ ਤੁਹਾਨੂੰ ਤੁਹਾਡੇ ਮੰਦਰ ਵਿੱਚ ਵੇਖਿਆ ਹੈ।
ਤੁਹਾਡੀ ਸ਼ਾਨ ਅਤੇ ਸ਼ਕਤੀ ਦੇਖੀ ਹੈ।
3 ਤੁਹਾਡਾ ਪਿਆਰ ਜ਼ਿੰਦਗੀ ਨਾਲੋਂ ਬਿਹਤਰ ਹੈ।
ਮੇਰੇ ਬੁਲ੍ਹ ਤੁਹਾਡੀ ਉਸਤਤਿ ਕਰਦੇ ਹਨ।
4 ਹਾਂ, ਮੈਂ ਆਪਣੀ ਜ਼ਿੰਦਗੀ ਵਿੱਚ ਤੁਹਾਡੀ ਉਸਤਤਿ ਕਰਾਂਗਾ।
ਤੁਹਾਡੇ ਨਾਮ ਤੇ ਹੀ, ਮੈਂ ਪ੍ਰਾਰਥਨਾ ਲਈ ਆਪਣੇ ਹੱਥ ਚੁੱਕਦਾ ਹਾਂ।
5 ਮੈਂ ਇੰਝ ਸੰਤੁਸ਼ਟ ਹੋ ਜਾਵਾਂਗਾ ਜਿਵੇਂ ਸਭ ਤੋਂ ਵੱਧੀਆ ਭੋਜਨ ਕੀਤਾ ਹੋਵੇ।
ਅਤੇ ਖੁਸ਼ੀ ਭਰੇ ਬੁਲ੍ਹਾਂ ਨਾਲ ਮੇਰਾ ਮੁੱਖ ਤੁਹਾਡੀ ਉਸਤਤਿ ਕਰੇਗਾ।
6 ਮੈਂ ਆਪਣੇ ਪਲੰਘ ਉੱਤੇ ਲੇਟਿਆ ਹੋਇਆ ਤੁਹਾਨੂੰ ਯਾਦ ਕਰਾਂਗਾ।
ਮੈਂ ਤੁਹਾਨੂੰ ਅੱਧੀ ਰਾਤ ਵੇਲੇ ਯਾਦ ਕਰਾਂਗਾ।
7 ਸੱਚਮੁੱਚ ਤੁਸੀਂ ਮੇਰੀ ਸਹਾਇਤਾ ਕੀਤੀ।
ਮੈਂ ਖੁਸ਼ ਹਾ ਕਿ ਤੁਸੀਂ ਮੇਰੀ ਰੱਖਿਆ ਕੀਤੀ ਹੈ।
8 ਮੇਰੀ ਰੂਹ ਤੁਹਾਡੇ ਨਾਲ ਚੁੰਬੜੀ ਹੈ
ਅਤੇ ਤੁਸੀਂ ਮੇਰਾ ਹੱਥ ਫ਼ੜਿਆ ਹੋਇਆ ਹੈ।
9 ਕੁਝ ਲੋਕ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ,
ਪਰ ਉਹ ਤਬਾਹ ਹੋ ਜਾਣਗੇ ਉਹ ਆਪਣੀ ਕਬਰਾਂ ਵਿੱਚ ਡੂੰਘੇ ਜਾਣਗੇ।
10 ਉਹ ਤਲਵਾਰਾਂ ਨਾਲ ਮਾਰੇ ਜਾਣਗੇ।
ਅਵਾਰਾ ਕੁੱਤੇ ਉਨ੍ਹਾਂ ਦੇ ਮੁਰਦਾ ਸਰੀਰਾਂ ਨੂੰ ਖਾਣਗੇ।
11 ਪਰ ਰਾਜਾ ਆਪਣੇ ਪਰਮੇਸ਼ੁਰ ਨਾਲ ਖੁਸ਼ ਹੋਵੇਗਾ।
ਅਤੇ ਜਿਨ੍ਹਾਂ ਲੋਕਾਂ ਨੇ ਉਸਦਾ ਹੁਕਮ ਮੰਨਣ ਤੋਂ ਇਨਕਾਰ ਕੀਤਾ ਸੀ ਪਰਮੇਸ਼ੁਰ ਦੀ ਉਸਤਤਿ ਕਰਨਗੇ।
ਕਿਉਂਕਿ, ਉਸ ਨੇ ਉਨ੍ਹਾਂ ਸਾਰੇ ਝੂਠਿਆਂ ਨੂੰ ਹਰਾ ਦਿੱਤਾ ਹੈ।
ਜੰਗ ਲਈ ਤਿਆਰੀ
9 ਕੌਮਾਂ ਵਿੱਚ ਇਹ ਘੋਸ਼ਣਾ ਕਰੋ:
ਲੜਾਈ ਦੀ ਤਿਆਰੀ ਕਰੋ!
