Revised Common Lectionary (Complementary)
ਝੂਠੇ ਨਬੀ
5 ਕੁਝ ਝੂਠੇ ਨਬੀ ਯਹੋਵਾਹ ਦੇ ਲੋਕਾਂ ਨੂੰ ਝੂਠੀਆਂ ਅਫ਼ਵਾਹਾਂ ਸੁਣਾ ਰਹੇ ਹਨ। ਯਹੋਵਾਹ ਉਨ੍ਹਾਂ ਨਬੀਆਂ ਲਈ ਇਉਂ ਫ਼ੁਰਮਾਉਂਦਾ ਹੈ:
“ਇਹ ਨਬੀ ਰੋਟੀਆਂ ਕਾਰਣ ਆਪਣੇ ਬਚਨ ਕਰ ਰਹੇ ਹਨ।
ਜਿਹੜਾ ਉਨ੍ਹਾਂ ਨੂੰ ਅੰਨ ਦੇਵੇ ਉਨ੍ਹਾਂ ਲਈ ਨਬੀ ਸ਼ਾਂਤੀ ਦਾ ਇਕਰਾਰ ਕਰਦੇ ਹਨ
ਤੇ ਜਿਹੜਾ ਨਹੀਂ ਦਿੰਦਾ ਉਨ੍ਹਾਂ ਨੂੰ ਜੰਗ ਦਾ ਬਚਨ ਕਰਦੇ ਹਨ।
6 “ਇਸੇ ਲਈ ਤੁਹਾਡੇ ਲਈ ਘਨਘੋਰ ਹਨੇਰਾ ਹੈ
ਅਤੇ ਤੁਸੀਂ ਦਰਸ਼ਨ ਨਹੀਂ ਵੇਖਦੇ।
ਭਵਿੱਖ ਵਿੱਚ ਕੀ ਵਾਪਰੇਗਾ, ਤੁਸੀਂ ਨਹੀਂ ਵੇਖ ਸੱਕਦੇ।
ਨਬੀਆਂ ਉੱਤੋਂ ਸੂਰਜ ਹਟ ਗਿਆ ਹੈ,
ਭਵਿੱਖ ਵਿੱਚ ਕੀ ਵਾਪਰੇਗਾ,
ਉਹ ਨਹੀਂ ਵੇਖ ਸੱਕਦੇ।
ਇਸੇ ਲਈ, ਉਨ੍ਹਾਂ ਵਾਸਤੇ ਇਹ ਘੋਰ ਅੰਧਕਾਰ ਵਾਂਗ ਹੈ।
7 ਸਾਰੇ ਨਬੀ ਅਤੇ ਭਵਿੱਖਵਕਤਾ ਸ਼ਰਮਸਾਰ ਹਨ।
ਉਹ ਕੁਝ ਨਾ ਆਖਣਗੇ ਕਿਉਂ ਕਿ ਪਰਮੇਸ਼ੁਰ ਉਨ੍ਹਾਂ ਨਾਲ ਨਾ ਬੋਲੇਗਾ।
ਮੀਕਾਹ ਪਰਮੇਸ਼ੁਰ ਦਾ ਸੱਚਾ ਨਬੀ
8 ਪਰ ਯਹੋਵਾਹ ਦੇ ਆਤਮੇ ਨੇ ਮੈਨੂੰ ਤਾਕਤ,
ਸ਼ਕਤੀ ਅਤੇ ਨੇਕੀ ਨਾਲ ਭਰ ਦਿੱਤਾ ਹੈ,
ਤਾਂ ਕਿ ਮੈਂ ਯਾਕੂਬ ਨੂੰ ਉਸ ਦੇ ਪਾਪਾਂ ਬਾਰੇ ਦੱਸ ਸੱਕਦਾ ਹਾਂ,
ਤਾਂ ਜੋ ਮੈਂ ਇਸਰਾਏਲ ਨੂੰ ਉਸ ਦੇ ਪਾਪਾਂ ਬਾਰੇ ਦੱਸਾਂ।”
ਇਸਰਾਏਲ ਦੇ ਆਗੂਆਂ ਦਾ ਦੋਸ਼
9 ਯਾਕੂਬ ਦੇ ਆਗੂਓ ਅਤੇ ਇਸਰਾਏਲ ਦੇ ਸ਼ਾਸਕੋ, ਮੇਰੀ ਗੱਲ ਸੁਣੋ!
