Revised Common Lectionary (Complementary)
ਭਰਾ ਹਾਲੇ ਵੀ ਯੂਸੁਫ਼ ਤੋਂ ਭੈਭੀਤ ਹਨ
15 ਜਦੋਂ ਯਾਕੂਬ ਮਰਿਆ, ਯੂਸੁਫ਼ ਦੇ ਭਰਾ ਫ਼ਿਕਰਮੰਦ ਹੋ ਗਏ। ਉਹ ਇਸ ਗੱਲੋਂ ਭੈਭੀਤ ਸਨ ਕਿ ਯੂਸੁਫ਼ ਹਾਲੇ ਵੀ ਉਨ੍ਹਾਂ ਨਾਲ, ਵਰ੍ਹਿਆਂ ਬਾਦ ਉਨ੍ਹਾਂ ਵੱਲੋਂ ਉਸ ਨਾਲ ਕੀਤੇ ਵਿਹਾਰ ਕਾਰਣ ਨਾਰਾਜ਼ ਹੋਵੇਗਾ। ਉਨ੍ਹਾਂ ਨੇ ਆਖਿਆ, “ਸ਼ਾਇਦ ਯੂਸੁਫ਼ ਹਾਲੇ ਵੀ ਸਾਨੂੰ ਉਸ ਕਾਰਣ ਨਫ਼ਰਤ ਕਰਦਾ ਹੈ ਜੋ ਅਸੀਂ ਕੀਤਾ ਸੀ।” 16 ਇਸ ਲਈ ਭਰਾਵਾਂ ਨੇ ਯੂਸੁਫ਼ ਨੂੰ ਇਹ ਸੰਦੇਸ਼ ਭੇਜਿਆ: “ਤੁਹਾਡੇ ਪਿਤਾ ਨੇ ਮਰਨ ਤੋਂ ਪਹਿਲਾਂ, ਸਾਨੂੰ ਤੈਨੂੰ ਇਹ ਸੰਦੇਸ਼ ਦੇਣ ਲਈ ਆਖਿਆ ਸੀ। 17 ਉਸ ਨੇ ਆਖਿਆ ਸੀ, ‘ਯੂਸੁਫ਼ ਨੂੰ ਆਖਣਾ ਕਿ ਮੈਂ ਉਸ ਨੂੰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਆਪਣੇ ਭਰਾਵਾਂ ਨੂੰ ਉਨ੍ਹਾਂ ਦੇ ਭੈੜੇ ਕਾਰਿਆਂ ਲਈ ਮਾਫ਼ ਕਰ ਦੇਵੇ।’ ਇਸ ਲਈ ਹੁਣ ਯੂਸੁਫ਼, ਅਸੀਂ ਤੈਨੂੰ ਬੇਨਤੀ ਕਰਦੇ ਹਾਂ ਕਿਰਪਾ ਕਰਕੇ ਸਾਨੂੰ ਸਾਡੇ ਉਹਾਂ ਭੈੜੇ ਕੰਮਾਂ ਲਈ ਮਾਫ਼ ਕਰਦੇ ਜਿਹੜੇ ਅਸੀਂ ਤੇਰੇ ਨਾਲ ਕੀਤੇ ਸਨ। ਅਸੀਂ ਪਰਮੇਸ਼ੁਰ ਦੇ, ਤੇਰੇ ਪਿਤਾ ਦੇ ਪਰਮੇਸ਼ੁਰ ਦੇ ਸੇਵਕ ਹਾਂ।”
ਇਸ ਸੰਦੇਸ਼ ਨੇ ਯੂਸੁਫ਼ ਨੂੰ ਬਹੁਤ ਉਦਾਸ ਕਰ ਦਿੱਤਾ ਅਤੇ ਉਹ ਰੋ ਪਿਆ। 18 ਉਸ ਦੇ ਭਰਾ ਉਸ ਦੇ ਕੋਲ ਗਏ ਅਤੇ ਉਸ ਦੇ ਸਾਹਮਣੇ ਝੁਕ ਕੇ ਸਲਾਮ ਕੀਤਾ। ਉਨ੍ਹਾਂ ਨੇ ਆਖਿਆ, “ਅਸੀਂ ਤੁਹਾਡੇ ਨੌਕਰ ਹੋਵਾਂਗੇ।”