ਸੂਰਮਿਆਂ ਨੂੰ ਜਗਾਓ।
ਸਾਰੇ ਯੋਧੇ ਨੇੜੇ ਹੋ ਜਾਣ ਉਨ੍ਹਾਂ ਨੂੰ ਉਤਾਂਹ ਆਉਣ ਦੇਵੋ।
10 ਤੁਸੀਂ ਆਪਣੇ ਫ਼ਾਲਿਆਂ ਨੂੰ ਕੁੱਟ ਕੇ ਤਲਵਾਰਾਂ ਬਣਾ ਲਵੋ
ਆਪਣੇ ਫ਼ਾਲਿਆਂ ਨੂੰ ਕੁੱਟ ਕੇ ਨੇਜੇ ਬਣਾ ਲਵੋ।
ਕਮਜ਼ੋਰ ਆਖੇ,
“ਮੈਂ ਤਕੜਾ ਹਾਂ।”
11 ਸਾਰੀਆਂ ਨੇੜੇ ਦੀਓ ਕੌਮੋ, ਜਲਦੀ ਕਰੋ।
ਸਾਰੇ ਉਸ ਬਾਵੇਂ ਇਕੱਠੇ ਹੋਵੋ ਹੇ ਯਹੋਵਾਹ!
ਆਪਣੇ ਸੂਰਬੀਰਾਂ ਨੂੰ ਲਿਆ।
12 ਕੌਮਾਂ ਆਪਣੇ-ਆਪ ਨੂੰ ਜਗਾਉਣ।
ਸਾਰੀਆਂ ਯਹੋਸ਼ਾਫ਼ਾਟ ਦੀ ਵਾਦੀ ’ਚ ਆਉਣ ਉੱਥੇ ਬੈਠ ਕੇ
ਮੈਂ ਸਾਰੀਆਂ ਆਸ-ਪਾਸ ਦੀਆਂ ਕੌਮਾਂ ਦਾ ਨਿਆਂ ਕਰਾਂਗਾ।
13 ਦਾਤੀ ਚਲਾਓ ਕਿਉਂ ਜੋ ਫ਼ਸਲ ਪੱਕ ਗਈ ਹੈ ਅੰਗੂਆਂ ਨੂੰ ਮਿੱਧੋ
ਕਿਉਂ ਕਿ ਚੁਬੱਚਾ ਭਰ ਗਿਆ ਹੈ
ਮਟਕੇ ਭਰ-ਭਰ ਉਛਲ ਰਹੇ ਹਨ
ਕਿਉਂਕਿ ਬਦੀ ਨਾਲ ਭਰ ਗਏ ਹਨ।
14 ਨਬੇੜੇ ਦੀ ਵਾਦੀ ਵਿੱਚ ਬਹੁਤ ਭੀੜਾਂ ਹਨ
ਉੱਥੇ ਯਹੋਵਾਹ ਦਾ ਖਾਸ ਦਿਨ ਵੀ ਨੇੜੇ ਹੈ।
15 ਸੂਰਜ ਅਤੇ ਚੰਨ ਹਨੇਰੇ ਹੋ ਜਾਣਗੇ
ਅਤੇ ਤਾਰਿਆਂ ਦੀ ਲੋਅ ਗੁਆਚ ਜਾਵੇਗੀ।
16 ਯਹੋਵਾਹ ਪਰਮੇਸ਼ੁਰ ਸੀਯੋਨ ਵਿੱਚੋਂ ਗੱਜੇਗਾ
ਉਹ ਯਰੂਸ਼ਲਮ ਵਿੱਚੋਂ ਪੁਕਾਰੇਗਾ ਤਾਂ ਧਰਤੀ
ਅਤੇ ਅਕਾਸ਼ ਭੈ ਨਾਲ ਕੰਬੇਗਾ
ਪਰ ਯਹੋਵਾਹ, ਪਰਮੇਸ਼ੁਰ ਆਪਣੀ ਪਰਜਾ ਲਈ ਪਨਾਹ ਹੋਵੇਗਾ।
ਉਹ ਇਸਰਾਏਲੀਆਂ ਲਈ ਉਨ੍ਹਾਂ ਦੀ ਹਿਫਾਜ਼ਤ ਦੀ ਥਾਂ ਹੋਵੇਗਾ।
17 “ਤਦ ਤੁਸੀਂ ਜਾਣੋਂਗੇ ਕਿ ਮੈਂ ਹੀ ਯਹੋਵਾਹ, ਤੁਹਾਡਾ ਪਰਮੇਸ਼ੁਰ ਹਾਂ।
