Revised Common Lectionary (Complementary)
ਦਾਊਦ ਦੀ ਪ੍ਰਾਰਥਨਾ।
17 ਯਹੋਵਾਹ, ਨਿਆਂ ਲਈ ਮੇਰੀ ਪ੍ਰਾਰਥਨਾ ਨੂੰ ਸੁਣ।
ਮੈਂ ਉੱਚੀ-ਉੱਚੀ ਤੁਹਾਨੂੰ ਹਾਕਾਂ ਮਾਰ ਰਿਹਾ ਹਾਂ।
ਮੈਂ ਉਸ ਵਿੱਚ ਇਮਾਨਦਾਰ ਹਾਂ ਜੋ ਮੈਂ ਆਖਦਾ ਹਾਂ,
ਇਸ ਲਈ ਕਿਰਪਾ ਕਰਕੇ ਮੇਰੀ ਪ੍ਰਾਰਥਨਾ ਨੂੰ ਸੁਣ।
2 ਕਿਉਂਕਿ ਤੁਸੀਂ ਸੱਚ ਨੂੰ ਵੇਖ ਸੱਕਦੇ ਹੋਂ,
ਤੁਸੀਂ ਮੈਨੂੰ ਸੱਚ ਪ੍ਰਦਾਨ ਕਰੋਂਗੇ।
3 ਤੁਸੀਂ ਮੇਰੇ ਦਿਲ ਦੀ ਡੂੰਘਾਈ ਅੰਦਰ ਵੇਖਿਆ ਹੈ।
ਤੁਸੀਂ ਸਾਰੀ ਰਾਤ ਮੇਰੇ ਨਾਲ ਸੀ।
ਤੁਸੀਂ ਮੈਨੂੰ ਪਰੱਖਿਆ ਹੈ ਤੁਸੀਂ ਮੇਰੇ ਵਿੱਚ ਕੁਝ ਵੀ ਬੁਰਾਈ ਨਹੀਂ ਲੱਭੀ
ਨਾ ਹੀ ਮੈਂ ਕੋਈ ਵੀ ਮੰਦੀ ਵਿਉਂਤ ਬਣਾਈ ਸੀ।
4 ਮੈਂ ਤੁਹਾਡੇ ਆਦੇਸ਼ਾਂ ਨੂੰ ਮੰਨਣ ਲਈ ਜਿੰਨੀ ਮਨੁੱਖੀ ਤੌਰ ਤੇ ਸੰਭਵ ਸੀ, ਕੋਸ਼ਿਸ਼ ਕੀਤੀ ਹੈ।
ਮੈਂ ਤੇਰੇ ਸਾਰੇ ਆਦੇਸ਼ਾਂ ਨੂੰ ਮੰਨਿਆ ਹੈ।
5 ਮੈਂ ਤੁਹਾਡੇ ਰਸਤਿਆਂ ਤੇ ਚੱਲਿਆ ਹਾਂ।
ਮੇਰੇ ਪਗ ਤੁਹਾਡੇ ਦੁਆਰਾ ਦੱਸੇ ਜੀਵਨ ਦੇ ਰਾਹ ਤੋਂ ਕਦੇ ਨਹੀਂ ਥਿੜਕੇ।
6 ਹਰ ਵਾਰੀ ਮੈਂ ਤੁਹਾਨੂੰ ਅਵਾਜ਼ ਦਿੱਤੀ, ਪਰਮੇਸ਼ੁਰ।
ਤੇ ਤੁਸੀਂ ਹੁਂਗਾਰਾ ਭਰਿਆ, ਇਸ ਲਈ ਹੁਣ ਕਿਰਪਾ ਕਰਕੇ ਮੈਨੂੰ ਸੁਣੋ।
7 ਹੇ ਪਰਮੇਸ਼ੁਰ, ਤੁਸੀਂ ਉਨ੍ਹਾਂ ਦੀ ਮਦਦ ਕਰੋ
