Revised Common Lectionary (Complementary)
ਨਿਰਦੇਸ਼ਕ ਲਈ। ਬੰਸਰੀਆਂ ਦੇ ਨਾਲ ਗਾਉਣ ਵਾਲਾ। ਦਾਊਦ ਦਾ ਇੱਕ ਗੀਤ।
5 ਹੇ ਯਹੋਵਾਹ, ਮੇਰੇ ਸ਼ਬਦਾਂ ਨੂੰ ਸੁਣੋ।
ਸਮਝੋ, ਮੈਂ ਕੀ ਆਖਣਾ ਚਾਹ ਰਿਹਾ ਹਾਂ।
2 ਮੇਰੇ ਪਰਮੇਸ਼ੁਰ ਅਤੇ ਮੇਰੇ ਰਾਜੇ,
ਮੇਰੀ ਪ੍ਰਾਰਥਨਾ ਨੂੰ ਸੁਣ।
3 ਹੇ ਯਹੋਵਾਹ, ਹਰ ਰੋਜ਼ ਅਮ੍ਰਿਤ ਵੇਲੇ ਮੈਂ ਤੈਨੂੰ ਇੱਕ ਸੁਗਾਤ ਅਰਪਣ ਕਰਦਾ ਹਾਂ
ਅਤੇ ਤੇਰੇ ਵੱਲ ਸਹਾਇਤਾ ਲਈ ਤੱਕਦਾ ਹਾਂ।
ਅਤੇ ਹਰ ਰੋਜ਼ ਅਮ੍ਰਿਤ ਵੇਲੇ ਤੂੰ ਮੇਰੀਆਂ ਪ੍ਰਾਰਥਨਾ ਨੂੰ ਸੁਣਦਾ ਹੈਂ।
4 ਹੇ ਪਰਮੇਸ਼ੁਰ, ਤੁਸੀਂ ਮੰਦੇ ਲੋਕਾਂ ਨੂੰ ਆਪਣੇ ਨੇੜੇ ਪਸੰਦ ਨਹੀਂ ਕਰਦੇ।
ਮੰਦੇ ਲੋਕ ਤੇਰੀ ਉਪਾਸਨਾ ਨਹੀਂ ਕਰ ਸੱਕਦੇ।
5 ਮੂਰਖ ਤੇਰੇ ਨਜ਼ਦੀਕ ਨਹੀਂ ਆ ਸੱਕਦੇ।
ਤੁਸੀਂ ਉਨ੍ਹਾਂ ਨੂੰ ਨਫ਼ਰਤ ਕਰਦੇ ਹੋਂ ਜਿਹੜੇ ਬਦੀ ਕਰਦੇ ਹਨ।
6 ਤੁਸੀਂ ਉਨ੍ਹਾਂ ਲੋਕਾਂ ਨੂੰ ਮਾਰ ਦਿੰਦੇ ਹੋ ਜਿਹੜੇ ਝੂਠ ਬੋਲਦੇ ਹਨ।
ਤੁਸੀਂ ਉਨ੍ਹਾਂ ਲੋਕਾਂ ਨੂੰ ਨਫ਼ਰਤ ਕਰਦੇ ਹੋ ਜਿਹੜੇ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਣ ਲਈ ਗੁਪਤ ਯੋਜਨਾਵਾਂ ਬਨਾਉਂਦੇ ਹਨ।
7 ਪਰ ਯਹੋਵਾਹ, ਤੇਰੀ ਵੱਡੀ ਮਿਹਰ ਕਾਰਣ, ਮੈਂ ਤੇਰੇ ਅੰਦਰ ਆਵਾਂਗਾ।
