Revised Common Lectionary (Complementary)
ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ। ਲੋਕਾਂ ਦੀ ਸਹਾਇਤਾ ਕਰਨ ਲਈ ਯਾਦ ਰੱਖੋ।
70 ਹੇ ਪਰਮੇਸ਼ੁਰ, ਮੈਨੂੰ ਬਚਾਉ!
ਪਰਮੇਸ਼ੁਰ ਛੇਤੀ ਕਰੋ ਅਤੇ ਮੇਰੀ ਸਹਾਇਤਾ ਕਰੋ!
2 ਲੋਕ ਮੈਨੂੰ ਮਾਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਉਨ੍ਹਾਂ ਨੂੰ ਨਿਰਾਸ਼ ਕਰ ਦਿਉ!
ਉਨ੍ਹਾਂ ਨੂੰ ਨਿਵਾਉ! ਲੋਕੀਂ
ਮੇਰਾ ਬੁਰਾ ਕਰਨਾ ਚਾਹੁੰਦੇ ਹਨ।
ਮੈਨੂੰ ਆਸ ਹੈ ਕਿ ਉਹ ਡਿੱਗਣਗੇ ਅਤੇ ਸ਼ਰਮਸਾਰ ਹੋਣਗੇ।
3 ਲੋਕਾਂ ਨੇ ਮੇਰਾ ਮਜ਼ਾਕ ਉਡਾਇਆ।
ਮੈਨੂੰ ਆਸ ਹੈ ਉਹ ਉਹੀ ਪਾਉਣਗੇ ਜਿਸਦੇ ਉਹ ਅਧਿਕਾਰੀ ਹਨ ਅਤੇ ਉਹ ਸ਼ਰਮਸਾਰ ਹੋਣਗੇ।
4 ਮੈਨੂੰ ਆਸ ਹੈ ਕਿ ਜਿਹੜੇ ਲੋਕ ਤੁਹਾਡੀ ਉਪਾਸਨਾ ਕਰਦੇ ਹਨ ਬਹੁਤ ਖੁਸ਼ ਹੋਣਗੇ, ਬਹੁਤ ਖੁਸ਼।
ਮੈਨੂੰ ਆਸ ਹੈ ਕਿ ਜਿਹੜੇ ਲੋਕ ਤੁਹਾਡੀ ਸਹਾਇਤਾ ਚਾਹੁੰਦੇ ਹਨ, “ਸਦਾ ਪਰਮੇਸ਼ੁਰ ਉਸਤਤਿ ਕਰਨ” ਦੇ ਯੋਗ ਹੋਣਗੇ।
5 ਮੈਂ ਗਰੀਬ ਅਤੇ ਬੇਸਹਾਰਾ ਅਦਮੀ ਹਾਂ।
ਪਰਮੇਸ਼ੁਰ, ਛੇਤੀ ਕਰੋ। ਆਉ ਤੇ ਮੈਨੂੰ ਬਚਾਉ।
ਹੇ ਪਰਮੇਸ਼ੁਰ, ਸਿਰਫ਼ ਤੁਸੀਂ ਹੀ ਮੈਨੂੰ ਬਚਾ ਸੱਕਦੇ ਹੋਂ।
ਬਹੁਤੀ ਦੇਰ ਨਾ ਕਰੋ।
