Revised Common Lectionary (Complementary)
ਨਿਰਦੇਸ਼ਕ ਲਈ: ਯਹੋਵਾਹ ਦੇ ਸੇਵਕ ਦਾਊਦ ਦਾ ਇੱਕ ਗੀਤ। ਇਹ ਗੀਤ ਦਾਊਦ ਨੇ ਉਸ ਵੇਲੇ ਲਿਖਿਆ, ਜਦੋਂ ਯਹੋਵਾਹ ਨੇ ਸ਼ਾਊਲ ਅਤੇ ਉਸ ਦੇ ਹੋਰ ਦੁਸ਼ਮਣਾਂ ਤੋਂ ਉਸਦੀ ਰੱਖਿਆ ਕੀਤੀ।
18 ਉਸ ਨੇ ਆਖਿਆ, “ਹੇ ਯਹੋਵਾਹ, ਮੇਰੀ ਤਾਕਤ,
ਮੈਂ ਤੁਹਾਨੂੰ ਪਿਆਰ ਕਰਦਾ ਹਾਂ।”
2 ਯਹੋਵਾਹ ਮੇਰੀ ਚੱਟਾਨ, ਮੇਰਾ ਗੜ੍ਹ, ਅਤੇ ਮੇਰਾ ਸੁਰੱਖਿਅਤ ਸਥਾਨ ਹੈ।
ਮੇਰਾ ਪਰਮੇਸ਼ੁਰ ਮੇਰੀ ਚੱਟਾਨ ਹੈ।
ਮੈਂ ਸੁਰੱਖਿਆ ਲਈ ਉਸ ਵੱਲ ਨੱਸਦਾ ਹਾਂ।
ਪਰਮੇਸ਼ੁਰ ਹੀ ਮੇਰੀ ਢਾਲ ਹੈ, ਉਸਦੀ ਸ਼ਕਤੀ ਮੈਨੂੰ ਬਚਾਉਂਦੀ ਹੈ।
ਉੱਚੇ ਪਰਬਤਾਂ ਵਿੱਚ ਯਹੋਵਾਹ ਮੇਰੀ ਛੁਪਨਗਾਹ ਹੈ।
3 ਉਨ੍ਹਾਂ ਨੇ ਮੇਰਾ ਮਜ਼ਾਕ ਉਡਾਇਆ।
ਪਰ ਮੈਂ ਸਹਾਇਤਾ ਲਈ ਯਹੋਵਾਹ ਨੂੰ ਅਵਾਜ਼ ਦਿੱਤੀ
ਅਤੇ ਉਸ ਨੇ ਮੈਨੂੰ ਮੇਰੇ ਦੁਸ਼ਮਣਾਂ ਪਾਸੋਂ ਬਚਾ ਲਿਆ।
20 ਮੈਂ ਬੇਗੁਨਾਹ ਹਾਂ, ਇਸੇ ਲਈ ਯਹੋਵਾਹ ਮੈਨੂੰ ਇਨਾਮ ਦੇਵੇਗਾ।
ਮੈਂ ਕੋਈ ਵੀ ਬਦੀ ਨਹੀਂ ਕੀਤੀ ਇਸੇ ਲਈ ਉਹ ਮੇਰਾ ਭਲਾ ਕਰੇਗਾ।
21 ਕਿਉਂ? ਕਿਉਂ ਕਿ ਮੈਂ ਉਸ ਦੇ ਆਦੇਸ਼ ਮੰਨੇ।
ਮੈਂ ਤੇਰੇ ਖਿਲਾਫ਼ ਕੋਈ ਵੀ ਅਪਰਾਧ ਨਹੀਂ ਕੀਤਾ ਪਰਮੇਸ਼ੁਰ।
22 ਮੈਂ ਸਦਾ ਯਹੋਵਾਹ ਦੇ ਫ਼ੈਸਲਿਆਂ ਨੂੰ ਚੇਤੇ ਰੱਖਦਾ ਹਾਂ।