19 ਫ਼ੇਰ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, “ਭੈਭੀਤ ਨਾ ਹੋਵੋ। ਪਰਮੇਸ਼ੁਰ ਦਾ ਕਾਰਨ ਕਰਨਾ ਮੇਰੇ ਤਾਈਂ ਸੰਭਵ ਨਹੀਂ, ਕੀ ਹੈ? 20 ਇਹ ਸੱਚ ਹੈ ਕਿ ਤੁਸੀਂ ਮੇਰੇ ਨਾਲ ਕੁਝ ਬੁਰਾ ਕਰਨ ਦੀ ਵਿਉਂਤ ਬਣਾਈ ਸੀ। ਪਰ ਅਸਲ ਵਿੱਚ ਪਰਮੇਸ਼ੁਰ ਚੰਗੀਆਂ ਗੱਲਾਂ ਦੀ ਵਿਉਂਤ ਬਣਾ ਰਿਹਾ ਸੀ। ਪਰਮੇਸ਼ੁਰ ਦੀ ਵਿਉਂਤ ਮੇਰੀ ਵਰਤੋਂ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਕਰਨ ਦੀ ਸੀ। ਅਤੇ ਇਹੀ ਹੈ ਜੋ ਵਾਪਰਿਆ ਹੈ! 21 ਇਸ ਲਈ ਭੈਭੀਤ ਨਾ ਹੋਵੋ। ਮੈਂ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਸਹਾਰਾ ਦਿਆਂਗਾ।” ਜੋ ਯੂਸੁਫ਼ ਨੇ ਆਖਿਆ, ਉਸ ਨੇ ਉਸ ਦੇ ਭਰਾਵਾਂ ਨੂੰ ਸੁੱਖ ਦਿੱਤਾ।
ਦਾਊਦ ਦਾ ਇੱਕ ਗੀਤ।
103 ਹੇ ਮੇਰੀ ਰੂਹ, ਯਹੋਵਾਹ ਦੀ ਉਸਤਤਿ ਕਰ।
ਮੇਰੇ ਜਿਸਮ ਦੇ ਸਾਰੇ ਅੰਗੋ, ਉਸ ਦੇ ਪਵਿੱਤਰ ਨਾਮ ਦੀ ਉਸਤਤਿ ਕਰੋ।
2 ਹੇ ਮੇਰੀ ਆਤਮਾ ਯਹੋਵਾਹ ਦੀ ਉਸਤਤਿ ਕਰ।
ਅਤੇ ਇਹ ਵੀ ਨਾ ਭੁੱਲੀ ਕਿ ਉਹ ਸੱਚਮੁੱਚ ਮਿਹਰਬਾਨ ਹੈ।
3 ਯਹੋਵਾਹ ਉਨ੍ਹਾਂ ਉੱਤੇ ਜਿਹੜੇ ਉਸਦੀ ਉਪਾਸਨਾ ਕਰਦੇ ਹਨ
ਉਸੇ ਤਰ੍ਹਾਂ ਦਯਾਵਾਨ ਹੈ ਜਿਵੇਂ ਇੱਕ ਪਿਤਾ ਆਪਣੇ ਬੱਚਿਆਂ ਉੱਤੇ ਦਯਾਵਾਨ ਹੁੰਦਾ ਹੈ।