ਜਿਹੜੇ ਤੁਸਾਂ ਵਿੱਚ ਆਸਥਾ ਰੱਖਦੇ ਹਨ ਉਹ ਲੋਕ ਆਉਂਦੇ ਹਨ
ਅਤੇ ਤੁਹਾਡੇ ਸੱਜੇ ਪਾਸੇ ਖਲੋਂਦੇ ਹਨ।
ਇਸ ਲਈ ਇਸ ਪ੍ਰਾਰਥਨਾ ਨੂੰ ਸੁਣੋ, ਜਿਹੜੀ ਤੁਹਾਡੇ ਇੱਕ ਚੇਲੇ ਵੱਲੋਂ ਹੈ।
8 ਮੇਰੀ ਰੱਖਿਆ ਆਪਣੀ ਅੱਖ ਦੀ ਗੁਠਲੀ ਵਾਂਗ ਕਰੋ।
ਮੈਨੂੰ ਆਪਣੇ ਖੰਬਾਂ ਦੀ ਛੱਤ ਹੇਠਾਂ ਛੁਪਾ ਲਵੋ।
9 ਯਹੋਵਾਹ, ਮੈਨੂੰ ਉਨ੍ਹਾਂ ਮੰਦੇ ਲੋਕਾਂ ਪਾਸੋਂ ਬਚਾਵੋ, ਜਿਹੜੇ ਮੇਰੀ ਬਰਬਾਦੀ ਲਈ ਕੰਮ ਕਰਦੇ ਹਨ।
ਹੇ ਪਰਮੇਸ਼ੁਰ ਮੈਨੂੰ ਘੇਰੀ ਹੋਏ ਲੋਕਾਂ ਤੋਂ ਮੇਰੀ ਰੱਖਿਆ ਕਰੋ, ਜਿਹੜੇ ਮੈਨੂੰ ਦੁੱਖੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
10 ਉਹ ਦੁਸ਼ਟ ਲੋਕ ਇੰਨੇ ਘਮੰਡੀ ਹਨ ਕਿ ਉਹ ਪਰਮੇਸ਼ੁਰ ਨੂੰ ਵੀ ਨਹੀਂ ਸੁਣਦੇ।
ਅਤੇ ਉਹ ਸਿਰਫ਼ ਆਪਣੇ ਆਪ ਬਾਰੇ ਹੀ ਸ਼ੇਖੀ ਮਾਰਦੇ ਹਨ।
11 ਉਨ੍ਹਾਂ ਨੇ ਬੇਚੈਨੀ ਨਾਲ ਮੇਰੀ ਭਾਲ ਕੀਤੀ।
ਉਨ੍ਹਾਂ ਨੇ ਮੈਨੂੰ ਘੇਰ ਲਿਆ,
ਅਤੇ ਹੁਣ ਹਮਲਾ ਕਰਨ ਲਈ ਤਿਆਰ ਹਨ।
12 ਉਹ ਮੰਦੇ ਲੋਕ ਸ਼ੇਰਾਂ ਵਰਗੇ ਹਨ, ਜਿਹੜੇ ਹੋਰਾਂ ਜਾਨਵਰਾਂ ਨੂੰ ਮਾਰ ਖਾਣ ਦੀ ਉਡੀਕ ਵਿੱਚ ਹਨ।
ਉਹ ਹਮਲਾ ਕਰਨ ਲਈ ਸ਼ੇਰਾਂ ਵਾਂਗ ਲੁਕਦੇ ਹਨ।
13 ਯਹੋਵਾਹ ਉੱਠੋ, ਅਤੇ ਦੁਸ਼ਮਣ ਵੱਲ ਜਾਵੋ,
ਉਨ੍ਹਾਂ ਕੋਲੋਂ ਸਮਰਪਣ ਕਰਾਉ।
ਆਪਣੀ ਤਲਵਾਰ ਵਰਤੋਂ ਅਤੇ ਉਨ੍ਹਾਂ ਦੁਸ਼ਟ ਲੋਕਾਂ ਕੋਲੋਂ ਮੇਰੀ ਰੱਖਿਆ ਕਰੋ।
