Revised Common Lectionary (Complementary)
ਕੋਰਹ ਪਰਿਵਾਰ ਦਾ ਇੱਕ ਉਸਤਤਿ ਗੀਤ।
87 ਪਰਮੇਸ਼ੁਰ ਨੇ ਯਰੂਸ਼ਲਮ ਦੀਆਂ ਪਵਿੱਤਰ ਪਹਾੜੀਆਂ ਉੱਤੇ ਆਪਣਾ ਮੰਦਰ ਬਣਾਇਆ।
2 ਯਹੋਵਾਹ ਸੀਯੋਨ ਦੇ ਦਰਵਾਜਿਆਂ ਨੂੰ ਇਸਰਾਏਲ ਦੀ ਹੋਰ ਕਿਸੇ ਵੀ ਥਾਂ ਨਾਲੋਂ ਵੱਧੇਰੇ ਪਿਆਰ ਕਰਦਾ ਹੈ।
3 ਹੇ ਪਰਮੇਸ਼ੁਰ ਦੇ ਸ਼ਹਿਰ, ਲੋਕ ਤੇਰੇ ਬਾਰੇ ਬਹੁਤ ਅਦਭੁਤ ਗੱਲਾਂ ਬੋਲਦੇ ਹਨ।
4 ਪਰਮੇਸ਼ੁਰ ਆਪਣੇ ਸਾਰੇ ਬੰਦਿਆਂ ਦੀ ਸੂਚੀ ਰੱਖਦਾ।
“ਉਨ੍ਹਾਂ ਵਿੱਚੋਂ ਕੁਝ ਮਿਸਰ ਅਤੇ ਕੁਝ ਬੇਬੀਲੋਨ ਵਿੱਚ ਰਹਿੰਦੇ ਹਨ।
ਉਨ੍ਹਾਂ ਵਿੱਚੋਂ ਕੁਝ ਲੋਕ ਫ਼ਲਿਸਤੀਨੀਆਂ, ਸੂਰ ਅਤੇ ਇਥੋਮੀਆਂ ਵਿੱਚ ਵੀ ਜਨਮੇ ਸਨ।”
5 ਪਰਮੇਸ਼ੁਰ ਸੀਯੋਨ ਉੱਤੇ ਜੰਮੇ ਹਰ ਬੰਦੇ ਨੂੰ ਜਾਣਦਾ ਹੈ।
ਸਰਬ ਉੱਚ ਪਰਮੇਸ਼ੁਰ ਨੇ ਉਸ ਸ਼ਹਿਰ ਨੂੰ ਬਣਾਇਆ।
6 ਪਰਮੇਸ਼ੁਰ ਆਪਣੇ ਸਾਰੇ ਲੋਕਾਂ ਦੀ ਸੂਚੀ ਰੱਖਦਾ।
ਪਰਮੇਸ਼ੁਰ ਜਾਣਦਾ ਹੈ ਕਿ ਹਰ ਇੱਕ ਬੰਦਾ ਕਿੱਥੇ ਜੰਮਿਆ ਹੈ।
7 ਪਰਮੇਸ਼ੁਰ ਦੇ ਖਾਸ ਬੰਦੇ ਯਰੂਸ਼ਲਮ ਨੂੰ ਤਿਉਹਾਰ ਮਨਾਉਣ ਲਈ ਜਾਂਦੇ ਹਨ।
ਉਹ ਬਹੁਤ ਖੁਸ਼ ਹਨ।
ਉਹ ਗਾ ਅਤੇ ਨੱਚ ਰਹੇ ਹਨ ਉਹ ਆਖਦੇ ਹਨ,
“ਸਾਰੀਆਂ ਸ਼ੁਭ ਚੀਜ਼ਾਂ ਯਰੂਸ਼ਲਮ ਤੋਂ ਆਉਂਦੀਆਂ ਹਨ।”
ਨਅਮਾਨ ਦਾ ਕਸ਼ਟ