4 ਪਰਮੇਸ਼ੁਰ ਸਾਡੀ ਜਿੰਦ ਨੂੰ ਕਬਰ ਪਾਸੋਂ ਬਚਾਉਂਦਾ ਹੈ।
ਅਤੇ ਉਹ ਸਾਨੂੰ ਆਪਣਾ ਪਿਆਰ ਅਤੇ ਹਮਦਰਦੀ ਦਿੰਦਾ ਹੈ।
5 ਪਰਮੇਸ਼ੁਰ ਬਹੁਤ ਸਾਰੀਆਂ ਸ਼ੁਭ ਚੀਜ਼ਾਂ ਦਿੰਦਾ ਹੈ।
ਉਹ ਸਾਨੂੰ ਇੱਕ ਵਾਰੇ ਫ਼ੇਰ ਬਾਜ ਵਾਂਗ ਜਵਾਨ ਬਣਾ ਦਿੰਦਾ ਹੈ।
6 ਯਹੋਵਾਹ ਬੇਲਾਗ ਹੈ।
ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਨਿਆਂ ਦਿੰਦਾ ਹੈ ਜਿਨ੍ਹਾਂ ਨੂੰ ਹੋਰ ਲੋਕਾਂ ਨੇ ਦੁੱਖ ਦਿੱਤੇ ਹਨ।
7 ਪਰਮੇਸ਼ੁਰ ਨੇ ਮੂਸਾ ਨੂੰ ਆਪਣੇ ਨੇਮ ਸਿੱਖਾਏ।
ਪਰਮੇਸ਼ੁਰ ਨੇ ਇਸਰਾਏਲ ਨੂੰ ਦਿਖਾ ਦਿੱਤਾ ਕਿ ਉਹ ਕਿੰਨੀਆਂ ਸ਼ਕਤੀਸ਼ਾਲੀ ਗੱਲਾਂ ਕਰ ਸੱਕਦਾ ਹੈ।
8 ਯਹੋਵਾਹ ਦਯਾਵਾਨ ਅਤੇ ਰਹਿਮ ਕਰਨ ਵਾਲਾ ਹੈ।
ਉਹ ਧੀਰਜ ਅਤੇ ਪਿਆਰ ਨਾਲ ਭਰਪੂਰ ਹੈ।
9 ਯਹੋਵਾਹ ਸਦਾ ਨੁਕਤਾਚੀਨੀ ਨਹੀਂ ਕਰਦਾ ਪਰਮੇਸ਼ੁਰ ਸਾਡੇ ਉੱਤੇ ਸਦਾ ਕ੍ਰੋਧਵਾਨ ਨਹੀਂ ਰਹਿੰਦਾ।
10 ਅਸੀਂ ਪਰਮੇਸ਼ੁਰ ਦੇ ਵਿਰੁੱਧ ਗੁਨਾਹ ਕੀਤੇ
ਪਰ ਉਸ ਨੇ ਸਾਨੂੰ ਦੰਡ ਨਹੀਂ ਦਿੱਤਾ ਜਿਸਦੇ ਅਸੀਂ ਅਧਿਕਾਰੀ ਸਾਂ।
11 ਪਰਮੇਸ਼ੁਰ ਦਾ ਆਪਣੇ ਚੇਲਿਆਂ ਲਈ ਪਿਆਰ ਸਾਡੇ ਨਾਲੋਂ ਇੰਨਾ ਉੱਚਾ ਹੈ
ਜਿੰਨਾ ਧਰਤੀ ਕੋਲੋਂ ਅਕਾਸ਼ ਉੱਚਾ ਹੈ।
12 ਅਤੇ ਪਰਮੇਸ਼ੁਰ ਨੇ ਸਾਡੇ ਗੁਨਾਹ ਇੰਨੇ ਦੂਰ ਸੁੱਟ ਦਿੱਤੇ ਹਨ
ਜਿੰਨਾ ਪੱਛਮ ਪੂਰਬ ਤੋਂ ਦੂਰ ਹੈ।
13 ਯਹੋਵਾਹ ਉਨ੍ਹਾਂ ਉੱਤੇ ਜਿਹੜੇ ਉਸਦੀ ਉਪਾਸਨਾ ਕਰਦੇ ਹਨ
