Revised Common Lectionary (Complementary)
ਇਸਰਾਏਲ ਨੂੰ ਅਬਰਾਹਾਮ ਵਰਗਾ ਹੋਣਾ ਚਾਹੀਦਾ ਹੈ
51 “ਤੁਹਾਡੇ ਵਿੱਚੋਂ ਕੁਝ ਲੋਕ ਨੇਕੀ ਦਾ ਜੀਵਨ ਜਿਉਣ ਦੀ ਸਖਤ ਕੋਸ਼ਿਸ਼ ਕਰਦੇ ਹੋ। ਤੁਸੀਂ ਯਹੋਵਾਹ ਕੋਲ ਸਹਾਇਤਾ ਲਈ ਜਾਂਦੇ ਹੋ। ਸੁਣੋ ਮੇਰੀ ਗੱਲ। ਤੁਹਾਨੂੰ ਆਪਣੇ ਪਿਤਾ ਅਬਰਾਹਾਮ ਵੱਲ ਦੇਖਣਾ ਚਾਹੀਦਾ ਹੈ। ਉਹੀ ਉਹ ਚੱਟਾਨ ਹੈ ਜਿਸਤੋਂ ਤੁਸੀਂ ਕੱਟ ਕੇ ਬਣਾਏ ਗਏ ਸੀ। 2 ਅਬਰਾਹਾਮ ਤੁਹਾਡਾ ਪਿਤਾ ਹੈ ਅਤੇ ਤੁਹਾਨੂੰ ਉਸ ਵੱਲ ਦੇਖਣਾ ਚਾਹੀਦਾ ਹੈ। ਤੁਹਾਨੂੰ ਸਰਾਹ ਵੱਲ ਦੇਖਣਾ ਚਾਹੀਦਾ ਹੈ-ਉਹ ਔਰਤ ਜਿਸਨੇ ਤੁਹਾਨੂੰ ਜਨਮ ਦਿੱਤਾ ਸੀ। ਅਬਰਾਹਾਮ ਇੱਕਲਾ ਸੀ ਜਦੋਂ ਮੈਂ ਉਸ ਨੂੰ ਬੁਲਾਇਆ ਸੀ। ਫ਼ੇਰ ਮੈਂ ਉਸ ਨੂੰ ਅਸੀਸ ਦਿੱਤੀ, ਤੇ ਉਸ ਨੇ ਵੱਡੇ ਪਰਿਵਾਰ ਦੀ ਸ਼ੁਰੂਆਤ ਕੀਤੀ। ਅਨੇਕਾਂ ਲੋਕ ਉਸਤੋਂ ਪੈਦਾ ਹੋਏ।”
3 ਇਸ ਤਰ੍ਹਾਂ ਯਹੋਵਾਹ ਸੀਯੋਨ ਨੂੰ ਅਸੀਸ ਦੇਵੇਗਾ। ਯਹੋਵਾਹ ਉਸ ਦੇ ਲਈ ਅਤੇ ਉਸ ਦੇ ਲੋਕਾਂ ਲਈ ਅਫ਼ਸੋਸ ਦਾ ਅਨੁਭਵ ਕਰੇਗਾ ਅਤੇ ਉਹ ਉਸ ਲਈ ਵੱਡੀ ਗੱਲ ਕਰੇਗਾ। ਯਹੋਵਾਹ ਮਾਰੂਬਲ ਨੂੰ ਤਬਦੀਲ ਕਰ ਦੇਵੇਗਾ। ਮਾਰੂਬਲ ਬਾਗ਼ ਵਰਗਾ ਬਣ ਜਾਵੇਗਾ, ਅਦਨ ਦੇ ਬਾਗ਼ ਵਰਗਾ। ਉਹ ਧਰਤੀ ਸੱਖਣੀ ਸੀ ਪਰ ਇਹ ਯਹੋਵਾਹ ਦੇ ਬਾਗ਼ ਵਰਗੀ ਹੋ ਜਾਵੇਗੀ। ਓੱਥੇ ਲੋਕ ਪ੍ਰਸੰਨ, ਬਹੁਤ ਪ੍ਰਸੰਨ ਹੋਣਗੇ। ਉੱਥੋਂ ਦੇ ਲੋਕ ਖੁਸ਼ੀ ਦਾ ਪ੍ਰਗਟਾਵਾ ਕਰਨਗੇ। ਉਹ ਧੰਨਵਾਦ ਅਤੇ ਜਿੱਤ ਦੇ ਗੀਤ ਗਾਉਣਗੇ।
4 “ਮੇਰੇ ਲੋਕੋ, ਸੁਣੀ ਮੇਰੀ ਗੱਲ!
