Revised Common Lectionary (Complementary)
ਦਾਊਦ ਦਾ ਇੱਕ ਗੀਤ।
28 ਹੇ ਯਹੋਵਾਹ, ਤੁਸੀਂ ਮੇਰੀ ਚੱਟਾਨ ਹੋ।
ਮੈਂ ਮਦਦ ਲਈ ਤੈਨੂੰ ਪੁਕਾਰ ਰਿਹਾ ਹਾਂ।
ਮੇਰੀਆਂ ਪ੍ਰਾਰਥਨਾ ਲਈ ਆਪਣੇ ਕੰਨ ਬੰਦ ਨਾ ਕਰੋ।
ਜੇਕਰ ਤੁਸਾਂ ਮਦਦ ਲਈ ਮੇਰੀ ਪੁਕਾਰ ਨਾ ਸੁਣੀ
ਤਦ ਲੋਕੀਂ ਸੋਚਣਗੇ ਕਿ ਮੈਂ ਕਬਰੀ ਪਏ ਮੁਰਦਾ ਲੋਕਾਂ ਨਾਲੋਂ ਬਿਹਤਰ ਨਹੀਂ ਹਾਂ।
2 ਯਹੋਵਾਹ, ਮੈਂ ਆਪਣੇ ਹੱਥ ਚੁੱਕਦਾ ਹਾਂ ਅਤੇ ਤੁਹਾਡੇ ਸਭ ਤੋਂ ਪਵਿੱਤਰ ਸਥਾਨ ਵੱਲ ਪ੍ਰਾਰਥਨਾ ਕਰਦਾ ਹਾਂ।
ਮੈਂ ਜਦ ਵੀ ਬੁਲਾਵਾਂ ਮੈਨੂੰ ਸੁਣੋ।
ਮੇਰੇ ਉੱਤੇ ਮਿਹਰ ਕਰੋ।
3 ਯਹੋਵਾਹ, ਮੇਰੇ ਬਾਰੇ ਇਵੇਂ ਨਾ ਸੋਚੋ ਜਿਵੇਂ ਮੈਂ ਮੰਦੇ ਲੋਕਾਂ ਵਿੱਚੋਂ ਇੱਕ ਹੋਵਾਂ।
ਉਹ ਲੋਕ ਆਪਣੇ ਗੁਆਂਢੀਆਂ ਦਾ ਸਵਾਗਤ “ਸ਼ਾਲੋਮ” ਸ਼ਬਦ ਨਾਲ ਕਰਦੇ ਹਨ।
ਪਰ ਆਪਣੇ ਦਿਲਾਂ ਵਿੱਚ ਆਪਣੇ ਗੁਆਂਢੀਆਂ ਦੇ ਖਿਲਾਫ਼ ਮੰਦੀਆਂ ਗੱਲਾਂ ਦੀਆਂ ਵਿਉਂਤਾ ਘੜਦੇ ਹਨ।
4 ਯਹੋਵਾਹ, ਉਹ ਲੋਕ ਹੋਰਾਂ ਲੋਕਾਂ ਨਾਲ ਮੰਦਾ ਕਰਦੇ ਹਨ।
ਇਸ ਲਈ ਉਨ੍ਹਾਂ ਨਾਲ ਮੰਦੀਆਂ ਗੱਲਾਂ ਵਾਪਰਨ ਦਿਉ।
ਉਨ੍ਹਾਂ ਨੂੰ ਦੰਡ ਦਿਉ ਜਿਸਦੇ ਉਹ ਅਧਿਕਾਰੀ ਹਨ।
5 ਕਿਉਂਕਿ ਉਹ ਲੋਕ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ
ਕਿ ਯਹੋਵਾਹ ਨੇ ਆਪਣੇ ਹੱਥੀਂ ਕੀ ਕੀਤਾ ਹੈ।
ਯਹੋਵਾਹ ਉਨ੍ਹਾਂ ਦੀ ਉਸਾਰੀ ਕਰਨ ਦੀ ਬਜਾਇ ਉਨ੍ਹਾਂ ਨੂੰ ਨਸ਼ਟ ਕਰ ਦੇਵੇ।