14 ਹੇ ਯਹੋਵਾਹ, ਆਪਣੀ ਸ਼ਕਤੀ ਵਰਤੋਂ
ਤੇ ਜਿਉਂਦਿਆਂ ਲੋਕਾਂ ਦੀ ਧਰਤੀ ਤੋਂ ਬਦ ਰੂਹਾਂ ਨੂੰ ਦੂਰ ਕਰੋ।
ਯਹੋਵਾਹ, ਬਹੁਤ ਸਾਰੇ ਲੋਕ ਤੁਹਾਡੇ ਕੋਲ ਸਹਾਇਤਾ ਲਈ ਆਉਂਦੇ ਹਨ, ਉਨ੍ਹਾਂ ਲੋਕਾਂ ਕੋਲ ਆਪਣੇ ਜੀਵਨ ਵਿੱਚ ਬਹੁਤ ਕੁਝ ਨਹੀਂ ਹੈ।
ਉਨ੍ਹਾਂ ਨੂੰ ਕਾਫ਼ੀ ਭੋਜਨ ਦਿਉ।
ਉਨ੍ਹਾਂ ਲੋਕਾਂ ਦੇ ਬੱਚਿਆਂ ਨੂੰ ਉਹ ਦਿਉ ਜੋ ਵੀ ਉਹ ਚਾਹੁੰਦੇ ਹਨ।
ਬੱਚਿਆਂ ਨੂੰ ਇੰਨਾ ਸਾਰਾ ਭੋਜਨ ਦਿਉ, ਕਿ ਉਨ੍ਹਾਂ ਦਾ ਭੋਜਨ ਉਨ੍ਹਾਂ ਦੇ ਬੱਚਿਆਂ ਲਈ ਵੀ ਬਚ ਜਾਵੇ।
15 ਹੇ ਪਰਮੇਸ਼ੁਰ, ਮੈਂ ਤੁਹਾਨੂੰ ਇਨਸਾਫ਼ ਲਈ ਪ੍ਰਾਰਥਨਾ ਕੀਤੀ ਸੀ।
ਉਸ ਵਾਸਤੇ, ਮੈਂ ਤੁਹਾਨੂੰ ਵੇਖਾਂਗਾ।
ਅਤੇ ਤੁਹਾਨੂੰ ਵੇਖਕੇ, ਹੇ ਪਰਮੇਸ਼ੁਰ, ਮੈਂ ਪੂਰਨ ਸੰਤੁਸ਼ਟ ਹੋ ਜਾਵਾਂਗਾ।
27 ਜਦੋਂ ਸੋਗ ਦੇ ਦਿਨ ਲੰਘ ਗਏ, ਤਾਂ ਦਾਊਦ ਨੇ ਉਸ ਨੂੰ ਆਪਣੇ ਸੇਵਕਾਂ ਕੋਲੋਂ ਆਪਣੇ ਘਰ ਸੱਦ ਲਿਆਉਣ ਨੂੰ ਕਿਹਾ। ਤਦ ਉਹ ਦਾਊਦ ਦੀ ਪਤਨੀ ਬਣੀ ਅਤੇ ਉਸ ਨੇ ਦਾਊਦ ਲਈ ਪੁੱਤਰ ਨੂੰ ਜਨਮ ਦਿੱਤਾ। ਪਰ ਯਹੋਵਾਹ ਨੂੰ ਦਾਊਦ ਦਾ ਇਹ ਕੰਮ ਬੁਰਾ ਲੱਗਾ।
ਨਾਥਾਨ ਦਾ ਦਾਊਦ ਨੂੰ ਝਿੜਕਣਾ