5 ਨਅਮਾਨ ਅਰਾਮ ਦੇ ਰਾਜ ਦੀ ਸੈਨਾ ਦਾ ਸੈਨਾਪਤੀ ਸੀ ਅਤੇ ਉਹ ਆਪਣੇ ਰਾਜਾ ਦਾ ਬੜਾ ਮਹੱਤਵਪੂਰਣ ਆਦਮੀ ਸੀ ਉਸਦਾ ਆਦਰ-ਮਾਨ ਉੱਥੇ ਬਹੁਤ ਸੀ ਕਿਉਂ ਕਿ ਉਸ ਦੇ ਰਾਹੀਂ ਯਹੋਵਾਹ ਨੇ ਅਰਾਮ ਨੂੰ ਜਿੱਤ ਦਿੱਤੀ ਸੀ। ਉਹ ਬੜਾ ਵੀਰ-ਯੋਧਾ ਮਨੁੱਖ ਸੀ ਪਰ ਉਹ ਕੋੜ੍ਹ ਦੇ ਰੋਗ ਤੋਂ ਬੜਾ ਦੁੱਖੀ ਸੀ।
2 ਅਰਾਮੀ ਸੈਨਾ ਨੇ ਇਸਰਾਏਲ ਵਿੱਚ ਲੜਨ ਲਈ ਬਹੁਤ ਸਾਰੇ ਟੋਲੇ ਭੇਜੇ। ਤੇ ਉਹ ਸਿਪਾਹੀ ਲੋਕਾਂ ਨੂੰ ਚੁੱਕ ਕੇ ਆਪਣੇ ਗੁਲਾਮ ਬਣਾ ਲੈਂਦੇ। ਇੱਕ ਵਾਰੀ ਉਹ ਇਸਰਾਏਲ ਤੋਂ ਇੱਕ ਨਿੱਕੀ ਜਿਹੀ ਕੁੜੀ ਚੁੱਕ ਲਿਆਏ ਜੋ ਕਿ ਨਅਮਾਨ ਦੀ ਵਹੁਟੀ ਦੀ ਗੋਲੀ ਬਣ ਗਈ। 3 ਇਸ ਕੁੜੀ ਨੇ ਨਅਮਾਨ ਦੀ ਪਤਨੀ ਨੂੰ ਆਕੇ ਕਿਹਾ, “ਕਾਸ਼ ਮੇਰਾ ਸੁਆਮੀ (ਨਅਮਾਨ) ਉਸ ਨਬੀ ਦੇ ਕੋਲ ਹੁੰਦਾ ਜੋ ਸਾਮਰਿਯਾ ਵਿੱਚ (ਆਲੀਸ਼ਾ) ਹੈ। ਉਹ ਨਬੀ ਉਸ ਦੇ ਕੋੜ੍ਹ ਤੋਂ ਉਸ ਨੂੰ ਮੁਕਤ ਕਰ ਸੱਕਦਾ ਹੈ।”
4 ਨਅਮਾਨ ਆਪਣੇ ਮਾਲਕ (ਅਰਾਮ ਦੇ ਰਾਜੇ) ਕੋਲ ਗਿਆ ਅਤੇ ਉਸ ਨੂੰ ਉਹ ਦੱਸਿਆ ਜੋ ਉਸ ਇਸਰਾਏਲੀ ਕੁੜੀ ਨੇ ਆਖਿਆ ਸੀ।
5 ਤਦ ਅਰਾਮ ਦੇ ਰਾਜੇ ਨੇ ਆਖਿਆ, “ਹੁਣੇ ਜਾ ਅਤੇ ਮੈਂ ਇਸਰਾਏਲ ਦੇ ਪਾਤਸ਼ਾਹ ਨੂੰ ਇੱਕ ਚਿੱਠੀ ਭੇਜਦਾ ਹਾਂ।”
ਤਦ ਨਅਮਾਨ ਇਸਰਾਏਲ ਨੂੰ ਗਿਆ, ਅਤੇ ਆਪਣੇ ਨਾਲ ਕੁਝ ਸੁਗਾਤਾਂ ਵੀ ਲੈ ਗਿਆ। ਉਸ ਨੇ 340 ਕਿੱਲੋ ਚਾਂਦੀ, 6,000 ਸੋਨੇ ਦੇ ਸਿੱਕੇ ਅਤੇ ਦਸ ਜੋੜੇ ਕੱਪੜੇ ਆਪਣੇ ਨਾਲ ਲੈ ਲਏ। 6 ਉਹ ਇਸਰਾਏਲ ਦੇ ਪਾਤਸ਼ਾਹ ਕੋਲ ਉਹ ਚਿੱਠੀ ਲਿਆਇਆ ਜਿਸ ਵਿੱਚ ਇਹ ਲਿਖਿਆ ਸੀ ਕਿ ਹੁਣ ਜਦੋਂ ਇਹ ਚਿੱਠੀ ਤੇਰੇ ਤੀਕ ਪਹੁੰਚੇ ਤਾਂ ਵੇਖ ਮੈਂ ਆਪਣੇ ਬੰਦੇ ਨਅਮਾਨ ਨੂੰ ਤੇਰੇ ਕੋਲ ਭੇਜਿਆ ਹੈ ਤਾਂ ਜੋ ਤੂੰ ਉਸ ਦੇ ਕੋੜ੍ਹ ਨੂੰ ਚੰਗਿਆਂ ਕਰ ਦੇਵੇਂ।