6 ਯਹੋਵਾਹ ਦੀ ਉਸਤਤਿ ਕਰੋ।
ਉਸ ਨੇ ਮਿਹਰ ਲਈ ਪ੍ਰਾਰਥਨਾ ਸੁਣ ਲਈ।
7 ਯਹੋਵਾਹ ਹੀ ਮੇਰੀ ਤਾਕਤ ਹੈ।
ਉਹੀ ਮੇਰੀ ਢਾਲ ਹੈ।
ਮੈਂ ਉਸ ਵਿੱਚ ਯਕੀਨ ਰੱਖਿਆ ਅਤੇ ਉਸ ਨੇ ਮੇਰੀ ਮਦਦ ਕੀਤੀ।
ਮੈਂ ਬਹੁਤ ਪ੍ਰਸੰਨ ਹਾਂ,
ਅਤੇ ਮੈਂ ਉਸ ਨੂੰ ਉਸਤਤਿ ਦੇ ਗੀਤ ਗਾਉਂਦਾ ਹਾਂ।
8 ਯਹੋਵਾਹ ਆਪਣੇ ਚੁਣੇ ਹੋਏ ਬੰਦੇ ਦੀ ਰੱਖਿਆ ਕਰਦਾ ਹੈ।
ਯਹੋਵਾਹ ਉਸ ਨੂੰ ਬਚਾਉਂਦਾ ਹੈ।
ਯਹੋਵਾਹ ਉਸਦੀ ਸ਼ਕਤੀ ਹੈ।
9 ਹੇ ਪਰਮੇਸ਼ੁਰ, ਆਪਣੇ ਲੋਕਾਂ ਨੂੰ ਬਚਾਉ।
ਉਨ੍ਹਾਂ ਨੂੰ ਓਨੀ ਅਸੀਸ ਦਿਉ ਜਿੰਨੀ ਦੇ ਤੁਸੀਂ ਮਾਲਕ ਹੋਂ।
ਉਨ੍ਹਾਂ ਦੀ ਅਗਵਾਈ ਕਰੋ ਅਤੇ ਉਨ੍ਹਾਂ ਨੂੰ ਸਦਾ ਲਈ ਇੱਜ਼ਤ ਬਖਸ਼ੋ।
ਸਮਸੂਨ ਅੱਜ਼ਾਹ ਸ਼ਹਿਰ ਨੂੰ ਜਾਂਦਾ ਹੈ
16 ਇੱਕ ਦਿਨ ਸਮਸੂਨ ਅੱਜ਼ਾਹ ਸ਼ਹਿਰ ਵਿੱਚ ਗਿਆ। ਉਸ ਨੇ ਉੱਥੇ ਇੱਕ ਵੇਸਵਾ ਦੇਖੀ। ਉਹ ਰਾਤ ਉਸ ਕੋਲ ਠਹਿਰਨ ਲਈ ਚੱਲਾ ਗਿਆ। 2 ਕੁਝ ਲੋਕਾਂ ਨੇ ਅੱਜ਼ਾਹ ਦੇ ਲੋਕਾਂ ਨੂੰ ਦੱਸਿਆ, “ਸਮਸੂਨ ਇੱਥੇ ਆਇਆ ਹੈ”, ਉਹ ਸਮਸੂਨ ਨੂੰ ਮਾਰ ਦੇਣਾ ਚਾਹੁੰਦੇ ਸਨ ਇਸ ਲਈ ਉਨ੍ਹਾਂ ਨੇ ਸ਼ਹਿਰ ਨੂੰ ਘੇਰਾ ਪਾ ਲਿਆ। ਉਹ ਸ਼ਹਿਰ ਦੇ ਦਰਵਾਜ਼ੇ ਨੇੜੇ ਛੁਪ ਗਏ ਅਤੇ ਸਾਰੀ ਰਾਤ ਸਮਸੂਨ ਨੂੰ ਉਡੀਕਦੇ ਰਹੇ। ਉਹ ਸਾਰੀ ਰਾਤ ਬਹੁਤ ਖਾਮੋਸ਼ ਰਹੇ। ਉਨ੍ਹਾਂ ਨੇ ਇੱਕ ਦੂਸਰੇ ਨੂੰ ਆਖਿਆ, “ਜਦੋਂ ਸਵੇਰ ਹੋਵੇਗੀ ਅਸੀਂ ਸਮਸੂਨ ਨੂੰ ਮਾਰ ਦਿਆਂਗੇ।”