ਮੈਂ ਆਪਣੇ ਪਵਿੱਤਰ ਪਰਬਤ ਸੀਯੋਨ ਵਿੱਚ ਵਸਦਾ ਹਾਂ।
ਯਰੂਸ਼ਲਮ ਪਵਿੱਤਰ ਹੋਵੇਗਾ
ਓਪਰੇ ਉਸ ਦੇ ਵਿੱਚੋਂ ਫੇਰ ਕਦੇ ਨਾ ਲੰਘਣਗੇ।”
ਯਹੂਦਾਹ ਲਈ ਨਵੇਂ ਜੀਵਨ ਦਾ ਇਕਰਾਰ
18 “ਉਸ ਦਿਨ, ਪਰਬਤਾਂ ਚੋ ਮਿੱਠੀ ਮੈਅ ਚੋਵੇਗੀ।
ਪਹਾੜੀਆਂ ਚੋ ਦੁੱਧ ਵਗੇਗਾ
ਅਤੇ ਯਹੂਦਾਹ ਦੇ ਖਾਲੀ ਦਰਿਆ ਪਾਣੀ ਨਾਲ ਵਗਣਗੇ!
ਯਹੋਵਾਹ ਦੇ ਮੰਦਰ ਵਿੱਚੋਂ ਇੱਕ ਝਰਨਾ ਨਿਕਲੇਗਾ
ਜੋ ਸ਼ਿਟੀਮ ਦੀ ਵਾਦੀ ਨੂੰ ਸਿੰਜੇਗਾ।
19 ਮਿਸਰ ਵੀਰਾਨ ਹੋ ਜਾਵੇਗਾ
ਅਦੋਮ ਉਜਾੜ ਬੀਆਬਾਨ ਹੋ ਜਾਵੇਗਾ
ਕਿਉਂ ਕਿ ਉਹ ਯਹੂਦਾਹ ਦੇ ਲੋਕਾਂ ਨਾਲ ਬੜੇ ਜ਼ਾਲਿਮ ਰਹੇ ਹਨ
ਉਨ੍ਹਾਂ ਨੇ ਆਪਣੇ ਦੇਸ ਵਿੱਚ ਮਜ਼ਲੂਮਾਂ ਨੂੰ ਵੱਢਿਆ।
20 ਪਰ ਯਹੂਦਾਹ ਸਦਾ ਆਬਾਦ ਰਹੇਗਾ।
ਯਰੂਸ਼ਲਮ ਵਿੱਚ ਲੋਕ ਪੀੜੀਓ ਪੀੜੀ ਜਿਉਂਦੇ ਵੱਸਦੇ ਰਹਿਣਗੇ।
21 ਉਨ੍ਹਾਂ ਲੋਕਾਂ ਨੇ ਮੇਰੇ ਲੋਕਾਂ ਨੂੰ ਮਾਰਿਆ।
ਇਸੇ ਲਈ, ਮੈਂ ਉਨ੍ਹਾਂ ਨੂੰ ਜ਼ਰੂਰ ਸਜ਼ਾ ਦੇਵਾਂਗਾ।”
ਯਹੋਵਾਹ ਪਰਮੇਸ਼ੁਰ ਸੀਯੋਨ ਵਿੱਚ ਰਹਿੰਦਾ ਹੈ।
29 “ਉਨ੍ਹਾਂ ਦਿਨਾਂ ਦੀਆਂ ਤਕਲੀਫ਼ਾਂ ਤੋਂ ਤੁਰੰਤ ਬਾਦ, ਇਹ ਵਾਪਰੇਗਾ:
‘ਝੱਟ ਹੀ ਸੂਰਜ ਹਨੇਰਾ ਹੋ ਜਾਵੇਗਾ
ਅਤੇ ਚੰਨ ਆਪਣੀ ਚਾਨਣੀ ਨਹੀਂ ਦੇਵੇਗਾ
ਤਾਰੇ ਅਕਾਸ਼ ਤੋਂ ਡਿੱਗ ਪੈਣਗੇ
ਅਤੇ ਅਕਾਸ਼ਾਂ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ।’ [a]