7 ਜਦੋਂ ਇਸਰਾਏਲ ਦੇ ਪਾਤਸ਼ਾਹ ਨੇ ਉਹ ਚਿੱਠੀ ਪੜ੍ਹੀ ਤਾਂ ਉਸ ਨੇ ਆਪਣੇ ਕੱਪੜੇ ਫ਼ਾੜ ਕੇ ਇਹ ਦਰਸਾਇਆ ਕਿ ਉਹ ਉਦਾਸ ਹੈ ਅਤੇ ਪਰੇਸ਼ਾਨ ਹੈ। ਇਸਰਾਏਲ ਦੇ ਪਾਤਸ਼ਾਹ ਨੇ ਆਖਿਆ, “ਕੀ ਮੈਂ ਪਰਮੇਸ਼ੁਰ ਹਾਂ? ਨਹੀਂ! ਮੇਰਾ ਜੀਵਨ ਅਤੇ ਮੌਤ ਉੱਪਰ ਕੋਈ ਅਧਿਕਾਰ ਨਹੀਂ ਤਾਂ ਫ਼ਿਰ ਭਲਾ ਮੈਂ ਇਸ ਕੋਹੜੀ ਮਨੁੱਖ ਨੂੰ ਇਸਦੇ ਕੋੜ੍ਹ ਤੋਂ ਕਿਵੇਂ ਮੁਕਤ ਕਰ ਸੱਕਦਾ ਹਾਂ। ਤਾਂ ਫ਼ਿਰ ਉਸ ਨੇ ਭਲਾ ਇਸ ਨੂੰ ਮੇਰੇ ਕੋਲ ਕਿਉਂ ਭੇਜਿਆ ਹੈ? ਜ਼ਰਾ ਧਿਆਨ ਨਾਲ ਸੋਚੋ ਤਾਂ ਪਤਾ ਚੱਲੇਗਾ ਕਿ ਇਹ ਉਸਦੀ ਚਾਲ ਹੈ। ਇਸਦਾ ਮਤਲਬ ਅਰਾਮ ਦਾ ਰਾਜਾ ਮੇਰੇ ਨਾਲ ਲੜਾਈ ਲੜਨ ਦੀ ਵਿਉਂਤ ਕਰ ਰਿਹਾ ਹੈ।”
8 ਜਦੋਂ ਅਲੀਸ਼ਾ ਨੂੰ ਇਹ ਖਬਰ ਮਿਲੀ ਕਿ ਇਸਰਾਏਲ ਦੇ ਪਾਤਸ਼ਾਹ ਨੇ ਆਪਣੇ ਕੱਪੜੇ ਫ਼ਾੜੇ ਹਨ ਅਤੇ ਉਹ ਉਦਾਸ ਅਤੇ ਪਰੇਸ਼ਾਨ ਹੈ ਤਾਂ ਅਲੀਸ਼ਾ ਨੇ ਪਾਤਸ਼ਾਹ ਨੂੰ ਇਹ ਸੁਨੇਹਾ ਭੇਜਿਆ, “ਤੂੰ ਆਪਣੇ ਵਸਤਰ ਕਿਉਂ ਫ਼ਾੜਦਾ ਹੈਂ? ਤੂੰ ਉਸ ਨਅਮਾਨ ਨੂੰ ਮੇਰੇ ਕੋਲ ਭੇਜਦੇ ਤਾਂ ਜੋ ਉਸ ਨੂੰ ਪਤਾ ਚੱਲੇ ਕਿ ਇਸਰਾਏਲ ਵਿੱਚ ਇੱਕ ਨਬੀ ਹੈ।”