ਤੁਸੀਂ ਸਹੀ ਜੀਵਨ ਢੰਗ ਨੂੰ ਨਫ਼ਰਤ ਕਰਦੇ ਹੋ।
ਤੁਸੀਂ ਜਿਉਣ ਦੇ ਸਹੀ ਤਰੀਕੇ ਨੂੰ ਵਿਗਾੜਦੇ ਹੋ।
10 ਤੁਸੀਂ ਲੋਕਾਂ ਦੀ ਹਤਿਆ ਨਾਲ ਸੀਯੋਨ ਨੂੰ ਸਿੰਜਿਆ
ਅਤੇ ਲੋਕਾਂ ਨੂੰ ਧੋਖਾ ਦੇਕੇ ਯਰੂਸ਼ਲਮ ਉਸਾਰਿਆ।
11 ਯਰੂਸ਼ਲਮ ਦੇ ਨਿਆਂਕਾਰ ਵਾਢੀ ਲੈ ਕੇ ਨਿਆਉ ਕਰਦੇ ਹਨ,
ਉੱਥੇ ਜਾਜਕ ਪੈਸੇ ਲੈ ਕੇ ਸਿੱਖਿਆ ਦਿੰਦੇ ਹਨ
ਅਤੇ ਨਬੀ ਪੈਸੇ ਲੈ ਕੇ ਭਵਿੱਖਬਾਣੀ ਕਰਦੇ ਹਨ ਤਾਂ ਵੀ ਉਹ ਇਹ ਆਖਕੇ ਯਹੋਵਾਹ ਉੱਤੇ ਆਸਰਾ ਲੈਂਦੇ ਹਨ,
“ਯਹੋਵਾਹ ਇੱਥੇ ਸਾਡੇ ਅੰਗ ਸੰਗ ਹੈ ਤੇ ਸਾਡੇ ਨਾਲ ਕੁਝ ਮਾੜਾ ਨਹੀਂ ਵਾਪਰੇਗਾ।”
12 ਹੇ ਆਗੂਓ! ਤੁਹਾਡੇ ਕਾਰਣ ਸੀਯੋਨ ਦੀ ਤਬਾਹੀ ਹੋਵੇਗੀ
ਅਤੇ ਇਹ ਖੇਤ ਵਾਂਗ ਵਾਹਿਆ ਜਾਵੇਗਾ।
ਯਰੂਸ਼ਲਮ ਬੇਹ ਹੋ ਜਾਵੇਗਾ
ਪਹਾੜ ਵਾਲਾ ਮੰਦਰ ਇੱਕ ਸੱਖਣੀ ਉਚਿਆਈ ਜਿੱਥੇ ਜੰਗਲੀ ਬੋਹਰ ਉਗੇਗੀ।
43 ਪਰਮੇਸ਼ੁਰ, ਇੱਕ ਬੰਦਾ ਹੈ, ਜਿਹੜਾ ਤੁਹਾਡਾ ਵਫ਼ਾਦਾਰ ਚੇਲਾ ਨਹੀਂ ਹੈ।
ਉਹ ਕਪਟੀ ਹੈ ਅਤੇ ਉਹ ਝੂਠ ਬੋਲਦਾ ਹੈ।
ਹੇ ਪਰਮੇਸ਼ੁਰ, ਮੈਨੂੰ ਉਸ ਬੰਦੇ ਤੋਂ ਬਚਾਵੀਂ।
ਮੇਰੀ ਰੱਖਿਆ ਕਰੀਂ ਅਤੇ ਸਾਬਤ ਕਰ ਦੇਵੀਂ ਕਿ ਮੈਂ ਸਹੀ ਹਾਂ।
2 ਹੇ ਪਰਮੇਸ਼ੁਰ ਤੁਸੀਂ ਮੇਰੀ ਓਟ ਹੋ।
ਤੁਸੀਂ ਮੈਨੂੰ ਕਿਉਂ ਛੱਡ ਦਿੱਤਾ।
ਆਪਣੇ ਦੁਸ਼ਮਣ ਦੇ ਜ਼ੁਲਮ ਸਦਕਾ
ਮੈਂ ਇੰਨੀ ਉਦਾਸੀ ਕਿਉਂ ਝੱਲਾਂ?