3 ਪਰ ਸਮਸੂਨ ਸਿਰਫ਼ ਅੱਧੀ ਰਾਤ ਤੱਕ ਹੀ ਵੇਸਵਾ ਕੋਲ ਠਹਿਰਿਆ। ਸਮਸੂਨ ਨੇ ਅੱਧੀ ਰਾਤ ਨੂੰ ਉੱਠ ਕੇ ਸ਼ਹਿਰ ਦੇ ਦਰਵਾਜ਼ਿਆਂ ਨੂੰ ਹੱਥਾਂ ਵਿੱਚ ਫ਼ੜਿਆ ਅਤੇ ਉਨ੍ਹਾਂ ਨੂੰ ਦਰਵਾਜ਼ੇ ਦੇ ਢਾਂਚੇ, ਦਰਵਾਜ਼ੇ ਉੱਤੇ ਤਾਲਾ ਲਾਉਣ ਵਾਲੀ ਛੜ ਸਮੇਤ ਕੰਧਾਂ ਵਿੱਚੋਂ ਬਾਹਰ ਖਿੱਚ ਲਿਆ। ਸਮਸੂਨ ਉਨ੍ਹਾਂ ਚੀਜ਼ਾਂ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਕੇ ਹਬਰੋਨ ਸ਼ਹਿਰ ਦੇ ਨੇੜੇ ਦੀ ਪਹਾੜੀ ਦੀ ਚੋਟੀ ਉੱਤੇ ਲੈ ਗਿਆ।
ਸਮਸੂਨ ਅਤੇ ਦਲੀਲਾਹ
4 ਬਾਦ ਵਿੱਚ ਸਮਸੂਨ ਇੱਕ ਦਲੀਲਾਹ ਨਾਮ ਦੀ ਔਰਤ ਨੂੰ ਪਿਆਰ ਕਰਨ ਲੱਗ ਪਿਆ। ਉਹ ਸੋਰੇਕ ਦੀ ਵਾਦੀ ਤੋਂ ਸੀ।
5 ਫ਼ਲਿਸਤੀ ਹਾਕਮਾਂ ਨੇ ਦਲੀਲਾਹ ਕੋਲ ਜਾਕੇ ਆਖਿਆ, “ਅਸੀਂ ਜਾਨਣਾ ਚਾਹੁੰਦੇ ਹਾਂ ਕਿ ਸਮਸੂਨ ਨੂੰ ਇੰਨੀ ਤਾਕਤ ਕਿੱਥੋਂ ਮਿਲਦੀ ਹੈ। ਉਸ ਨੂੰ ਫ਼ਸਾ ਅਤੇ ਉਸਦੀ ਮਹਾਨ ਸ਼ਕਤੀ ਦੇ ਰਾਜ ਦਾ ਪਤਾ ਲੱਗਾ। ਅਤੇ ਪਤਾ ਕਰ ਕਿ ਅਸੀਂ ਕਿਵੇਂ ਉਸ ਉੱਤੇ ਕਾਬੂ ਪਾ ਸੱਕਦੇ ਹਾਂ ਤਾਂ ਜੋ ਅਸੀਂ ਉਸ ਨੂੰ ਫ਼ੜਕੇ ਬੰਨ੍ਹ ਸੱਕੀਏ। ਜੇ ਤੂੰ ਅਜਿਹਾ ਕਰੇਂਗੀ ਤਾਂ ਸਾਡੇ ਵਿੱਚੋਂ ਹਰੇਕ ਜਣਾ ਤੈਨੂੰ 28 ਪੌਂਡ ਚਾਂਦੀ ਦੇਵੇਗਾ।”
6 ਇਸ ਲਈ ਦਲੀਲਾਹ ਨੇ ਸਮਸੂਨ ਨੂੰ ਆਖਿਆ, “ਮੈਨੂੰ ਇਹ ਦੱਸ ਕਿ ਤੂੰ ਇਤਨਾ ਤਾਕਤਵਰ ਕਿਉਂ ਹੈਂ। ਕੋਈ ਤੈਨੂੰ ਕਿਵੇਂ ਬੰਨ੍ਹ ਸੱਕਦਾ ਹੈ ਅਤੇ ਮਜ਼ਬੂਰ ਕਰਦਾ ਹੈਂ?”