12 ਯਹੋਵਾਹ ਨੇ ਨਾਥਾਨ ਨੂੰ ਦਾਊਦ ਦੇ ਕੋਲ ਭੇਜਿਆ। ਨਾਥਾਨ ਨੇ ਦਾਊਦ ਕੋਲ ਆਕੇ ਉਸ ਨੂੰ ਕਿਹਾ, “ਸ਼ਹਿਰ ਵਿੱਚ ਦੋ ਮਨੁੱਖ ਸਨ, ਉਨ੍ਹਾਂ ਵਿੱਚੋਂ ਇੱਕ ਅਮੀਰ ਸੀ ਅਤੇ ਦੂਜਾ ਗਰੀਬ। 2 ਅਮੀਰ ਮਨੁੱਖ ਕੋਲ ਢੇਰ ਸਾਰੇ ਇੱਜੜ ਅਤੇ ਵੱਗ ਸਨ। 3 ਪਰ ਗਰੀਬ ਮਨੁੱਖ ਕੋਲ ਕੁਝ ਵੀ ਨਹੀਂ ਸੀ ਸਿਵਾਏ ਇੱਕ ਭੇਡਾਂ ਦੀ ਲੇਲੀ ਦੇ। ਗਰੀਬ ਮਨੁੱਖ ਨੇ ਇੱਕ ਲੇਲੀ ਦੀ ਜੋ ਉਸ ਨੇ ਖਰੀਦੀ ਸੀ ਆਪਣੇ ਬੱਚਿਆਂ ਦੇ ਨਾਲ ਉਸਦੀ ਦੇਖਭਾਲ ਕੀਤੀ ਅਤੇ ਉਹ ਵੀ ਉਸ ਦੇ ਬੱਚਿਆਂ ਦੇ ਨਾਲ ਵੱਡੀ ਹੋਈ। ਉਹ ਗਰੀਬ ਮਨੁੱਖ ਦੀ ਰੋਟੀ ਵਿੱਚੋਂ ਹੀ ਖਾਂਦੀ ਅਤੇ ਉਸੇ ਕਟੋਰੇ ਵਿੱਚੋਂ ਪਾਣੀ ਪੀਁਦੀ ਅਤੇ ਗਰੀਬ ਮਨੁੱਖ ਦੀ ਛਾਤੀ ਉੱਪਰ ਸੌਂ ਜਾਂਦੀ। ਉਹ ਲੇਲੀ ਉਸ ਗਰੀਬ ਮਨੁੱਖ ਦੀ ਧੀਆਂ ਵਾਂਗ ਪਲੀ।
4 “ਫ਼ਿਰ ਇੱਕ ਮੁਸਾਫ਼ਿਰ ਉਸ ਅਮੀਰ ਆਦਮੀ ਕੋਲ ਆਇਆ। ਉਹ ਧਨਾਢ ਮੁਸਾਫ਼ਿਰ ਨੂੰ ਭੋਜਨ ਖੁਆਉਣਾ ਚਾਹੁੰਦਾ ਸੀ ਪਰ ਉਹ ਧਨਾਢ ਆਪਣੇ ਇੱਜੜ ਅਤੇ ਵੱਗ ਵਿੱਚੋਂ ਕੁਝ ਵੀ ਨਹੀਂ ਸੀ ਖੁਆਉਣਾ ਚਾਹੁੰਦਾ ਇਸ ਲਈ ਉਸ ਨੇ ਉਸ ਗਰੀਬ ਆਦਮੀ ਦੀ ਲੇਲੀ ਖੋਹ ਲਈ ਅਤੇ ਉਸ ਨੂੰ ਵੱਢ ਕੇ ਉਸ ਮੁਸਾਫ਼ਿਰ ਲਈ ਭੋਜਨ ਤਿਆਰ ਕਰਵਾਇਆ।”
5 ਦਾਊਦ ਨੂੰ ਉਸ ਧਨਾਢ ਤੇ ਬੜਾ ਕਰੋਧ ਆਇਆ ਤਾਂ ਉਸ ਨੇ ਨਾਥਾਨ ਨੂੰ ਆਖਿਆ, “ਜਿਉਂਦੇ ਯਹੋਵਾਹ ਦੀ ਸੌਂਹ, ਜਿਸ ਮਨੁੱਖ ਨੇ ਇਹ ਕੰਮ ਕੀਤਾ ਸੋ ਵੱਢਣ ਯੋਗ ਹੈ। 6 ਸੋ ਉਹ ਮਨੁੱਖ ਹੁਣ ਉਸ ਲੇਲੀ ਤੋਂ ਚੌਗੁਣੀ ਕੀਮਤ ਦੇਵੇ ਕਿਉਂ ਕਿ ਉਸ ਨੇ ਅਜਿਹਾ ਭਿਅੰਕਰ ਕੰਮ ਕੀਤਾ ਅਤੇ ਉਸ ਉੱਤੇ ਦਯਾ ਨਾ ਕੀਤੀ।”
