Revised Common Lectionary (Complementary)
ਦਾਊਦ ਦਾ ਇੱਕ ਗੀਤ ਇਹ ਲਿਖਿਆ ਹੈ, ਜਦੋਂ ਦਾਊਦ ਨੇ ਅਬੀਮਲਕ ਅੱਗੇ ਪਾਗਲ ਵਿਅਕਤੀ ਹੋਣ ਦਾ ਦਿਖਾਵਾ ਕੀਤਾ ਅਤੇ ਉਸ ਨੂੰ ਛੱਡ ਦਿੱਤਾ।
34 ਮੈਂ ਹਰ ਵੇਲੇ ਯਹੋਵਾਹ ਨੂੰ ਮੁਬਾਰਕ ਆਖਾਂਗਾ।
ਉਸਦੀ ਉਸਤਤਿ ਹਰ ਵੇਲੇ ਮੇਰੇ ਬੁੱਲ੍ਹਾਂ ਉੱਤੇ ਹੈ।
2 ਨਿਮ੍ਰ ਲੋਕੋ, ਸੁਣੋ ਅਤੇ ਆਨੰਦ ਮਾਣੋ।
ਮੇਰੀ ਰੂਹ ਯਹੋਵਾਹ ਬਾਰੇ ਮਾਣ ਕਰਦੀ ਹੈ।
3 ਮੇਰੇ ਸੰਗ ਪਰਮੇਸ਼ੁਰ ਦੀ ਉਸਤਤਿ ਕਰੋ।
ਆਉ ਉਸ ਦੇ ਨਾਂ ਦਾ ਆਦਰ ਕਰੀਏ।
4 ਮੈਂ ਮਦਦ ਲਈ ਪਰਮੇਸ਼ੁਰ ਵੱਲ ਗਿਆ, ਅਤੇ ਉਸ ਨੇ ਮੇਰੀ ਗੱਲ ਸੁਣੀ।
ਉਸ ਨੇ ਮੈਨੂੰ ਉਨ੍ਹਾਂ ਸਾਰੀਆਂ ਚੀਜ਼ਾਂ ਤੋਂ ਬਚਾਇਆ ਜਿਨ੍ਹਾਂ ਤੋਂ ਮੈਂ ਭੈਭੀਤ ਹਾਂ।
5 ਮਦਦ ਲਈ, ਪਰਮੇਸ਼ੁਰ ਵੱਲ ਤੱਕੋ।
ਤੁਸੀਂ ਪ੍ਰਵਾਨ ਹੋਵੋਂਗੇ, ਸ਼ਰਮਸਾਰ ਨਾ ਹੋਵੋ।
6 ਇਸ ਗਰੀਬ ਬੰਦੇ ਨੇ ਯਹੋਵਾਹ ਨੂੰ ਮਦਦ ਲਈ ਪੁਕਾਰਿਆ।
ਅਤੇ ਯਹੋਵਾਹ ਨੇ ਮੈਨੂੰ ਸੁਣਿਆ।
ਉਸ ਨੇ ਮੈਨੂੰ ਸਾਰੀਆਂ ਮੁਸੀਬਤਾਂ ਤੋਂ ਬਚਾਇਆ।
7 ਯਹੋਵਾਹ ਦਾ ਦੂਤ ਉਸ ਦੇ ਚੇਲਿਆਂ ਦੀ ਰੱਖਵਾਲੀ ਕਰਦਾ ਹੈ।
ਯਹੋਵਾਹ ਦਾ ਦੂਤ ਉਨ੍ਹਾਂ ਦੀ ਰੱਖਿਆ ਕਰਦਾ।
8 ਯਹੋਵਾਹ ਨੂੰ ਚਖੋ ਅਤੇ ਦੇਖੋ ਉਹ ਕਿੰਨਾ ਚੰਗਾ ਹੈ।
ਜੋ ਬੰਦਾ ਯਹੋਵਾਹ ਉੱਤੇ ਨਿਰਭਰ ਹੁੰਦਾ ਸੱਚਮੁੱਚ ਖੁਸ਼ ਹੁੰਦਾ ਹੈ।