7 ਸਮਸੂਨ ਨੇ ਜਵਾਬ ਦਿੱਤਾ, “ਕਿਸੇ ਬੰਦੇ ਨੂੰ ਮੈਨੂੰ ਸੱਤ ਤਾਜ਼ੇ, ਨਵੇਂ ਕਮਾਣ ਦੇ ਧਾਗਿਆਂ ਨਾਲ ਬੰਨ੍ਹਣਾ ਪਵੇਗਾ। ਜੇ ਕਿਸੇ ਨੇ ਅਜਿਹਾ ਕਰ ਦਿੱਤਾ ਤਾਂ ਮੈਂ ਹਰ ਕਿਸੇ ਵਾਂਗ ਕਮਜ਼ੋਰ ਹੋਵਾਂਗਾ।”
8 ਫ਼ੇਰ ਫ਼ਲਿਸਤੀ ਲੋਕਾਂ ਦੇ ਹਾਕਮਾਂ ਨੇ ਸੱਤ ਤਾਜੇ ਨਵੇਂ ਕਮਾਣ ਦੇ ਧਾਗੇ ਲਿਆਕੇ ਦਲੀਲਾਹ ਨੂੰ ਦਿੱਤੇ। ਦਲੀਲਾਹ ਨੇ ਸਮਸੂਨ ਨੂੰ ਕਮਾਣ ਦੇ ਧਾਗਿਆਂ ਨਾਲ ਬੰਨ੍ਹ ਦਿੱਤਾ। 9 ਕੁਝ ਲੋਕ ਦੂਸਰੇ ਕਮਰੇ ਵਿੱਚ ਛੁੱਪੇ ਹੋਏ ਸਨ। ਦਲੀਲਾਹ ਨੇ ਸਮਸੂਨ ਨੂੰ ਆਖਿਆ, “ਸਮਸੂਨ ਫ਼ਲਿਸਤੀ ਲੋਕ ਤੈਨੂੰ ਫ਼ੜਨ ਵਾਲੇ ਹਨ!” ਪਰ ਸਮਸੂਨ ਨੇ ਆਸਾਨੀ ਨਾਲ ਧਾਗਿਆਂ ਨੂੰ ਤੋੜ ਦਿੱਤਾ। ਉਹ ਉਸ ਧਾਗੇ ਵਾਂਗ ਟੁੱਟ ਗਏ ਜਿਹੜਾ ਲਾਟ ਦੇ ਬਹੁਤ ਨੇੜੇ ਆ ਜਾਂਦਾ ਹੈ। ਇਸ ਲਈ ਫ਼ਲਿਸਤੀ ਲੋਕਾਂ ਨੇ ਸਮਸੂਨ ਦੀ ਤਾਕਤ ਦਾ ਭੇਤ ਨਹੀਂ ਪਾਇਆ।
10 ਫ਼ੇਰ ਦਲੀਲਾਹ ਨੇ ਸਮਸੂਨ ਨੂੰ ਆਖਿਆ, “ਤੂੰ ਮੇਰੇ ਨਾਲ ਝੂਠ ਬੋਲਿਆ! ਤੂੰ ਮੈਨੂੰ ਮੂਰਖ ਬਣਾਇਆ। ਮਿਹਰਬਾਨੀ ਕਰਕੇ ਮੈਨੂੰ ਸੱਚ ਦੱਸ ਕਿ ਤੈਨੂੰ ਕੋਈ ਜਣਾ ਕਿਵੇਂ ਬੰਨ੍ਹ ਸੱਕਦਾ ਹੈ?”
11 ਸਮਸੂਨ ਨੇ ਆਖਿਆ, “ਕਿਸੇ ਨੂੰ ਮੈਨੂੰ ਨਵੇਂ ਰੱਸਿਆਂ ਨਾਲ ਬੰਨ੍ਹਣਾ ਪਵੇਗਾ। ਉਨ੍ਹਾਂ ਨੂੰ ਮੈਨੂੰ ਉਨ੍ਹਾਂ ਰੱਸਿਆ ਨਾਲ ਬੰਨ੍ਹਣਾ ਪਵੇਗਾ ਜਿਨ੍ਹਾਂ ਨੂੰ ਪਹਿਲਾਂ ਕਦੇ ਨਾ ਵਰਤਿਆ ਗਿਆ ਹੋਵੇ। ਜੇ ਕਿਸੇ ਨੇ ਅਜਿਹਾ ਕਰ ਦਿੱਤਾ ਤਾਂ ਮੈਂ ਹੋਰ ਕਿਸੇ ਵੀ ਬੰਦੇ ਵਾਂਗ ਕਮਜ਼ੋਰ ਹੋ ਜਾਵਾਂਗਾ।”
