Revised Common Lectionary (Complementary)
ਪਰਮੇਸ਼ੁਰ ਇਸਰਾਏਲ ਨੂੰ ਮੁਕਤ ਕਰਨ ਲਈ ਖੋਰੁਸ ਨੂੰ ਚੁਣਦਾ ਹੈ
45 ਇਹ ਉਹ ਗੱਲਾਂ ਹਨ ਜਿਹੜੀਆਂ ਯਹੋਵਾਹ ਆਪਣੇ ਚੁਣੇ ਹੋਏ ਰਾਜੇ, ਖੋਰੁਸ, ਬਾਰੇ ਆਖਦਾ ਹੈ।
“ਮੈਂ ਖੋਰੁਸ ਦਾ ਸੱਜਾ ਹੱਥ ਫ਼ੜਾਂਗਾ।
ਮੈਂ ਰਾਜਿਆਂ ਕੋਲੋਂ ਸ਼ਕਤੀ ਖੋਹਣ ਵਿੱਚ ਉਸਦੀ ਸਹਾਇਤਾ ਕਰਾਂਗਾ।
ਸ਼ਹਿਰ ਦੇ ਦਰਵਾਜ਼ੇ ਖੋਰੁਸ ਨੂੰ ਨਹੀਂ ਰੋਕਣਗੇ।
ਮੈਂ ਸ਼ਹਿਰ ਦੇ ਦਰਵਾਜ਼ੇ ਖੋਲ੍ਹ ਦਿਆਂਗਾ, ਅਤੇ ਖੋਰੁਸ ਅੰਦਰ ਚੱਲਾ ਜਾਵੇਗਾ।”
2 “ਖੋਰੁਸ ਤੇਰੀਆਂ ਫੌਜਾਂ ਧਾਵਾ ਬੋਲਣਗੀਆਂ ਅਤੇ ਮੈਂ ਤੇਰੇ ਅੱਗੇ ਚੱਲਾਂਗਾ।
ਮੈਂ ਪਰਬਤਾਂ ਨੂੰ ਪੱਧਰਾ ਕਰ ਦਿਆਂਗਾ।
ਮੈਂ ਸ਼ਹਿਰ ਦੇ ਤਾਂਬੇ ਦੇ ਦਰਵਾਜ਼ਿਆਂ ਨੂੰ ਭੰਨ ਦਿਆਂਗਾ।
ਮੈਂ ਦਰਵਾਜ਼ਿਆਂ ਤੇ ਲੱਗੀਆਂ ਲੋਹੇ ਦੀਆਂ ਛੜਾਂ ਨੂੰ ਤੋੜ ਦਿਆਂਗਾ।
3 ਮੈਂ ਤੈਨੂੰ ਦੌਲਤ ਦਿਆਂਗਾ, ਜਿਹੜੀ ਹਨੇਰੇ ਵਿੱਚ ਬਚਾ ਕੇ ਰੱਖੀ ਗਈ ਹੈ।
ਮੈਂ ਤੈਨੂੰ ਉਹ ਲੁਕਵੀਆਂ ਦੌਲਤਾਂ ਦਿਆਂਗਾ।
ਮੈਂ ਇਹ ਇਸ ਲਈ ਕਰਾਂਗਾ ਤਾਂ ਜੋ ਤੂੰ ਜਾਣ ਜਾਵੇਂ ਕਿ ਮੈਂ ਹੀ ਯਹੋਵਾਹ ਹਾਂ।
ਮੈਂ ਇਸਰਾਏਲ ਦਾ ਪਰਮੇਸ਼ੁਰ ਹਾਂ, ਅਤੇ ਮੈਂ ਤੈਨੂੰ ਤੇਰਾ ਨਾਮ ਲੈ ਕੇ ਬੁਲਾ ਰਿਹਾ ਹਾਂ!