6 “ਮੈਂ ਤੁਹਾਨੂੰ ਭੋਜਨ ਤੋਂ ਵਾਂਝਿਆਂ ਕਰ ਦਿੱਤਾ। ਮੈਂ ਤੁਹਾਡੇ ਸ਼ਹਿਰਾਂ ਵਿੱਚ ਰੋਟੀ ਦੀ ਬੁੜ ਲਿਆਂਦੀ, ਪਰ ਤੁਸੀਂ ਫ਼ਿਰ ਵੀ ਮੇਰੇ ਵੱਲ ਨਾ ਪਰਤੇ।” ਯਹੋਵਾਹ ਨੇ ਅਜਿਹਾ ਆਖਿਆ।
7 “ਮੈਂ ਤੁਹਾਡੇ ਤੋਂ ਮੀਂਹ ਵੀ ਰੋਕ ਰੱਖਿਆ-ਅਤੇ ਇਹ ਵਾਢੀ ਤੋਂ ਤਿੰਨ ਮਹੀਨੇ ਪਹਿਲਾਂ ਦਾ ਸਮਾਂ ਸੀ, ਜਿਸ ਕਾਰਣ ਕੋਈ ਫ਼ਸਲ ਨਾ ਪੈਦਾ ਹੋਈ। ਫ਼ਿਰ ਮੈਂ ਇੱਕ ਸ਼ਹਿਰ ਉੱਤੇ ਜਦੋਂ ਮੀਂਹ ਵਰ੍ਹਾਇਆ ਤਾਂ ਦੂਜੇ ਸ਼ਹਿਰ ਵਿੱਚ ਨਾ ਵਰ੍ਹਨ ਦਿੱਤਾ। ਜੇਕਰ ਦੇਸ ਦੇ ਇੱਕ ਹਿੱਸੇ ਵਿੱਚ ਮੀਂਹ ਵਰ੍ਹਿਆ ਤਾਂ ਦੂਜੇ ਹਿੱਸੇ ਵਿੱਚ ਸੋਕਾ ਰਿਹਾ। 8 ਇਸ ਲਈ ਲੋਕ ਦੋ ਜਾਂ ਤਿੰਨ ਸ਼ਹਿਰਾਂ ਵਿੱਚੋਂ ਡਗਮਗਾਉਂਦੇ ਹੋਏ ਦੂਜੇ ਸ਼ਹਿਰ ਵਿੱਚ ਪਾਣੀ ਲਈ ਗਏ, ਪਰ ਉੱਥੇ ਵੀ ਹਰ ਇੱਕ ਦੀ ਲੋੜ ਪੂਰੀ ਕਰਨ ਲਈ ਕਾਫੀ ਪਾਣੀ ਨਹੀਂ ਸੀ, ਫ਼ਿਰ ਵੀ ਤੁਸੀਂ ਮੈਨੂੰ ਮਦਦ ਲਈ ਨਾ ਪੁਕਾਰਿਆ।” ਯਹੋਵਾਹ ਨੇ ਇਹ ਵਾਕ ਆਖੇ।
9 “ਮੈਂ ਤੁਹਾਡੀਆਂ ਫ਼ਸਲਾਂ ਅਤੇ ਬਿਮਾਰੀ ਨਾਲ ਮਾਰ ਦਿੱਤੀਆਂ। ਮੈਂ ਤੁਹਾਡੇ ਬਾਗ ਅਤੇ ਅੰਗੂਰਾਂ ਤੇ ਖੇਤ ਤਬਾਹ ਕੀਤੇ। ਤੁਹਾਡੇ ਅੰਜੀਰ ਅਤੇ ਜੈਤੂਨ ਦੇ ਰੁੱਖ ਟਿੱਡੀਆਂ ਦੁਆਰਾ ਖਾ ਲੇ ਗਏ ਸਨ। ਪਰ ਤਾਂ ਵੀ ਤੁਸੀਂ ਮੇਰੇ ਕੋਲ ਮਦਦ ਲਈ ਨਹੀਂ ਆਏ।” ਯਹੋਵਾਹ ਨੇ ਇਹ ਸ਼ਬਦ ਆਖੇ।