ਮੈਂ ਉਸ ਦੇ ਅਸੂਲਾਂ ਨੂੰ ਮੰਨਦਾ ਹਾਂ ਅਤੇ ਉਸਦਾ ਆਚਰਣ ਕਰਦਾ ਹਾਂ।
23 ਮੈਂ ਉਸ ਦੇ ਨਮਿੱਤ ਸ਼ੁੱਧ ਤੇ ਇਮਾਨਦਾਰ ਸਾਂ,
ਮੈਂ ਆਪਣੇ-ਆਪ ਨੂੰ ਮੰਦੇ ਕਾਰਿਆਂ ਤੋਂ ਦੂਰ ਰੱਖਿਆ।
24 ਇਸੇ ਲਈ, ਯਹੋਵਾਹ ਮੈਨੂੰ ਇਨਾਮ ਦੇਵੇਗਾ।
ਕਿਉ? ਕਿਉਂਕਿ ਮੈਂ ਬੇਕਸੂਰ ਹਾਂ।
ਜਿਵੇਂ ਪਰਮੇਸ਼ੁਰ ਇਸ ਨੂੰ ਵੇਖਦਾ ਹੈ, ਮੈਂ ਕੋਈ ਗਲਤ ਕੰਮ ਨਹੀਂ ਕੀਤਾ,
ਇਸ ਲਈ ਉਹ ਮੇਰਾ ਭਲਾ ਕਰੇਗਾ।
25 ਯਹੋਵਾਹ, ਜੇ ਕੋਈ ਸੱਚਮੁੱਚ ਤੈਨੂੰ ਪਿਆਰ ਕਰਦਾ ਹੈ, ਤਾਂ ਤੂੰ ਵੀ ਉਸ ਉੱਪਰ ਆਪਣਾ ਸੱਚਾ ਪਿਆਰ ਛਿੜਕ।
ਜੇ ਕੋਈ ਤੇਰੇ ਪ੍ਰਤਿ ਸੱਚਾ ਹੈ ਤਾਂ ਤੂੰ ਵੀ ਉਸ ਦੇ ਪ੍ਰਤਿ ਸੱਚਾ ਹੋਵੇਂਗਾ।
26 ਯਹੋਵਾਹ, ਤੁਸੀਂ ਉਨ੍ਹਾਂ ਲੋਕਾਂ ਲਈ ਸ਼ੁਭ ਤੇ ਪਵਿੱਤਰ ਹੋ ਜਿਹੜੇ ਸ਼ੁਭ ਤੇ ਪਵਿੱਤਰ ਹਨ।
ਪਰ ਤੁਸੀਂ ਕਮੀਨੇ ਅਤੇ ਮੀਸਣੇ ਲੋਕਾਂ ਲਈ ਵੱਧੇਰੇ ਚਤੁਰ ਬਣ ਜਾਂਦੇ ਹੋਂ।
27 ਹੇ ਯਹੋਵਾਹ, ਤੂੰ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈਂ ਜਿਹੜੇ ਨਿਮ੍ਰ ਹਨ।
ਪਰ ਤੂੰ ਗੁਮਾਨੀ ਲੋਕਾਂ ਨੂੰ ਨਿਵਾਉਦਾ ਹੈਂ।
28 ਯਹੋਵਾਹ, ਤੁਸੀਂ ਮੇਰਾ ਦੀਵਾ ਰੌਸ਼ਨ ਕਰੋ।
ਮੇਰਾ ਪਰਮੇਸ਼ੁਰ, ਮੇਰੇ ਚਾਰ-ਚੁਫ਼ੇਰੇ ਫ਼ੈਲੇ ਅੰਧਕਾਰ ਨੂੰ ਰੌਸ਼ਨ ਕਰਦਾ ਹੈ।
29 ਹੇ ਯਹੋਵਾਹ, ਤੇਰੀ ਸਹਾਇਤਾ ਨਾਲ, ਮੈਂ ਫ਼ੌਜੀਆਂ ਸੰਗ ਭੱਜ ਸੱਕਦਾ ਹਾਂ।
