Revised Common Lectionary (Complementary)
ਭਾਗ
(ਜ਼ਬੂਰ 1-41)
1 ਉਹ ਵਿਅਕਤੀ ਵਡਭਾਗਾ ਹੈ
ਜਿਹੜਾ ਬੁਰੇ ਬੰਦਿਆਂ ਦੀਆਂ ਸਲਾਹਾਂ ਨਹੀਂ ਲੈਂਦਾ
ਅਤੇ ਜਿਹੜਾ ਪਾਪੀਆਂ ਵਾਂਗ ਨਹੀਂ ਜਿਉਂਦਾ।
ਅਤੇ ਉਨ੍ਹਾਂ ਲੋਕਾਂ ਨਾਲ ਨਹੀਂ ਰਲਦਾ ਜਿਹੜੇ ਪਰਮੇਸ਼ੁਰ ਨੂੰ ਮਾਨ ਨਹੀਂ ਦਿੰਦੇ।
2 ਇੱਕ ਚੰਗਾ ਵਿਅਕਤੀ, ਯਹੋਵਾਹ ਦੇ ਉਪਦੇਸ਼ਾਂ ਨੂੰ ਪਿਆਰ ਕਰਦਾ,
ਅਤੇ ਉਹ ਉਨ੍ਹਾਂ ਤੇ ਦਿਨ ਰਾਤ ਸੋਚ ਵਿੱਚਾਰ ਕਰਦਾ ਹੈ।
3 ਇਸ ਤਰ੍ਹਾਂ ਉਹ ਉਸ ਰੁੱਖ ਵਾਂਗ ਬਲਵਾਨ ਬਣ ਜਾਂਦਾ ਹੈ ਜਿਹੜਾ ਨਦੀ ਦੇ ਕਿਨਾਰੇ ਉੱਤੇ ਬਰਾਬਰੀ ਨਾਲ ਵੱਧਦਾ ਹੈ।
ਅਤੇ ਉਹ ਰੁੱਖ ਉਪਯੁਕਤ ਸਮੇਂ ਤੇ ਫ਼ਲ ਦਿੰਦਾ ਹੈ।
ਉਹ ਉਸ ਰੁੱਖ ਵਰਗਾ ਹੈ ਜਿਸਦੇ ਪੱਤੇ ਨਹੀਂ ਸੁੱਕਦੇ
ਅਤੇ ਉਹ ਆਪਣੇ ਹਰ ਅਮਲ ਵਿੱਚ ਫ਼ਲਦਾਇੱਕ ਹੋ ਜਾਂਦਾ ਹੈ।
4 ਪਰ ਬੁਰੇ ਵਿਅਕਤੀ ਇਸ ਤਰ੍ਹਾਂ ਨਹੀਂ ਹਨ।
ਬੁਰੇ ਵਿਅਕਤੀ ਉਸ ਤੂੜੀ ਵਰਗੇ ਹਨ ਜਿਹੜੀ ਹਵਾ ਦੇ ਨਾਲ ਉੱਡ ਜਾਂਦੀ ਹੈ।
5 ਜੇ ਨੇਕ ਬੰਦੇ ਕਿਸੇ ਅਦਾਲਤੀ ਮੁਕੱਦਮੇ ਦਾ ਨਿਆਂ ਕਰਨ ਲਈ ਇਕੱਠੇ ਹੁੰਦੇ ਹਨ, ਤਾਂ ਬੁਰੇ ਵਿਅਕਤੀਆਂ ਨੂੰ ਬੁਰੇ ਅਮਲਾਂ ਵਾਸਤੇ ਦੋਸ਼ੀ ਠਹਿਰਾਇਆ ਜਾਵੇਗਾ।
ਉਨ੍ਹਾਂ ਪਾਪੀਆਂ ਦਾ ਨਿਆਂ ਬੇਕਸੂਰਾਂ ਵਾਂਗ ਨਹੀਂ ਹੋਵੇਗਾ।