ਉਸੇ ਤਰ੍ਹਾਂ ਦਿਆਲੂ ਹੈ ਜਿਵੇਂ ਇੱਕ ਪਿਤਾ ਆਪਣੇ ਬੱਚਿਆਂ ਉੱਤੇ ਦਯਾਲੂ ਹੁੰਦਾ ਹੈ।
ਦੂਜੇ ਲੋਕਾਂ ਦੀ ਨਿੰਦਿਆ ਨਾ ਕਰੋ
14 ਉਹ ਮਨੁੱਖ ਜਿਹੜਾ ਨਿਹਚਾ ਵਿੱਚ ਕਮਜ਼ੋਰ ਹੋਵੇ ਉਸ ਨੂੰ ਆਪਣੀ ਸੰਗਤ ਵਿੱਚ ਰਲਾਉਣ ਤੋਂ ਮਨਾ ਨਾ ਕਰੋ ਤੇ ਨਾ ਹੀ ਉਸ ਨਾਲ ਉਸ ਦੇ ਅਲੱਗ ਵਿੱਚਾਰਾਂ ਬਾਰੇ ਬਹਿਸ ਕਰੋ। 2 ਕੋਈ ਇੱਕ ਮਨੁੱਖ ਸੋਚਦਾ ਹੈ ਕਿ ਉਹ ਜਿਹੋ ਜਿਹਾ ਚਾਹੇ ਭੋਜਨ ਖਾ ਸੱਕਦਾ ਹੈ। ਪਰ ਦੂਜਾ ਵਿਅਕਤੀ ਜੋ ਆਪਣੇ ਵਿਸ਼ਵਾਸ ਵਿੱਚ ਕਮਜ਼ੋਰ ਹੈ ਉਹ ਇਹ ਸੋਚਦਾ ਹੈ ਕਿ ਉਸ ਨੂੰ ਸਿਰਫ਼ ਸਬਜ਼ੀਆਂ ਹੀ ਖਾਣੀਆਂ ਚਾਹੀਦੀਆਂ ਹਨ। 3 ਜਿਹੜਾ ਵਿਅਕਤੀ ਇਹ ਜਾਣਦਾ ਹੈ ਕਿ ਉਹ ਕਿਸੇ ਵੀ ਭਾਂਤ ਦਾ ਭੋਜਨ ਖਾ ਸੱਕਦਾ ਹੈ ਉਸ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਦੂਜੇ ਵਿਅਕਤੀ ਨਾਲੋਂ ਚੰਗਾ ਹੈ ਜੋ ਕੇਵਲ ਸਬਜ਼ੀਆਂ ਖਾਂਦਾ ਹੈ। ਅਤੇ ਜਿਹੜਾ ਵਿਅਕਤੀ ਕੇਵਲ ਸਬਜ਼ੀਆਂ ਖਾਂਦਾ ਹੈ ਉਸ ਨੂੰ ਇਹ ਨਹੀ ਸੋਚਣਾ ਚਾਹੀਦਾ ਕਿ ਉਹ ਵਿਅਕਤੀ, ਜੋ ਸਭ ਕੁਝ ਖਾਂਦਾ ਹੈ, ਗਲਤ ਹੈ। ਪਰਮੇਸ਼ੁਰ ਨੇ ਉਸ ਵਿਅਕਤੀ ਨੂੰ ਕਬੂਲ ਲਿਆ ਹੈ। 4 ਦੂਜੇ ਵਿਅਕਤੀ ਦੇ ਨੌਕਰ ਦਾ ਨਿਆਂ ਕਰਨ ਵਾਲਾ ਤੂੰ ਕੌਣ ਹੈ? ਸਿਰਫ਼ ਉਸ ਦੇ ਮਾਲਕ ਨੂੰ ਇਹੀ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਗਲਤ ਹੈ ਜਾਂ ਸਹੀ। ਅਤੇ ਪ੍ਰਭੂ ਦਾ ਸੇਵਕ ਸਹੀ ਹੋਵੇਗਾ ਕਿਉਂਕਿ ਪ੍ਰਭੂ ਉਸ ਨੂੰ ਸਹੀ ਬਨਾਉਣ ਦੇ ਸਮਰੱਥ ਹੈ। 