ਪਰਮੇਸ਼ੁਰ ਦੀ ਸਹਾਇਤਾ ਨਾਲ ਮੈਂ ਦੁਸ਼ਮਣ ਦੀਆਂ ਕੰਧਾਂ ਉੱਤੇ ਚੜ੍ਹ ਸੱਕਦਾ ਹਾਂ।
30 ਪਰਮੇਸ਼ੁਰ ਦੀ ਸ਼ਕਤੀ ਪੂਰਨ ਹੈ,
ਯਹੋਵਾਹ ਦਾ ਸ਼ਬਦ ਪਰੱਖਿਆ ਗਿਆ ਹੈ।
ਉਹ ਉਨ੍ਹਾਂ ਲੋਕਾਂ ਦੀ ਰੱਖਿਆ ਕਰਦਾ ਹੈ ਜਿਹੜੇ ਉਸ ਵਿੱਚ ਆਸਥਾ ਰੱਖਦੇ ਹਨ।
31 ਪਰਮੇਸ਼ੁਰ ਤੋਂ ਬਿਨਾ ਕੋਈ ਯਹੋਵਾਹ ਨਹੀਂ ਹੈ।
ਸਾਡੇ ਪਰਮੇਸ਼ੁਰ ਤੋਂ ਬਿਨਾ ਕੋਈ ਚੱਟਾਨ ਨਹੀਂ।
32 ਪਰਮੇਸ਼ੁਰ ਮੈਨੂੰ ਤਾਕਤ ਬਖਸ਼ਦਾ ਹੈ।
ਉਹ ਮੈਨੂੰ ਸ਼ੁੱਧ ਜੀਵਨ ਜਿਉਣ ਵਿੱਚ ਸਹਾਰਾ ਦਿੰਦਾ ਹੈ।
ਕੋਈ ਬੰਦਾ ਵੀ ਪਰਮੇਸ਼ੁਰ ਦੇ ਨਿਆਂ ਤੋਂ ਬਚ ਨਹੀਂ ਸੱਕਦਾ
14 ਤੁਸੀਂ ਮਖੌਲੀਓ ਜੋ ਯਰੂਸ਼ਲਮ ਦੇ ਲੋਕਾਂ ਉੱਪਰ ਸ਼ਾਸ਼ਨ ਕਰਦੇ ਹੋ, ਯਹੋਵਾਹ ਦੇ ਸੰਦੇਸ਼ ਨੂੰ ਸੁਣੋ। 15 ਤੁਸੀਂ ਲੋਕੀ ਆਖਦੇ ਹੋ, “ਅਸੀਂ ਮੌਤ ਨਾਲ ਇਕਰਾਰਨਾਮਾ ਕੀਤਾ ਹੋਇਆ ਹੈ। ਅਸੀਂ ਸ਼ਿਓਲ (ਮੌਤ ਦੇ ਸਥਾਨ) ਨਾਲ ਇੱਕ ਸਮਝੌਤਾ ਕੀਤਾ ਹੈ। ਇਸ ਲਈ ਸਾਨੂੰ ਸਜ਼ਾ ਨਹੀਂ ਮਿਲੇਗੀ। ਸਜ਼ਾ ਸਾਡੇ ਕੋਲੋਂ ਬਿਨਾ ਨੁਕਸਾਨ ਕੀਤੇ ਲੰਘ ਜਾਵੇਗੀ। ਅਸੀਂ ਆਪਣੀਆਂ ਚੁਸਤ ਚਲਾਕੀਆਂ ਅਤੇ ਝੂਠਾਂ ਦੇ ਓਹਲੇ ਛੁਪ ਜਾਵਾਂਗੇ।”