4 ਇਹ ਗੱਲਾਂ ਮੈਂ ਆਪਣੇ ਸੇਵਕ ਯਾਕੂਬ ਲਈ ਕਰ ਰਿਹਾ ਹਾਂ।
ਮੈਂ ਇਹ ਗੱਲਾਂ ਕਰਦਾ ਹਾਂ ਆਪਣੇ ਚੁਣੇ ਹੋਏ ਲੋਕਾਂ ਲਈ, ਇਸਰਾਏਲ ਲਈ।
(ਖੋਰੁਸ) ਮੈਂ ਤੈਨੂੰ ਤੇਰਾ ਨਾਮ ਲੈ ਕੇ ਬੁਲਾ ਰਿਹਾ ਹਾਂ।
ਤੂੰ ਮੈਨੂੰ ਨਹੀਂ ਜਾਣਦਾ।
ਪਰ ਮੈਂ ਤੈਨੂੰ ਤੇਰਾ ਨਾਮ ਲੈ ਕੇ ਬੁਲਾ ਰਿਹਾ ਹਾਂ।
5 ਮੈਂ ਯਹੋਵਾਹ ਹਾਂ! ਮੈਂ ਹੀ ਇੱਕ ਪਰਮੇਸ਼ੁਰ ਹਾਂ।
ਇੱਥੇ ਹੋਰ ਕੋਈ ਪਰਮੇਸ਼ੁਰ ਨਹੀਂ ਹੈ।
ਮੈਂ ਤੈਨੂੰ ਤਾਕਤਵਰ ਬਣਾਵਾਂਗਾ,
ਭਾਵੇਂ ਤੂੰ ਮੈਨੂੰ ਨਹੀਂ ਜਾਣਦਾ।
6 ਮੈਂ ਇਹ ਗੱਲਾਂ ਇਸ ਲਈ ਕਰ ਰਿਹਾ ਹਾਂ ਤਾਂ ਜੋ ਸਾਰੇ ਲੋਕ ਜਾਣ ਲੈਣ
ਕਿ ਮੈਂ ਹੀ ਇੱਕੋ ਇੱਕ ਪਰਮੇਸ਼ੁਰ ਹਾਂ।
ਪੂਰਬ ਤੋਂ ਪੱਛਮ ਤੱਕ ਲੋਕ ਜਾਣ ਲੈਣਗੇ ਕਿ ਮੈਂ ਹੀ ਯਹੋਵਾਹ ਹਾਂ,
ਅਤੇ ਇੱਥੇ ਹੋਰ ਕੋਈ ਪਰਮੇਸ਼ੁਰ ਨਹੀਂ ਹੈ।
7 ਮੈਂ ਨੂਰ ਨੂੰ ਸਾਜਿਆ ਸੀ ਅਤੇ ਮੈਂ ਹਨੇਰੇ ਨੂੰ ਸਾਜਿਆ ਸੀ।
ਮੈਂ ਅਮਨ ਸਥਾਪਿਤ ਕਰਦਾ ਹਾਂ, ਅਤੇ ਮੈਂ ਹੀ ਮੁਸੀਬਤਾਂ ਪੈਦਾ ਕਰਦਾ ਹਾਂ।
ਮੈਂ ਹੀ ਯਹੋਵਾਹ ਹਾਂ-ਅਤੇ ਮੈਂ ਹੀ ਇਹ ਸਾਰੀਆਂ ਗੱਲਾਂ ਕਰਦਾ ਹਾਂ।
96 ਉਨ੍ਹਾਂ ਨਵੀਆਂ ਗੱਲਾਂ ਬਾਰੇ ਇੱਕ ਨਵਾਂ ਗੀਤ ਗਾਵੋ ਜੋ ਯਹੋਵਾਹ ਨੇ ਕੀਤੀਆਂ ਹਨ।
ਸਾਰੀ ਦੁਨੀਆਂ ਪਰਮੇਸ਼ੁਰ ਲਈ ਗੀਤ ਗਾਵੇ।
2 ਪਰਮੇਸੁਰ ਨੂੰ ਗਾਵੋ। ਉਸ ਦੇ ਨਾਮ ਨੂੰ ਅਸੀਸ ਦਿਉ।
ਖੁਸ਼ਖਬਰੀ ਦੱਸੋ। ਹਰ ਰੋਜ਼ ਉਸਦੀ ਮੁਕਤੀ ਬਾਰੇ ਦੱਸੋ।
3 ਲੋਕਾਂ ਨੂੰ ਦੱਸੋ ਕਿ ਪਰਮੇਸ਼ੁਰ ਸੱਚਮੁੱਚ ਕਿੰਨਾ ਗੌਰਵਮਈ ਹੈ।
ਹਰ ਥਾਂ ਲੋਕਾਂ ਨੂੰ ਪਰਮੇਸ਼ੁਰ ਦੇ ਚਮਤਕਾਰਾਂ ਬਾਰੇ ਦੱਸੋ।
4 ਯਹੋਵਾਹ ਮਹਾਨ ਹੈ ਅਤੇ ਉਸਤਤਿ ਯੋਗ ਹੈ।