5 ਇੱਕ ਵਿਅਕਤੀ ਵਿਸ਼ਵਾਸ ਕਰਦਾ ਹੈ ਕਿ ਸ਼ਾਇਦ ਇੱਕ ਦਿਨ ਦੂਜੇ ਦਿਨ ਨਾਲੋਂ ਚੰਗਾ ਹੈ। ਦੂਜਾ ਵਿਅਕਤੀ ਵਿਸ਼ਵਾਸ ਕਰ ਸੱਕਦਾ ਹੈ ਕਿ ਹਰ ਦਿਨ ਉਹੀ ਹੈ। ਹਰ ਇੱਕ ਨੂੰ ਆਪਣੇ ਨਿਹਚੇ ਬਾਰੇ ਆਪਣੇ ਖੁਦ ਦੇ ਮਨ ਵਿੱਚ ਮਜ਼ਬੂਤ ਹੋਣਾ ਚਾਹੀਦਾ ਹੈ। 6 ਜਿਹੜਾ ਵਿਅਕਤੀ ਵਿਸ਼ਵਾਸ ਕਰਦਾ ਹੈ ਕਿ ਇੱਕ ਦਿਨ ਦੂਜੇ ਨਾਲੋਂ ਚੰਗਾ ਹੈ ਉਹ ਇਹ ਪ੍ਰਭੂ ਲਈ ਕਰ ਰਿਹਾ ਹੈ। ਅਤੇ ਜਿਹੜਾ ਮਨੁੱਖ ਹਰ ਭਾਂਤ ਦਾ ਭੋਜਨ ਖਾਂਦਾ ਹੈ ਉਹ ਪ੍ਰਭੂ ਦੇ ਲਈ ਖਾਂਦਾ ਹੈ ਅਤੇ ਉਹ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ। ਜਿਹੜਾ ਮਨੁੱਖ ਖਾਸ ਭੋਜਨ ਖਾਣ ਤੋਂ ਇਨਕਾਰ ਕਰਦਾ ਹੈ ਉਹ ਪ੍ਰਭੂ ਲਈ ਹੀ ਕਰਦਾ ਹੈ ਅਤੇ ਉਹ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ।
7 ਹਾਂ, ਅਸੀਂ ਸਾਰੇ ਪ੍ਰਭੂ ਕਾਰਣ ਉਸ ਲਈ ਹੀ ਜਿਉਂਦੇ ਹਾਂ। ਅਸੀਂ ਨਾ ਆਪਣੇ ਲਈ ਜਿਉਂਦੇ ਨਾ ਮਰਦੇ ਹਾਂ। 8 ਜੇਕਰ ਅਸੀਂ ਜਿਉਂਦੇ ਹਾਂ ਤਾਂ ਅਸੀਂ ਪ੍ਰਭੂ ਲਈ ਜਿਉਂਦੇ ਹਾਂ। ਅਤੇ ਜੇਕਰ ਅਸੀਂ ਮਰੀਏ, ਅਸੀਂ ਪ੍ਰਭੂ ਲਈ ਮਰੀਏ। ਜੀਵਿਤ ਜਾਂ ਮੁਰਦਾ, ਅਸੀਂ ਪ੍ਰਭੂ ਨਾਲ ਸੰਬੰਧਿਤ ਹਾਂ। 9 ਮਸੀਹ ਮਰਿਆ ਅਤੇ ਮੁਰਦੇ ਤੋਂ ਉੱਠਾਇਆ ਗਿਆ। ਤਾਂ ਜੋ ਸ਼ਾਇਦ ਉਹ ਮੁਰਦਿਆਂ ਅਤੇ ਜਿਉਂਦਿਆਂ ਦੋਹਾਂ ਦਾ ਪ੍ਰਭੂ ਹੋ ਸੱਕੇ।