3 ਹੇ ਪਰਮੇਸ਼ੁਰ, ਆਪਣੇ ਨੂਰ ਅਤੇ ਸੱਚ ਨੂੰ ਮੇਰੇ ਉੱਪਰ ਚਮਕਣ ਦਿਉ।
ਤੁਹਾਡਾ ਨੂਰ ਅਤੇ ਸੱਚ ਮੈਨੂੰ ਰਾਹ ਦਿਖਾਵੇਗਾ।
ਉਹ ਤੁਹਾਡੇ ਪਵਿੱਤਰ ਪਹਾੜ ਵੱਲ ਮੇਰੀ ਅਗਵਾਈ ਕਰਨਗੇ।
4 ਮੈਂ ਪਰਮੇਸ਼ੁਰ ਦੀ ਜਗਵੇਦੀ ਉੱਪਰ ਆਵਾਂਗਾ।
ਮੈਂ ਉਸ ਪਰਮੇਸ਼ੁਰ ਵੱਲ ਆਵਾਂਗਾ ਜਿਹੜਾ ਮੈਨੂੰ ਬਹੁਤ ਖੁਸ਼ ਕਰਦਾ ਹੈ।
ਹੇ ਯਹੋਵਾਹ, ਮੇਰੇ ਪਰਮੇਸ਼ੁਰ, ਮੈਂ
ਰਬਾਬ ਨਾਲ ਤੇਰੀ ਉਸਤਤਿ ਕਰਾਂਗਾ।
5 ਮੈਂ ਇੰਨਾ ਉਦਾਸ ਕਿਉਂ ਹਾਂ?
ਮੈਂ ਇੰਨਾ ਪਰੇਸ਼ਾਨ ਕਿਉਂ ਹਾਂ?
ਮੈਨੂੰ ਪਰਮੇਸ਼ੁਰ ਦੀ ਸਹਾਇਤਾ ਲਈ ਉਡੀਕ ਕਰਨੀ ਚਾਹੀਦੀ ਹੈ।
ਮੈਨੂੰ ਅਜੇ ਪਰਮੇਸ਼ੁਰ ਦੀ ਉਸਤਤਿ ਕਰਨ ਦਾ ਮੌਕਾ ਮਿਲੇਗਾ।
ਉਹ ਮੈਨੂੰ ਬਚਾ ਲਵੇਗਾ।
9 ਭਰਾਵੋ ਅਤੇ ਭੈਣੋ, ਮੈਂ ਜਾਣਦਾ ਹਾਂ ਕਿ ਤੁਹਾਨੂੰ ਸਾਡੀ ਸਖਤ ਮਿਹਨਤ ਦਾ ਚੇਤਾ ਹੈ। ਅਸੀਂ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਦਿਨ ਰਾਤ ਕੰਮ ਕੀਤਾ। ਜਦੋਂ ਅਸੀਂ ਤੁਹਾਡੇ ਦਰਮਿਆਨ ਪਰਮੇਸ਼ੁਰ ਦੀ ਖੁਸ਼ਖਬਰੀ ਦਾ ਪ੍ਰਚਾਰ ਕਰ ਰਹੇ ਸਾਂ, ਅਸੀਂ ਤੁਹਾਡੇ ਵਿੱਚੋਂ ਕਿਸੇ ਉੱਪਰ ਵੀ ਬੋਝ ਨਹੀਂ ਬਣੇ।