ਉਹ ਹੋਰ ਕਿਸੇ ਵੀ “ਦੇਵਤਿਆਂ” ਨਾਲੋਂ ਵੱਧੇਰੇ ਭਰਮ ਭਰਿਆ ਹੈ।
5 ਪਰਾਈਆਂ ਕੌਮਾਂ ਦੇ ਸਾਰੇ “ਦੇਵਤੇ” ਵਿਅਰਥ ਹਨ।
ਪਰ ਯਹੋਵਾਹ ਨੇ ਸਵਰਗਾ ਦੀ ਸਾਜਨਾ ਕੀਤੀ।
6 ਉਸ ਦੇ ਸਾਹਮਣੇ ਖੂਬਸੂਰਤ ਮਹਿਮਾ ਚਮਕ ਰਹੀ ਹੈ।
ਤਾਕਤ ਅਤੇ ਸੂਰਜ ਪਰਮੇਸ਼ੁਰ ਦੇ ਪਵਿੱਤਰ ਮੰਦਰਾਂ ਵਿੱਚ ਹੈ।
7 ਪਰਿਵਾਰੋ ਅਤੇ ਕੌਮੋ ਉਸਤਤਿ ਦੇ
ਅਤੇ ਯਹੋਵਾਹ ਦੀ ਮਹਿਮਾ ਦੇ ਗੀਤ ਗਾਵੋ।
8 ਯਹੋਵਾਹ ਦੇ ਨਾਮ ਦੀ ਉਸਤਤਿ ਕਰੋ
ਆਪਣੇ ਚੜ੍ਹਾਵੇ ਲੈ ਕੇ ਮੰਦਰ ਵੱਲ ਜਾਵੋ।
9 ਯਹੋਵਾਹ ਦੀ ਉਪਾਸਨਾ ਉਸ ਦੇ ਸੁੰਦਰ ਮੰਦਰ ਵਿੱਚ ਕਰੋ,
ਧਰਤੀ ਦੇ ਹਰੇਕ ਵਾਸੀ ਯਹੋਵਾਹ ਦੀ ਉਪਾਸਨਾ ਕਰੀਂ।
10 ਕੌਮਾਂ ਨੂੰ ਐਲਾਨ ਕਰ ਦਿਉ ਕਿ ਯਹੋਵਾਹ ਰਾਜਾ ਹੈ।
ਇਸ ਲਈ ਦੁਨੀਆਂ ਤਬਾਹ ਨਹੀਂ ਹੋਵੇਗੀ,
ਯਹੋਵਾਹ ਬੇਲਾਗ ਹੋਕੇ ਲੋਕਾਂ ਉੱਤੇ ਰਾਜ ਕਰੇਗਾ।
11 ਹੇ ਅਕਾਸ਼ ਖੁਸ਼ ਹੋ, ਹੇ ਧਰਤੀ ਖੁਸ਼ੀ ਮਨਾ।
ਹੇ ਸਮੁੰਦਰ ਅਤੇ ਇਸ ਵਿੱਚਲੀ ਹਰ ਸ਼ੈਅ ਦੀਆਂ ਕਿਲਕਾਰੀਆਂ ਮਾਰੋ।
12 ਹੇ ਖੇਤੋਂ ਅਤੇ ਉਨ੍ਹਾਂ ਵਿੱਚ ਉੱਗਣ ਵਾਲੀ ਹਰ ਸ਼ੈਅ, ਖੁਸ਼ ਹੋਵੋ।
ਹੇ ਜੰਗਲ ਦੇ ਰੁੱਖੋ ਗਾਵੋ ਅਤੇ ਖੁਸ਼ ਹੋਵੋ।
13 ਇਸ ਗੱਲ ਲਈ ਖੁਸ਼ ਹੋਵੋ ਕਿ ਯਹੋਵਾਹ ਆ ਰਿਹਾ ਹੈ,
ਯਹੋਵਾਹ ਦੁਨੀਆਂ ਉੱਤੇ ਰਾਜ ਕਰਨ ਲਈ ਆ ਰਿਹਾ ਹੈ।
ਉਹ ਦੁਨੀਆਂ ਉੱਤੇ ਇਨਸਾਫ਼ ਅਤੇ ਨਿਰਪੱਖਤਾ ਨਾਲ ਰਾਜ ਕਰੇਗਾ।
1 ਪੌਲੁਸ, ਸਿਲਵਾਨੁਸ ਅਤੇ ਤਿਮੋਥਿਉਸ ਵੱਲੋਂ ਥੱਸਲੁਨੀਕੀਆਂ ਦੀ ਕਲੀਸਿਯਾ ਨੂੰ ਸ਼ੁਭਕਾਮਾਨਾਵਾਂ। ਉਹ ਕਲੀਸਿਯਾ ਪਰਮੇਸ਼ੁਰ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਦੇ ਨਮਿੱਤ ਹੈ।