30 “ਉਸ ਵਕਤ, ਅਕਾਸ਼ ਵਿੱਚ ਇੱਕ ਨਿਸ਼ਾਨ ਪ੍ਰਗਟੇਗਾ, ਇਹ ਵਿਖਾਉਣ ਲਈ, ਕਿ ਮਨੁੱਖ ਦਾ ਪੁੱਤਰ ਆ ਰਿਹਾ ਹੈ। ਫ਼ਿਰ ਧਰਤੀ ਦੇ ਸਾਰੇ ਲੋਕ ਚੀਕਣਗੇ। ਉਹ ਮਨੁੱਖ ਦੇ ਪੁੱਤਰ ਨੂੰ ਸ਼ਕਤੀ ਅਤੇ ਮਹਾਨ ਮਹਿਮਾ ਨਾਲ ਅਕਾਸ਼ ਦੇ ਬੱਦਲਾਂ ਤੇ ਆਉਂਦਾ ਵੇਖਣਗੇ। 31 ਮਨੁੱਖ ਦਾ ਪੁੱਤਰ ਤੁਰ੍ਹੀ ਦੀ ਵੱਡੀ ਅਵਾਜ਼ ਨਾਲ ਆਪਣੇ ਦੂਤਾਂ ਨੂੰ ਭੇਜੇਗਾ। ਉਹ ਉਸ ਦੇ ਚੁਣੇ ਹੋਏ ਲੋਕਾਂ ਨੂੰ ਧਰਤੀ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਅਤੇ ਅਕਾਸ਼ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਇਕੱਠਿਆਂ ਕਰਨਗੇ।
32 “ਅੰਜੀਰ ਦਾ ਰੁੱਖ ਸਾਨੂੰ ਸਬਕ ਸਿੱਖਾਉਂਦਾ ਹੈ। ਤੁਸੀਂ ਜਾਣਦੇ ਹੋ ਕਿ ਜਦੋਂ ਅੰਜੀਰ ਦੇ ਦ੍ਰੱਖਤ ਦੀਆਂ ਟਹਿਣੀਆਂ ਨਰਮ ਅਤੇ ਹਰੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਤੇ ਪੱਤੇ ਫ਼ੁੱਟਦੇ ਹਨ ਤਾਂ ਪਤਾ ਲੱਗ ਜਾਂਦਾ ਹੈ ਕਿ ਗਰਮੀ ਦੀ ਰੁੱਤ ਨੇੜੇ ਹੈ। 33 ਇਸੇ ਤਰ੍ਹਾਂ, ਜਦੋਂ ਤੁਸੀਂ ਇਹ ਸਭ ਗੱਲਾਂ ਵਾਪਰਦੀਆਂ ਵੇਖੋਂਗੇ, ਤੁਸੀਂ ਜਾਣ ਜਾਵੋਂਗੇ ਕਿ ਮਨੁੱਖ ਦੇ ਪੁੱਤਰ ਦਾ ਆਉਣਾ ਨੇੜੇ ਹੈ। 34 ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਇਹ ਸਭ ਗੱਲਾਂ ਉਦੋਂ ਵਾਪਰਨਗੀਆਂ ਜਦੋਂ ਹਾਲੇ ਇਹ ਪੀੜ੍ਹੀ ਜਿਉਂਦੀ ਹੋਵੇਗੀ। 35 ਪੂਰਾ ਸੰਸਾਰ ਧਰਤੀ ਅਤੇ ਅਕਾਸ਼ ਨਾਸ਼ ਹੋ ਜਾਣਗੇ ਪਰ ਮੇਰੇ ਬਚਨ ਕਦੇ ਵੀ ਨਾਸ਼ ਨਹੀਂ ਹੋਣਗੇ।
2010 by World Bible Translation Center