16 ਉਨ੍ਹਾਂ ਗੱਲਾਂ ਕਾਰਣ, ਮੇਰਾ ਮਾਲਿਕ, ਯਹੋਵਾਹ ਆਖਦਾ ਹੈ, “ਮੈਂ ਸੀਯੋਨ ਦੀ ਧਰਤੀ ਉੱਤੇ ਇੱਕ ਚੱਟਾਨ ਰੱਖ ਦਿਆਂਗਾ ਇੱਕ ਬੁਨਿਆਦ ਵਾਲਾ ਪੱਥਰ। ਇਹ ਬਹੁਤ ਕੀਮਤੀ ਪੱਥਰ ਹੋਵੇਗਾ। ਹਰ ਚੀਜ਼ ਇਸ ਮਹੱਤਵਪੂਰਣ ਪੱਥਰ ਉੱਤੇ ਉਸਾਰੀ ਜਾਵੇਗੀ। ਜਿਹੜਾ ਬੰਦਾ ਵੀ ਉਸ ਪੱਥਰ ਉੱਤੇ ਭਰੋਸਾ ਕਰਦਾ ਹੈ, ਉਹ ਨਿਰਾਸ਼ ਨਹੀਂ ਹੋਵੇਗਾ।
17 “ਲੋਕੀ ਸਾਹਲ ਦਾ ਇਸਤੇਮਾਲ ਕਰਦੇ ਹਨ ਇਹ ਦਰਸਾਉਣ ਲਈ ਕਿ ਦੀਵਾਰ ਸਿੱਧੀ ਹੈ। ਇਸੇ ਤਰ੍ਹਾਂ ਹੀ ਮੈਂ ਇਨਸਾਫ਼ ਅਤੇ ਚੰਗਿਆਈ ਦੀ ਵਰਤੋਂ ਕਰਾਂਗਾ ਇਹ ਦਰਸਾਉਣ ਲਈ ਕਿ ਕੀ ਸਹੀ ਹੈ। ਤੁਸੀਂ ਮੰਦੇ ਲੋਕ ਆਪਣੇ ਝੂਠਾਂ ਅਤੇ ਚਲਾਕੀਆਂ ਦੇ ਉਹਲੇ ਛੁਪਣ ਦੀ ਕੋਸ਼ਿਸ਼ ਕਰ ਰਹੇ ਹੋ। ਪਰ ਤੁਹਾਨੂੰ ਸਜ਼ਾ ਮਿਲੇਗੀ। ਇਹ ਇਸ ਤਰ੍ਹਾਂ ਹੋਵੇਗਾ ਜਿਵੇਂ ਕੋਈ ਤੂਫ਼ਾਨ ਜਾਂ ਹੜ੍ਹ ਤੁਹਾਡੀਆਂ ਛੁਪਣਗਾਹਾਂ ਨੂੰ ਤਬਾਹ ਕਰਨ ਲਈ ਆ ਰਿਹਾ ਹੈ। 18 ਤੁਹਾਡਾ ਮੌਤ ਨਾਲ ਇਕਰਾਰਨਾਮਾ ਮਿਟ ਜਾਵੇਗਾ। ਤੁਹਾਡਾ ਸ਼ਿਓਲ ਨਾਲ ਸਮਝੌਤਾ ਤੁਹਾਨੂੰ ਕੋਈ ਸਹਾਇਤਾ ਨਹੀਂ ਦੇਵੇਗਾ।
“ਕੋਈ ਬੰਦਾ ਆਵੇਗਾ ਅਤੇ ਤੁਹਾਨੂੰ ਸਜ਼ਾ ਦੇਵੇਗਾ। ਉਹ ਤੁਹਾਨੂੰ ਉਸ ਧੂੜ ਵਾਂਗ ਬਣਾ ਦੇਵੇਗਾ ਜਿਸ ਉੱਤੇ ਉਹ ਤੁਰਦਾ ਹੈ। 19 ਉਹ ਬੰਦਾ ਆਵੇਗਾ ਅਤੇ ਤੁਹਾਨੂੰ ਦੂਰ ਲੈ ਜਾਵੇਗਾ। ਤੁਹਾਡੀ ਸਜ਼ਾ ਭਿਆਨਕ ਹੋਵੇਗੀ। ਤੁਹਾਡੀ ਸਜ਼ਾ ਬਹੁਤ ਸਵੇਰੇ ਆਵੇਗੀ ਅਤੇ ਇਹ ਦੇਰ ਰਾਤ ਤੱਕ ਰਹੇਗੀ।