ਪਰਮੇਸ਼ੁਰ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਦੇਵੇ।
ਥੱਸਲੁਨੀਕੀਆਂ ਦਾ ਜੀਵਨ ਅਤੇ ਵਿਸ਼ਵਾਸ
2 ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਤਾਂ ਹਮੇਸ਼ਾ ਤੁਹਾਨੂੰ ਯਾਦ ਕਰਦੇ ਹਾਂ ਅਤੇ ਤੁਹਾਡੇ ਸਾਰਿਆਂ ਲਈ ਅਸੀਂ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ, 3 ਜਦੋਂ ਅਸੀਂ ਪਰਮੇਸ਼ੁਰ ਆਪਣੇ ਪਿਤਾ ਅੱਗੇ ਪ੍ਰਾਰਥਨਾ ਕਰਦੇ ਹਾਂ। ਅਸੀਂ ਹਮੇਸ਼ਾ ਉਨ੍ਹਾਂ ਗੱਲਾਂ ਲਈ ਜਿਹੜੀਆਂ ਤੁਸੀਂ ਆਪਣੇ ਵਿਸ਼ਵਾਸ ਰਾਹੀਂ ਕੀਤੀਆਂ ਹਨ, ਧੰਨਵਾਦ ਕਰਦੇ ਹਾਂ। ਅਤੇ ਉਸ ਕੰਮ ਲਈ ਜਿਹੜਾ ਤੁਸੀਂ ਆਪਣੇ ਪਿਆਰ ਸਦਕਾ ਕੀਤਾ ਹੈ ਧੰਨਵਾਦ ਕਰਦੇ ਹਾਂ। ਅਸੀਂ ਉਸਦਾ ਧੰਨਵਾਦ ਕਰਦੇ ਹਾਂ ਕਿਉਂਕਿ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਵਿੱਚ ਆਪਣੀ ਆਸ ਲਈ ਮਜਬੂਤ ਹੋ।
4 ਭਰਾਵੋ ਅਤੇ ਭੈਣੋ ਪਰਮੇਸ਼ੁਰ ਤੁਹਾਨੂੰ ਪਿਆਰ ਕਰਦਾ ਹੈ। ਅਤੇ ਅਸੀਂ ਜਾਣਦੇ ਹਾਂ ਕਿ ਉਸ ਨੇ ਤੁਹਾਨੂੰ ਆਪਣੇ ਲੋਕ ਬਨਾਉਣ ਲਈ ਚੁਣਿਆ ਹੈ। 5 ਅਸੀਂ ਤੁਹਾਡੇ ਲਈ ਖੁਸ਼ਖਬਰੀ ਲਿਆਂਦੀ। ਪਰ ਅਸੀਂ ਸਿਰਫ਼ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ। ਅਸੀਂ ਉਸ ਖੁਸ਼ਖਬਰੀ ਨੂੰ ਸ਼ਕਤੀ ਨਾਲ ਲਿਆਂਦਾ ਅਸੀਂ ਇਸ ਨੂੰ ਪਵਿੱਤਰ ਆਤਮਾ ਦੇ ਨਾਲ ਲਿਆਂਦਾ ਅਤੇ ਵੱਧ ਨਿਸ਼ਚਿਤਤਾ ਨਾਲ ਕਿ ਇਹ ਸੱਚ ਸੀ। ਤੁਸੀਂ ਇਹ ਵੀ ਜਾਣਦੇ ਹੋ ਕਿ ਜਦੋਂ ਅਸੀਂ ਤੁਹਾਡੇ ਨਾਲ ਸਾਂ ਅਸੀਂ ਕਿਵੇਂ ਰਹਿੰਦੇ ਸਾਂ। ਅਸੀਂ ਉਸ ਤਰ੍ਹਾਂ ਤੁਹਾਡੀ ਸਹਾਇਤਾ ਕਰਨ ਲਈ ਤਿਆਰ ਜਿਉਂ ਰਹੇ ਸਾਂ। 