10 ਤੂੰ ਆਪਣੇ ਭਰਾ ਬਾਰੇ ਕਿਉਂ ਨਿਆਂ ਕਰਦਾ ਹੈਂ? ਜਾਂ ਫ਼ਿਰ ਤੂੰ ਆਪਣੇ ਭਰਾ ਨੂੰ ਕਿਉਂ ਤੁੱਛ ਜਾਣਦਾ ਹੈਂ? ਅਸੀਂ ਸਾਰੇ ਪਰਮੇਸ਼ੁਰ ਦੇ ਨਿਆਂ ਦੇ ਅੱਗੇ ਖੜ੍ਹੇ ਹੋਵਾਂਗੇ ਤੇ ਹਾਜ਼ਰ ਹੋਣਾ ਪਵੇਗਾ ਫ਼ਿਰ ਸਾਡਾ ਨਿਆਂ ਹੋਵੇਗਾ। 11 ਪੋਥੀਆਂ ਵਿੱਚ ਵੀ ਇਹ ਆਖਿਆ ਗਿਆ ਹੈ:
“ਹਰ ਮਨੁੱਖ ਮੇਰੇ ਅੱਗੇ ਨਿਵੇਗਾ,
ਹਰ ਮਨੁੱਖ ਇਹ ਆਖੇਗਾ;
ਕਿ ਮੈਂ ਪਰਮੇਸ਼ੁਰ ਹਾਂ,
ਮੈਂ ਜਿਉਂਦਾ ਪ੍ਰਭੂ ਹਾਂ, ਅਤੇ ਮੈਂ ਆਖਦਾ ਹਾਂ ਕਿ ਇਹ ਇਵੇਂ ਹੀ ਵਾਪਰੇਗਾ।” (A)
12 ਇਸ ਕਰਕੇ ਸਾਡੇ ਵਿੱਚੋਂ ਹਰੇਕ ਨੇ ਪਰਮੇਸ਼ੁਰ ਨੂੰ ਆਪੋ ਆਪਣਾ ਲੇਖਾ ਦੇਣਾ ਹੈ।
ਖਿਮਾ ਬਾਰੇ ਉਪਦੇਸ਼
21 ਤਦ ਪਤਰਸ ਯਿਸੂ ਕੋਲ ਆਇਆ ਅਤੇ ਉਸ ਨੂੰ ਆਖਿਆ, “ਜੇਕਰ ਮੇਰਾ ਭਰਾ ਮੇਰਾ ਬੁਰਾ ਕਰਨਾ ਜਾਰੀ ਰੱਖੇ, ਤਾਂ ਕਿੰਨੀ ਵਾਰੀ ਮੈਂ ਉਸ ਨੂੰ ਮਾਫ਼ ਕਰਾਂ? ਕੀ ਮੈਂ ਉਸ ਨੂੰ ਸੱਤ ਵਾਰ ਬੁਰਾ ਕਰਨ ਤੱਕ ਮਾਫ਼ ਕਰਾਂ?”
22 ਯਿਸੂ ਨੇ ਉਸ ਨੂੰ ਕਿਹਾ, “ਤੂੰ ਸੱਤ ਵਾਰ ਤੋਂ ਵੱਧ ਮਾਫ਼ ਕਰ। ਤੂੰ ਉਸ ਨੂੰ ਲਗਾਤਾਰ ਮਾਫ਼ ਕਰਦਾ ਜਾ, ਭਾਵੇਂ ਉਹ ਤੇਰੇ ਨਾਲ ਸਤੱਤਰ ਵਾਰ ਗਲਤੀ ਕਰੇ।