10 “ਫ਼ਿਰ ਮੈਂ ਤੁਹਾਡੇ ਉੱਪਰ ਮਿਸਰ ਵਾਂਗ ਬਿਮਾਰੀ ਭੇਜੀ। ਮੈਂ ਤੁਹਾਡੇ ਨੌਜੁਆਨਾਂ ਨੂੰ ਤਲਵਾਰਾਂ ਨਾਲ ਵੱਢਿਆ। ਮੈਂ ਤੁਹਾਡੇ ਘੋੜੇ ਲੈ ਲੇ ਅਤੇ ਤੁਹਾਡੇ ਡੇਹਰੇ ਲਾਸ਼ਾਂ ਦੀ ਬਦਬੂ ਨਾਲ ਸੜਿਹਾਂਦ ਛੱਡਦੇ ਰਹੇ। ਪਰ ਫ਼ਿਰ ਵੀ ਤੁਸੀਂ ਮਦਦ ਲੈਣ ਲਈ ਮੇਰੇ ਵੱਲ ਨਾ ਪਰਤੇ।” ਯਹੋਵਾਹ ਨੇ ਇਹ ਵਾਕ ਆਖੇ।
11 “ਮੈਂ ਤੁਹਾਨੂੰ ਵੀ ਉਵੇਂ ਹੀ ਬਰਬਾਦ ਕੀਤਾ ਜਿਵੇਂ ਮੈਂ ਸਦੂਮ ਅਤੇ ਗੋਮੋਰਾਹ ਨੂੰ ਤਬਾਹ ਕੀਤਾ ਸੀ। ਇਹ ਦੋ ਸ਼ਹਿਰ ਪੂਰੀ ਤਰ੍ਹਾਂ ਤਬਾਹ ਕੀਤੇ ਗਏ ਸਨ। ਤੁਸੀਂ ਬਲਦੀ ਅੱਗ ’ਚੋਂ ਕੱਢੀ ਸੜੀ ਹੋਈ ਲੱਕੜ ਵਾਂਗ ਸੀ, ਪਰ ਤਦ ਵੀ ਤੁਸੀਂ ਮੇਰੇ ਕੋਲ ਮਦਦ ਲਈ ਨਾ ਪਰਤੇ।” ਯਹੋਵਾਹ ਨੇ ਇਹ ਸ਼ਬਦ ਆਖੇ।
12 “ਸੋ ਹੇ ਇਸਰਾਏਲ! ਮੈਂ ਤੇਰੇ ਨਾਲ ਇਉਂ ਇਹ ਕੁਝ ਵਰਤਾਵਾਂਗਾ। ਹੇ ਇਸਰਾਏਲ ਆਪਣੇ ਪਰਮੇਸ਼ੁਰ ਨੂੰ ਮਿਲਣ ਲਈ ਤਿਆਰ ਹੋ।”
13 ਮੈਂ ਕੌਣ ਹਾਂ? ਮੈਂ ਹੀ ਪਹਾੜਾਂ ਦਾ ਸਿਰਜਣਹਾਰਾ ਹਾਂ,
ਅਤੇ ਮੈਂ ਹੀ ਤੁਹਾਡੇ ਜੀਵਨ ਦਾ ਸਿਰਜਣਹਾਰਾ ਹਾਂ।
ਮੈਂ ਇੱਕਲੇ ਨੇ ਹੀ ਲੋਕਾਂ ਨੂੰ ਬੋਲਣਾ ਸਿੱਖਾਇਆ ਅਤੇ ਮੈਂ ਹਨੇਰੇ ਨੂੰ ਦਿਨ ਵਿੱਚ ਬਦਲਿਆ।
ਮੈਂ ਹੀ ਹਾਂ, ਜੋ ਧਰਤੀ ਦੇ ਪਰਬਤਾਂ ਉੱਪਰ ਚਲਦਾ ਹੈ।
ਕੌਣ ਹਾਂ ਮੈਂ? ਮੇਰਾ ਨਾਉਂ ਯਾਹਵੇਹ, ਸੈਨਾ ਦਾ ਪਰਮੇਸਰ।
ਮੰਦਰ ਦਾ ਭਵਿੱਖ ਵਿੱਚ ਹੋਣ ਵਾਲਾ ਨੁਕਸਾਨ(A)