9 ਯਹੋਵਾਹ ਦੇ ਪਵਿੱਤਰ ਲੋਕਾਂ ਨੂੰ ਉਸਦੀ ਉਪਾਸਨਾ ਕਰਨੀ ਚਾਹੀਦੀ ਹੈ।
ਪਰਮੇਸ਼ੁਰ ਦੇ ਚੇਲਿਆਂ ਲਈ ਹੋਰ ਸੁਰੱਖਿਆ ਦਾ ਸਥਾਨ ਨਹੀਂ।
10 ਕਮਜ਼ੋਰ ਅਤੇ ਭੁੱਖੇ ਲੋਕ ਤਕੜੇ ਹੋ ਜਾਣਗੇ।
ਪਰ ਉਹ ਲੋਕ ਜਿਹੜੇ ਮਦਦ ਲਈ ਪਰਮੇਸ਼ੁਰ ਵੱਲ ਜਾਂਦੇ ਹਨ ਹਰ ਚੰਗੀ ਵਸਤੂ ਹਾਸਲ ਕਰਨਗੇ।
11 ਬੱਚਿਉ ਮੇਰੀ ਗੱਲ ਸੁਣੋ।
ਅਤੇ ਮੈਂ ਤੁਹਾਨੂੰ ਯਹੋਵਾਹ ਦੀ ਇੱਜ਼ਤ ਕਰਨੀ ਸਿੱਖਾਵਾਂਗਾ।
12 ਜੇ ਕੋਈ ਬੰਦਾ ਆਪਣੀ ਜਿੰਦ ਨੂੰ ਪਿਆਰ ਕਰਦਾ ਹੈ
ਅਤੇ ਚੰਗੀ ਅਤੇ ਲੰਮੀ ਜ਼ਿੰਦਗੀ ਰਹਿਣਾ ਚਾਹੁੰਦਾ ਹੈ।
13 ਤਾਂ ਉਸ ਬੰਦੇ ਨੂੰ ਚਾਹੀਦਾ ਕਿ ਉਹ ਬਿਲਕੁਲ ਵੀ ਮੰਦੀਆਂ ਗੱਲਾਂ ਨਾ ਆਖੇ
ਅਤੇ ਉਹ ਬੰਦਾ ਬਿਲਕੁਲ ਵੀ ਝੂਠ ਨਾ ਬੋਲੇ।
14 ਮੰਦੇ ਕੰਮ ਕਰਨੇ ਛੱਡੋ। ਨੇਕ ਕੰਮ ਕਰੋ, ਅਮਨ ਵਾਸਤੇ ਕੰਮ ਕਰੋ।
ਸ਼ਾਂਤੀ ਦੇ ਪਿੱਛੇ ਭੱਜੋ ਜਦੋਂ ਤੱਕ ਇਸ ਨੂੰ ਫ਼ੜ ਨਾ ਲਵੋਂ।
15 ਯਹੋਵਾਹ ਨੇਕ ਬੰਦਿਆਂ ਦੀ ਰੱਖਿਆ ਕਰਦਾ ਹੈ।
ਉਹ ਉਨ੍ਹਾਂ ਦੀਆਂ ਪ੍ਰਾਰਥਨਾ ਸੁਣਦਾ ਹੈ।
16 ਪਰ ਯਹੋਵਾਹ ਉਨ੍ਹਾਂ ਲੋਕਾਂ ਦੇ ਖਿਲਾਫ਼ ਹੈ ਜਿਹੜੇ ਮੰਦੇ ਕੰਮ ਕਰਦੇ ਹਨ।
ਉਹ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੰਦਾ ਹੈ।
17 ਯਹੋਵਾਹ ਅੱਗੇ ਪ੍ਰਾਰਥਨਾ ਕਰੋ ਅਤੇ ਉਹ ਸੁਣ ਲਵੇਗਾ।
ਉਹ ਤੁਹਾਨੂੰ ਤੁਹਾਡੀਆਂ ਸਾਰੀਆਂ ਮੁਸੀਬਤਾਂ ਤੋਂ ਬਚਾਵੇਗਾ।