9 ਤਾਂ ਨਅਮਾਨ ਆਪਣੇ ਘੋੜਿਆਂ ਅਤੇ ਰੱਥਾਂ ਸਮੇਤ ਆਇਆ ਅਤੇ ਅਲੀਸ਼ਾ ਦੇ ਘਰ ਦੇ ਦਰਵਾਜ਼ੇ ਕੋਲ ਖੜੋ ਗਿਆ। 10 ਅਲੀਸ਼ਾ ਨੇ ਇੱਕ ਸੰਦੇਸ਼ਵਾਹਕ ਨੂੰ ਇਹ ਕਹਿ ਕੇ ਉਸ ਕੋਲ ਭੇਜਿਆ ਕਿ ਜਾਹ ਅਤੇ ਜਾਕੇ ਯਰਦਨ ਨਦੀ ਵਿੱਚ ਸੱਤ ਚੁੱਬੀਆਂ ਮਾਰ ਤਾਂ ਤੇਰਾ ਕੋੜ੍ਹ ਠੀਕ ਹੋ ਜਾਵੇਗਾ ਅਤੇ ਤੂੰ ਬਿਲਕੁਲ ਪਾਕ ਪਵਿੱਤਰ ਹੋ ਜਾਵੇਂਗਾ।
11 ਨਅਮਾਨ ਬੜੇ ਕਰੋਧ ਵਿੱਚ ਉੱਥੋਂ ਮੁੜ ਆਇਆ ਅਤੇ ਉਸ ਨੇ ਕਿਹਾ, “ਵੇਖੋ! ਮੈਂ ਤਾਂ ਸੋਚਦਾ ਸੀ ਕਿ ਉਹ ਬਾਹਰ ਆਕੇ ਖੜ੍ਹਾ ਹੋਵੇਗਾ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਉਂ ਲੈ ਕੇ ਮੇਰੇ ਕੋਹੜ ਵਾਲੀ ਥਾਂ ਤੇ ਆਪਣਾ ਹੱਥ ਫ਼ੇਰੇਗਾ ਤੇ ਮੈਨੂੰ ਕੋਹੜ ਤੋਂ ਮੁਕਤ ਕਰੇਗਾ। 12 ਅਬਨਾਹ ਅਤੇ ਫ਼ਰਪਰ ਜੋ ਕਿ ਦੰਮਿਸਕ ਦੀਆਂ ਨਦੀਆਂ ਹਨ ਇਸਰਾਏਲ ਦੇ ਸਾਰੇ ਪਾਣੀਆਂ ਨਾਲੋਂ ਚੰਗੀਆਂ ਹਨ। ਕੀ ਮੈਂ ਉਨ੍ਹਾਂ ਵਿੱਚ ਨਹਾਕੇ ਸਾਫ਼ ਨਹੀਂ ਹੋ ਸੱਕਦਾ?” ਅਤੇ ਉਹ ਜਾਣ ਲਈ ਮੁੜਿਆ।
13 ਪਰ ਤਦ ਨਅਮਾਨ ਦੇ ਸੇਵਕ ਉਸ ਕੋਲ ਆਏ ਤੇ ਉਸ ਨੂੰ ਆਖਣ ਲੱਗੇ, “ਹੇ ਮੇਰੇ ਪਿਤਾ! ਕੀ ਜੇ ਨਬੀ ਤੈਨੂੰ ਕੋਈ ਵੱਡਾ ਕੰਮ ਕਰਨ ਦੀ ਆਗਿਆ ਦਿੰਦਾ ਤਾਂ ਤੂੰ ਨਾ ਕਰਦਾ? ਤੇ ਫ਼ਿਰ ਜੇਕਰ ਉਸ ਨੇ ਤੈਨੂੰ ਇਹ ਆਖਿਆ ਹੈ ਕਿ ਯਰਦਨ ਨਦੀ ਵਿੱਚ ਨਹਾ ਲੈ ਤੇ ਸ਼ੁੱਧ ਹੋ ਜਾ, ਤਾਂ ਤੈਨੂੰ ਉਸਦੀ ਆਗਿਆ ਮੰਨ ਲੈਣੀ ਚਾਹੀਦੀ ਹੈ।”