6 ਕਿਉਂਕਿ ਯਹੋਵਾਹ, ਚੰਗੇ ਬੰਦਿਆਂ ਦੀ ਰੱਖਿਆ ਕਰਦਾ ਹੈ,
ਪਰ ਬੁਰੇ ਵਿਅਕਤੀਆਂ ਨੂੰ ਖਤਮ ਕਰਦਾ ਹੈ।
ਗਲਤ ਕਰਨ ਦੀ ਅਦਾਇਗੀ
5 ਯਹੋਵਾਹ ਨੇ ਮੂਸਾ ਨੂੰ ਆਖਿਆ, 6 “ਇਸਰਾਏਲ ਦੇ ਲੋਕਾਂ ਨੂੰ ਇਹ ਆਖ ਹੋ ਸੱਕਦਾ ਹੈ ਕਿ ਕੋਈ ਬੰਦਾ ਕਿਸੇ ਦੂਸਰੇ ਦਾ ਬੁਰਾ ਕਰੇ (ਜਦੋਂ ਕੋਈ ਹੋਰਨਾ ਲੋਕਾਂ ਦਾ ਬੁਰਾ ਕਰਦਾ ਹੈ ਤਾਂ ਅਸਲ ਵਿੱਚ ਉਹ ਪਰਮੇਸ਼ੁਰ ਦੇ ਖਿਲਾਫ਼ ਪਾਪ ਕਰ ਰਿਹਾ ਹੈ।) ਉਹ ਬੰਦਾ ਦੋਸ਼ੀ ਹੈ। 7 ਇਸ ਲਈ ਉਸ ਵਿਅਕਤੀ ਨੂੰ ਆਪਣੀ ਗਲਤੀ ਨੂੰ ਕਬੂਲ ਕਰ ਲੈਣਾ ਚਾਹੀਦਾ ਹੈ। ਫ਼ੇਰ ਉਸ ਨੂੰ ਆਪਣੇ ਬੁਰੇ ਕੰਮ ਦਾ ਪੂਰਾ ਇਵਜ਼ਾਨਾ ਦੇਣਾ ਚਾਹੀਦਾ ਹੈ। ਉਹ ਉਸ ਰਕਮ ਵਿੱਚ ਪੰਜਵਾ ਹਿੱਸਾ ਹੋਰ ਜਮ੍ਹਾ ਕਰਕੇ ਉਸ ਬੰਦੇ ਨੂੰ ਸਾਰੀ ਰਕਮ ਦੇ ਦੇਵੇ ਜਿਸਦਾ ਉਸ ਨੇ ਬੁਰਾ ਕੀਤਾ ਹੈ। 8 ਪਰ ਹੋ ਸੱਕਦਾ ਹੈ ਕਿ ਉਸ ਨੇ ਜਿਸ ਬੰਦੇ ਦਾ ਬੁਰਾ ਕੀਤਾ ਸੀ ਉਹ ਮਰ ਚੁੱਕਿਆ ਹੋਵੇ। ਅਤੇ ਸ਼ਾਇਦ ਉਸ ਮਰੇ ਹੋਏ ਬੰਦੇ ਦਾ ਕੋਈ ਨਜ਼ਦੀਕੀ ਰਿਸ਼ਤੇਦਾਰ ਵੀ ਰਕਮ ਲੈਣ ਵਾਲਾ ਨਾ ਹੋਵੇ। ਇਸ ਹਾਲਤ ਵਿੱਚ ਉਹ ਬੰਦਾ ਜਿਸਨੇ ਬੁਰਾ ਕੀਤਾ ਸੀ ਯਹੋਵਾਹ ਨੂੰ ਦੇਵੇਗਾ। ਉਹ ਬੰਦਾ ਜਾਜਕ ਨੂੰ ਪੂਰਾ ਇਵਜ਼ਾਨਾ ਦੇਵੇਗਾ। ਜਾਜਕ ਨੂੰ ਚਾਹੀਦਾ ਹੈ ਕਿ ਉਹ ਉਸ ਭੇਡ ਦੀ ਬਲੀ ਚੜ੍ਹਾਵੇ ਜਿਹੜੀ ਲੋਕਾਂ ਨੂੰ ਪਵਿੱਤਰ ਕਰਦੀ ਹੈ। ਇਸ ਭੇਡ ਦੀ ਬਲੀ ਬੁਰਾ ਕਰਨ ਵਾਲੇ ਦੇ ਪਾਪਾਂ ਨੂੰ ਢੱਕਣ ਲਈ ਚੜ੍ਹਾਉਂਣੀ ਚਾਹੀਦੀ ਹੈ। ਪਰ ਬਾਕੀ ਦੀ ਰਕਮ ਜਾਜਕ ਖੁਦ ਰੱਖ ਸੱਕਦਾ ਹੈ।