23 “ਸੋ ਸੁਰਗ ਦਾ ਰਾਜ ਉਸ ਰਾਜੇ ਵਰਗਾ ਹੈ ਜਿਸਨੇ ਆਪਣੇ ਉਨ੍ਹਾਂ ਨੋਕਰਾਂ ਤੋਂ ਪੈਸਾ ਵਸੂਲਣ ਦਾ ਮਨ ਬਣਾਇਆ ਜੋ ਉਸ ਦੇ ਨੌਕਰ ਉਸ ਨੂੰ ਦੇਣਦਾਰ ਸਨ। 24 ਜਦੋਂ ਰਾਜੇ ਨੇ ਪੈਸਾ ਇਕੱਠਾ ਕਰਨਾ ਸ਼ੁਰੂ ਕੀਤਾ, ਤਾਂ ਉਸ ਦੇ ਇੱਕ ਨੋਕਰ ਨੂੰ, ਜੋ ਉਸ ਨੂੰ ਚਾਂਦੀ ਦੇ ਕਈ ਹਜ਼ਾਰ ਸਿੱਕਿਆਂ ਦਾ ਦੇਣਦਾਰ ਸੀ, ਉਸ ਕੋਲ ਲਿਆਂਦਾ ਗਿਆ। 25 ਪਰ ਨੋਕਰ, ਕੋਲ ਦੇਣ ਨੂੰ ਕੁਝ ਨਹੀਂ ਸੀ, ਤਦ ਉਸ ਦੇ ਮਾਲਕ ਨੇ ਹੁਕਮ ਦਿੱਤਾ ਉਹ ਉਸਦੀ ਤੀਵੀਂ, ਬਾਲ-ਬੱਚੇ ਅਤੇ ਜੋ ਕੁਝ ਵੀ ਉਸਦਾ ਹੈ ਸਭ ਵੇਚਿਆ ਜਾਵੇ ਅਤੇ ਕਰਜ ਭਰ ਲਿਆ ਜਾਵੇ।
26 “ਉਸ ਸਮੇਂ ਨੋਕਰ ਨੇ ਉਸ ਅੱਗੇ ਝੁਕ ਕੇ ਬੇਨਤੀ ਕੀਤੀ, ‘ਮੇਰੇ ਤੇ ਰਹਿਮ ਕਰੋ ਅਤੇ ਮੈਂ ਜੋ ਕੁਝ ਤੁਹਾਥੋਂ ਲਿਆ ਹੈ, ਜਲਦੀ ਮੋੜ ਦੇਵਾਂਗਾ।’ 27 ਤਾਂ ਮਾਲਕ ਨੂੰ ਉਸ ਉੱਤੇ ਤਰਸ ਆਇਆ। ਮਾਲਕ ਨੇ ਤਰਸ ਖਾਕੇ ਉਸਦਾ ਕਰਜ ਮਾਫ਼ ਕਰ ਦਿੱਤਾ ਅਤੇ ਉਸ ਨੂੰ ਵੀ ਛੱਡ ਦਿੱਤਾ।
28 “ਜਦੋਂ ਉਹੀ ਨੋਕਰ ਬਾਹਰ ਆਇਆ, ਤਾਂ ਉਸ ਨੂੰ ਦੂਜਾ ਨੋਕਰ ਮਿਲਿਆ ਜੋ ਉਸ ਨੂੰ ਚਾਂਦੀ ਦੇ ਇੱਕ ਸੌ ਸਿੱਕਿਆਂ ਦਾ ਦੇਣਦਾਰ ਸੀ। ਤਾਂ ਉਸ ਨੋਕਰ ਨੇ ਦੂਜੇ ਨੂੰ ਗਲੋਂ ਫ਼ੜ ਲਿਆ ਅਤੇ ਆਖਿਆ ਜਿਸਦਾ ਤੂੰ ਮੈਨੂੰ ਦੇਣਦਾਰ ਹੈ, ਸੋ ਦੇ।
29 “ਤਾਂ ਉਸ ਦੇ ਨਾਲ ਦਾ ਨੋਕਰ ਉਸ ਦੇ ਗੋਡੀ ਪੈ ਗਿਆ ਅਤੇ ਉਸ ਨੂੰ ਬੇਨਤੀ ਕੀਤੀ, ‘ਤੂੰ ਮੇਰੇ ਨਾਲ ਸਬਰ ਤੋਂ ਕੰਮ ਲੈ, ਮੈਂ ਤੇਰਾ ਸਾਰਾ ਕਰਜਾ ਦੇ ਦਿਆਂਗਾ।’