ਮੈਂ ਤੇਰੇ ਪਵਿੱਤਰ ਮੰਦਰ ਨੂੰ ਡਰ ਅਤੇ ਸ਼ਰਧਾ ਨਾਲ ਆਪਣਾ ਸੀਸ ਝੁਕਾਵਾਂਗਾ। ਯਹੋਵਾਹ।
8 ਹੇ ਯਹੋਵਾਹ, ਲੋਕੀ ਸਿਰਫ਼ ਮੇਰੀਆਂ ਕਮਜ਼ੋਰੀਆਂ ਨੂੰ ਹੀ ਲੱਭਦੇ ਹਨ।
ਇਸ ਲਈ ਮੈਨੂੰ ਆਪਣੇ ਜੀਵਨ ਦੀ ਸਹੀ ਜਾਂਚ ਸਿੱਖਾ
ਤਾਂ ਕਿ ਉਸਦਾ ਅਨੁਸਰਣ ਕਰਨਾ ਮੇਰੇ ਲਈ ਸੁਖਾਲਾ ਹੋਵੇ।
9 ਉਹ ਲੋਕ ਸੱਚ ਨਹੀਂ ਆਖਦੇ।
ਉਹ ਲੋਕ ਝੂਠੇ ਹਨ ਜਿਹੜੇ ਸੱਚ ਨੂੰ ਮਰੋੜਦੇ ਹਨ।
ਉਨ੍ਹਾਂ ਦੇ ਮੂੰਹ ਖਾਲੀ ਕਬਰਾਂ ਵਰਗੇ ਹਨ।
ਭਾਵੇਂ ਉਹ ਹੋਰਨਾਂ ਨੂੰ ਮਿੱਠੇ ਸ਼ਬਦ ਬੋਲਦੇ ਹਨ,
ਉਹ ਸਿਰਫ਼ ਉਨ੍ਹਾਂ ਨੂੰ ਫ਼ਸਾਉਣ ਅਤੇ ਨੁਕਸਾਨ ਪਹੁੰਚਾਉਣ ਦੀਆਂ ਹੀ ਵਿਉਂਤਾ ਬਣਾਉਂਦੇ ਹਨ।
10 ਉਨ੍ਹਾਂ ਨੂੰ ਸਜ਼ਾ ਦਿਉ, ਪਰਮੇਸ਼ੁਰ!
ਉਨ੍ਹਾਂ ਨੂੰ ਖੁਦ ਆਪਣੇ ਹੀ ਜਾਲ ਵਿੱਚ ਫ਼ਸ ਜਾਣ ਦਿਉ।
ਉਹ ਲੋਕ ਤੁਹਾਡੇ ਵਿਰੁੱਧ ਖੜ੍ਹੇ ਹੋ ਗਏ ਹਨ।
ਉਨ੍ਹਾਂ ਨੂੰ ਉਨ੍ਹਾਂ ਦੇ ਅਨੇਕਾਂ ਪਾਪਾਂ ਲਈ ਸਜ਼ਾ ਦਿਉ।
11 ਪਰ ਜਿਹੜੇ ਲੋਕ ਪਰਮੇਸ਼ੁਰ ਵਿੱਚ ਯਕੀਨ ਰੱਖਦੇ ਹਨ, ਉਨ੍ਹਾਂ ਨੂੰ ਪ੍ਰਸੰਨ ਹੋਣ ਦਿਉ।
ਉਨ੍ਹਾਂ ਨੂੰ ਸਦਾ ਲਈ ਖੁਸ਼ ਹੋਣ ਦਿਉ।
ਹੇ ਪਰਮੇਸ਼ੁਰ, ਸਾਨੂੰ ਬਚਾਉ ਅਤੇ ਉਨ੍ਹਾਂ ਨੂੰ ਬਲ ਦਿਉ ਜਿਹੜੇ ਤੇਰੇ ਨਾਮ ਨੂੰ ਪਿਆਰ ਕਰਦੇ ਹਨ!