10 ਸ਼ਰਧਾਲੂਓ, ਜਦੋਂ ਅਸੀਂ ਤੁਹਾਦੇ ਨਾਲ ਸਾਂ, ਅਸੀਂ ਪਵਿੱਤਰ, ਧਰਮੀ ਅਤੇ ਦੋਸ਼ ਰਹਿਤ ਜ਼ਿੰਦਗੀ ਵਤੀਤ ਕੀਤੀ। ਤੁਸੀਂ ਜਾਣਦੇ ਹੋ ਕਿ ਇਹ ਸੱਚ ਹੈ ਅਤੇ ਪਰਮੇਸ਼ੁਰ ਜਾਣਦਾ ਹੈ ਕਿ ਇਹ ਸੱਚ ਹੈ। 11 ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਡੇ ਵਿੱਚ ਹਰ ਇੱਕ ਨਾਲ ਉਸੇ ਤਰ੍ਹਾਂ ਦਾ ਸਲੂਕ ਕੀਤਾ ਜਿਹੋ ਜਿਹਾ ਕੋਈ ਪਿਤਾ ਆਪਣੇ ਬੱਚਿਆਂ ਨਾਲ ਕਰਦਾ ਹੈ। 12 ਅਸੀਂ ਤੁਹਾਨੂੰ ਹੌਂਸਲਾ ਦਿੱਤਾ, ਤੁਹਾਨੂੰ ਸੱਕੂਨ ਦਿੱਤਾ, ਅਤੇ ਅਸੀਂ ਤੁਹਾਨੂੰ ਪਰਮੇਸ਼ੁਰ ਲਈ ਚੰਗੀਆਂ ਜ਼ਿੰਦਗੀਆਂ ਜਿਉਣ ਲਈ ਆਖਿਆ। ਪਰਮੇਸ਼ੁਰ ਤੁਹਾਨੂੰ ਆਪਣੇ ਰਾਜ ਅਤੇ ਆਪਣੀ ਮਹਿਮਾ ਵੱਲ ਬੁਲਾਉਂਦਾ ਹੈ।
13 ਇਹ ਵੀ ਕਿ, ਜਿਸ ਤਰ੍ਹਾਂ ਤੁਸੀਂ ਪਰਮੇਸ਼ੁਰ ਦੇ ਸੰਦੇਸ਼ ਨੂੰ ਕਬੂਲਿਆ ਅਸੀਂ ਨਿਰੰਤਰ ਪਰਮੇਸ਼ੁਰ ਦਾ ਧੰਨਵਾਦ ਕਰਦੇ ਰਹਿੰਦੇ ਹਾਂ। ਤੁਸੀਂ ਸਾਥੋਂ ਇਹ ਸੰਦੇਸ਼ ਸੁਣਿਆ ਅਤੇ ਇਸ ਨੂੰ ਪ੍ਰਮੇਸ਼ੁਰ ਦੇ ਸ਼ਬਦਾਂ ਵਾਂਗ ਕਬੂਲ ਲਿਆ ਨਾ ਕਿ ਇਨਸਾਨੀ ਸ਼ਬਦਾਂ ਵਾਂਗ। ਅਤੇ ਸੱਚਮੁੱਚ ਇਹ ਪਰਮੇਸ਼ੁਰ ਦਾ ਸੰਦੇਸ਼ ਹੈ। ਅਤੇ ਇਹ ਸੰਦੇਸ਼ ਤੁਹਾਡੇ ਵਿੱਚ ਕੰਮ ਕਰਦਾ ਹੈ ਜੋ ਸ਼ਰਧਾਲੂ ਹੋ।
ਯਿਸੂ ਨੇ ਧਾਰਮਿਕ ਆਗੂਆਂ ਦੀ ਨਿੰਦਾ ਕੀਤੀ(A)