24 ਯਿਸੂ ਮੰਦਰ ਤੋਂ ਬਾਹਰ ਨਿਕਲ ਕੇ ਜਾ ਰਿਹਾ ਸੀ ਕਿ ਉਸ ਦੇ ਚੇਲੇ ਉਸ ਨੂੰ ਮੰਦਰ ਦੀਆਂ ਇਮਾਰਤਾਂ ਤੇ ਮੰਦਰ ਵਿਖਾਉਣ ਲਈ ਆਏ। 2 ਯਿਸੂ ਨੇ ਚੇਲਿਆਂ ਨੂੰ ਆਖਿਆ, “ਤੁਸੀਂ ਵੇਖਣਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਇਸ ਸਥਾਨ ਦੀ ਹਰ ਇਮਾਰਤ ਨਸ਼ਟ ਹੋ ਜਾਵੇਗੀ, ਇਸ ਜਗ੍ਹਾ ਦਾ ਹਰ ਪੱਥਰ ਧਰਤੀ ਉੱਪਰ ਡਿੱਗੇਗਾ।”
3 ਬਾਦ ਵਿੱਚ, ਜਦੋਂ ਯਿਸੂ ਜੈਤੂਨ ਦੇ ਪਹਾੜ ਤੇ ਬੈਠਾ ਹੋਇਆ ਸੀ, ਉਸ ਦੇ ਚੇਲੇ ਇੱਕਾਂਤ ਵਿੱਚ ਉਸ ਕੋਲ ਆਏ ਅਤੇ ਪੁੱਛਿਆ, “ਸਾਨੂੰ ਦੱਸੋ, ਇਹ ਗੱਲਾਂ ਕਦੋਂ ਵਾਪਰਨਗੀਆਂ ਅਤੇ ਤੁਹਾਡੇ ਆਉਣ ਦਾ ਅਤੇ ਜੁਗ ਦੇ ਅੰਤ ਦਾ ਕੀ ਨਿਸ਼ਾਨ ਹੋਵੇਗਾ?ֹ”
4 ਯਿਸੂ ਨੇ ਆਖਿਆ, “ਸਾਵੱਧਾਨ ਰਹਿਣਾ ਕਿਸੇ ਕੋਲੋਂ ਵੀ ਧੋਖਾ ਨਾ ਖਾਣਾ। 5 ਕਿਉਂਕਿ ਬਹੁਤ ਲੋਕ ਮੇਰੇ ਨਾਂ ਤੇ ਆਉਣਗੇ ਅਤੇ ਆਖਣਗੇ, ‘ਮੈਂ ਮਸੀਹਾ ਹਾਂ।’ ਤੇ ਉਹ ਬਹੁਤ ਲੋਕਾਂ ਨੂੰ ਗੁਮਰਾਹ ਕਰਨਗੇ। 6 ਤੁਸੀਂ ਲੜੀਆਂ ਜਾਣ ਵਾਲੀਆਂ ਲੜਾਈਆਂ ਬਾਰੇ ਵੀ ਸੁਣੋਂਗੇ। ਤੁਸੀਂ ਉਨ੍ਹਾਂ ਲੜਾਈਆਂ ਦੇ ਸ਼ੁਰੂ ਹੋਣ ਦੀਆਂ ਅਫ਼ਵਾਹਾਂ ਸੁਣੋਂਗੇ। ਪਰ ਤੁਸੀਂ ਡਰਨਾ ਨਹੀਂ ਕਿਉਂਕਿ ਇਹ ਸਭ ਗੱਲਾਂ ਵਾਪਰਨੀਆਂ ਚਾਹੀਦੀਆਂ ਹਨ। ਪਰ ਹਾਲੇ ਇਹ ਅੰਤ ਨਹੀਂ। 