12 ਹੇ ਯਹੋਵਾਹ, ਜਦੋਂ ਤੁਸੀਂ ਚੰਗੇ ਲੋਕਾਂ ਦਾ ਭਲਾ ਕਰਦੇ ਹੋਂ।
ਤੁਸੀਂ ਇੱਕ ਢਾਲ ਦੀ ਤਰ੍ਹਾਂ ਉਨ੍ਹਾਂ ਦੀ ਰੱਖਿਆ ਕਰਦੇ ਹੋ।
18 ਇਹ ਸੰਦੇਸ਼ ਯਹੋਵਾਹ ਵੱਲੋਂ ਹੈ, “ਪਰ ਯਹੂਦਾਹ, ਜਦੋਂ ਇਹ ਭਿਆਨਕ ਦਿਨ ਆਉਣਗੇ, ਮੈਂ ਤੈਨੂੰ ਪੂਰੀ ਤਰ੍ਹਾਂ ਤਬਾਹ ਨਹੀਂ ਕਰਾਂਗਾ। 19 ਯਹੂਦਾਹ ਦੇ ਲੋਕ ਤੈਨੂੰ ਪੁੱਛਣਗੇ, ‘ਯਿਰਮਿਯਾਹ, ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਡੇ ਨਾਲ ਇਹ ਮੰਦੀ ਗੱਲ ਕਿਉਂ ਕੀਤੀ ਹੈ?’ ਉਨ੍ਹਾਂ ਨੂੰ ਇਹ ਜਵਾਬ ਦੇਣਾ: ‘ਯਹੂਦਾਹ ਦੇ ਲੋਕੋ, ਤੁਸੀਂ ਯਹੋਵਾਹ ਨੂੰ ਛੱਡ ਦਿੱਤਾ ਹੈ, ਅਤੇ ਤੁਸੀਂ ਆਪਣੀ ਹੀ ਧਰਤੀ ਉੱਤੇ ਵਿਦੇਸ਼ੀ ਬੁੱਤਾਂ ਦੀ ਸੇਵਾ ਕੀਤੀ ਹੈ। ਤੁਸੀਂ ਇਹ ਗੱਲਾਂ ਕੀਤੀਆਂ ਨੇ, ਇਸ ਲਈ ਹੁਣ ਤੁਸੀਂ ਉਸ ਧਰਤੀ ਵਿੱਚ ਵਿਦੇਸ਼ੀਆਂ ਦੀ ਸੇਵਾ ਕਰੋਂਗੇ, ਜਿਹੜੀ ਤੁਹਾਡੀ ਨਹੀਂ ਹੈ।’”
20 ਯਹੋਵਾਹ ਨੇ ਆਖਿਆ, “ਯਾਕੂਬ ਦੇ ਪਰਿਵਾਰ ਨੂੰ ਇਹ ਸੰਦੇਸ਼ ਦੇਵੋ।
ਇਹ ਸੰਦੇਸ਼ ਯਹੂਦਾਹ ਦੀ ਕੌਮ ਅੰਦਰ ਦੇਵੋ,
21 ਇਹ ਸੰਦੇਸ਼ ਸੁਣੋ:
ਮੂਰਖ ਲੋਕੋ ਤੁਹਾਨੂੰ ਕੋਈ ਸਮਝ ਨਹੀਂ ਹੈ,
ਤੁਹਾਡੀਆਂ ਅੱਖਾਂ ਹਨ ਪਰ ਤੁਸੀਂ ਨਹੀਂ ਦੇਖ ਸੱਕਦੇ!
ਤੁਹਾਡੇ ਕੰਨ ਹਨ ਪਰ ਤੁਸੀਂ ਸੁਣਦੇ ਨਹੀਂ!