ਮੇਰੇ ਨਿਆਂੇ ਉਨ੍ਹਾਂ ਰੌਸ਼ਨੀਆਂ ਵਾਂਗ ਹੋਣਗੇ ਦਰਸਾਉਣਗੇ ਜਿਹੜੇ ਕਿ ਕਿਵੇਂ ਜਿਉਣਾ ਹੈ।
5 ਮੈਂ ਛੇਤੀ ਹੀ ਦਰਸਾ ਦੇਵਾਂਗਾ ਕਿ ਮੈਂ ਨਿਰਪੱਖ ਹਾਂ।
ਛੇਤੀ ਹੀ ਮੈਂ ਤੁਹਾਨੂੰ ਬਚਾਵਾਂਗਾ।
ਮੈਂ ਆਪਣੀ ਸ਼ਕਤੀ ਦਾ ਇਸਤੇਮਾਲ ਕਰਾਂਗਾ ਅਤੇ ਸਾਰੀਆਂ ਕੌਮਾਂ ਬਾਰੇ ਨਿਆਂ ਕਰਾਂਗਾ।
ਦੂਰ-ਦੁਰਾਡੀਆਂ ਥਾਵਾਂ ਦੇ ਸਾਰੇ ਲੋਕ ਮੇਰਾ ਇੰਤਜ਼ਾਰ ਕਰ ਰਹੇ ਨੇ।
ਸਹਾਈਤਾ ਲਈ, ਉਹ ਮੇਰੀ ਸ਼ਕਤੀ ਦਾ ਇੰਤਜ਼ਾਰ ਕਰ ਰਹੇ ਨੇ।
6 ਅਕਾਸ਼ਾਂ ਵੱਲ ਦੇਖੋ!
ਹੇਠਾਂ ਧਰਤੀ ਵੱਲ ਆਪਣੇ ਆਲੇ-ਦੁਆਲੇ ਦੇਖੋ!
ਅਕਾਸ਼ ਧੂੰਏਁ ਦੇ ਬੱਦਲਾਂ ਵਾਂਗ ਅਲੋਪ ਹੋ ਜਾਣਗੇ।
ਧਰਤੀ ਪਾਟੇ ਪੁਰਾਣੇ ਕੱਪੜਿਆਂ ਵਾਂਗ ਬਣ ਜਾਵੇਗੀ।
ਲੋਕ ਧਰਤੀ ਉੱਤੇ ਮਰ ਜਾਣਗੇ, ਪਰ ਮੇਰੀ ਮੁਕਤੀ ਸਦਾ ਰਹੇਗੀ।
ਮੇਰੀ ਨੇਕੀ ਕਦੇ ਖਤਮ ਨਹੀਂ ਹੋਵੇਗੀ।
ਦਾਊਦ ਦਾ ਇੱਕ ਗੀਤ।
138 ਹੇ ਪਰਮੇਸ਼ੁਰ, ਮੈਂ ਪੂਰੇ ਦਿਲ ਨਾਲ ਤੇਰੀ ਉਸਤਤਿ ਕਰਦਾ ਹਾਂ।
ਮੈਂ ਸਾਰੇ ਦੇਵਤਿਆ ਸਾਹਮਣੇ ਤੇਰੇ ਗੀਤ ਗਾਵਾਂਗਾ।
2 ਹੇ ਪਰਮੇਸ਼ੁਰ, ਮੈਂ ਤੇਰੇ ਪਵਿੱਤਰ ਮੰਦਰ ਨੂੰ ਸਿਜਦਾ ਕਰਦਾ ਹਾਂ।
ਮੈਂ ਤੇਰੇ ਨਾਮ ਦੀ, ਤੇਰੇ ਸੱਚੇ ਪਿਆਰ ਦੀ, ਅਤੇ ਤੇਰੀ ਵਫ਼ਾਦਾਰੀ ਦੀ ਉਸਤਤਿ ਕਰਦਾ ਹਾਂ।
ਤੂੰ ਆਪਣੇ ਸ਼ਬਦ ਦੀ ਸ਼ਕਤੀ ਲਈ ਮਸ਼ਹੂਰ ਹੈਂ ਹੁਣ ਤੂੰ ਇਸ ਨੂੰ ਹੋਰ ਵੀ ਮਹਾਨ ਬਣਾ ਦਿੱਤਾ ਹੈ।
3 ਹੇ ਪਰਮੇਸ਼ੁਰ, ਮੈਂ ਤੈਨੂੰ ਮਦਦ ਲਈ ਪੁਕਾਰਿਆ।