12 ਇਸ ਲਈ ਦਲੀਲਾਹ ਨੇ ਕੁਝ ਨਵੇਂ ਰੱਸੇ ਲਈ ਅਤੇ ਸਮਸੂਨ ਨੂੰ ਬੰਨ੍ਹ ਦਿੱਤਾ। ਕੁਝ ਲੋਕ ਦੂਸਰੇ ਕਮਰੇ ਵਿੱਚ ਛੁੱਪੇ ਹੋਏ ਸਨ। ਤਾਂ ਦਲੀਲਾਹ ਨੇ ਉਸ ਨੂੰ ਆਵਾਜ਼ ਦਿੱਤੀ, “ਸਮਸੂਨ, ਫ਼ਲਿਸਤੀ ਲੋਕ ਤੈਨੂੰ ਫ਼ੜਨ ਵਾਲੇ ਹਨ!” ਪਰ ਉਸ ਨੇ ਆਸਾਨੀ ਨਾਲ ਰੱਸਿਆਂ ਨੂੰ ਤੋੜ ਦਿੱਤਾ। ਉਸ ਨੇ ਉਨ੍ਹਾਂ ਨੂੰ ਧਾਗਿਆਂ ਵਾਂਗ ਤੋੜ ਦਿੱਤਾ।
13 ਫ਼ੇਰ ਦਲੀਲਾਹ ਨੇ ਸਮਸੂਨ ਨੂੰ ਆਖਿਆ, “ਤੂੰ ਫ਼ੇਰ ਮੇਰੇ ਨਾਲ ਝੂਠ ਬੋਲਿਆ! ਤੂੰ ਮੈਨੂੰ ਮੂਰਖ ਬਣਾਇਆ। ਹੁਣ, ਮੈਨੂੰ ਦੱਸ ਕਿ ਕੋਈ ਤੈਨੂੰ ਕਿਵੇਂ ਬੰਨ੍ਹ ਸੱਕਦਾ ਹੈ?”
ਸਮਸੂਨ ਨੇ ਆਖਿਆ, “ਜੇ ਤੂੰ ਖੱਡੀ ਉੱਤੇ ਕੱਪੜੇ ਨਾਲ ਮੇਰੇ ਸਿਰ ਦੀਆਂ ਸੱਤ ਲਿਟਾਂ ਨੂੰ ਬੁਣੇ ਅਤੇ ਉਨ੍ਹਾਂ ਨੂੰ ਸੂਈ ਨਾਲ ਬੰਨ੍ਹ ਦੇਵੋ ਤਾਂ ਮੈਂ ਕਿਸੇ ਵੀ ਦੂਸਰੇ ਬੰਦੇ ਵਾਂਗ ਕਮਜ਼ੋਰ ਹੋ ਜਾਵਾਂਗਾ।”
14 ਬਾਦ ਵਿੱਚ ਸਮਸੂਨ ਸੌਂ ਗਿਆ। ਇਸ ਲਈ ਦਲੀਲਾਹ ਨੇ ਉਸ ਦੇ ਸਿਰ ਦੀਆਂ ਸੱਤ ਲਿਟਾਂ ਨੂੰ ਬੁਣਿਆ। ਫ਼ੇਰ ਦਲੀਲਾਹ ਨੇ ਤੰਬੂ ਦੇ ਕਿੱਲੇ ਨੂੰ ਧਰਤੀ ਵਿੱਚ ਗੱਡ ਦਿੱਤਾ ਅਤੇ ਉਸ ਨਾਲ ਉਸ ਦੇ ਵਾਲ ਬੰਨ੍ਹ ਦਿੱਤੇ। ਇੱਕ ਵਾਰੀ ਫ਼ੇਰ ਉਸ ਨੇ ਉਸ ਨੂੰ ਆਵਾਜ਼ ਦਿੱਤੀ, “ਸਮਸੂਨ, ਫ਼ਲਿਸਤੀ ਬੰਦੇ ਤੈਨੂੰ ਫ਼ੜਨ ਵਾਲੇ ਹਨ!” ਸਮਸੂਨ ਆਪਣੀ ਨੀਂਦ ਵਿੱਚੋਂ ਜਾਗਿਆ ਅਤੇ ਧਰਤੀ ਵਿੱਚੋਂ ਕਿੱਲੇ ਨੂੰ ਖੱਡੀ ਅਤੇ ਫ਼ਿਰਕੀ ਸਮੇਤ ਪੁੱਟ ਲਿਆ।