14 ਤਦ ਨਅਮਾਨ ਨੇ ਪਰਮੇਸ਼ੁਰ ਦੇ ਮਨੁੱਖ (ਅਲੀਸ਼ਾ) ਦੇ ਕਹੇ ਅਨੁਸਾਰ ਉਵੇਂ ਹੀ ਕੀਤਾ। ਉਸ ਨੇ ਯਰਦਨ ਨਦੀ ਵਿੱਚ ਸੱਤ ਵਾਰੀ ਚੁੱਬੀ ਮਾਰੀ ਤਾਂ ਉਸ ਦਾ ਕੋੜ੍ਹ ਠੀਕ ਹੋ ਗਿਆ ਤੇ ਉਹ ਸ਼ੁੱਧ ਹੋ ਗਿਆ। ਉਸਦੀ ਚਮੜੀ ਬੱਚਿਆਂ ਦੀ ਚਮੜੀ ਵਰਗੀ ਨਰਮ ਤੇ ਨਰੋਈ ਹੋ ਗਈ।
ਯਰੂਸ਼ਲਮ ਵਿੱਚ ਸਭਾ
15 ਕੁਝ ਲੋਕ ਯਹੂਦਿਯਾ ਤੋਂ ਅੰਤਾਕਿਯਾ ਨੂੰ ਆਏ ਅਤੇ ਗੈਰ-ਯਹੂਦੀ ਭਰਾਵਾਂ ਨੂੰ ਉਪਦੇਸ਼ ਦੇਣ ਲੱਗੇ, “ਜੇ ਮੂਸਾ ਦੀ ਰੀਤ ਅਨੁਸਾਰ ਤੁਹਾਡੀ ਸੁੰਨਤ ਨਾ ਕਰਾਈ ਗਈ ਤਾਂ ਤੁਸੀਂ ਬਚ ਨਹੀਂ ਸੱਕੋਂਗੇ।” 2 ਪੌਲੁਸ ਅਤੇ ਬਰਨਬਾਸ ਅਜਿਹੇ ਉਪਦੇਸ਼ ਦੇ ਵਿਰੁੱਧ ਸਨ। ਇਸ ਲਈ ਉਨ੍ਹਾਂ ਨੇ ਯਹੂਦਿਯਾ ਦੇ ਇਨ੍ਹਾਂ ਆਦਮੀਆਂ ਨੂੰ ਦ੍ਰਿੜ੍ਹਤਾ ਨਾਲ ਬਹਿਸ ਕੀਤੀ। ਅਤੇ ਅੰਤ ਵਿੱਚ ਇਹ ਨਿਸ਼ਚਿਤ ਹੋਇਆ ਕਿ ਪੌਲੁਸ ਅਤੇ ਬਰਨਬਾਸ ਕੁਝ ਸਥਾਨਕ ਲੋਕਾਂ ਨਾਲ, ਰਸੂਲਾਂ ਅਤੇ ਬਜ਼ੁਰਗਾਂ ਨਾਲ ਸੰਪਰਕ ਕਰਨ ਅਤੇ ਇਸ ਪ੍ਰਸ਼ਨ ਬਾਰੇ ਚਰਚਾ ਕਰਨ ਲਈ, ਯਰੂਸ਼ਲਮ ਨੂੰ ਜਾਣਗੇ।
3 ਕਲੀਸਿਯਾ ਨੇ ਇਨ੍ਹਾਂ ਆਦਮੀਆਂ ਦੀ ਉਨ੍ਹਾਂ ਦੀ ਯਾਤਰਾ ਲਈ ਮਦਦ ਕੀਤੀ। ਫ਼ੇਰ ਉਨ੍ਹਾਂ ਨੇ ਫ਼ੈਨੀਕੇ ਅਤੇ ਸਾਮਰਿਯਾ ਰਾਹੀਂ ਯਾਤਰਾ ਕੀਤੀ। ਉਨ੍ਹਾਂ ਨੇ ਫ਼ੈਨੀਕੇ ਅਤੇ ਸਾਮਰਿਯਾ ਦੇ ਲੋਕਾਂ ਨੂੰ ਦੱਸਿਆ ਕਿ ਕਿਵੇਂ ਗੈਰ-ਯਹੂਦੀ ਲੋਕ ਸੱਚੇ ਪਰਮੇਸ਼ੁਰ ਵੱਲ ਪਰਤੇ ਹਨ। ਇਹ ਸੁਣਕੇ ਸਾਰੇ ਭਰਾ ਬਹੁਤ ਖੁਸ਼ ਹੋਏ। 