23 ਫ਼ੇਰ ਯਿਸੂ ਨੇ ਭੀੜ ਅਤੇ ਆਪਣੇ ਚੇਲਿਆਂ ਨਾਲ ਗੱਲ ਕੀਤੀ, ਅਤੇ ਆਖਿਆ, 2 ਨੇਮ ਦੇ ਉਪਦੇਸ਼ਕਾਂ ਅਤੇ ਫ਼ਰੀਸੀਆਂ ਨੂੰ, ਮੂਸਾ ਦੀ ਸ਼ਰ੍ਹਾ ਬਾਰੇ ਉਪਦੇਸ਼ ਦੇਣ ਦਾ ਅਧਿਕਾਰ ਹੈ ਕਿ ਉਹ ਕੀ ਆਖਦੀ ਹੈ। 3 ਇਸ ਲਈ ਤੁਹਾਨੂੰ ਉਨ੍ਹਾਂ ਦੀ ਆਗਿਆ ਦਾ ਪਾਲਣ ਕਰਨਾ ਚਾਹੀਦਾ ਹੈ ਅਤੇ ਜੋ ਉਹ ਕਹਿਣ ਧਿਆਨ ਨਾਲ ਕਰੋ, ਪਰ ਉਨ੍ਹਾਂ ਵਰਗੇ ਕੰਮ ਨਾ ਕਰੋ ਕਿਉਂਕਿ ਉਨ੍ਹਾਂ ਦੇ ਜੀਵਨ ਚੰਗੇ ਉਦਾਹਰਣ ਨਹੀਂ ਹਨ ਕਿਉਂਕਿ ਜੋ ਵੀ ਉਹ ਕਰਨ ਨੂੰ ਕਹਿੰਦੇ ਹਨ ਖੁਦ ਉਨ੍ਹਾਂ ਤੇ ਅਮਲ ਨਹੀਂ ਕਰਦੇ। 4 ਉਹ ਸਖਤ ਨੇਮ ਬਣਾਉਂਦੇ ਹਨ ਜਿਹੜੇ ਮੰਨਣ ਲਈ ਬੜੇ ਕਠੋਰ ਹਨ, ਉਹ ਇਨ੍ਹਾਂ ਨੂੰ ਲੋਕਾਂ ਤੇ ਲਾਗੂ ਕਰਦੇ ਹਨ। ਪਰ ਉਹ ਇਨ੍ਹਾਂ ਵਿੱਚੋਂ ਕਿਸੇ ਵੀ ਨੇਮ ਦਾ ਅਨੁਸਰਣ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰਦੇ।
5 “ਉਹ ਆਪਣੇ ਸਭ ਕੰਮ ਲੋਕਾਂ ਨੂੰ ਵਿਖਾਵੇ ਲਈ ਕਰਦੇ ਹਨ। ਉਹ ਆਪਣੇ ਖਾਸ ਬਸਤਿਆਂ ਨੂੰ ਪੋਥੀਆਂ ਨਾਲ ਭਰ ਲੈਂਦੇ ਹਨ ਅਤੇ ਉਨ੍ਹਾਂ ਨੂੰ ਵੱਡੇ ਹੀ ਵੱਡੇ ਕਰਦੇ ਰਹਿੰਦੇ ਹਨ। ਉਹ ਆਪਣੇ ਖਾਸ ਪ੍ਰਾਰਥਨਾ ਵਾਲੇ ਵਸਤਰਾਂ ਦੀ ਲੰਬਾਈ ਬਹੁਤ ਰੱਖਦੇ ਹਨ ਤਾਂ ਜੋ ਲੋਕ ਉਨ੍ਹਾਂ ਵੱਲ ਧਿਆਨ ਦੇਣ। 