Revised Common Lectionary (Complementary)
96 ਉਨ੍ਹਾਂ ਨਵੀਆਂ ਗੱਲਾਂ ਬਾਰੇ ਇੱਕ ਨਵਾਂ ਗੀਤ ਗਾਵੋ ਜੋ ਯਹੋਵਾਹ ਨੇ ਕੀਤੀਆਂ ਹਨ।
ਸਾਰੀ ਦੁਨੀਆਂ ਪਰਮੇਸ਼ੁਰ ਲਈ ਗੀਤ ਗਾਵੇ।
2 ਪਰਮੇਸੁਰ ਨੂੰ ਗਾਵੋ। ਉਸ ਦੇ ਨਾਮ ਨੂੰ ਅਸੀਸ ਦਿਉ।
ਖੁਸ਼ਖਬਰੀ ਦੱਸੋ। ਹਰ ਰੋਜ਼ ਉਸਦੀ ਮੁਕਤੀ ਬਾਰੇ ਦੱਸੋ।
3 ਲੋਕਾਂ ਨੂੰ ਦੱਸੋ ਕਿ ਪਰਮੇਸ਼ੁਰ ਸੱਚਮੁੱਚ ਕਿੰਨਾ ਗੌਰਵਮਈ ਹੈ।
ਹਰ ਥਾਂ ਲੋਕਾਂ ਨੂੰ ਪਰਮੇਸ਼ੁਰ ਦੇ ਚਮਤਕਾਰਾਂ ਬਾਰੇ ਦੱਸੋ।
4 ਯਹੋਵਾਹ ਮਹਾਨ ਹੈ ਅਤੇ ਉਸਤਤਿ ਯੋਗ ਹੈ।
ਉਹ ਹੋਰ ਕਿਸੇ ਵੀ “ਦੇਵਤਿਆਂ” ਨਾਲੋਂ ਵੱਧੇਰੇ ਭਰਮ ਭਰਿਆ ਹੈ।
5 ਪਰਾਈਆਂ ਕੌਮਾਂ ਦੇ ਸਾਰੇ “ਦੇਵਤੇ” ਵਿਅਰਥ ਹਨ।
ਪਰ ਯਹੋਵਾਹ ਨੇ ਸਵਰਗਾ ਦੀ ਸਾਜਨਾ ਕੀਤੀ।
6 ਉਸ ਦੇ ਸਾਹਮਣੇ ਖੂਬਸੂਰਤ ਮਹਿਮਾ ਚਮਕ ਰਹੀ ਹੈ।
ਤਾਕਤ ਅਤੇ ਸੂਰਜ ਪਰਮੇਸ਼ੁਰ ਦੇ ਪਵਿੱਤਰ ਮੰਦਰਾਂ ਵਿੱਚ ਹੈ।
7 ਪਰਿਵਾਰੋ ਅਤੇ ਕੌਮੋ ਉਸਤਤਿ ਦੇ
ਅਤੇ ਯਹੋਵਾਹ ਦੀ ਮਹਿਮਾ ਦੇ ਗੀਤ ਗਾਵੋ।
8 ਯਹੋਵਾਹ ਦੇ ਨਾਮ ਦੀ ਉਸਤਤਿ ਕਰੋ
ਆਪਣੇ ਚੜ੍ਹਾਵੇ ਲੈ ਕੇ ਮੰਦਰ ਵੱਲ ਜਾਵੋ।
9 ਯਹੋਵਾਹ ਦੀ ਉਪਾਸਨਾ ਉਸ ਦੇ ਸੁੰਦਰ ਮੰਦਰ ਵਿੱਚ ਕਰੋ,
ਧਰਤੀ ਦੇ ਹਰੇਕ ਵਾਸੀ ਯਹੋਵਾਹ ਦੀ ਉਪਾਸਨਾ ਕਰੀਂ।
10 ਕੌਮਾਂ ਨੂੰ ਐਲਾਨ ਕਰ ਦਿਉ ਕਿ ਯਹੋਵਾਹ ਰਾਜਾ ਹੈ।