22 ਅਵੱਸ਼ ਹੀ ਤੁਸੀਂ ਮੇਰੇ ਕੋਲੋਂ ਭੈਭੀਤ ਹੋ।”
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
“ਤੁਹਾਨੂੰ ਮੇਰੇ ਸਾਹਮਣੇ ਡਰ ਨਾਲ ਕੰਬ ਜਾਣਾ ਚਾਹੀਦਾ ਹੈ।
ਮੈਂ ਹੀ ਉਹ ਹਾਂ ਜਿਸਨੇ ਸਮੁੰਦਰ ਦੀ ਹੱਦ ਬਨਾਉਣ ਲਈ ਕੰਢਿਆਂ ਨੂੰ ਬਣਾਇਆ ਸੀ।
ਮੈਂ ਇਸ ਨੂੰ, ਪਾਣੀ ਨੂੰ ਹਮੇਸ਼ਾ ਵਾਸਤੇ ਇਸਦੇ ਸਿਰ ਥਾਂ ਰੱਖਣ ਵਾਸਤੇ ਸਾਜਿਆ ਸੀ।
ਭਾਵੇਂ ਲਹਿਰਾਂ ਕੰਢਿਆਂ ਨਾਲ ਟਕਰਾਉਣ, ਪਰ ਉਹ ਇਸ ਨੂੰ ਤਬਾਹ ਨਹੀਂ ਕਰਨਗੀਆਂ।
ਭਾਵੇਂ ਆਉਂਦੀਆਂ ਹੋਈਆਂ ਲਹਿਰਾਂ ਗਰਜਣ, ਪਰ ਉਹ ਕੰਢਿਆਂ ਤੋਂ ਪਾਰ ਨਹੀਂ ਜਾ ਸੱਕਦੀਆਂ।
23 ਪਰ ਯਹੂਦਾਹ ਦੇ ਲੋਕ ਜ਼ਿੱਦੀ ਨੇ।
ਉਹ ਸਦਾ ਮੇਰੇ ਵਿਰੁੱਧ ਹੋਣ ਦੀਆਂ ਯੋਜਨਾਵਾਂ ਬਣਾਉਂਦੇ ਰਹਿੰਦੇ ਨੇ।
ਉਨ੍ਹਾਂ ਮੇਰੇ ਕੋਲੋਂ ਮੁੱਖ ਮੋੜ ਲਿਆ ਅਤੇ ਉਨ੍ਹਾਂ ਮੈਨੂੰ ਛੱਡ ਦਿੱਤਾ ਸੀ।
24 ਯਹੂਦਾਹ ਦੇ ਲੋਕ ਕਦੇ ਵੀ ਆਪਣੇ-ਆਪ ਨੂੰ ਨਹੀਂ ਆਖਦੇ,
‘ਆਓ ਡਰੀ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦਾ ਆਦਰ ਕਰੀਏ।
ਉਹ ਬਿਲਕੁਲ ਸਹੀ ਸਮੇਂ ਉੱਤੇ ਖਿਜ਼ਾ ਅਤੇ ਬਹਾਰ ਦੀ ਬਰੱਖਾ ਦਿੰਦਾ ਹੈ।
ਉਹ ਪੱਕ ਕਰਦਾ ਹੈ ਕਿ ਸਾਡੀ ਫ਼ਸਲ ਸਹੀ ਸਮੇਂ ਸਿਰ ਹੋਵੇ।’
25 ਯਹੂਦਾਹ ਦੇ ਲੋਕੋ, ਤੁਸੀਂ ਗ਼ਲਤ ਕੰਮ ਕੀਤਾ ਹੈ।
ਇਸ ਲਈ ਬਰੱਖਾ ਅਤੇ ਫ਼ਸਲਾਂ ਨਹੀਂ ਆਈਆਂ।
ਤੁਹਾਡੇ ਪਾਪਾਂ ਨੇ ਤੁਹਾਨੂੰ ਯਹੋਵਾਹ ਤੋਂ ਮਿਲਣ ਵਾਲੀਆਂ ਚੰਗੀਆਂ ਚੀਜ਼ਾਂ ਨੂੰ ਮਾਨਣ ਤੋਂ ਦੂਰ ਰੱਖਿਆ ਹੈ।