15 ਫ਼ੇਰ ਦਲੀਲਾਹ ਨੇ ਸਮਸੂਨ ਨੂੰ ਆਖਿਆ, “ਤੂੰ ਇਹ ਕਿਵੇਂ ਆਖ ਸੱਕਦਾ ਹੈਂ, ‘ਮੈਂ ਤੈਨੂੰ ਪਿਆਰ ਕਰਦਾ ਹਾਂ।’ ਜਦੋਂ ਕਿ ਤੂੰ ਮੇਰੇ ਉੱਤੇ ਵੀ ਭਰੋਸਾ ਨਹੀਂ ਕਰਦਾ? ਤੂੰ ਮੈਨੂੰ ਆਪਣਾ ਭੇਤ ਦੱਸਣ ਤੋਂ ਇਨਕਾਰ ਕਰਦਾ ਹੈ। ਇਹ ਤੀਜੀ ਵਾਰੀ ਹੈ ਕਿ ਤੂੰ ਮੈਨੂੰ ਮੂਰਖ ਬਣਾਇਆ ਹੈ। ਤੂੰ ਮੈਨੂੰ ਆਪਣੀ ਮਹਾਨ ਸ਼ਕਤੀ ਦਾ ਭੇਤ ਨਹੀਂ ਦੱਸਿਆ।” 16 ਉਹ੍ਹ ਸਮਸੂਨ ਨੂੰ ਹਰ ਰੋਜ਼ ਤੰਗ ਕਰਦੀ ਰਹੀ। ਉਹ ਆਪਣੇ ਭੇਤ ਬਾਰੇ ਉਸ ਦੇ ਪੁੱਛਣ ਤੋਂ ਇੰਨਾ ਥੱਕ ਗਿਆ ਕਿ ਉਸ ਨੂੰ ਮਹਿਸੂਸ ਹੋਣ ਲੱਗਾ ਜਿਵੇਂ ਉਹ ਮਰਨ ਵਾਲਾ ਹੈ। 17 ਆਖਰਕਾਰ ਸਮਸੂਨ ਨੇ ਦਲੀਲਾਹ ਨੂੰ ਸਭ ਕੁਝ ਦੱਸ ਦਿੱਤਾ। ਉਸ ਨੇ ਆਖਿਆ, “ਮੈਂ ਕਦੇ ਵੀ ਆਪਣੇ ਵਾਲ ਨਹੀਂ ਕੱਟੇ। ਮੈਂ ਆਪਣੇ ਜਨਮ ਤੋਂ ਪਹਿਲਾਂ ਹੀ ਪਰਮੇਸ਼ੁਰ ਨੂੰ ਸਮਰਪਿਤ ਹੋ ਚੁੱਕਾ ਸਾਂ। ਜੇ ਕੋਈ ਮੇਰਾ ਸਿਰ ਮੁੰਨ ਦੇਵੇ ਤਾਂ ਮੇਰੀ ਤਾਕਤ ਖਤਮ ਹੋ ਜਾਵੇਗੀ। ਫ਼ੇਰ ਮੈਂ ਕਿਸੇ ਵੀ ਹੋਰ ਬੰਦੇ ਵਰਗਾ ਕਮਜ਼ੋਰ ਹੋ ਜਾਵਾਂਗਾ।”
18 ਦਲੀਲਾਹ ਨੇ ਦੇਖਿਆ ਕਿ ਸਮਸੂਨ ਨੇ ਉਸ ਨੂੰ ਆਪਣਾ ਭੇਤ ਦੱਸ ਦਿੱਤਾ ਹੈ। ਉਸ ਨੇ ਫ਼ਲਿਸਤੀ ਲੋਕਾਂ ਦੇ ਹਾਕਮਾਂ ਨੂੰ ਸੰਦੇਸ਼ ਭੇਜ ਦਿੱਤਾ। ਉਸ ਨੇ ਆਖਿਆ, “ਇੱਕ ਵਾਰੀ ਫ਼ੇਰ ਵਾਪਸ ਆ ਜਾਓ। ਸਮਸੂਨ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਹੈ।” ਇਸ ਲਈ ਫ਼ਲਿਸਤੀ ਲੋਕਾਂ ਦੇ ਹਾਕਮ ਦਲੀਲਾਹ ਕੋਲ ਵਾਪਸ ਆ ਗਏ। ਉਹ ਆਪਣੇ ਨਾਲ ਉਹ ਪੈਸਾ ਵੀ ਲੈ ਆਏ ਜਿਸਦਾ ਉਨ੍ਹਾਂ ਨੇ ਉਸ ਨੂੰ ਦੇਣ ਲਈ ਇਕਰਾਰ ਕੀਤਾ ਸੀ।