9 “ਜੇ ਇਸਰਾਏਲ ਦੇ ਲੋਕਾਂ ਵਿੱਚੋਂ ਕੋਈ ਜਣਾ ਪਰਮੇਸ਼ੁਰ ਨੂੰ ਖਾਸ ਸੁਗਾਤ ਭੇਟ ਕਰਦਾ ਹੈ ਤਾਂ ਉਹ ਜਾਜਕ ਜਿਹੜਾ ਉਸ ਸੁਗਾਤ ਨੂੰ ਪ੍ਰਵਾਨ ਕਰਦਾ ਹੈ ਉਹ ਉਸ ਨੂੰ ਰੱਖ ਸੱਕਦਾ ਹੈ। ਇਹ ਉਸੇ ਦੀ ਹੈ। 10 ਕਿਸੇ ਬੰਦੇ ਲਈ ਇਹ ਖਾਸ ਸੁਗਾਤਾ ਦੇਣੀਆਂ ਜ਼ਰੂਰੀ ਨਹੀਂ। ਪਰ ਜੇ ਉਹ ਦਿੰਦਾ ਹੈ ਤਾਂ ਸੁਗਾਤਾ ਜਾਜਕ ਦੀਆਂ ਹਨ।”
ਕਰੇਤ ਵਿੱਚ ਤੀਤੁਸ ਦਾ ਕਾਰਜ
5 ਮੈਂ ਕਰੇਤ ਵਿੱਚ ਤੁਹਾਨੂੰ ਇਸ ਲਈ ਛੱਡਿਆ ਤਾਂ ਜੋ ਤੁਸੀਂ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਪੂਰਾ ਕਰ ਸੱਕੋ ਜਿਹੜੀਆਂ ਕਰਨ ਵਾਲੀਆਂ ਸਨ। ਮੈਂ ਤੁਹਾਨੂੰ ਕਰੇਤ ਵਿੱਚ ਛੱਡਿਆ ਸੀ ਤਾਂ ਜੋ ਤੁਸੀਂ ਸਾਰੇ ਨਗਰਾਂ ਵਿੱਚ ਬਜ਼ੁਰਗਾਂ ਨੂੰ ਨਿਯੁਕਤ ਕਰ ਸੱਕੋਂ ਜਿਵੇਂ ਮੈਂ ਤੁਹਾਨੂੰ ਹਿਦਾਇਤਾਂ ਦਿੱਤੀਆਂ ਸਨ। 6 ਬਜ਼ੁਰਗ ਬਣਨ ਵਾਲਾ ਵਿਅਕਤੀ ਗਲਤ ਢੰਗ ਨਾਲ ਜਿਉਣ ਦਾ ਕਸੂਰਵਾਰ ਨਹੀਂ ਹੋਣਾ ਚਾਹੀਦਾ। ਉਸਦੀ ਕੇਵਲ ਇੱਕ ਹੀ ਪਤਨੀ ਹੋਣੀ ਚਾਹੀਦੀ ਹੈ। ਉਸ ਦੇ ਬੱਚੇ ਇਤਬਾਰ ਕਰਨ ਯੋਗ ਹੋਣੇ ਚਾਹੀਦੇ ਹਨ। ਉਹ ਅਜਿਹੇ ਬੱਚੇ ਨਹੀਂ ਹੋਣੇ ਚਾਹੀਦੇ ਜਿਹੜੇ ਆਵਾਰਾਗਰਦ ਅਤੇ ਆਗਿਆਕਾਰ ਨਹੀਂ ਹਨ। 