ਨਾਥਾਨ ਨੇ ਦਾਊਦ ਨੂੰ ਉਸ ਦੇ ਪਾਪ ਬਾਰੇ ਦੱਸਿਆ
7 ਤਦ ਨਾਥਾਨ ਨੇ ਦਾਊਦ ਨੂੰ ਕਿਹਾ, “ਉਹ ਧਨਾਢ ਤੂੰ ਹੀ ਤਾਂ ਹੈਂ। ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਨੇ ਇਉਂ ਆਖਿਆ ਹੈ, ‘ਮੈਂ ਤੈਨੂੰ ਮਸਹ ਕੀਤਾ ਤਾਂ ਜੋ ਤੂੰ ਇਸਰਾਏਲ ਉੱਪਰ ਰਾਜ ਕਰੇਁ। ਮੈਂ ਤੈਨੂੰ ਸ਼ਾਊਲ ਦੇ ਹੱਥੋਂ ਛੁਡਾਇਆ। 8 ਮੈਂ ਤੈਨੂੰ ਉਸ ਦਾ ਪਰਿਵਾਰ ਅਤੇ ਉਸ ਦੀਆਂ ਪਤਨੀਆਂ ਵੀ ਲੈਣ ਦਿੱਤੀਆ ਅਤੇ ਮੈਂ ਤੈਨੂੰ ਇਸਰਾਏਲ ਅਤੇ ਯਹੂਦਾਹ ਦਾ ਪਾਤਸ਼ਾਹ ਬਣਾਇਆ। ਅਤੇ ਜੇਕਰ ਇਹ ਕਾਫ਼ੀ ਨਾ ਹੁੰਦਾ ਮੈਂ ਤੈਨੂੰ ਹੋਰ ਵੀ ਵੱਧੇਰੇ ਦਿੰਦਾ। 9 ਪਰ ਤੂੰ ਯਹੋਵਾਹ ਦੇ ਹੁਕਮ ਨੂੰ ਅਣਗੌਲਿਆ ਕਿਉਂ ਕੀਤਾ? ਤੂੰ ਉਹ ਸਭ ਕੁਝ ਕਿਉਂ ਕੀਤਾ ਜਿਸ ਨੂੰ ਉਸ ਨੇ ਗ਼ਲਤ ਆਖ ਮਨ੍ਹਾ ਕੀਤਾ ਸੀ? ਤੂੰ ਹਿੱਤੀ ਊਰਿੱਯਾਹ ਨੂੰ ਕਿਉਂ ਤਲਵਾਰ ਨਾਲ ਵਢਾਇਆ ਅਤੇ ਉਸਦੀ ਪਤਨੀ ਨੂੰ ਲੈ ਕੇ ਆਪਣੀ ਬਣਾਇਆ? ਇਉਂ ਤੂੰ ਅੰਮੋਨੀਆਂ ਕੋਲੋਂ ਊਰਿੱਯਾਹ ਨੂੰ ਤਲਵਾਰ ਨਾਲ ਮਰਵਾਇਆ। 10 ਇਸ ਲਈ, ਹਿੰਸਕ ਮੌਤ ਬਾਰ-ਬਾਰ ਤੇਰੇ ਪਰਿਵਾਰ ਨੂੰ ਮਾਰੇਗੀ। ਤੂੰ ਊਰਿੱਯਾਹ ਹਿੱਤੀ ਦੀ ਪਤਨੀ ਨੂੰ ਆਪਣੀ ਪਤਨੀ ਬਨਾਉਣ ਲਈ ਲੈ ਆਇਆ ਅਤੇ ਅਜਿਹਾ ਕਰਕੇ ਤੂੰ ਸਾਬਿਤ ਕਰ ਦਿੱਤਾ ਕਿ ਤੂੰ ਮੈਨੂੰ ਤਿਰਸਕਾਰਦਾ ਹੈਂ।’