30 “ਪਰ ਉਸ ਨੇ ਇਨਕਾਰ ਕਰ ਦਿੱਤਾ ਅਤੇ ਕਚਿਹਰੀ ਰਾਹੀਂ ਉਸ ਨੋਕਰ ਨੂੰ ਕੈਦ ਵਿੱਚ ਸੁੱਟ ਦਿਤਾ ਗਿਆ। ਉਸ ਨੂੰ ਓਨਾ ਚਿਰ ਕੈਦ ਵਿੱਚ ਰੱਖਿਆ ਗਿਆ ਜਦੋਂ ਤੱਕ ਕਿ ਉਸ ਨੇ ਸਾਰਾ ਕਰਜਾ ਵਾਪਸ ਨਹੀਂ ਦੇ ਦਿੱਤਾ। 31 ਪਰ ਜਦੋਂ ਉਸ ਦੇ ਨਾਲ ਦੇ ਨੋਕਰਾਂ ਨੇ ਇਹ ਗੱਲ ਵਾਪਰਦੀ ਵੇਖੀ ਤਾਂ ਉਹ ਬੜੇ ਉਦਾਸ ਹੋਏ ਅਤੇ ਉਨ੍ਹਾਂ ਨੇ ਜਾਕੇ ਮਾਲਕ ਨੂੰ ਸਾਰਾ ਹਾਲ ਦੱਸ ਦਿੱਤਾ।
32 “ਤਦ ਮਾਲਕ ਨੇ ਉਸ ਨੌਕਰ ਨੂੰ ਸੱਦਿਆ ਅਤੇ ਆਖਿਆ, ‘ਓਏ ਦੁਸ਼ਟ ਨੋਕਰ, ਤੂੰ ਮੇਰੇ ਕਿੰਨੇ ਧਨ ਦਾ ਦੇਣਦਾਰ ਸੀ, ਪਰ ਤੂੰ ਮੈਨੂੰ ਕਰਜਾ ਛੱਡਣ ਲਈ ਬੇਨਤੀ ਕੀਤੀ। ਇਸ ਲਈ ਮੈਂ ਤੇਰਾ ਸਾਰਾ ਕਰਜਾ ਛੱਡ ਦਿੱਤਾ। 33 ਫ਼ੇਰ ਜਿਵੇਂ ਮੈਂ ਤੇਰੇ ਤੇ ਦਯਾ ਕੀਤੀ ਸੀ ਕੀ ਤੈਨੂੰ ਵੀ ਆਪਣੇ ਨਾਲ ਦੇ ਨੋਕਰ ਉੱਤੇ ਉਵੇਂ ਹੀ ਦਯਾ ਨਹੀਂ ਕਰਨੀ ਚਾਹੀਦੀ ਸੀ।’ 34 ਮਾਲਕ ਨੂੰ ਬਹੁਤ ਗੁੱਸਾ ਆਇਆ ਅਤੇ ਉਸ ਨੇ ਨੋਕਰ ਨੂੰ ਸਜ਼ਾ ਦੇਣ ਲਈ ਕੈਦ ਵਿੱਚ ਸੁੱਟ ਦਿੱਤਾ, ਅਤੇ ਓਨੀ ਦੇਰ ਕੈਦ ਵਿੱਚ ਰੱਖਣ ਦਾ ਹੁਕਮ ਦਿੱਤਾ ਜਿੰਨੀ ਦੇਰ ਉਹ ਆਪਣਾ ਕਰਜਾ ਚੁਕਤਾ ਨਾ ਕਰ ਦੇਵੇ।
35 “ਇਸੇ ਤਰ੍ਹਾਂ ਮੇਰਾ ਸੁਰਗੀ ਪਿਤਾ ਤੁਹਾਡੇ ਨਾਲ ਕਰੇਗਾ ਜਿਵੇਂ ਰਾਜੇ ਨੇ ਨੋਕਰ ਨਾਲ ਕੀਤਾ ਜੇਕਰ ਤੁਸੀਂ ਆਪਣੇ ਭਾਈਆਂ ਅਤੇ ਭੈਣਾਂ ਨੂੰ ਆਪਣੇ ਦਿਲੋਂ ਮਾਫ਼ ਨਹੀਂ ਕਰੋਂਗੇ ਤਾਂ ਮੇਰਾ ਸੁਰਗੀ ਪਿਤਾ ਤੁਹਾਨੂੰ ਮਾਫ਼ ਨਹੀਂ ਕਰੇਗਾ।”
2010 by World Bible Translation Center