ਇਸ ਲਈ ਦੁਨੀਆਂ ਤਬਾਹ ਨਹੀਂ ਹੋਵੇਗੀ,
ਯਹੋਵਾਹ ਬੇਲਾਗ ਹੋਕੇ ਲੋਕਾਂ ਉੱਤੇ ਰਾਜ ਕਰੇਗਾ।
11 ਹੇ ਅਕਾਸ਼ ਖੁਸ਼ ਹੋ, ਹੇ ਧਰਤੀ ਖੁਸ਼ੀ ਮਨਾ।
ਹੇ ਸਮੁੰਦਰ ਅਤੇ ਇਸ ਵਿੱਚਲੀ ਹਰ ਸ਼ੈਅ ਦੀਆਂ ਕਿਲਕਾਰੀਆਂ ਮਾਰੋ।
12 ਹੇ ਖੇਤੋਂ ਅਤੇ ਉਨ੍ਹਾਂ ਵਿੱਚ ਉੱਗਣ ਵਾਲੀ ਹਰ ਸ਼ੈਅ, ਖੁਸ਼ ਹੋਵੋ।
ਹੇ ਜੰਗਲ ਦੇ ਰੁੱਖੋ ਗਾਵੋ ਅਤੇ ਖੁਸ਼ ਹੋਵੋ।
13 ਇਸ ਗੱਲ ਲਈ ਖੁਸ਼ ਹੋਵੋ ਕਿ ਯਹੋਵਾਹ ਆ ਰਿਹਾ ਹੈ,
ਯਹੋਵਾਹ ਦੁਨੀਆਂ ਉੱਤੇ ਰਾਜ ਕਰਨ ਲਈ ਆ ਰਿਹਾ ਹੈ।
ਉਹ ਦੁਨੀਆਂ ਉੱਤੇ ਇਨਸਾਫ਼ ਅਤੇ ਨਿਰਪੱਖਤਾ ਨਾਲ ਰਾਜ ਕਰੇਗਾ।
ਮੀਕਾਹ ਦੇ ਬੁੱਤ
17 ਇੱਕ ਆਦਮੀ ਸੀ ਜਿਸਦਾ ਨਾਮ ਸੀ ਮੀਕਾਹ ਜਿਹੜਾ ਇਫ਼ਰਾਈਮ ਦੇ ਪਹਾੜੀ ਪ੍ਰਦੇਸ਼ ਵਿੱਚ ਰਹਿੰਦਾ ਸੀ। 2 ਮੀਕਾਹ ਨੇ ਆਪਣੀ ਮਾਂ ਨੂੰ ਆਖਿਆ, “ਕੀ ਤੈਨੂੰ ਚੇਤੇ ਹੈ ਕਿ ਕਿਸੇ ਨੇ ਤੇਰੀ 28 ਪੌਂਡ ਚਾਂਦੀ ਚੁਰਾ ਲਈ ਸੀ। ਮੈਂ ਉਸ ਬਾਰੇ ਤੈਨੂੰ ਇੱਕ ਸਰਾਪ ਦਿੰਦਿਆਂ ਸੁਣਿਆ ਸੀ। ਅੱਛਾ, ਮੇਰੇ ਕੋਲ ਉਹ ਚਾਂਦੀ ਹੈ। ਇਹ ਮੈਂ ਚੁਰਾਈ ਸੀ।”
ਉਸਦੀ ਮਾਂ ਨੇ ਆਖਿਆ, “ਯਹੋਵਾਹ ਤੇਰਾ ਭਲਾ ਕਰੇ, ਮੇਰੇ ਪੁੱਤਰ।”