11 “ਯਹੋਵਾਹ ਇਹ ਆਖਦਾ ਹੈ ਕਿ, ‘ਮੈਂ ਇੱਕ ਬਦੀ ਨੂੰ ਤੇਰੇ ਆਪਣੇ ਘਰ ਵਿੱਚੋਂ ਹੀ ਤੇਰੇ ਉੱਪਰ ਪਾਵਾਂਗਾ ਅਤੇ ਮੈਂ ਤੇਰੀਆਂ ਬੀਵੀਆਂ ਨੂੰ ਲੈ ਕੇ ਤੇਰੀਆਂ ਅੱਖਾਂ ਦੇ ਸਾਹਮਣੇ ਤੇਰੇ ਗੁਆਂਢੀ ਨੂੰ ਦੇਵਾਂਗਾ ਅਤੇ ਉਹ ਉਨ੍ਹਾਂ ਨਾਲ ਸੰਭੋਗ ਕਰੇਗਾ ਅਤੇ ਦਿਨ ਦੇ ਚਾਨਣ ਵਾਂਗ ਇਹ ਗੱਲ ਹਰ ਇੱਕ ਨੂੰ ਪਤਾ ਹੋਵੇਗੀ। [a] 12 ਤੂੰ ਬਥ-ਸ਼ਬਾ ਨਾਲ ਚੋਰੀ ਸੰਭੋਗ ਕੀਤਾ ਪਰ ਮੈਂ ਤੈਨੂੰ ਇਸ ਲਈ ਦੰਡ ਦੇਵਾਂਗਾ ਤਾਂ ਜੋ ਸਾਰੇ ਇਸਰਾਏਲੀ ਜਾਣ ਲੈਣ।’”
13 ਤਦ ਦਾਊਦ ਨੇ ਨਾਥਾਨ ਨੂੰ ਕਿਹਾ, “ਮੈਂ ਯਹੋਵਾਹ ਦੇ ਖਿਲਾਫ਼ ਪਾਪ ਕੀਤਾ।”
ਨਾਥਾਨ ਨੇ ਦਾਊਦ ਨੂੰ ਕਿਹਾ, “ਯਹੋਵਾਹ ਨੇ ਵੀ ਤੇਰਾ ਪਾਪ ਬਖਸ਼ਿਆ ਤੂੰ ਮਰੇਂਗਾ ਨਹੀਂ। 14 ਤੂੰ ਅਜਿਹਾ ਪਾਪ ਕੀਤਾ ਹੈ ਕਿ, ਹੁਣ ਯਹੋਵਾਹ ਦੇ ਦੁਸ਼ਮਣਾਂ ਨੂੰ ਉਸ ਲਈ ਆਪਣੀ ਇੱਜ਼ਤ ਗੁਆਉਣ ਦਾ ਮੌਕਾ ਮਿਲ ਗਿਆ ਹੈ। ਸੋ ਇਸ ਪਾਪ ਕਾਰਣ ਇਹ ਤੇਰਾ ਨਵਾਂ ਜੰਮਿਆ ਮੁੰਡਾ ਜ਼ਰੂਰ ਮਰ ਜਾਵੇਗਾ।”
ਦਾਊਦ ਅਤੇ ਬਥ-ਸ਼ਬਾ ਦੇ ਬੱਚੇ ਦੀ ਮੌਤ
15 ਤਦ ਨਾਥਾਨ ਵਾਪਸ ਘਰ ਆ ਗਿਆ। ਯਹੋਵਾਹ ਨੇ ਉਸ ਬਾਲਕ ਨੂੰ ਜੋ ਊਰਿੱਯਾਹ ਦੀ ਪਤਨੀ ਤੋਂ ਦਾਊਦ ਲਈ ਜੰਮਿਆ ਸੀ ਅਜਿਹਾ ਮਾਰਿਆ ਕਿ ਉਹ ਬਹੁਤ ਬਿਮਾਰ ਹੋ ਗਿਆ।