6 ਇਸ ਲਈ ਤੁਸੀਂ ਸਾਡੇ ਅਤੇ ਪ੍ਰਭੂ ਵਰਗੇ ਬਣ ਗਏ। ਤੁਸੀਂ ਬਹੁਤ ਮੁਸ਼ਕਿਲਾਂ ਰਾਹੀਂ ਗੁਜਰੇ ਪਰ ਫ਼ੇਰ ਵੀ ਤੁਸੀਂ ਉਪਦੇਸ਼ ਨੂੰ ਖੁਸ਼ੀ ਨਾਲ ਪ੍ਰਵਾਨ ਕੀਤਾ ਇਹ ਖੁਸ਼ੀ ਤੁਹਾਨੂੰ ਪਵਿੱਤਰ ਆਤਮਾ ਨੇ ਦਿੱਤੀ।
7 ਤੁਸੀਂ ਮਕਦੂਨਿਯਾ ਅਤੇ ਅਖਾਯਾ ਦੇ ਸਮੂਹ ਸ਼ਰਧਾਲੂਆਂ ਲਈ ਇੱਕ ਮਿਸਾਲ ਬਣ ਗਏ। 8 ਤੁਹਾਡੇ ਰਾਹੀਂ ਪ੍ਰਭੂ ਦੇ ਉਪਦੇਸ਼ ਮਕਦੂਨਿਯਾ ਅਤੇ ਅਖਾਯਾ ਵਿੱਚ ਫ਼ੈਲ ਗਏ। ਅਤੇ ਤੁਹਾਡਾ ਪਰੇਸ਼ੁਰ ਵਿੱਚ ਵਿਸ਼ਵਾਸ ਵੀ ਹਰ ਥਾਂ ਮਸ਼ਹੂਰ ਹੋ ਗਿਆ। ਇਸ ਲਈ ਸਾਨੂੰ ਵਿਸ਼ਵਾਸ ਬਾਰੇ ਕੁਝ ਕਹਿਣ ਦੀ ਜ਼ਰੂਰਤ ਨਹੀਂ। 9 ਹਰ ਥਾਂ ਲੋਕੀ ਉਸ ਚੰਗੇ ਢੰਗ ਬਾਰੇ ਗੱਲਾਂ ਕਰਦੇ ਹਨ ਜਿਸ ਨਾਲ ਤੁਸੀਂ ਸਾਡਾ ਸੁਆਗਤ ਕੀਤਾ ਸੀ ਜਦੋਂ ਅਸੀਂ ਤੁਹਾਡੇ ਕੋਲ ਆਏ ਸੀ। ਉਹ ਲੋਕ ਦੱਸਦੇ ਹਨ ਕਿ ਕਿਵੇਂ ਤੁਸੀਂ ਮੂਰਤੀਆਂ ਦੀ ਪੂਜਾ ਛੱਡ ਦਿੱਤੀ ਅਤੇ ਜਿਉਂਦੇ ਅਤੇ ਸੱਚੇ ਪਰਮੇਸ਼ੁਰ ਦੀ ਸੇਵਾ ਕਰਨ ਲਈ ਬਦਲ ਗਏ। 10 ਤੁਸੀਂ ਮੂਰਤੀਆਂ ਦੀ ਪੂਜਾ ਛੱਡ ਕੇ ਪਰਮੇਸ਼ੁਰ ਦੇ ਪੁੱਤਰ ਦੀ ਸਵਰਗ ਵਿੱਚੋਂ ਆਮਦ ਨੂੰ ਉਡੀਕਣ ਲੱਗੇ। ਪਰਮੇਸ਼ੁਰ ਨੇ ਆਪਣੇ ਪੁੱਤਰ ਯਿਸੂ ਨੂੰ ਮੁਰਦੇ ਤੋਂ ਜਿਵਾਲਿਆ। ਯਿਸੂ ਹੀ ਹੈ ਜੋ ਸਾਨੂੰ ਪਰਮੇਸ਼ੁਰ ਦੇ ਗੁੱਸੇ ਤੋਂ ਬਚਾਵੇਗਾ ਜੋ ਕਿ ਆ ਰਿਹਾ ਹੈ।
ਕੁਝ ਯਹੂਦੀਆਂ ਨੇ ਯਿਸੂ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕੀਤੀ(A)