19 ਦਲੀਲਾਹ ਨੇ ਸਮਸੂਨ ਨੂੰ, ਜਦੋਂ ਉਹ ਉਸਦੀ ਗੋਦੀ ਵਿੱਚ ਲੇਟਿਆ ਸੀ, ਸੁਲਾ ਦਿੱਤਾ। ਫ਼ੇਰ ਉਸ ਨੇ ਇੱਕ ਬੰਦੇ ਨੂੰ ਸਮਸੂਨ ਦੇ ਵਾਲਾਂ ਦੀਆਂ ਸੱਤ ਲਿਟਾਂ ਮੁੰਨਣ ਲਈ ਸੱਦਿਆ। ਇਸ ਤਰ੍ਹਾਂ ਉਸ ਨੇ ਸਮਸੂਨ ਨੂੰ ਕਮਜ਼ੋਰ ਬਣਾ ਦਿੱਤਾ। ਸਮਸੂਨ ਦੀ ਤਾਕਤ ਉਸ ਪਾਸੋਂ ਚਲੀ ਗਈ। 20 ਫ਼ੇਰ ਦਲੀਲਾਹ ਨੇ ਉਸ ਨੂੰ ਪੁਕਾਰਿਆ, “ਸਮਸੂਨ, ਫ਼ਲਿਸਤੀ ਬੰਦੇ ਤੈਨੂੰ ਫ਼ੜਨ ਵਾਲੇ ਹਨ।” ਉਹ ਜਾਗ ਪਿਆ ਅਤੇ ਉਸ ਨੇ ਸੋਚਿਆ, “ਮੈਂ ਪਹਿਲਾਂ ਵਾਂਗ ਹੀ ਆਪਣੇ-ਆਪ ਨੂੰ ਛੁਡਾ ਲਵਾਂਗਾ।” ਪਰ ਸਮਸੂਨ ਨੂੰ ਨਹੀਂ ਸੀ ਪਤਾ ਕਿ ਯਹੋਵਾਹ ਨੇ ਉਸ ਨੂੰ ਛੱਡ ਦਿੱਤਾ ਸੀ।
21 ਫ਼ਲਿਸਤੀ ਆਦਮੀਆਂ ਨੇ ਸਮਸੂਨ ਨੂੰ ਫ਼ੜ ਲਿਆ। ਉਨ੍ਹਾਂ ਨੇ ਉਸ ਦੀਆਂ ਅੱਖਾਂ ਕੱਢ ਦਿੱਤੀਆਂ ਅਤੇ ਉਸ ਨੂੰ ਅੱਜ਼ਾਹ ਸ਼ਹਿਰ ਵਿੱਚ ਲੈ ਗਏ। ਫ਼ੇਰ ਉਨ੍ਹਾਂ ਨੇ ਉਸ ਨੂੰ ਜੰਜ਼ੀਰਾਂ ਨਾਲ ਬੰਨ੍ਹ ਦਿੱਤਾ ਤਾਂ ਜੋ ਭੱਜ ਨਾ ਸੱਕੇ। ਉਨ੍ਹਾਂ ਨੇ ਸਮਸੂਨ ਨੂੰ ਕੈਦ ਵਿੱਚ ਡੱਕ ਦਿੱਤਾ ਅਤੇ ਉਸ ਨੂੰ ਅਨਾਜ ਪੀਸਣ ਦਾ ਕੰਮ ਦੇ ਦਿੱਤਾ। 22 ਪਰ ਸਮਸੂਨ ਦੇ ਵਾਲ ਫ਼ੇਰ ਉੱਗਣੇ ਸ਼ੁਰੂ ਹੋ ਗਏ।
15 ਕੁਝ ਮਸੀਹ ਬਾਰੇ ਈਰਖਾ ਅਤੇ ਸ਼ਰੀਕੇ ਕਾਰਣ ਪ੍ਰਚਾਰ ਕਰਦੇ ਹਨ, ਪਰ ਦੂਸਰੇ ਮਸੀਹ ਬਾਰੇ ਚੰਗੇ ਪ੍ਰਯੋਜਨਾਂ ਨਾਲ ਪ੍ਰਚਾਰ ਕਰਦੇ ਹਨ। 16 ਇਹ ਲੋਕ ਇਸ ਲਈ ਪ੍ਰਚਾਰ ਕਰਦੇ ਹਨ ਕਿਉਂਕਿ ਉਹ ਮੈਨੂੰ ਪਿਆਰ ਕਰਦੇ ਹਨ ਅਤੇ ਉਹ ਜਾਣਦੇ ਹਨ ਕਿ ਪਰਮੇਸ਼ੁਰ ਨੇ ਮੈਨੂੰ ਖੁਸ਼ਖਬਰੀ ਦੀ ਰੱਖਿਆ ਕਰਨ ਦਾ ਕਾਰਜ ਦਿੱਤਾ ਸੀ। 