26 ਮੇਰੇ ਲੋਕਾਂ ਅੰਦਰ ਮੰਦੇ ਆਦਮੀ ਨੇ।
ਉਹ ਮੰਦੇ ਲੋਕ ਉਨ੍ਹਾਂ ਆਦਮੀਆਂ ਵਰਗੇ ਹਨ, ਜਿਹੜੇ ਪੰਛੀਆਂ ਨੂੰ ਫ਼ਾਹੁਣ ਲਈ ਜਾਲ ਵਿਛਾਉਂਦੇ ਨੇ।
ਉਹ ਲੋਕ ਆਪਣੇ ਜਾਲ ਵਿਛਾਉਂਦੇ ਨੇ
ਪਰ ਉਹ ਪੰਛੀਆਂ ਦੀ ਬਾਵੇਂ ਬੰਦਿਆਂ ਨੂੰ ਫ਼ਾਹੁਂਦੇ ਹਨ।
27 ਇਨ੍ਹਾਂ ਮੰਦੇ ਲੋਕਾਂ ਦੇ ਘਰ ਝੂਠ ਨਾਲ ਭਰੇ ਹੋਏ ਹਨ,
ਜਿਵੇਂ ਪਿਂਜਰਾ ਪੰਛੀਆਂ ਨਾਲ ਭਰਿਆ ਹੁੰਦਾ ਹੈ।
ਉਨ੍ਹਾਂ ਦੇ ਝੂਠ ਨੇ ਉਨ੍ਹਾਂ ਨੂੰ ਅਮੀਰ ਅਤੇ ਤਾਕਤਵਰ ਬਣਾ ਦਿੱਤਾ ਹੈ।
28 ਉਹ ਆਪਣੇ ਮੰਦੇ ਅਮਲਾਂ ਕਾਰਣ ਮੋਟੇ-ਤਾਜ਼ੇ ਹੋ ਗਏ ਨੇ।
ਉਨ੍ਹਾਂ ਦੇ ਮੰਦੇ ਅਮਲਾਂ ਦਾ ਕੋਈ ਅੰਤ ਨਹੀਂ।
ਉਹ ਯਤੀਮਾਂ ਦੀ ਸਹਾਇਤਾ ਨਹੀਂ ਕਰਦੇ
ਅਤੇ ਉਹ ਗਰੀਬ ਲੋਕਾਂ ਬਾਰੇ ਨਿਰਪੱਖ ਨਿਆਂ ਨਹੀਂ ਕਰਦੇ।
29 ਕੀ ਯਹੂਦਾਹ ਦੇ ਲੋਕਾਂ ਨੂੰ ਮੈਨੂੰ ਇਹ ਗੱਲਾਂ ਕਰਨ ਲਈ ਇਹ ਸਜ਼ਾ ਦੇਣੀ ਚਾਹੀਦੀ ਹੈ?”
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
“ਤੁਸੀਂ ਜਾਣਦੇ ਸੀ ਕਿ ਮੈਨੂੰ ਇਹੋ ਜਿਹੀ ਕੌਮ ਨੂੰ ਸਜ਼ਾ ਦੇਣੀ ਚਾਹੀਦੀ ਹੈ।
ਮੈਨੂੰ ਉਨ੍ਹਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਜਿਸਦੇ ਉਹ ਅਧਿਕਾਰੀ ਨੇ।”
30 ਯਹੋਵਾਹ ਆਖਦਾ ਹੈ, “ਯਹੂਦਾਹ ਦੇ ਦੇਸ ਅੰਦਰ ਇੱਕ ਭਿਆਨਕ
ਅਤੇ ਭੈਭੀਤ ਕਰਨ ਵਾਲੀ ਗੱਲ ਵਾਪਰ ਗਈ ਹੈ।
31 ਨਬੀ ਝੂਠ ਬੋਲਦੇ ਨੇ।
ਜਾਜਕ ਉਹ ਗੱਲਾਂ ਨਹੀਂ ਕਰਨਗੇ, ਜਿਨ੍ਹਾਂ ਲਈ ਉਨ੍ਹਾਂ ਨੂੰ ਚੁਣਿਆ ਗਿਆ ਸੀ।
ਅਤੇ ਮੇਰੇ ਲੋਕ ਇਸ ਰਸਤੇ ਨੂੰ ਪਿਆਰ ਕਰਦੇ ਨੇ!