4 ਫ਼ਿਰ ਪੌਲੁਸ, ਬਰਨਬਾਸ ਅਤੇ ਹੋਰ ਦੂਜੇ ਲੋਕ ਵੀ ਯਰੂਸ਼ਲਮ ਵਿੱਚ ਪਹੁੰਚੇ। ਰਸੂਲਾਂ, ਬਜ਼ੁਰਗਾਂ ਅਤੇ ਸਾਰੇ ਨਿਹਚਾਵਾਨਾਂ ਨੇ ਉਨ੍ਹਾਂ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਉਹ ਸਭ ਗੱਲਾਂ ਕਹੀਆਂ ਜੋ ਪਰਮੇਸ਼ੁਰ ਨੇ ਉਨ੍ਹਾਂ ਰਾਹੀਂ ਕੀਤੀਆਂ ਸਨ। 5 ਯਰੂਸ਼ਲਮ ਵਿੱਚ ਕੁਝ ਨਿਹਚਾਵਾਨਾਂ ਨੇ, ਜੋ ਫ਼ਰੀਸੀ ਪੰਥ ਵਿੱਚੋਂ ਸਨ ਖੜੋ ਕੇ ਕਿਹਾ, “ਗੈਰ-ਯਹੂਦੀ ਨਿਹਚਾਵਾਨਾਂ ਦੀ ਸੁੰਨਤ ਅੱਤ ਜ਼ਰੂਰੀ ਹੈ। ਸਾਨੂੰ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਮੂਸਾ ਦੀ ਸ਼ਰ੍ਹਾ ਦੀ ਪਾਲਣਾ ਕਰਨੀ ਚਾਹੀਦੀ ਹੈ।”
6 ਉਸਤੋਂ ਬਾਅਦ ਰਸੂਲ ਅਤੇ ਬਜ਼ੁਰਗ ਇਸ ਸਮੱਸਿਆ ਬਾਰੇ ਸੋਚਣ ਲਈ ਇੱਕਤਰ ਹੋਏ। 7 ਕਾਫ਼ੀ ਦੇਰ ਬਹਿਸ ਵੀ ਹੋਈ ਤਾਂ ਫ਼ਿਰ ਪਤਰਸ ਵਿੱਚੋਂ ਉੱਠਿਆ ਅਤੇ ਉਨ੍ਹਾਂ ਨੂੰ ਕਿਹਾ, “ਮੇਰੇ ਭਰਾਵੋ, ਤੁਹਾਨੂੰ ਮੁਢ ਤੋਂ ਹੀ ਪਤਾ ਹੈ ਪਰਮੇਸ਼ੁਰ ਨੇ ਤੁਹਾਡੇ ਵਿੱਚੋਂ ਮੈਨੂੰ ਚੁਣਿਆ ਤਾਂ ਜੋ ਪਰਾਈਆਂ ਕੌਮਾਂ ਮੇਰੇ ਮੂੰਹੋਂ ਖੁਸ਼ਖਬਰੀ ਨੂੰ ਸੁਣ ਸੱਕਣ ਅਤੇ ਨਿਹਚਾ ਕਰਨ। 8 ਪਰਮੇਸ਼ੁਰ ਸਭ ਦੇ ਦਿਲਾਂ ਦੀਆਂ ਜਾਣਦਾ ਹੈ ਤਾਂ ਹੀ ਉਸ ਨੇ ਗੈਰ ਯਹੂਦੀਆਂ ਨੂੰ ਸਵੀਕਾਰ ਕੀਤਾ। ਪਰਮੇਸ਼ੁਰ ਨੇ ਉਨ੍ਹਾਂ ਨੂੰ ਪਵਿੱਤਰ ਆਤਮਾ ਦੇਕੇ ਜਿਵੇਂ ਕਿ ਉਸ ਨੇ ਸਾਨੂੰ ਦਿੱਤਾ ਸੀ ਦੇਕੇ ਸਾਨੂੰ ਇਹ ਸਾਬਿਤ ਕੀਤਾ। 