17 ਪਰ ਉਹ ਦੂਸਰੇ ਲੋਕ ਮਸੀਹ ਬਾਰੇ ਖੁਦਗਰਜ਼ੀ ਦੀ ਮਨੋਬਿਰਤੀ ਨਾਲ ਪ੍ਰਚਾਰ ਕਰਦੇ ਹਨ। ਉਨ੍ਹਾਂ ਦੇ ਪ੍ਰਯੋਜਨ ਗਲਤ ਹਨ। ਉਹ ਸੋਚਦੇ ਹਨ ਕਿ ਉਹ ਮੇਰੇ ਲਈ ਅੜਚਨਾਂ ਪੈਦਾ ਕਰ ਸੱਕਦੇ ਹਨ ਜਦੋਂ ਕਿ ਮੈਂ ਕੈਦ ਵਿੱਚ ਹਾਂ। 18 ਮਹੱਤਵਪੂਰਣ ਗੱਲ ਇਹ ਹੈ ਕਿ ਹਰ ਢੰਗ ਵਿੱਚ ਭਾਵੇਂ ਚੰਗੇ ਪ੍ਰਯੋਜਨ ਨਾਲ ਜਾਂ ਮੰਦੇ ਨਾਲ, ਮਸੀਹ ਦੇ ਸੰਦੇਸ਼ ਦਾ ਪ੍ਰਚਾਰ ਹੋ ਰਿਹਾ ਹੈ।
ਅਤੇ ਇਸ ਵਾਸਤੇ ਮੈਂ, ਪ੍ਰਸੰਨ ਹਾਂ ਅਤੇ ਪ੍ਰਸੰਨ ਹੋਣਾ ਜਾਰੀ ਰੱਖਾਂਗਾ। 19 ਤੁਸੀਂ ਮੇਰੇ ਲਈ ਪ੍ਰਾਰਥਨਾ ਕਰ ਰਹੇ ਹੋ ਅਤੇ ਯਿਸੂ ਮਸੀਹ ਦਾ ਆਤਮਾ ਮੇਰੀ ਸਹਾਇਤਾ ਕਰਦਾ ਹੈ। ਇਸ ਲਈ ਮੈਂ ਜਾਣਦਾ ਹਾਂ ਕਿ ਇਹ ਮੁਸ਼ਕਿਲਾਂ ਜੋ ਮੇਰੇ ਨਾਲ ਵਾਪਰੀਆਂ ਮੇਰੇ ਲਈ ਛੁਟਕਾਰਾ ਲਿਆਉਣਗੀਆਂ।
20 ਜੋ ਮੈਂ ਸੱਚਮੁੱਚ ਚਾਹੁੰਦਾ ਹਾਂ ਅਤੇ ਆਸ ਰੱਖਦਾ ਹਾਂ ਕਿ ਮੈਂ ਆਜਿਹਾ ਕੁਝ ਵੀ ਨਹੀਂ ਕਰਾਂਗਾ ਜਿਸ ਤੇ ਮੈਂ ਸ਼ਰਮਿੰਦਗੀ ਮਹਿਸੂਸ ਕਰਾਂ। ਮੈਨੂੰ ਉਮੀਦ ਹੈ ਕਿ ਹੁਣ ਮੇਰੇ ਕੋਲ ਹਮੇਸ਼ਾ ਦੀ ਤਰ੍ਹਾਂ, ਆਪਣੇ ਜੀਵਨ ਵਿੱਚ ਮਸੀਹ ਦੀ ਮਹਿਮਾ ਵਿਖਾਉਣ ਲਈ ਹੌਂਸਲਾ ਹੈ, ਭਾਵੇਂ ਮੈਂ ਜੀਵਾਂ ਜਾ ਮਰਾਂ। 21 ਮੇਰੀ ਜ਼ਿੰਦਗੀ ਦੀ ਮਹੱਤਵਪੂਰਣ ਗੱਲ ਮਸੀਹ ਲਈ ਜਿਉਣਾ ਹੈ। “ਮੌਤ ਵੀ ਮੇਰੇ ਲਈ ਫ਼ਾਇਦੇਮੰਦ ਹੋਵੇਗੀ।” [a]
2010 by World Bible Translation Center