3 ਮੀਕਾਹ ਨੇ ਆਪਣੀ ਮਾਂ ਨੂੰ ਉਹ 28 ਪੌਂਡ ਚਾਂਦੀ ਵਾਪਸ ਕਰ ਦਿੱਤੀ। ਫ਼ੇਰ ਉਸ ਨੇ ਆਖਿਆ, “ਮੈਂ ਇਹ ਚਾਂਦੀ ਯਹੋਵਾਹ ਨੂੰ ਖਾਸ ਸੁਗਾਤ ਵਜੋਂ ਭੇਟ ਕਰਾਂਗੀ। ਮੈਂ ਇਹ ਆਪਨੇ ਪੁੱਤਰ ਨੂੰ ਦੇ ਦਿਆਂਗੀ ਤਾਂ ਜੋ ਉਹ ਇੱਕ ਬੁੱਤ ਬਣਾ ਸੱਕੇ ਅਤੇ ਇਸ ਚਾਂਦੀ ਨਾਲ ਉਸ ਨੂੰ ਢੱਕ ਸੱਕੇ। ਇਸ ਲਈ ਪੁੱਤਰ, ਹੁਣ ਮੈਂ ਇਹ ਚਾਂਦੀ ਤੈਨੂੰ ਵਾਪਸ ਦਿੰਦੀ ਹਾਂ।”
4 ਪਰ ਮੀਕਾਹ ਨੇ ਉਹ ਚਾਂਦੀ ਆਪਣੀ ਮਾਂ ਨੂੰ ਵਾਪਸ ਕਰ ਦਿੱਤੀ। ਇਸ ਲਈ ਉਸ ਨੇ ਤਕਰੀਬਨ 5 ਪੌਂਡ ਚਾਂਦੀ ਲੈ ਕੇ ਇੱਕ ਚਾਂਦੀ ਦੇ ਗਹਿਣੇ ਬਨਾਉਣ ਵਾਲੇ ਨੂੰ ਦੇ ਦਿੱਤੀ। ਚਾਂਦੀ ਦੇ ਗਹਿਣੇ ਬਨਾਉਣ ਵਾਲੇ ਨੇ ਇੱਕ ਮੂਰਤੀ ਬਣਾਕੇ ਇਸ ਨੂੰ ਚਾਂਦੀ ਨਾਲ ਢੱਕ ਦਿੱਤਾ। ਫ਼ੇਰ ਮੀਕਾਹ ਦੀ ਮਾਂ ਨੇ ਇਸ ਨੂੰ ਮੀਕਾਹ ਦੇ ਘਰ ਰੱਖ ਦਿੱਤਾ ਗਿਆ। 5 ਮੀਕਾਹ ਦੇ ਘਰ ਬੁੱਤਾਂ ਦੀ ਉਪਾਸਨਾ ਕਰਨ ਵਾਲਾ ਇੱਕ ਮੰਦਰ ਸੀ। ਉਸ ਨੇ ਇੱਕ ਏਫ਼ੋਦ ਅਤੇ ਕੁਝ ਘਰੋਗੀ ਬੁੱਤ ਬਣਾਏ। ਫ਼ੇਰ ਮੀਕਾਹ ਨੇ ਆਪਣੇ ਪੁੱਤਰਾਂ ਵਿੱਚੋਂ ਇੱਕ ਨੂੰ ਆਪਣਾ ਜਾਜਕ ਬਣਾਇਆ। 6 (ਉਸ ਸਮੇਂ ਇਸਰਾਏਲ ਦੇ ਲੋਕਾਂ ਦਾ ਕੋਈ ਰਾਜਾ ਨਹੀਂ ਸੀ ਹੁੰਦਾ। ਇਸ ਲਈ ਹਰ ਬੰਦਾ ਉਹੀ ਕਰਦਾ ਸੀ ਜਿਸ ਨੂੰ ਉਹ ਠੀਕ ਸਮਝਦਾ ਸੀ।)
9 ਮੈਂ ਕਲੀਸਿਯਾ ਨੂੰ ਖਤ ਲਿਖਿਆ ਸੀ, ਪਰ ਦਿਯੁਤ੍ਰਿਫ਼ੇਸ ਨੇ ਸਾਡੀ ਗੱਲ ਨਹੀਂ ਸੁਣੀ। ਉਹ ਹਮੇਸ਼ਾ ਉਨ੍ਹਾਂ ਦਾ ਆਗੂ ਹੋਣ ਦਾ ਵਿਖਾਵਾ ਕਰਨਾ ਪਸੰਦ ਕਰਦਾ ਹੈ। 