18 ਜਦੋਂ ਕੁਝ ਲੋਕ ਮੂਸੀਬਤਾਂ ਵਿੱਚ ਹੁੰਦੇ ਹਨ, ਤਾਂ ਉਹ ਗੁਮਾਨ ਕਰਨਾ ਛੱਡ ਦਿੰਦੇ ਹਨ।
ਯਹੋਵਾਹ ਉਨ੍ਹਾਂ ਨਿਮਾਣੇ ਲੋਕਾਂ ਦੇ ਨੇੜੇ ਹੁੰਦਾ ਹੈ। ਉਹ ਉਨ੍ਹਾਂ ਨੂੰ ਬਚਾਵੇਗਾ।
19 ਹੋ ਸੱਕਦਾ ਨੇਕ ਬੰਦਿਆਂ ਨੂੰ ਔਕੜਾਂ ਆਉਣ।
ਪਰ ਯਹੋਵਾਹ ਉਨ੍ਹਾਂ ਨੂੰ ਉਨ੍ਹਾਂ ਦੀ ਹਰ ਔਕੜ ਤੋਂ ਬਚਾਵੇਗਾ।
20 ਯਹੋਵਾਹ ਉਨ੍ਹਾਂ ਦੀਆਂ ਸਾਰੀਆਂ ਹੱਡੀਆਂ ਦੀ ਰੱਖਿਆ ਕਰੇਗਾ।
ਉਨ੍ਹਾਂ ਦੀ ਕੋਈ ਵੀ ਹੱਡੀ ਨਹੀਂ ਟੁੱਟੇਗੀ।
21 ਪਰ ਮੁਸੀਬਤਾਂ ਮੰਦੇ ਲੋਕਾਂ ਨੂੰ ਮਾਰ ਦੇਣਗੀਆਂ।
ਨੇਕ ਲੋਕਾਂ ਦੇ ਸਾਰੇ ਦੁਸ਼ਮਣ ਤਬਾਹ ਹੋ ਜਾਣਗੇ।
22 ਯਹੋਵਾਹ ਆਪਣੇ ਸੇਵਕ ਦੀਆਂ ਰੂਹਾਂ ਬਚਾਉਂਦਾ ਹੈ।
ਉਹ ਲੋਕ ਉਸ ਉੱਤੇ ਨਿਰਭਰ ਕਰਦੇ ਹਨ।
ਉਹ ਉਨ੍ਹਾਂ ਨੂੰ ਤਬਾਹ ਨਹੀਂ ਹੋਣ ਦੇਵੇਗਾ।
7 ਤਾਂ ਮੂਸਾ ਪਰਬਤ ਤੋਂ ਹੇਠਾਂ ਉਤਰ ਆਇਆ ਅਤੇ ਲੋਕਾਂ ਦੇ ਬਜ਼ੁਰਗਾਂ ਨੂੰ ਇਕੱਠਿਆਂ ਕੀਤਾ। ਮੂਸਾ ਨੇ ਬਜ਼ੁਰਗਾਂ ਨੂੰ ਹਰ ਉਹ ਗੱਲ ਦੱਸੀ ਜਿਹੜੀ ਯਹੋਵਾਹ ਨੇ ਉਸ ਨੂੰ ਉਨ੍ਹਾਂ ਨੂੰ ਦੱਸਣ ਦਾ ਹੁਕਮ ਦਿੱਤਾ ਸੀ। 8 ਸਾਰੇ ਲੋਕ ਇੱਕੋ ਵੇਲੇ ਬੋਲੇ ਅਤੇ ਆਖਿਆ, “ਅਸੀਂ ਹਰ ਉਹ ਗੱਲ ਮੰਨਾਂਗੇ ਜੋ ਯਹੋਵਾਹ ਆਖਦਾ ਹੈ।”