6 ਉਹ ਫ਼ਰੀਸੀ ਅਤੇ ਨੇਮ ਦੇ ਉਪਦੇਸ਼ਕ ਦਾਵਤਾਂ ਵਿੱਚ ਉੱਚੀਆਂ ਥਾਵਾਂ ਦੇ ਲੋਭੀ ਹਨ, ਅਤੇ ਉਹ ਪ੍ਰਾਰਥਨਾ ਸਥਾਨਾਂ ਵਿੱਚ ਵੀ ਉੱਚੇ ਅਹੁਦੇ ਮਿੱਲਣ ਦੇ ਬੜੇ ਭੁੱਖੇ ਹਨ। 7 ਬਜ਼ਾਰਾਂ ਵਿੱਚ ਮਾਨ ਸਨਮਾਨ ਲੈਣ ਦੇ ਵੀ ਬੜੇ ਭੁੱਖੇ ਹਨ। ਉਹ ਮਨੁੱਖਾਂ ਕੋਲੋਂ ਗੁਰੂ ਕਹਾਉਣਾ ਚਾਹੁੰਦੇ ਹਨ।
8 “ਪਰ ਤੁਸੀਂ ਸਭ ਗੁਰੂ, ਨਾ ਕਹਾਉਣਾ ਕਿਉਂ ਜੋ ਤੁਹਾਡਾ ਇੱਕ ਹੀ ਗੁਰੂ ਹੈ ਅਤੇ ਤੁਸੀਂ ਸਭ ਆਪਸ ਵਿੱਚ ਭਰਾ-ਭਰਾ ਹੋ। 9 ਅਤੇ ਧਰਤੀ ਉੱਪਰ ਕਿਸੇ ਵੀ ਮਨੁੱਖ ਨੂੰ ਆਪਣਾ ਪਿਤਾ ਨਾ ਆਖੋ ਕਿਉਂ ਜੋ ਤੁਹਾਡਾ ਸਿਰਫ਼ ਇੱਕੋ ਹੀ ਪਿਤਾ ਹੈ, ਜੋ ਸਵਰਗ ਵਿੱਚ ਹੈ। 10 ਅਤੇ ਤੁਸੀਂ ਆਪਣੇ-ਆਪ ਨੂੰ ਮਾਲਕ ਵੀ ਨਹੀਂ ਕਹਾਉਣਾ ਕਿਉਂਕਿ ਤੁਹਾਡਾ ਸਭਨਾਂ ਦਾ ਮਾਲਕ ਵੀ ਇੱਕੋ ਭਾਵ ਮਸੀਹਾ ਹੈ। 11 ਜਿਹੜਾ ਮਨੁੱਖ ਤੁਹਾਡਾ ਸੇਵਕ ਬਣ ਤੁਹਾਡੀ ਸੇਵਾ ਕਰਦਾ ਹੈ, ਉਹ ਤੁਹਾਡੇ ਸਾਰਿਆਂ ਵਿੱਚੋਂ ਵੱਡਾ ਹੈ। 12 ਜਿਹੜਾ ਵਿਅਕਤੀ ਆਪਣੇ-ਆਪ ਨੂੰ ਮਹਾਨ ਸਮਝਦਾ ਦੀਨ ਬਣਾਇਆ ਜਾਵੇਗਾ ਅਤੇ ਜੋ ਕੋਈ ਆਪਣੇ-ਆਪ ਨੂੰ ਸਭ ਵਿੱਚੋਂ ਨੀਵਾਂ ਜਾਣੇਗਾ ਉਸ ਨੂੰ ਸਭ ਤੋਂ ਉੱਚਾ ਸਮਝਿਆ ਜਾਵੇਗਾ।
2010 by World Bible Translation Center