ਯਿਸੂ ਦਾ ਫ਼ਿਲਦਲਫ਼ੀਏ ਦੀ ਕਲੀਸਿਯਾ ਨੂੰ ਪੱਤਰ
7 “ਫ਼ਿਲਦਲਫ਼ੀਏ ਵਿਖੇ ਕਲੀਸਿਯਾ ਦੇ ਦੂਤ ਨੂੰ ਇਹ ਲਿਖੋ:
“ਉਹ ਜਿਹੜਾ ਪਵਿੱਤਰ ਅਤੇ ਸੱਚਾ ਹੈ ਇਹ ਦੱਸ ਰਿਹਾ ਹੈ। ਉਸ ਦੇ ਕੋਲ ਦਾਊਦ ਦੀ ਕੁੰਜੀ ਹੈ। ਜਦੋਂ ਉਹ ਕੁਝ ਖੋਲ੍ਹਦਾ ਹੈ, ਉਸ ਨੂੰ ਕੋਈ ਵੀ ਬੰਦ ਨਹੀਂ ਕਰ ਸੱਕਦਾ। ਜਦੋਂ ਉਹ ਕੁਝ ਬੰਦ ਕਰਦਾ ਹੈ, ਕੋਈ ਵੀ ਉਸ ਨੂੰ ਖੋਲ੍ਹ ਨਹੀਂ ਸੱਕਦਾ। 8 ਮੈਂ ਜਾਣਦਾ ਹਾਂ ਤੁਸੀਂ ਕਿਹੜੀਆਂ ਗੱਲਾਂ ਕਰ ਰਹੇ ਹੋ। ਮੈਂ ਤੁਹਾਡੇ ਸਾਹਮਣੇ ਇੱਕ ਖੁਲ੍ਹਾ ਦਰਵਾਜ਼ਾ ਰੱਖ ਦਿੱਤਾ ਹੈ। ਕੋਈ ਵੀ ਵਿਅਕਤੀ ਇਸ ਨੂੰ ਬੰਦ ਨਹੀਂ ਕਰ ਸੱਕਦਾ। ਮੈਂ ਜਾਣਦਾ ਹਾਂ ਕਿ ਤੁਸੀਂ ਕਮਜ਼ੋਰ ਹੋ। ਪਰ ਤੁਸੀਂ ਮੇਰੀ ਸਿੱਖਿਆ ਤੇ ਅਮਲ ਕੀਤਾ ਹੈ। ਤੁਸੀਂ ਮੇਰਾ ਨਾਮ ਲੈਣ ਤੋਂ ਨਹੀਂ ਡਰਦੇ ਸੀ। 9 ਸੁਣੋ। ਇੱਥੇ ਕੁਝ ਲੋਕ ਹਨ ਜੋ ਸ਼ੈਤਾਨ ਦੇ ਪੂਜਾ ਸਥਾਨ ਨਾਲ ਸੰਬੰਧਿਤ ਹਨ। ਉਹ ਆਪਣੇ ਆਪ ਨੂੰ ਯਹੂਦੀ ਆਖਦੇ ਹਨ, ਪਰ ਉਹ ਝੂਠੇ ਹਨ। ਉਹ ਲੋਕ ਸੱਚੇ ਯਹੂਦੀ ਨਹੀਂ ਹਨ। ਮੈਂ ਉਨ੍ਹਾਂ ਲੋਕਾਂ ਨੂੰ ਤੁਹਾਡੇ ਸਾਹਮਣੇ ਲਿਆਵਾਂਗਾ ਅਤੇ ਤੁਹਾਡੇ ਕਦਮਾਂ ਤੇ ਝੁਕਾਵਾਂਗਾ। ਉਹ ਜਾਣ ਲੈਣਗੇ ਕਿ ਤੁਸੀਂ ਹੀ ਉਹ ਲੋਕ ਹੋ ਜਿਨ੍ਹਾਂ ਨੂੰ ਮੈਂ ਪਿਆਰ ਕੀਤਾ ਹੈ। 