ਤਾਂ ਮੂਸਾ ਪਰਬਤ ਉੱਤੇ ਪਰਮੇਸ਼ੁਰ ਕੋਲ ਵਾਪਸ ਗਿਆ। ਮੂਸਾ ਨੇ ਪਰਮੇਸ਼ੁਰ ਨੂੰ ਦੱਸਿਆ ਕਿ ਲੋਕ ਉਸਦਾ ਹੁਕਮ ਮੰਨਣਗੇ। 9 ਅਤੇ ਯਹੋਵਾਹ ਨੇ ਮੂਸਾ ਨੂੰ ਆਖਿਆ, “ਮੈਂ ਸੰਘਣੇ ਬੱਦਲ ਵਿੱਚ ਤੇਰੇ ਕੋਲ ਆਵਾਂਗਾ। ਮੈਂ ਤੇਰੇ ਨਾਲ ਗੱਲ ਕਰਾਂਗਾ। ਸਾਰੇ ਲੋਕ ਮੈਨੂੰ ਤੇਰੇ ਨਾਲ ਗੱਲ ਕਰਿਦਆਂ ਸੁਣਨਗੇ। ਮੈਂ ਅਜਿਹਾ ਇਸ ਲਈ ਕਰਾਂਗਾ ਤਾਂ ਜੋ ਲੋਕ ਹਮੇਸ਼ਾ ਉਨ੍ਹਾਂ ਗੱਲਾਂ ਉੱਤੇ ਵਿਸ਼ਵਾਸ ਕਰਨ ਜੋ ਤੂੰ ਉਨ੍ਹਾਂ ਨੂੰ ਆਖੇਂ।”
ਤਾਂ ਮੂਸਾ ਨੇ ਪਰਮੇਸ਼ੁਰ ਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਜਿਹੜੀਆਂ ਲੋਕਾਂ ਨੇ ਆਖੀਆਂ ਸਨ।
10 ਯਹੋਵਾਹ ਨੇ ਮੂਸਾ ਨੂੰ ਆਖਿਆ, “ਅੱਜ ਅਤੇ ਕਲ ਨੂੰ ਤੈਨੂੰ ਮੇਰੇ ਨਾਲ ਖਾਸ ਸਭਾ ਵਾਸਤੇ ਲੋਕਾਂ ਨੂੰ ਤਿਆਰ ਕਰਨਾ ਚਾਹੀਦਾ ਹੈ। ਲੋਕ ਆਪਣੇ ਕੱਪੜੇ ਧੋ ਲੈਣ। 11 ਅਤੇ ਤੀਸਰੇ ਦਿਨ ਮੇਰੇ ਲਈ ਤਿਆਰ ਰਹਿਣ। ਤੀਸਰੇ ਦਿਨ ਮੈਂ, ਯਹੋਵਾਹ ਸੀਨਈ ਪਰਬਤ ਉੱਤੇ ਆਵਾਂਗਾ। ਅਤੇ ਸਾਰੇ ਲੋਕ ਮੈਨੂੰ ਦੇਖਣਗੇ। 12-13 ਪਰਬਤ ਦੇ ਦੁਆਲੇ ਇੱਕ ਲਕੀਰ ਖਿੱਚ ਦੇਵੀਂ ਅਤੇ ਲੋਕਾਂ ਨੂੰ ਉਹ ਲਕੀਰ ਨਾ ਟੱਪਣ ਦੇਵੀਂ। ਕੋਈ ਵੀ ਬੰਦਾ ਜਿਹੜਾ ਪਰਬਤ ਨੂੰ ਛੂਹੇ, ਅਵੱਸ਼ ਹੀ ਮਾਰਿਆ ਜਾਵੇ। ਉਸ ਨੂੰ ਪੱਥਰਾਂ ਜਾਂ ਤੀਰਾਂ ਨਾਲ ਮਾਰ ਦਿੱਤਾ ਜਾਵੇ, ਕਿਸੇ ਵੀ ਹੱਥ ਨੂੰ ਉਸ ਨੂੰ ਨਹੀਂ ਛੂਹਣਾ ਚਾਹੀਦਾ। ਭਾਵੇਂ ਆਦਮੀ ਹੋਵੇ ਜਾਂ ਜਾਨਵਰ, ਉਸ ਨੂੰ ਜਿਉਂਦਾ ਨਹੀਂ ਰਹਿਣਾ ਚਾਹੀਦਾ। ਲੋਕਾਂ ਨੂੰ ਤੁਰ੍ਹੀ ਤੋਂ ਇੱਕ ਵੱਡੀ ਅਵਾਜ਼ ਦਾ ਇੰਤਜ਼ਾਰ ਕਰਨਾ ਚਾਹੀਦਾ। ਸਿਰਫ਼ ਉਦੋਂ ਹੀ, ਉਹ ਪਰਬਤ ਉੱਤੇ ਜਾ ਸੱਕਦੇ ਹਨ।”