7 ਕਿਉਂਕਿ ਬਜ਼ੁਰਗ ਦਾ ਕੰਮ ਪਰਮੇਸ਼ੁਰ ਦੇ ਕਾਰਜ ਦੀ ਨਿਗਰਾਨੀ ਕਰਨਾ ਹੈ। ਇਸ ਲਈ ਲੋਕ ਇਹ ਨਾ ਆਖ ਸੱਕਣ ਕਿ ਉਹ ਗਲਤ ਢੰਗ ਨਾਲ ਜਿਉਂ ਰਿਹਾ ਹੈ। ਉਹ ਅਜਿਹਾ ਵਿਅਕਤੀ ਨਹੀਂ ਹੋਣਾ ਚਾਹੀਦਾ ਜਿਹੜਾ ਹੰਕਾਰੀ ਅਤੇ ਖੁਦਗਰਜ਼ ਹੈ ਅਤੇ ਛੇਤੀ ਗੁੱਸੇ ਵਿੱਚ ਆ ਜਾਂਦਾ ਹੈ। ਉਸ ਨੂੰ ਪਿਆਕੜ ਨਹੀਂ ਹੋਣਾ ਚਾਹੀਦਾ। ਉਸ ਨੂੰ ਝਗੜਾਲੂ ਨਹੀਂ ਹੋਣਾ ਚਾਹੀਦਾ ਉਹ ਅਜਿਹਾ ਵਿਅਕਤੀ ਨਹੀਂ ਹੋਣਾ ਚਾਹੀਦਾ ਜਿਹੜਾ ਹਮੇਸ਼ਾ ਹੋਰਾਂ ਨੂੰ ਧੋਖਾ ਦੇਕੇ ਅਮੀਰ ਬਣਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। 8 ਬਜ਼ੁਰਗ ਨੂੰ ਹਮੇਸ਼ਾ ਅਜਨਬੀਆਂ ਦਾ ਆਪਣੇ ਘਰ ਵਿੱਚ ਸਵਾਗਤ ਕਰਨ ਦਾ ਇੱਛੁਕ ਹੋਣਾ ਚਾਹੀਦਾ ਹੈ। ਉਸ ਨੂੰ ਚਾਹੀਦਾ ਹੈ ਕਿ ਚੰਗਿਆਈ ਨੂੰ ਪਿਆਰ ਕਰੇ। ਉਸ ਨੂੰ ਸਿਆਣਾ ਹੋਣਾ ਚਾਹੀਦਾ ਹੈ। ਉਸ ਨੂੰ ਸਹੀ ਢੰਗ ਨਾਲ ਜਿਉਣ ਵਾਲਾ ਹੋਣਾ ਚਾਹੀਦਾ ਹੈ। ਉਸ ਨੂੰ ਪਵਿੱਤਰ ਹੋਣਾ ਚਾਹੀਦਾ ਹੈ। ਅਤੇ ਉਸ ਨੂੰ ਖੁਦ ਉੱਪਰ ਕਾਬੂ ਕਰਨ ਦੇ ਯੋਗ ਹੋਣਾ ਚਾਹੀਦਾ ਹੈ। 