10 ਤੁਸੀਂ ਸਭ ਕੁਝ ਸਬਰ ਨਾਲ ਸਹਿਨ ਕਰਨ ਲਈ ਮੇਰੇ ਹੁਕਮ ਦੀ ਪਾਲਣਾ ਕੀਤੀ। ਇਸੇ ਲਈ ਮੈਂ ਪਰੱਖ ਦੇ ਸਮੇਂ ਤੋਂ ਤੁਹਾਡੀ ਰੱਖਿਆ ਕਰਾਂਗਾ ਜਿਹੜਾ ਸਾਰੀ ਦੁਨੀਆਂ ਉੱਤੇ ਆਵੇਗਾ। ਪਰੱਖ ਦਾ ਇਹ ਸਮਾਂ ਧਰਤੀ ਤੇ ਹਰੇਕ ਨੂੰ ਪਰੱਖਣ ਲਈ ਹੈ।
11 “ਮੈਂ ਜਲਦੀ ਹੀ ਆ ਰਿਹਾ ਹਾਂ। ਉਸੇ ਨੂੰ ਫ਼ੜੀ ਰੱਖੋ ਜੋ ਹੁਣ ਤੁਹਾਡੇ ਕੋਲ ਹੈ। ਫ਼ੇਰ ਕੋਈ ਵੀ ਵਿਅਕਤੀ ਤੁਹਾਡਾ ਤਾਜ ਨਹੀਂ ਖੋਹ ਸੱਕੇਗਾ। 12 ਜਿਹੜਾ ਵਿਅਕਤੀ ਜਿੱਤ ਪ੍ਰਾਪਤ ਕਰਦਾ ਹੈ ਉਹ ਮੇਰੇ ਪਰਮੇਸ਼ੁਰ ਦੇ ਮੰਦਰ ਦਾ ਥੰਮ ਹੋਵੇਗਾ। ਉਸ ਵਿਅਕਤੀ ਨੂੰ ਫ਼ੇਰ ਕਦੇ ਵੀ ਪਰਮੇਸ਼ੁਰ ਦਾ ਮੰਦਰ ਛੱਡਣਾ ਨਹੀਂ ਪਵੇਗਾ। ਮੈਂ ਆਪਣੇ ਪਰਮੇਸ਼ੁਰ ਦਾ ਨਾਮ ਉਸ ਵਿਅਕਤੀ ਤੇ ਲਿਖ ਦਿਆਂਗਾ। ਅਤੇ ਮੈਂ ਆਪਣੇ ਪਰਮੇਸ਼ੁਰ ਦੇ ਸ਼ਹਿਰ ਦਾ ਨਾਮ ਉਸ ਵਿਅਕਤੀ ਤੇ ਲਿਖ ਦਿਆਂਗਾ ਉਹ ਸ਼ਹਿਰ ਨਵਾਂ ਯਰੂਸ਼ਲਮ ਹੈ। ਇਹ ਸ਼ਹਿਰ ਮੇਰੇ ਪਿਤਾ ਵੱਲੋਂ ਸਵਰਗ ਵਿੱਚੋਂ ਆ ਰਿਹਾ ਹੈ। ਮੈਂ ਉਸ ਵਿਅਕਤੀ ਤੇ ਆਪਣਾ ਨਵਾਂ ਨਾਮ ਵੀ ਲਿਖ ਦਿਆਂਗਾ। 13 ਹਰ ਵਿਅਕਤੀ ਜੋ ਇਹ ਗੱਲਾਂ ਸੁਣਦਾ ਹੈ ਉਸ ਨੂੰ ਸੁਣਨਾ ਚਾਹੀਦਾ ਹੈ ਜੋ ਆਤਮਾ ਕਲੀਸਿਯਾਵਾਂ ਨੂੰ ਦੱਸਦਾ ਹੈ।
2010 by World Bible Translation Center