ਪਰ ਤੁਸੀਂ ਲੋਕ ਕੀ ਕਰੋਂਗੇ ਜਦੋਂ ਤੁਹਾਨੂੰ ਤੁਹਾਡੀ ਸਜ਼ਾ ਮਿਲੇਗੀ?”
13 ਇਹ ਵੀ ਕਿ, ਜਿਸ ਤਰ੍ਹਾਂ ਤੁਸੀਂ ਪਰਮੇਸ਼ੁਰ ਦੇ ਸੰਦੇਸ਼ ਨੂੰ ਕਬੂਲਿਆ ਅਸੀਂ ਨਿਰੰਤਰ ਪਰਮੇਸ਼ੁਰ ਦਾ ਧੰਨਵਾਦ ਕਰਦੇ ਰਹਿੰਦੇ ਹਾਂ। ਤੁਸੀਂ ਸਾਥੋਂ ਇਹ ਸੰਦੇਸ਼ ਸੁਣਿਆ ਅਤੇ ਇਸ ਨੂੰ ਪ੍ਰਮੇਸ਼ੁਰ ਦੇ ਸ਼ਬਦਾਂ ਵਾਂਗ ਕਬੂਲ ਲਿਆ ਨਾ ਕਿ ਇਨਸਾਨੀ ਸ਼ਬਦਾਂ ਵਾਂਗ। ਅਤੇ ਸੱਚਮੁੱਚ ਇਹ ਪਰਮੇਸ਼ੁਰ ਦਾ ਸੰਦੇਸ਼ ਹੈ। ਅਤੇ ਇਹ ਸੰਦੇਸ਼ ਤੁਹਾਡੇ ਵਿੱਚ ਕੰਮ ਕਰਦਾ ਹੈ ਜੋ ਸ਼ਰਧਾਲੂ ਹੋ। 14 ਭਰਾਵੋ ਅਤੇ ਭੈਣੋ, ਤੁਸੀਂ ਪਰਮੇਸ਼ੁਰ ਦੀਆਂ ਕਲੀਸਿਯਾਵਾਂ ਵਰਗੇ ਬਣ ਗਏ, ਜੋ ਕਿ ਮਸੀਹ ਯਿਸੂ ਵਿੱਚ ਯਹੂਦਿਯਾ ਵਿੱਚ ਹਨ। ਯਹੂਦਿਆਂ ਵਿੱਚ ਪਰਮੇਸ਼ੁਰ ਦੇ ਲੋਕਾਂ ਨੇ ਉੱਥੋਂ ਦੇ ਹੋਰ ਯਹੂਦੀਆਂ ਵੱਲੋਂ ਕਸ਼ਟ ਸਹਾਰੇ, ਅਤੇ ਤੁਸੀਂ ਆਪਣੇ ਹੀ ਦੇਸ਼ ਦੇ ਲੋਕਾਂ ਵੱਲੋਂ ਵੀ ਕਸ਼ਟ ਸਹਾਰੇ। 15 ਉਨ੍ਹਾਂ ਯਹੂਦੀਆਂ ਨੇ ਪ੍ਰਭੂ ਯਿਸੂ ਨੂੰ ਕਤਲ ਕੀਤਾ ਅਤੇ ਉਨ੍ਹਾਂ ਨੇ ਨਬੀਆਂ ਨੂੰ ਕਤਲ ਕੀਤਾ। ਅਤੇ ਉਨ੍ਹਾਂ ਯਹੂਦੀਆਂ ਨੇ ਸਾਨੂੰ ਉਹ ਕੌਮ ਛੱਡਣ ਲਈ ਮਜਬੂਰ ਕੀਤਾ। ਪਰਮੇਸ਼ੁਰ ਉਨ੍ਹਾਂ ਨਾਲ ਖੁਸ਼ ਨਹੀਂ ਹੈ। ਉਹ ਸਮੂਹ ਲੋਕਾਂ ਦੇ ਵਿਰੁੱਧ ਹੈ। 