9 ਬਜ਼ੁਰਗ ਨੂੰ ਵਫ਼ਾਦਾਰੀ ਨਾਲ ਸੱਚ ਦਾ ਅਨੁਸਰਣ ਕਰਨਾ ਚਾਹੀਦਾ ਹੈ ਜਿਵੇਂ ਅਸੀਂ ਇਸਦਾ ਉਪਦੇਸ਼ ਦਿੰਦੇ ਹਾਂ। ਬਜ਼ੁਰਗ ਨੂੰ ਸੱਚੇ ਉਪਦੇਸ਼ ਨਾਲ ਲੋਕਾਂ ਦੀ ਸਹਾਇਤਾ ਕਰਨ ਯੋਗ ਹੋਣਾ ਚਾਹੀਦਾ ਹੈ। ਉਸ ਨੂੰ ਲੋਕਾਂ ਨੂੰ ਇਹ ਵਿਖਾਉਣ ਯੋਗ ਹੋਣਾ ਚਾਹੀਦਾ ਹੈ ਕਿ ਕੌਣ ਸੱਚੇ ਉਪਦੇਸ਼ ਦੇ ਵਿਰੁੱਧ ਹਨ ਅਤੇ ਉਹ ਕਿੱਥੇ ਗਲਤ ਹਨ।
10 ਬਹੁਤ ਸਾਰੇ ਅਜਿਹੇ ਲੋਕ ਹਨ ਜਿਹੜੇ ਆਗਿਆ ਪਾਲਣ ਤੋਂ ਇਨਕਾਰੀ ਹਨ ਉਹ ਲੋਕ ਜਿਹੜੇ ਫ਼ਜ਼ੂਲ ਗੱਲਾਂ ਕਰਦੇ ਹਨ ਅਤੇ ਹੋਰਾਂ ਲੋਕਾਂ ਨੂੰ ਗਲਤ ਰਾਹ ਪਾਉਂਦੇ ਹਨ। ਮੈਂ ਖਾਸੱਕਰ ਉਨ੍ਹਾਂ ਲੋਕਾਂ ਦੀ ਗੱਲ ਕਰ ਰਿਹਾ ਹਾਂ ਜਿਹੜੇ ਇਹ ਆਖਦੇ ਹਨ ਕਿ ਸਾਰੇ ਗੈਰ ਯਹੂਦੀ ਲੋਕਾਂ ਦੀ ਸੁੰਨਤ ਹੋਣੀ ਚਹੀਦੀ ਹੈ। 11 ਇੱਕ ਬਜ਼ੁਰਗ ਨੂੰ ਇਹ ਵਿਖਾਉਣ ਯੋਗ ਹੋਣਾ ਚਾਹੀਦਾ ਹੈ ਕਿ ਜੋ ਉਪਦੇਸ਼ ਉਹ ਲੋਕ ਦਿੰਦੇ ਹਨ ਉਹ ਗਲਤ ਹਨ ਅਤੇ ਉਨ੍ਹਾਂ ਨੂੰ ਉਹੋ ਜਿਹੇ ਉਪਦੇਸ਼ ਦੇਣ ਤੋਂ ਰੋਕਣ ਦੇ ਕਾਬਿਲ ਹੋਣਾ ਚਾਹੀਦਾ ਹੈ। ਉਹ ਲੋਕ ਉਨ੍ਹਾਂ ਗੱਲਾਂ ਦੇ ਉਪਦੇਸ਼ ਦੇ ਕੇ, ਜਿਹੜੇ ਉਨ੍ਹਾਂ ਨੂੰ ਨਹੀਂ ਦੇਣੇ ਚਾਹੀਦੇ, ਪੂਰੇ ਪਰਿਵਾਰਾਂ ਨੂੰ ਨਸ਼ਟ ਕਰ ਰਹੇ ਹਨ। ਉਹ ਉਪਦੇਸ਼ ਕੇਵਲ ਲੋਕਾਂ ਨੂੰ ਧੋਖਾ ਦੇਣ ਅਤੇ ਪੈਸਾ ਕਮਾਉਣ ਲਈ ਦਿੰਦੇ ਹਨ। 12 ਉਨ੍ਹਾਂ ਦੇ ਇੱਕ ਆਪਣੇ ਨਬੀ ਕਰੇਤੀ ਨੇ ਆਖਿਆ ਹੈ, “ਕਰੇਤੀ ਦੇ ਨਿਵਾਸੀ ਹਮੇਸ਼ਾ ਝੂਠੇ ਹਨ। ਉਹ ਭੈੜੇ ਪਸ਼ੂ ਅਤੇ ਨਿਕੰਮੇ ਹਨ ਜਿਹੜੇ ਖਾਣ ਤੋਂ ਸਿਵਾ ਕੁਝ ਵੀ ਨਹੀਂ ਕਰਦੇ।” 