9 ਪਰਮੇਸ਼ੁਰ ਲਈ ਉਨ੍ਹਾਂ ਲੋਕਾਂ ਅਤੇ ਸਾਡੇ ਵਿੱਚ ਕੋਈ ਫ਼ਰਕ ਨਹੀਂ। ਜਦੋਂ ਉਨ੍ਹਾਂ ਨੇ ਉਸਤੇ ਵਿਸ਼ਵਾਸ ਕੀਤਾ ਤਾਂ ਪਰਮੇਸ਼ੁਰ ਨੇ ਉਨ੍ਹਾਂ ਦੇ ਮਨ ਸ਼ੁੱਧ ਕਰ ਦਿੱਤੇ। 10 ਫ਼ੇਰ ਤੁਸੀਂ ਉਨ੍ਹਾਂ ਦੀਆਂ ਧੌਣਾਂ ਤੇ ਭਾਰੀ ਬੋਝ ਕਿਉਂ ਪਾ ਰਹੇ ਹੋ। ਕੀ ਤੁਸੀਂ ਪਰਮੇਸ਼ੁਰ ਨੂੰ ਕ੍ਰੋਧਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ? ਅਸੀਂ ਅਤੇ ਸਾਡੇ ਪਿਉ-ਦਾਦੇ ਇੰਨੇ ਸਮਰਥ ਨਹੀਂ ਸੀ ਕਿ ਇਹ ਬੋਝ ਢੋਅ ਸੱਕਦੇ। 11 ਨਹੀਂ। ਸਾਨੂੰ ਵਿਸ਼ਵਾਸ ਹੈ ਕਿ ਅਸੀਂ ਅਤੇ ਇਹ ਲੋਕ ਪ੍ਰਭੂ ਯਿਸੂ ਦੀ ਕਿਰਪਾ ਰਾਹੀਂ ਬਚਾਏ ਜਾਵਾਂਗੇ।”
12 ਤਦ ਸਾਰੀ ਮੰਡਲੀ ਚੁੱਪ ਹੋ ਗਈ। ਉਨ੍ਹਾਂ ਨੇ ਪੌਲੁਸ ਅਤੇ ਬਰਨਬਾਸ ਨੂੰ ਚਮਤਕਾਰੀ ਨਿਸ਼ਾਨਾਂ ਬਾਰੇ ਬੋਲਦਿਆਂ ਸੁਣਿਆ। ਅਤੇ ਉਨ੍ਹਾਂ ਅਚੰਭਿਆਂ ਨੂੰ ਜੋ ਪਰਮੇਸ਼ੁਰ ਨੇ ਉਨ੍ਹਾਂ ਰਾਹੀਂ ਗੈਰ-ਯਹੂਦੀਆਂ ਵਿੱਚ ਕਰਵਾਏ। 13 ਜਦੋਂ ਪੌਲੁਸ ਅਤੇ ਬਰਨਬਾਸ ਬੋਲ ਹਟੇ ਤਾਂ ਯਾਕੂਬ ਅੱਗੋ ਕਹਿਣ ਲੱਗਾ, “ਮੇਰੇ ਭਰਾਵੋ। ਮੇਰੀ ਗੱਲ ਸੁਣੋ। 14 ਸ਼ਮਊਨ ਨੇ ਸਾਨੂੰ ਦੱਸਿਆ ਹੈ ਕਿਵੇਂ ਪਰਮੇਸ਼ੁਰ ਨੇ ਗੈਰ-ਯਹੂਦੀਆਂ ਨੂੰ ਪ੍ਰਵਾਨ ਕਰਕੇ ਅਤੇ ਉਨ੍ਹਾਂ ਨੂੰ ਆਪਣੇ ਲੋਕ ਬਣਾਕੇ ਆਪਣਾ ਪਿਆਰ ਦਰਸ਼ਾਇਆ। 15 ਨਬੀਆਂ ਦੇ ਬਚਨ ਵੀ ਇਸ ਗੱਲ ਨੂੰ ਮੰਨਦੇ ਹਨ ਕਿ:
16 ‘ਇਸਤੋਂ ਬਾਅਦ ਮੈਂ ਮੁੜ ਆਵਾਂਗਾ
ਅਤੇ ਫ਼ੇਰ ਦਾਊਦ ਦੇ ਡਿੱਗੇ-ਢਠੇ
ਘਰ ਨੂੰ ਉਸਾਰਾਂਗਾ।