14 ਫ਼ੇਰ ਮੂਸਾ ਪਰਬਤ ਤੋਂ ਹੇਠਾਂ ਉਤਰਿਆ ਅਤੇ ਲੋਕਾਂ ਕੋਲ ਗਿਆ। ਮੂਸਾ ਨੇ ਉਨ੍ਹਾਂ ਨੂੰ ਪਰਮੇਸ਼ੁਰ ਨਾਲ ਖਾਸ ਸਭਾ ਵਾਸਤੇ ਤਿਆਰ ਕੀਤਾ ਅਤੇ ਉਨ੍ਹਾਂ ਨੇ ਆਪਣੇ ਕੱਪੜੇ ਧੋ ਲਏ।
15 ਫ਼ੇਰ ਮੂਸਾ ਨੇ ਲੋਕਾਂ ਨੂੰ ਆਖਿਆ, “ਤਿੰਨਾਂ ਦਿਨਾਂ ਅੰਦਰ ਪਰਮੇਸ਼ੁਰ ਨੂੰ ਮਿਲਣ ਲਈ ਤਿਆਰ ਹੋ ਜਾਵੋ। ਉਸ ਸਮੇਂ ਤੱਕ ਆਦਮੀਆਂ ਨੂੰ ਔਰਤਾਂ ਨੂੰ ਨਹੀਂ ਛੂਹਣਾ ਚਾਹੀਦਾ।”
16 ਤੀਸਰੇ ਦਿਨ ਹੀ ਸਵੇਰ ਨੂੰ ਪਰਬਤ੍ਰ ਉੱਤੋਂ ਇੱਕ ਸੰਘਣਾ ਬੱਦਲ ਹੇਠਾਂ ਆਇਆ। ਓੱਥੇ ਗਰਜ ਅਤੇ ਚਮਕ ਹੋਈ ਅਤੇ ਭੇਡੂ ਦੇ ਸਿੰਗ ਦੀ ਤੁਰ੍ਹੀ ਦੀ ਬਹੁਤ ਉੱਚੀ ਅਵਾਜ਼ ਸੁਣਾਈ ਦਿੱਤੀ। ਡੇਰੇ ਦੇ ਸਾਰੇ ਲੋਕ ਡਰ ਗਏ। 17 ਤਾਂ ਮੂਸਾ ਲੋਕਾਂ ਨੂੰ ਡੇਰੇ ਤੋਂ ਬਾਹਰ ਪਰਬਤ ਦੇ ਨੇੜੇ ਪਰਮੇਸ਼ੁਰ ਨਾਲ ਮੁਲਾਕਾਤ ਲਈ ਲੈ ਆਇਆ। 18 ਸੀਨਈ ਪਰਬਤ ਧੂੰਏਂ ਨਾਲ ਭਰਿਆ ਹੋਇਆ ਸੀ। ਪਰਬਤ ਤੋਂ ਧੂੰਆਂ ਇਸ ਤਰ੍ਹਾਂ ਉੱਠ ਰਿਹਾ ਸੀ ਜਿਵੇਂ ਕਿਸੇ ਭਠੀ ਵਿੱਚੋਂ ਉੱਠਦਾ ਹੈ। ਅਜਿਹਾ ਇਸ ਲਈ ਹੋਇਆ ਕਿ ਯਹੋਵਾਹ ਪਰਬਤ ਉੱਤੇ ਅਗਨੀ ਵਿੱਚ ਆਇਆ। ਅਤੇ ਸਾਰਾ ਪਰਬਤ ਕੰਬਣ ਲੱਗਾ। 19 ਤੁਰ੍ਹੀ ਦੀ ਆਵਾਜ਼ ਹਰ ਵਾਰ ਉੱਚੀ ਤੋਂ ਉੱਚੀ ਹੁੰਦੀ ਗਈ। ਮੂਸਾ ਬੋਲਿਆ ਅਤੇ ਪਰਮੇਸ਼ੁਰ ਨੇ ਗਰਜਦੀ ਆਵਾਜ਼ ਵਿੱਚ ਉਸ ਨੂੰ ਜਵਾਬ ਦਿੱਤਾ।