13 ਜਿਹੜੇ ਸ਼ਬਦ ਉਸ ਨਬੀ ਨੇ ਆਖੇ ਹਨ ਉਹ ਸੱਚੇ ਹਨ। ਇਸ ਲਈ ਉਨ੍ਹਾਂ ਲੋਕਾਂ ਨੂੰ ਦੱਸੋ ਕਿ ਉਹ ਗਲਤ ਹਨ। ਤੁਹਾਨੂੰ ਉਨ੍ਹਾਂ ਨਾਲ ਸਖਤ ਹੋਣਾ ਚਾਹੀਦਾ, ਤਾਂ ਹੀ ਉਹ ਸੱਚੀ ਨਿਹਚਾ ਦਾ ਅਨੁਸਰਣ ਕਰਣਗੇ। 14 ਫ਼ੇਰ ਉਹ ਲੋਕ ਯਹੂਦੀ ਕਹਾਣੀਆਂ ਤੇ ਵਿਸ਼ਵਾਸ ਕਰਨਾ ਬੰਦ ਕਰ ਦੇਣਗੇ, ਅਤੇ ਉਹ ਉਨ੍ਹਾਂ ਲੋਕਾਂ ਦੇ ਆਦੇਸ਼ਾਂ ਨੂੰ ਮੰਨਣੋਂ ਹਟ ਜਾਣਗੇ ਜਿਹੜੇ ਸੱਚ ਦੀ ਪ੍ਰਵਾਹ ਨਹੀਂ ਕਰਦੇ।
15 ਸ਼ੁੱਧ ਲੋਕਾਂ ਲਈ ਸਭ ਕੁਝ ਸ਼ੁੱਧ ਹੈ, ਪਰ ਜਿਹੜੇ ਲੋਕ ਪਾਪ ਨਾਲ ਭਰਪੂਰ ਹਨ ਅਤੇ ਨਿਹਚਾ ਨਹੀਂ ਰੱਖਦੇ, ਉਨ੍ਹਾਂ ਲਈ ਕੁਝ ਵੀ ਸ਼ੁੱਧ ਨਹੀਂ ਹੈ। ਅਸਲ ਵਿੱਚ, ਉਨ੍ਹਾਂ ਦੀ ਸੋਚ ਦੁਸ਼ਟ ਹੋ ਗਈ ਹੈ ਅਤੇ ਉਨ੍ਹਾਂ ਦੀ ਸਹੀ ਨੂੰ ਜਾਨਣ ਦੀ ਯੋਗਤਾ ਨਸ਼ਟ ਹੋ ਚੁੱਕੀ ਹੈ। 16 ਉਹ ਲੋਕ ਆਖਦੇ ਹਨ ਕਿ ਉਹ ਪਰਮੇਸ਼ੁਰ ਨੂੰ ਜਾਣਦੇ ਹਨ। ਪਰ ਜਿਹੜੇ ਮੰਦੇ ਕੰਮ ਕਰਦੇ ਹਨ ਉਨ੍ਹਾਂ ਤੋਂ ਪਤਾ ਚੱਲਦਾ ਹੈ ਜੋ ਕਿ ਉਹ ਪਰਮੇਸ਼ੁਰ ਨੂੰ ਦਿਲੋਂ ਪ੍ਰਵਾਨ ਨਹੀਂ ਕਰਦੇ। ਉਹ ਬੜੇ ਭਿਆਨਕ ਲੋਕ ਹਨ ਉਹ ਆਗਿਆ ਪਾਲਣ ਤੋਂ ਇਨਕਾਰੀ ਹਨ ਅਤੇ ਉਹ ਕਿਸੇ ਤਰ੍ਹਾਂ ਦਾ ਵੀ ਚੰਗਾ ਕੰਮ ਕਰਨ ਦੇ ਕਾਬਿਲ ਨਹੀਂ ਹਨ।
2010 by World Bible Translation Center