ਮੈਂ ਉਸ ਦੇ ਘਰ ਦੇ ਮਲ੍ਹਬੇ ਨੂੰ ਮੁੜ ਤੋਂ ਉਸਾਰਾਂਗਾ।
ਮੈਂ ਮੁੜ ਉਸਦਾ ਘਰ ਨਵਾਂ ਬਣਾਵਾਂਗਾ।
17 ਫ਼ਿਰ ਹੋਰ ਸਾਰੇ ਲੋਕਾਂ ਪ੍ਰਭੂ ਪਰਮੇਸ਼ੁਰ ਵੱਲ ਵੇਖਣਗੇ।
ਹੋਰਨਾ ਪਰਾਈਆਂ ਕੌਮਾਂ ਦੇ ਲੋਕ ਵੀ ਮੇਰੇ ਨਾਲ ਸੰਬੰਧਿਤ ਹਨ।
ਪ੍ਰਭੂ ਜੋ ਇਹ ਸਭ ਗੱਲਾਂ ਕਰਦਾ ਹੈ,
ਇਹ ਆਖਦਾ ਹੈ।’ (A)
18 ‘ਇਹ ਸਭ ਗੱਲਾਂ ਮੁਢ ਤੋਂ ਹੀ ਜਾਣੀਆਂ ਹੋਈਆਂ ਹਨ।’
19 “ਇਸ ਲਈ, ਮੇਰਾ ਖਿਆਲ ਹੈ ਕਿ ਤੁਹਾਨੂੰ ਗੈਰ-ਯਹੂਦੀ ਭਰਾਵਾਂ ਨੂੰ ਨਹੀਂ ਸਤਾਉਣਾ ਚਾਹੀਦਾ, ਜੋ ਪਰਮੇਸ਼ੁਰ ਵੱਲ ਮੁੜ ਪਏ ਹਨ। 20 ਸਗੋਂ ਸਾਨੂੰ ਉਨ੍ਹਾਂ ਦੇ ਨਾਂ ਇੱਕ ਪੱਤਰ ਲਿਖਣਾ ਚਾਹੀਦਾ ਹੈ, ਜਿਸ ਵਿੱਚ ਉਨ੍ਹਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ:
ਉਹ ਭੋਜਨ ਨਾ ਖਾਓ ਜਿਹੜਾ ਮੂਰਤਾਂ ਨੂੰ ਅਰਪਿਤ ਕੀਤਾ ਗਿਆ ਹੈ, (ਇਹ ਭੋਜਨ ਨੂੰ ਅਸ਼ੁੱਧ ਕਰਦਾ ਹੈ।)
ਕਿਸੇ ਤਰ੍ਹਾਂ ਦਾ ਜਿਨਸੀ ਪਾਪ ਨਾ ਕਰੋ।
ਲਹੂ ਨਾ ਖਾਓ। ਗਲ ਘੁੱਟੇ ਹੋਏ ਜਾਨਵਰਾਂ ਦਾ ਮਾਸ ਨਾ ਖਾਓ।
21 ਉਨ੍ਹਾਂ ਨੂੰ ਇਹ ਗੱਲਾਂ ਕਰਨੀਆਂ ਚਾਹੀਦੀਆਂ ਕਿਉਂਕਿ ਹਰ ਸ਼ਹਿਰ ਵਿੱਚ ਕੁਝ ਯਹੂਦੀ ਹਨ ਜਿਹੜੇ ਮੂਸਾ ਦੀ ਸ਼ਰ੍ਹਾ ਦਾ ਪ੍ਰਚਾਰ ਕਰਦੇ ਹਨ। ਮੂਸਾ ਦੀ ਸ਼ਰ੍ਹਾ ਹਰ ਸਬਤ ਦੇ ਦਿਨ ਪ੍ਰਾਰਥਨਾ ਸਥਾਨਾ ਵਿੱਚ ਬਹੁਤ ਵਰ੍ਹਿਆਂ ਤੋਂ ਪੜ੍ਹੀ ਜਾਂਦੀ ਹੈ।”
2010 by World Bible Translation Center