10 ਜਦੋਂ ਮੈਂ ਆਵਾਂਗਾ, ਮੈਂ ਦਿਖਾ ਦੇਵਾਂਗਾ ਕਿ ਦਿਯੁਤ੍ਰਿਫ਼ੇਸ ਕੀ ਕਰ ਰਿਹਾ ਹੈ। ਉਹ ਝੂਠ ਬੋਲਦਾ ਹੈ ਅਤੇ ਸਾਡੇ ਬਾਰੇ ਮੰਦਾ ਬੋਲਦਾ ਹੈ। ਸਿਰਫ਼ ਇਹੀ ਹੀ ਨਹੀਂ, ਉਹ ਉਨ੍ਹਾਂ ਭਰਾਵਾਂ ਦਾ ਸਵਾਗਤ ਕਰਨ ਤੋਂ ਵੀ ਇਨਕਾਰ ਕਰਦਾ ਹੈ ਜਿਹੜੇ ਮਸੀਹ ਦੀ ਸੇਵਾ ਲਈ ਯਾਤਰਾ ਕਰਦੇ ਹਨ। ਉਹ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕਰਦਾ ਹੈ, ਜਿਹੜੇ ਉਨ੍ਹਾਂ ਭਰਾਵਾਂ ਦੀ ਸਹਾਇਤਾ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਕਲੀਸਿਯਾ ਛੱਡਣ ਲਈ ਮਜਬੂਰ ਕਰਦਾ ਹੈ।
11 ਮੇਰੇ ਪਿਆਰੇ ਮਿੱਤਰ, ਉਨ੍ਹਾਂ ਦੇ ਉਦਾਹਰਣਾਂ ਦਾ ਅਨੁਸਰਣ ਨਾ ਕਰ ਜਿਹੜੇ ਬਦੀ ਕਰਦੇ ਹਨ, ਸਗੋਂ ਉਨ੍ਹਾਂ ਦੇ ਉਦਾਹਰਣਾਂ ਦਾ ਅਨੁਸਰਣ ਕਰ ਜਿਹੜੇ ਨੇਕੀ ਕਰਦੇ ਹਨ। ਜਿਹੜਾ ਵਿਅਕਤੀ ਚੰਗੀਆਂ ਗੱਲਾਂ ਕਰਦਾ ਹੈ ਪਰਮੇਸ਼ੁਰ ਨਾਲ ਸੰਬੰਧਿਤ ਹੈ। ਪਰ ਉਹ ਵਿਅਕਤੀ ਜਿਹੜਾ ਬਦੀ ਕਰਦਾ ਹੈ ਉਸ ਨੇ ਕਦੇ ਵੀ ਪਰਮੇਸ਼ੁਰ ਨੂੰ ਨਹੀਂ ਜਾਣਿਆ।
12 ਹਰ ਕੋਈ ਦੇਮੇਤ੍ਰਿਯੁਸ ਦੀ ਉਸਤਤਿ ਕਰਦਾ ਹੈ। ਸੱਚ ਖੁਦ ਉਸ ਨਾਲ ਸਹਿਮਤ ਹੁੰਦਾ ਹੈ ਜੋ ਉਹ ਆਖਦੇ ਹਨ। ਸਾਡੇ ਕੋਲ ਵੀ ਉਸ ਲਈ ਆਖਣ ਲਈ ਚੰਗੀਆਂ ਗੱਲਾਂ ਹਨ। ਤੁਸੀਂ ਜਾਣਦੇ ਹੋ ਕਿ ਜੋ ਕੁਝ ਵੀ ਅਸੀਂ ਆਖਦੇ ਹਾਂ, ਸੱਚ ਹੈ।
2010 by World Bible Translation Center