16 ਹਾਂ! ਉਹ ਸਾਨੂੰ ਗੈਰ-ਯਹੂਦੀਆਂ ਨੂੰ ਉਪਦੇਸ਼ ਦੇਣ ਤੋਂ ਰੋਕਣ ਦੀ ਕੋਸ਼ਿਸ਼ ਕਰਦੇ ਹਨ। ਅਸੀਂ ਗੈਰ-ਯਹੂਦੀਆਂ ਨੂੰ ਇਸ ਲਈ ਪ੍ਰਚਾਰ ਕਰਦੇ ਹਾਂ ਤਾਂ ਜੋ ਉਨ੍ਹਾਂ ਨੂੰ ਬਚਾਇਆ ਜਾ ਸੱਕੇ। ਪਰ ਉਹ ਯਹੂਦੀ ਆਪਣੇ ਹੁਣ ਤੱਕ ਕੀਤੇ ਪਾਪਾਂ ਵਿੱਚ ਹੋਰ ਪਾਪ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਪਰਮੇਸ਼ੁਰ ਦਾ ਪੂਰਾ ਕਰੋਧ ਉਨ੍ਹਾਂ ਉੱਪਰ ਹੈ।
ਪੌਲੁਸ ਦੀ ਉਨ੍ਹਾਂ ਕੋਲ ਫ਼ੇਰ ਜਾਣ ਦੀ ਇੱਛਾ
17 ਭਰਾਵੋ ਅਤੇ ਭੈਣੋ, ਅਸੀਂ ਥੋੜੇ ਸਮੇਂ ਲਈ ਤੁਹਾਡੇ ਕੋਲੋਂ ਅਲੱਗ ਹੋ ਗਏ ਸਾਂ। ਅਸੀਂ ਤੁਹਾਡੇ ਨਾਲ ਨਹੀਂ ਸਾਂ ਪਰ ਸਾਡੀਆਂ ਸੋਚਾਂ ਹਮੇਸ਼ਾਂ ਤੁਹਾਡੇ ਨਾਲ ਸਨ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਅਤੇ ਅਸੀਂ ਤੁਹਾਨੂੰ ਮਿਲਣ ਲਈ ਬਹੁਤ ਜਤਨ ਕੀਤੇ। 18 ਹਾਂ, ਅਸੀਂ ਤੁਹਾਡੇ ਕੋਲ ਆਉਣਾ ਚਾਹੁੰਦੇ ਸਾਂ। ਸੱਚਮੁੱਚ ਹੀ, ਮੈਂ, ਪੌਲੁਸ ਨੇ, ਕਈ ਵਾਰੀ ਆਉਣ ਦੀ ਬਹੁਤ ਕੋਸ਼ਿਸ਼ ਕੀਤੀ ਅਰ ਸ਼ੈਤਾਨ ਨੇ ਸਾਨੂੰ ਰੋਕ ਲਿਆ। 19 ਤੁਸੀਂ ਸਾਡੀ ਆਸ, ਸਾਡੀ ਖੁਸ਼ੀ ਅਤੇ ਸਾਡਾ ਤਾਜ ਹੋ ਜਿਸ ਵਾਸਤੇ ਅਸੀਂ ਉਦੋਂ ਮਾਣ ਕਰਾਂਗੇ ਜਦੋਂ ਸਾਡਾ ਪ੍ਰਭੂ ਯਿਸੂ ਮਸੀਹ ਆਵੇਗਾ। 20 ਸੱਚਮੁੱਚ ਹੀ ਤੁਸੀਂ ਸਾਡੀ ਮਹਿਮਾ ਅਤੇ ਸਾਡੀ ਖੁਸ਼ੀ ਹੋ।
2010 by World Bible Translation Center