ਅਤੇ ਤੁਸੀਂ ਮੈਨੂੰ ਉੱਤਰ ਦਿੱਤਾ! ਤੁਸੀਂ ਮੈਨੂੰ ਸ਼ਕਤੀ ਦਿੱਤੀ।
4 ਯਹੋਵਾਹ, ਧਰਤੀ ਦੇ ਸਾਰੇ ਰਾਜੇ ਤੁਹਾਡੀ ਉਸਤਤਿ ਕਰਨਗੇ।
ਜਦੋਂ ਜੋ ਤੁਸੀਂ ਆਖੋਂਗੇ ਉਹ ਸੁਣਨਗੇ।
5 ਉਹ ਯਹੋਵਾਹ ਦੇ ਰਸਤੇ ਬਾਰੇ ਗਾਉਣਗੇ।
ਕਿਉਂਕਿ ਯਹੋਵਾਹ ਦੀ ਮਹਿਮਾ ਬਹੁਤ ਮਹਾਨ ਹੈ।
6 ਪਰਮੇਸ਼ੁਰ ਬਹੁਤ ਮਹੱਤਵਪੂਰਣ ਹੈ।
ਪਰ ਫ਼ੇਰ ਵੀ ਉਹ ਨਿਮਾਣੇ ਲੋਕਾਂ ਦੀ ਪਾਲਣਾ ਕਰਦਾ ਹੈ।
ਜੋ ਗੁਮਾਨੀ ਲੋਕ ਕਰਦੇ ਹਨ ਉਹ ਜਾਣਦਾ ਹੈ।
ਪਰ ਉਹ ਉਨ੍ਹਾਂ ਤੋਂ ਦੂਰ ਰਹਿੰਦਾ ਹੈ।
7 ਹੇ ਪਰਮੇਸ਼ੁਰ, ਜੇ ਮੈਂ ਮੁਸੀਬਤਾਂ ਵਿੱਚ ਹੋਵਾਂ ਤਾਂ ਮੈਨੂੰ ਜਿੰਦਾ ਰੱਖੀਂ।
ਜੋ ਮੇਰੇ ਦੁਸ਼ਮਣ ਮੇਰੇ ਉੱਤੇ ਕ੍ਰੋਧਵਾਨ ਹੋਣ ਤਾਂ ਮੈਨੂੰ ਉਨ੍ਹਾਂ ਕੋਲੋਂ ਬਚਾਈ।
8 ਯਹੋਵਾਹ, ਮੈਨੂੰ ਉਹ ਚੀਜ਼ਾਂ ਦੇਵੋ ਜਿਨ੍ਹਾਂ ਦਾ ਤੁਸੀਂ ਇਕਰਾਰ ਕੀਤਾ ਸੀ।
ਯਹੋਵਾਹ, ਤੁਹਾਡਾ ਸੱਚਾ ਪਿਆਰ ਸਦਾ ਰਹਿੰਦਾ ਹੈ।
ਯਹੋਵਾਹ, ਤੁਸੀਂ ਸਾਨੂੰ ਸਾਜਿਆ, ਇਸ ਲਈ ਸਾਨੂੰ ਨਾ ਛੱਡੋ।
ਆਪਣਾ ਜੀਵਨ ਪਰਮੇਸ਼ੁਰ ਦੇ ਹਵਾਲੇ ਕਰੋ
12 ਇਸ ਲਈ ਹੇ ਭਰਾਵੋ ਅਤੇ ਭੈਣੋ, ਮੈਂ ਪਰਮੇਸ਼ੁਰ ਦੀ ਦਯਾ ਦੀ ਖਾਤਰ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਜੀਵਨ ਨੂੰ ਪਰਮੇਸ਼ੁਰ ਦੇ ਅੱਗੇ ਜਿਉਂਦੀ ਬਲੀ ਬਣਕੇ ਭੇਂਟ ਕਰੋ। ਇਹ ਭੇਂਟ ਸਿਰਫ਼ ਪਰਮੇਸ਼ੁਰ ਲਈ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਹੀ ਪ੍ਰਸੰਨ ਕਰਨ ਲਈ ਹੋਣੀ ਚਾਹੀਦੀ ਹੈ। ਆਪਣੇ ਆਪ ਦਾ ਇਹ ਬਲਿਦਾਨ ਤੁਹਾਡੀ ਪਰਮੇਸ਼ੁਰ ਦੀ ਆਤਮਕ ਉਪਾਸਨਾ ਹੈ। 