20 ਇਸ ਤਰ੍ਹਾਂ ਯਹੋਵਾਹ ਸੀਨਈ ਪਰਬਤ ਵੱਲ ਹੇਠਾਂ ਆਇਆ। ਯਹੋਵਾਹ ਅਕਾਸ਼ ਤੋਂ ਪਰਬਤ ਦੀ ਚੋਟੀ ਉੱਤੇ ਆਇਆ। ਫ਼ੇਰ ਯਹੋਵਾਹ ਨੇ ਮੂਸਾ ਨੂੰ ਆਪਣੇ ਕੋਲ ਪਰਬਤ ਦੀ ਚੋਟੀ ਤੇ ਬੁਲਾਇਆ। ਇਸ ਲਈ ਮੂਸਾ ਪਰਬਤ ਤੇ ਚੜ੍ਹ ਗਿਆ।
ਇੱਕ ਚੇਤਾਵਨੀ ਅਤੇ ਕਰਨ ਵਾਲੀਆਂ ਗੱਲਾਂ
17 ਪਿਆਰੇ ਮਿੱਤਰੋ ਜੋ ਕੁਝ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਸੂਲਾਂ ਨੇ ਪਹਿਲਾਂ ਆਖਿਆ ਹੈ ਉਸ ਨੂੰ ਚੇਤੇ ਰੱਖੋ। 18 ਉਨ੍ਹਾਂ ਨੇ ਤੁਹਾਨੂੰ ਕਿਹਾ, “ਆਖਰੀ ਸਮਿਆਂ ਵਿੱਚ, ਕੁਝ ਲੋਕ ਅਜਿਹੇ ਹੋਣਗੇ ਜਿਹੜੇ ਪਰਮੇਸ਼ੁਰ ਦਾ ਮਜ਼ਾਕ ਉਡਾਉਣਗੇ। ਇਹ ਲੋਕ ਮਨ-ਮਾਨੀਆਂ ਕਰਦੇ ਹਨ ਉਹ ਗੱਲਾਂ ਕਰਦੇ ਹਨ ਜੋ ਪਰਮੇਸ਼ੁਰ ਦੇ ਖਿਲਾਫ਼ ਹਨ।” 19 ਇਹੀ ਲੋਕ ਹਨ ਜਿਹੜੇ ਤੁਹਾਡੇ ਵਿੱਚ ਫ਼ੁੱਟ ਪਾਉਂਦੇ ਹਨ। ਇਹ ਲੋਕ ਆਪਣੇ ਪਾਪੀ ਆਪੇ ਦੀ ਇੱਛਾ ਅਨੁਸਾਰ ਹੀ ਕਰਦੇ ਹਨ। ਉਨ੍ਹਾਂ ਕੋਲ ਆਤਮਾ ਨਹੀਂ ਹੈ।
20 ਪਰ ਪਿਆਰੇ ਮਿੱਤਰੋ, ਤੁਸੀਂ ਉਸ ਅੱਤ ਪਵਿੱਤਰ ਨਿਹਚਾ ਦੀ ਵਰਤੋਂ ਕਰੋ ਜੋ ਤੁਸੀਂ ਆਪਣੇ ਆਪ ਨੂੰ ਤਾਕਤਵਰ ਬਨਾਉਣ ਲਈ ਪ੍ਰਾਪਤ ਕੀਤੀ ਹੈ। ਪਵਿੱਤਰ ਆਤਮਾ ਨਾਲ ਪ੍ਰਾਰਥਨਾ ਕਰੋ। 21 ਆਪਣੇ ਆਪ ਨੂੰ ਪਰਮੇਸ਼ੁਰ ਦੇ ਪਿਆਰ ਵਿੱਚ ਸਥਿਰ ਰੱਖੋ। ਪ੍ਰਭੂ ਯਿਸੂ ਮਸੀਹ ਦਾ ਇੰਤਜ਼ਾਰ ਕਰੋ ਜੋ ਤੁਹਾਨੂੰ ਆਪਣੀ ਦਯਾ ਵਿਖਾਵੇਗਾ ਅਤੇ ਤੁਹਾਨੂੰ ਸਦੀਪਕ ਜੀਵਨ ਦੇਵੇਗਾ।