20 “ਫ਼ੇਰ ਤੁਸੀਂ ਇਸ ਕਹਾਣੀ ਨੂੰ ਸਮਝ ਸੱਕੋਗੇ: ਇੱਕ ਬੰਦੇ ਨੇ ਉਸ ਮੰਜੇ ਉੱਤੇ ਸੌਣ ਦੀ ਕੋਸ਼ਿਸ਼ ਕੀਤੀ ਜਿਹੜਾ ਉਸ ਦੇ ਮੇਚ ਦਾ ਨਹੀਂ ਸੀ। ਅਤੇ ਉਸ ਕੋਲ ਇੱਕ ਕੰਬਲ ਸੀ ਜਿਹੜਾ ਉਸ ਨੂੰ ਪੂਰੀ ਤਰ੍ਹਾਂ ਕੱਜ ਨਹੀਂ ਸੀ ਸੱਕਦਾ। ਮਂ ਅਤੇ ਕੰਬਲ ਬੇਕਾਰ ਸਨ, ਅਤੇ ਇਸੇ ਤਰ੍ਹਾਂ ਤੁਹਾਡੇ ਇਕਰਾਰਨਾਮੇ ਵੀ।”
21 ਯਹੋਵਾਹ ਉਸੇ ਤਰ੍ਹਾਂ ਲੜੇਗਾ ਜਿਵੇਂ ਉਹ ਫਰਾਸੀਮ ਦੇ ਪਰਬਤ ਉੱਤੇ ਲੜਿਆ ਸੀ। ਯਹੋਵਾਹ ਉਸੇ ਤਰ੍ਹਾਂ ਕਹਿਰਵਾਨ ਹੋਵੇਗਾ ਜਿਵੇਂ ਉਹ ਗਿਬਓਨ ਵਾਦੀ ਵਿੱਚ ਹੋਇਆ ਸੀ। ਫ਼ੇਰ ਯਹੋਵਾਹ ਉਹੀ ਗੱਲਾਂ ਕਰੇਗਾ ਜੋ ਉਸ ਨੇ ਅਵੱਸ਼ ਕਰਨੀਆਂ ਹਨ। ਯਹੋਵਾਹ ਕੁਝ ਅਜੀਬ ਗੱਲਾਂ ਕਰੇਗਾ। ਪਰ ਉਹ ਆਪਣਾ ਕੰਮ ਖਤਮ ਕਰੇਗਾ। ਉਸਦਾ ਕੰਮ ਇੱਕ ਅਜਨਬੀ ਦਾ ਕੰਮ ਹੈ। 22 ਹੁਣ, ਤੁਹਾਨੂੰ ਉਨ੍ਹਾਂ ਗੱਲਾਂ ਦੇ ਵਿਰੁੱਧ ਨਹੀਂ ਲੜਨਾ ਚਾਹੀਦਾ। ਜੇ ਤੁਸੀਂ ਅਜਿਹਾ ਕਰੋਗੇ, ਤਾਂ ਤੁਹਾਡੇ ਆਲੇ-ਦੁਆਲੇ ਦੇ ਰੱਸੇ ਹੋਰ ਕਸੇ ਜਾਣਗੇ।
ਜਿਹੜੇ ਸ਼ਬਦ ਮੈਂ ਸੁਣੇ ਸਨ ਉਹ ਨਹੀਂ ਬਦਲਣਗੇ। ਉਹ ਸ਼ਬਦ ਸਰਬ ਸ਼ਕਤੀਮਾਨ ਯਹੋਵਾਹ ਦੇ ਸਨ, ਸਾਰੀ ਧਰਤੀ ਦੇ ਹਾਕਮ ਦੇ। ਅਤੇ ਉਹ ਗੱਲਾਂ ਹੋ ਕੇ ਰਹਿਣਗੀਆਂ।
ਇੱਕ ਔਰਤ ਨੇ ਵਿਸ਼ੇਸ਼ ਕੰਮ ਕੀਤਾ(A)
6 ਜਦੋਂ ਯਿਸੂ ਬੈਤਅਨੀਆ ਵਿੱਚ ਸ਼ਮਊਨ ਕੋੜ੍ਹੀ ਦੇ ਘਰ ਸੀ। 7 ਤਾਂ ਇੱਕ ਔਰਤ ਉਸ ਕੋਲ ਆਈ। ਉਸ ਕੋਲ ਸੰਗਮਰਮਰ ਦੀ ਸ਼ੀਸ਼ੀ ਵਿੱਚ ਬੜਾ ਮਹਿੰਗਾ ਅਤਰ ਭਰਿਆ ਹੋਇਆ ਸੀ। ਉਸ ਔਰਤ ਨੇ ਜਦੋਂ ਯਿਸੂ ਭੋਜਨ ਕਰ ਰਿਹਾ ਸੀ, ਇਹ ਅਤਰ ਉਸ ਦੇ ਸਿਰ ਉੱਤੇ ਡੋਲ੍ਹ ਦਿੱਤਾ।