2 ਆਪਣੇ ਆਪ ਨੂੰ ਇਸ ਦੁਨੀਆਂ ਦੇ ਲੋਕਾਂ ਵਰਗਾ ਨਾ ਬਣਾਓ, ਪਰ ਆਪਣੇ ਮਨਾਂ ਨੂੰ ਤਾਜ਼ਾ ਕਰੋ ਅਤੇ ਇੱਕ ਨਵੇਂ ਢੰਗ ਨਾਲ ਸੋਚੋ ਤਾਂ ਜੋ ਤੁਸੀਂ ਪਛਾਣ ਸੱਕੋ ਅਤੇ ਪਰਮੇਸ਼ੁਰ ਦੀ ਇੱਛਾ ਕਬੂਲ ਸੱਕੋਂ। ਤੁਸੀਂ ਜਾਨਣ ਯੋਗ ਹੋਵੋਂਗੇ ਕਿ ਕਿਹੜੀਆਂ ਗੱਲਾਂ ਚੰਗੀਆਂ ਹਨ ਅਤੇ ਪਰਮੇਸ਼ੁਰ ਨੂੰ ਪ੍ਰਸੰਨ ਕਰਦੀਆਂ ਹਨ, ਅਤੇ ਕਿਹੜੀਆਂ ਗੱਲਾਂ ਸਹੀ ਹਨ।
3 ਪਰਮੇਸ਼ੁਰ ਨੇ ਮੈਨੂੰ ਇੱਕ ਖਾਸ ਤੋਹਫ਼ੇ ਨਾਲ ਨਿਵਾਜਿਆ ਹੈ। ਇਸੇ ਲਈ ਮੈਂ ਤੁਹਾਡੇ ਵਿੱਚੋਂ ਹਰ ਇੱਕ ਨੂੰ ਕੁਝ ਆਖਣਾ ਚਾਹੁੰਦਾ ਹਾਂ। ਇਹ ਨਾ ਸਮਝਣਾ ਕਿ ਜੋ ਤੁਸੀਂ ਅਸਲ ਵਿੱਚ ਹੋ ਤੁਸੀਂ ਉਸ ਤੋਂ ਵੱਧ ਚੰਗੇ ਹੋ। ਤੁਹਾਨੂੰ ਆਪਣੇ ਆਪ ਨੂੰ ਉਵੇਂ ਵੇਖਣਾ ਚਾਹੀਦਾ ਹੈ ਕਿ ਜੋ ਤੁਸੀਂ ਅਸਲ ਵਿੱਚ ਹੋ। ਇਹ ਨਿਆਂ ਕਿ ਤੁਸੀਂ ਕਿਹੋ ਜਿਹੇ ਹੋ ਤੁਸੀਂ ਨਿਹਚਾ ਰਾਹੀਂ ਪਤਾ ਲਗਾ ਸੱਕਦੇ ਹੋ ਜਿਹੜੀ ਪਰਮੇਸ਼ੁਰ ਨੇ ਤੁਹਾਨੂੰ ਦਿੱਤੀ ਹੈ। 4 ਸਾਡੇ ਸਭਨਾਂ ਕੋਲ ਸਰੀਰ ਹੈ ਅਤੇ ਉਸ ਸਰੀਰ ਦੇ ਕਈ ਅੰਗ ਹਨ, ਇਹ ਸਾਰੇ ਅੰਗ ਇੱਕੋ ਜਿਹਾ ਕੰਮ ਨਹੀਂ ਕਰਦੇ। 5 ਇਸੇ ਤਰ੍ਹਾਂ, ਅਸੀਂ ਬਹੁਤ ਸਾਰੇ ਲੋਕ ਹਾਂ, ਪਰ ਮਸੀਹ ਵਿੱਚ ਅਸੀਂ ਇੱਕ ਸਰੀਰ ਹਾਂ। ਅਸੀਂ ਸਾਰੇ ਉਸ ਸਰੀਰ ਦੇ ਅੰਗ ਹਾਂ ਅਤੇ ਹਰੇਕ ਅੰਗ ਸਰੀਰ ਦੇ ਦੂਜੇ ਸਾਰੇ ਅੰਗਾਂ ਨਾਲ ਸੰਬੰਧਿਤ ਹੈ।