22 ਉਨ੍ਹਾਂ ਲੋਕਾਂ ਦੀ ਸਹਾਇਤਾ ਕਰੋ ਜਿਹੜੇ ਅਨਿਸ਼ਚਤਤਾ ਵਿੱਚ ਘਿਰੇ ਹੋਏ ਹਨ। 23 ਤੁਹਾਨੂੰ ਕੁਝ ਲੋਕਾਂ ਨੂੰ ਬਚਾਉਣ ਦੀ ਲੋੜ ਹੈ। ਤੁਸੀਂ ਇਨ੍ਹਾਂ ਨੂੰ ਅੱਗ ਵਿੱਚੋਂ ਬਾਹਰ ਕੱਢ ਰਹੇ ਹੋਵੋਂਗੇ। ਪਰ ਤੁਹਾਨੂੰ ਉਦੋਂ ਸਾਵੱਧਾਨ ਰਹਿਣ ਦੀ ਲੋੜ ਹੈ ਜਦੋਂ ਤੁਸੀਂ ਹੋਰਨਾਂ ਲੋਕਾਂ ਦੀ ਸਹਾਇਤਾ ਕਰਦੇ ਹੋਵੋਂਗੇ। ਉਨ੍ਹਾਂ ਦੇ ਕੱਪੜਿਆਂ ਨੂੰ ਵੀ ਨਫ਼ਰਤ ਕਰੋ ਜੋ ਕਿ ਉਨ੍ਹਾਂ ਦੀਆਂ ਭ੍ਰਸ਼ਟ ਕਰਨੀਆਂ ਦੁਆਰਾ ਗੰਦੇ ਹਨ।
ਪਰਮੇਸ਼ੁਰ ਦੀ ਵਡਿਆਈ ਕਰੋ
24 ਪਰਮੇਸ਼ੁਰ ਸ਼ਕਤੀਸ਼ਾਲੀ ਹੈ ਅਤੇ ਉਹ ਡਿੱਗਣ ਤੋਂ ਤੁਹਾਡੀ ਰੱਖਿਆ ਕਰ ਸੱਕਦਾ ਹੈ। ਉਹ ਤੁਹਾਨੂੰ ਬਿਨਾ ਕਿਸੇ ਬੁਰਾਈ ਦੇ ਆਪਣੀ ਮਹਿਮਾ ਦੇ ਸਨਮੁੱਖ ਲਿਆ ਸੱਕਦਾ ਹੈ ਅਤੇ ਤੁਹਾਨੂੰ ਵੱਡੀ ਖੁਸ਼ੀ ਪ੍ਰਦਾਨ ਕਰੇਗਾ। 25 ਕੇਵਲ ਉਹ ਹੀ ਪਰਮੇਸ਼ੁਰ ਹੈ। ਉਹੀ ਹੈ ਜਿਹੜਾ ਸਾਨੂੰ ਬਚਾਉਂਦਾ ਹੈ। ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਭੂਤਕਾਲ, ਵਰਤਮਾਨ ਅਤੇ ਸਦੀਵੀ ਮਹਿਮਾ, ਮਹਾਨਤਾ, ਸ਼ਕਤੀ ਅਤੇ ਅਧਿਕਾਰ ਉਸੇ ਦਾ ਹੋਵੇ। ਆਮੀਨ।
2010 by World Bible Translation Center