7 ਇੱਕ ਕੌਮ ਦੂਜੀ ਕੌਮ ਉੱਪਰ ਹੀ ਇੱਕ ਪਾਤਸ਼ਾਹੀ ਦੂਜੀ ਉੱਪਰ ਚੜ੍ਹਾਈ ਕਰੇਗੀ। ਬਹੁਤ ਥਾਵਾਂ ਉੱਤੇ ਅਕਾਲ ਪੈਣਗੇ ਅਤੇ ਭੂਚਾਲ ਆਉਣਗੇ। 8 ਇਹ ਸਭ ਗੱਲਾਂ ਔਰਤ ਦੀ ਗਰਭ ਅਵਸਥਾ ਦੀਆਂ ਪੀੜਾਂ ਵਾਂਗ ਹੋਣਗੀਆਂ, ਜਦੋਂ ਉਹ ਇੱਕ ਬੱਚੇ ਨੂੰ ਜਨਮ ਦੇ ਰਹੀ ਹੁੰਦੀ ਹੈ।
9 “ਫ਼ਿਰ ਲੋਕ ਤੁਹਾਨੂੰ ਸ਼ਾਸਕਾਂ ਹੱਥੀਂ ਦੇਣਗੇ ਅਤੇ ਮਾਰੇ ਜਾਣ ਲਈ ਫ਼ੜਾ ਦੇਣਗੇ। ਸਭ ਲੋਕ ਤੁਹਾਨੂੰ ਨਫ਼ਰਤ ਕਰਨਗੇ। ਇਹ ਸਭ ਗੱਲਾਂ ਤੁਹਾਡੇ ਨਾਲ ਇਸ ਲਈ ਵਾਪਰਨਗੀਆਂ ਕਿਉਂਕਿ ਤੁਸੀਂ ਮੇਰੇ ਵਿੱਚ ਵਿਸ਼ਵਾਸ ਰੱਖਦੇ ਹੋ। 10 ਉਸ ਵਕਤ ਬਹੁਤ ਸਾਰੇ ਨਿਹਚਾਵਾਨ ਆਪਣਾ ਵਿਸ਼ਵਾਸ ਗੁਆ ਬੈਠਣਗੇ ਅਤੇ ਉਹ ਇੱਕ ਦੂਜੇ ਦੇ ਵਿਰੋਧ ਵਿੱਚ ਉੱਠ ਖੜੋਣਗੇ ਤੇ ਆਪਣੇ ਵਿੱਚ ਨਫ਼ਰਤਾਂ ਪਾਲ ਬੈਠਣਾਗੇ। 11 ਬਹੁਤ ਸਾਰੇ ਝੂਠੇ ਨਬੀ ਆਉਣਗੇ ਅਤੇ ਬਹੁਤ ਲੋਕਾਂ ਨੂੰ ਗਲਤ ਰਾਹ ਪਾ ਦੇਣਗੇ। 12 ਦੁਨੀਆਂ ਵਿੱਚ ਦੁਸ਼ਟਤਾ ਵੱਧ ਜਾਵੇਗੀ। ਇਸ ਲਈ ਬਹੁਤ ਸਾਰੇ ਸ਼ਰਧਾਲੂਆਂ ਦਾ ਪਿਆਰ ਠੰਡਾ ਪੈ ਜਾਵੇਗਾ। 13 ਪਰ ਜਿਹੜਾ ਅੰਤ ਤੀਕ ਸਹੇਗਾ ਉਹੀ ਬਚਾਇਆ ਜਾਵੇਗਾ। 14 ਅਤੇ ਪਰਮੇਸ਼ੁਰ ਦੇ ਰਾਜ ਬਾਰੇ ਇਹ ਖੁਸ਼ਖਬਰੀ ਸਾਰੀ ਦੁਨੀਆਂ ਵਿੱਚ ਫ਼ੈਲਾਈ ਜਾਵੇਗੀ। ਹਰ ਇੱਕ ਕੌਮ ਨੂੰ ਇਸ ਬਾਰੇ ਦੱਸਿਆ ਜਾਵੇਗਾ ਉਸ ਤੋਂ ਮਗਰੋਂ ਅੰਤ ਆਵੇਗਾ।
2010 by World Bible Translation Center