6 ਅਸੀਂ ਸਾਰੇ ਵੱਖ-ਵੱਖ ਸੁਗਾਤਾਂ ਨਾਲ ਨਿਵਾਜੇ ਗਏ ਹਾਂ ਹਰੇਕ ਸੁਗਾਤ ਪਰਮੇਸ਼ੁਰ ਦੀ ਕਿਰਪਾ ਨਾਲ ਸਾਨੂੰ ਪ੍ਰਾਪਤ ਹੋਈ ਹੈ। ਜੇਕਰ ਕਿਸੇ ਵਿਅਕਤੀ ਕੋਲ ਅਗੰਮ ਵਾਕ ਦੀ ਦਾਤ ਹੈ, ਤਾਂ ਉਸ ਨੂੰ ਇਹ ਆਪਣੀ ਨਿਹਚਾ ਅਨੁਸਾਰ ਵਰਤਨੀ ਚਾਹੀਦੀ ਹੈ। 7 ਜੇਕਰ ਕਿਸੇ ਨੂੰ ਸੇਵਾ ਕਰਨ ਦੀ ਦਾਤ ਪ੍ਰਾਪਤ ਹੋਈ ਹੈ ਤਾਂ ਉਸ ਨੂੰ ਸੇਵਾ ਕਰਨੀ ਚਾਹੀਦੀ ਹੈ। ਜੇਕਰ ਕਿਸੇ ਕੋਲ ਸਿੱਖਿਆ ਦਾ ਫ਼ਲ ਪ੍ਰਾਪਤ ਹੈ ਤਾਂ ਉਸ ਨੂੰ ਸਿੱਖਿਆ ਦੇਣੀ ਚਾਹੀਦੀ ਹੈ। 8 ਜੇਕਰ ਕਿਸੇ ਵਿਅਕਤੀ ਕੋਲ ਦੂਜਿਆਂ ਨੂੰ ਅਰਾਮ ਦੇਣ ਦੀ ਦਾਤ ਹੈ, ਉਸ ਨੂੰ ਇਹ ਦੂਜਿਆਂ ਦੇ ਸੁੱਖ ਲਈ ਵਰਤਣ ਦਿਉ। ਜੇਕਰ ਕਿਸੇ ਵਿਅਕਤੀ ਕੋਲ ਦੂਜਿਆਂ ਨੂੰ ਦੇਣ ਦੀ ਦਾਤ ਹੈ, ਉਸ ਨੂੰ ਉਦਾਰਤਾ ਨਾਲ ਦੇਣ ਦਿਉ। ਜੇ ਇੱਕ ਵਿਅਕਤੀ ਕੋਲ ਅਗਵਾਈ ਕਰਨ ਦੀ ਦਾਤ ਹੈ ਤਾਂ ਉਸ ਨੂੰ ਉਨ੍ਹਾਂ ਦੀ ਕੜੀ ਮਿਹਨਤ ਨਾਲ ਅਗਵਾਈ ਕਰਨ ਦਿਉ। ਜੇ ਇੱਕ ਵਿਅਕਤੀ ਕੋਲ ਦਇਆ ਦਰਸ਼ਾਉਣ ਦੀ ਦਾਤ ਹੈ ਤਾਂ ਉਸ ਨੂੰ ਉਹੀ ਖੁਸ਼ੀ ਨਾਲ ਕਰਨ ਦਿਉ।
ਪਤਰਸ ਨੇ ਕਿਹਾ ਯਿਸੂ ਹੀ ਮਸੀਹ ਹੈ(A)
13 ਕੈਸਰੀਆ ਫ਼ਿਲਿੱਪੀ ਦੇ ਇਲਾਕੇ ਵਿੱਚ ਆਕੇ ਯਿਸੂ ਨੇ ਆਪਣੇ ਚੇਲਿਆਂ ਨੂੰ ਪੁੱਛਿਆ, “ਲੋਕੀਂ ਕਿਸਨੂੰ ਆਖਦੇ ਹਨ ਕਿ ਉਹ ਮਨੁੱਖ ਦਾ ਪੁੱਤਰ ਹੈ?”