8 ਜਦੋਂ ਚੇਲਿਆਂ ਨੇ ਔਰਤ ਨੂੰ ਇਉਂ ਕਰਦਿਆਂ ਵੇਖਿਆ, ਉਹ ਬੜੇ ਪਰੇਸ਼ਾਨ ਹੋ ਗਏ ਅਤੇ ਆਖਿਆ, “ਇਹ ਬੇਕਾਰ ਹੀ ਕਿਉਂ? 9 ਇਹੋ ਅਤਰ ਮਹਿੰਗੇ ਮੁੱਲ ਵੇਚਿਆ ਜਾ ਸੱਕਦਾ ਸੀ ਅਤੇ ਪੈਸੇ ਗਰੀਬ ਲੋਕਾਂ ਨੂੰ ਦਿੱਤੇ ਜਾ ਸੱਕਦੇ ਸਨ?”
10 ਯਿਸੂ ਜਾਣਦਾ ਸੀ ਕਿ ਕੀ ਵਾਪਰਿਆ ਸੀ। ਇਸ ਲਈ ਉਸ ਨੇ ਆਖਿਆ, “ਤੁਸੀਂ ਇਸ ਔਰਤ ਨੂੰ ਕਿਉਂ ਖਿਝਾ ਰਹੇ ਹੋ? ਉਸ ਨੇ ਮੇਰੇ ਲਈ ਇਹ ਬਹੁਤ ਚੰਗਾ ਕੀਤਾ ਹੈ। 11 ਗਰੀਬ ਲੋਕ ਹਮੇਸ਼ਾ ਤੁਹਾਡੇ ਨਾਲ ਹੋਣਗੇ [a] ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਰਹਾਂਗਾ। 12 ਇਸ ਔਰਤ ਨੇ ਅਤਰ ਮੇਰੇ ਸ਼ਰੀਰ ਤੇ ਡੋਲ੍ਹਿਆ ਹੈ। ਇਸਨੇ ਇਹ ਸਭ ਕੁਝ ਮੇਰੇ ਮਰਨ ਉਪਰੰਤ ਦੇਹ ਨੂੰ ਦਫ਼ਨਾਉਣ ਲਈ ਕੀਤਾ ਹੈ। 13 ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਖੁਸ਼ਖਬਰੀ ਦਾ ਪ੍ਰਚਾਰ ਸਾਰੇ ਸੰਸਾਰ ਵਿੱਚ ਕੀਤਾ ਜਾਵੇਗਾ ਅਤੇ ਜਿੱਥੇ ਕਿਤੇ ਇਹ ਖੁਸ਼ਖਬਰੀ ਪਹੁੰਚੇਗੀ, ਜੋ ਇਸ ਔਰਤ ਨੇ ਕੀਤਾ ਹੈ ਇਹ ਕਹਾਣੀ ਵੀ ਕਹੀ ਜਾਵੇਗੀ ਅਤੇ ਲੋਕ ਉਸ ਨੂੰ ਯਾਦ ਕਰਨਗੇ।”
2010 by World Bible Translation Center