15 ਉਸਤੋਂ ਬਾਦ ਫ਼ਰੀਸੀ ਬਾਹਰ ਗਏ ਅਤੇ ਉਨ੍ਹਾਂ ਨੇ ਯਿਸੂ ਨੂੰ ਪ੍ਰਸ਼ਨਾਂ ਰਾਹੀਂ ਫ਼ਸਾਉਣ ਦਾ ਫ਼ੈਸਲਾ ਕੀਤਾ। 16 ਉਨ੍ਹਾਂ ਨੇ ਆਪਣੇ ਕੁਝ ਚੇਲਿਆਂ ਨੂੰ ਹੇਰੋਦੀਆਂ ਨਾਮੇ ਸਮੂਹ ਦੇ ਕੁਝ ਆਦਮੀਆਂ ਨਾਲ ਯਿਸੂ ਕੋਲ ਭੇਜਿਆ। ਇਨ੍ਹਾਂ ਆਦਮੀਆਂ ਨੇ ਆਖਿਆ, “ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਤੁਸੀਂ ਇੱਕ ਇਮਾਨਦਾਰ ਆਦਮੀ ਹੋ ਅਤੇ ਤੁਸੀਂ ਪਰਮੇਸ਼ੁਰ ਦੇ ਰਾਹ ਬਾਰੇ ਸੱਚਾਈ ਦਾ ਉਪਦੇਸ਼ ਦਿੰਦੇ ਹੋ। ਤੁਸੀਂ ਕਿਸੇ ਤੋਂ ਵੀ ਪ੍ਰਭਾਵਿਤ ਨਹੀਂ ਹੁੰਦੇ ਕਿਉਂਕਿ ਤੁਸੀਂ ਇਸ ਗੱਲ ਦੀ ਪ੍ਰਵਾਹ ਨਹੀਂ ਕਰਦੇ ਕਿ ਉਹ ਕੌਣ ਹਨ? 17 ਸੋ ਸਾਨੂੰ ਦੱਸੋ ਕਿ ਤੁਸੀਂ ਕੀ ਸੋਚਦੇ ਹੋ ਕੀ ਕੈਸਰ [a] ਨੂੰ ਮਸੂਲ ਦੇਣਾ ਨਿਆਂ ਅਨੁਸਾਰ ਹੈ ਜਾਂ ਨਹੀਂ?”
18 ਪਰ ਯਿਸੂ ਉਨ੍ਹਾਂ ਦੇ ਦੁਸ਼ਟ ਇਰਾਦਿਆਂ ਨੂੰ ਜਾਣਦਾ ਸੀ ਤਾਂ ਉਸ ਨੇ ਆਖਿਆ, “ਤੁਸੀਂ ਕਪਟੀ ਹੋ, ਤੁਸੀਂ ਮੈਨੂੰ ਫ਼ਸਾਉਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ? 19 ਜਿਹੜਾ ਸਿੱਕਾ ਤੁਸੀਂ ਮਹਿਸੂਲ ਦਿੰਦੇ ਹੋ ਮੈਨੂੰ ਵਿਖਾਓ।” ਤਦ ਉਹ ਇੱਕ ਚਾਂਦੀ ਦਾ ਸਿੱਕਾ ਉਸ ਕੋਲ ਲਿਆਏ। 20 ਤਾਂ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਇਸ ਉੱਪਰ ਇਹ ਮੂਰਤ ਅਤੇ ਲਿਖਤ ਕਿਸਦੀ ਹੈ?”
21 ਉਨ੍ਹਾਂ ਨੇ ਉੱਤਰ ਦਿੱਤਾ, “ਇਹ ਕੈਸਰ ਦੀ ਤਸਵੀਰ ਅਤੇ ਕੈਸਰ ਦਾ ਨਾਂ ਹੈ।”
ਤਦ ਉਸ ਨੇ ਉਨ੍ਹਾਂ ਨੂੰ ਆਖਿਆ, “ਤਾਂ ਫ਼ਿਰ ਜਿਹੜੀਆਂ ਵਸਤਾਂ ਕੈਸਰ ਦੀਆਂ ਹਨ ਉਹ ਕੈਸਰ ਨੂੰ ਦਿਉ ਅਤੇ ਜਿਹੜੀਆਂ ਵਸਤਾਂ ਪਰਮੇਸ਼ੁਰ ਦੀਆਂ ਹਨ ਉਹ ਪਰਮੇਸ਼ੁਰ ਨੂੰ ਦਿਉ।”
22 ਅਤੇ ਉਹ ਇਹ ਸੁਣਕੇ ਬੜੇ ਹੈਰਾਨ ਹੋਏ ਅਤੇ ਉਸ ਨੂੰ ਛੱਡ ਕੇ ਚੱਲੇ ਗਏ।
2010 by World Bible Translation Center