14 ਉਹ ਬੋਲੇ, “ਕੋਈ ਤਾਂ ਯੂਹੰਨਾ ਬਪਤਿਸਮਾ ਦੇਣ ਵਾਲੇ ਨੂੰ ਕਹਿੰਦੇ ਹਨ ਅਤੇ ਕੋਈ ਏਲੀਯਾਹ ਅਤੇ ਕੋਈ ਯਿਰਮਿਯਾਹ ਜਾਂ ਨਬੀਆਂ ਵਿੱਚੋਂ ਕਿਸੇ ਇੱਕ ਨੂੰ।”
15 ਉਸ ਨੇ ਉਨ੍ਹਾਂ ਨੂੰ ਕਿਹਾ, “ਪਰ ਤੁਸੀਂ ਮੈਨੂੰ ਕੀ ਕਹਿੰਦੇ ਹੋ ਕਿ ਮੈਂ ਕੌਣ ਹਾਂ?”
16 ਸ਼ਮਊਨ ਪਤਰਸ ਨੇ ਉੱਤਰ ਦਿੱਤਾ, “ਤੁਸੀਂ ਮਸੀਹ ਹੋ, ਜਿਉਂਦੇ ਪਰਮੇਸ਼ੁਰ ਦੇ ਪੁੱਤਰ ਹੋ।”
17 ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਤੂੰ ਧੰਨ ਹੈ ਯੂਨਾਹ ਦੇ ਪੁੱਤਰ ਸ਼ਮਊਨ। ਕਿਉਂਕਿ ਇਹ ਗੱਲ ਤੈਨੂੰ ਮਨੁੱਖ ਦੁਆਰਾ ਨਹੀਂ ਪ੍ਰਗਟਾਈ ਗਈ ਸਗੋਂ ਮੇਰੇ ਪਿਤਾ ਦੁਆਰਾ ਜੋ ਕਿ ਸਵਰਗ ਵਿੱਚ ਹੈ। 18 ਮੈਂ ਵੀ ਤੈਨੂੰ ਆਖਦਾ ਹਾਂ ਕਿ ਤੂੰ ਪਤਰਸ ਹੈਂ, ਅਤੇ ਮੈਂ ਆਪਣੀ ਕਲੀਸਿਯਾ ਇਸ ਚੱਟਾਨ ਉੱਪਰ ਬਨਾਵਾਂਗਾ। ਮੌਤ ਦੀ ਸ਼ਕਤੀ ਕਦੀ ਵੀ ਮੇਰੀ ਕਲੀਸਿਯਾ ਨੂੰ ਹਰਾਉਣ ਦੇ ਕਾਬਿਲ ਨਹੀਂ ਹੋਵੇਗੀ। 19 ਮੈਂ ਤੈਨੂੰ ਸਵਰਗ ਦੇ ਰਾਜ ਦੀਆਂ ਕੁੰਜੀਆਂ ਦੇਵਾਂਗਾ। ਜੋ ਨਿਆਂ ਤੂੰ ਧਰਤੀ ਉੱਤੇ ਕਰੇਂਗਾ ਪਰਮੇਸ਼ੁਰ ਦੁਆਰਾ ਕੀਤਾ ਨਿਆਂ ਹੋਵੇਗਾ। ਜਿਸ ਮੁਆਫ਼ੀ ਦਾ ਇਕਰਾਰ ਤੂੰ ਧਰਤੀ ਤੇ ਕਰੇਂਗਾ ਉਹ ਪਰਮੇਸ਼ੁਰ ਦੁਆਰਾ ਦਿੱਤੀ ਗਈ ਮਾਫ਼ੀ ਹੋਵੇਗੀ।”
20 ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਖਬਰਦਾਰ ਕੀਤਾ ਕਿ ਉਹ ਕਿਸੇ ਨੂੰ ਨਾ ਕਹਿਣ ਕਿ ਉਹੀ ਮਸੀਹ ਹੈ।
2010 by World Bible Translation Center