Revised Common Lectionary (Complementary)
ਨਿਰਦੇਸ਼ਕ ਲਈ: ਯਹੋਵਾਹ ਦੇ ਸੇਵਕ ਦਾਊਦ ਦਾ ਇੱਕ ਗੀਤ। ਇਹ ਗੀਤ ਦਾਊਦ ਨੇ ਉਸ ਵੇਲੇ ਲਿਖਿਆ, ਜਦੋਂ ਯਹੋਵਾਹ ਨੇ ਸ਼ਾਊਲ ਅਤੇ ਉਸ ਦੇ ਹੋਰ ਦੁਸ਼ਮਣਾਂ ਤੋਂ ਉਸਦੀ ਰੱਖਿਆ ਕੀਤੀ।
18 ਉਸ ਨੇ ਆਖਿਆ, “ਹੇ ਯਹੋਵਾਹ, ਮੇਰੀ ਤਾਕਤ,
ਮੈਂ ਤੁਹਾਨੂੰ ਪਿਆਰ ਕਰਦਾ ਹਾਂ।”
2 ਯਹੋਵਾਹ ਮੇਰੀ ਚੱਟਾਨ, ਮੇਰਾ ਗੜ੍ਹ, ਅਤੇ ਮੇਰਾ ਸੁਰੱਖਿਅਤ ਸਥਾਨ ਹੈ।
ਮੇਰਾ ਪਰਮੇਸ਼ੁਰ ਮੇਰੀ ਚੱਟਾਨ ਹੈ।
ਮੈਂ ਸੁਰੱਖਿਆ ਲਈ ਉਸ ਵੱਲ ਨੱਸਦਾ ਹਾਂ।
ਪਰਮੇਸ਼ੁਰ ਹੀ ਮੇਰੀ ਢਾਲ ਹੈ, ਉਸਦੀ ਸ਼ਕਤੀ ਮੈਨੂੰ ਬਚਾਉਂਦੀ ਹੈ।
ਉੱਚੇ ਪਰਬਤਾਂ ਵਿੱਚ ਯਹੋਵਾਹ ਮੇਰੀ ਛੁਪਨਗਾਹ ਹੈ।
3 ਉਨ੍ਹਾਂ ਨੇ ਮੇਰਾ ਮਜ਼ਾਕ ਉਡਾਇਆ।
ਪਰ ਮੈਂ ਸਹਾਇਤਾ ਲਈ ਯਹੋਵਾਹ ਨੂੰ ਅਵਾਜ਼ ਦਿੱਤੀ
ਅਤੇ ਉਸ ਨੇ ਮੈਨੂੰ ਮੇਰੇ ਦੁਸ਼ਮਣਾਂ ਪਾਸੋਂ ਬਚਾ ਲਿਆ।
4 ਮੇਰੇ ਦੁਸ਼ਮਣ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਸਨ।
ਮੇਰੇ ਆਲੇ-ਦੁਆਲੇ ਮੌਤ ਦੇ ਸ਼ਿਕੰਜੇ ਸਨ।
ਮੈਂ ਉਸ ਹੜ੍ਹ ਅੰਦਰ ਰੁੜ੍ਹ ਚੱਲਿਆ ਸਾਂ ਜਿਹੜਾ ਮੈਨੂੰ ਮ੍ਰਿਤੂ ਲੋਕ ਵੱਲ ਲਿਜਾ ਰਿਹਾ ਸੀ।
5 ਕਬਰ ਦੇ ਰੱਸੇ ਮੈਨੂੰ ਘੇਰੀ ਹੋਏ ਸਨ,
ਮੌਤ ਦੇ ਜਾਲ ਮੇਰੇ ਅੱਗੇ ਵਿਛੇ ਹੋਏ ਸਨ।
6 ਇੱਥੋਂ ਤੀਕ ਕਿ ਮੈਂ ਘੇਰਿਆ ਗਿਆ ਸਾਂ, ਫ਼ੇਰ ਮੈਂ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ।
ਹਾਂ, ਹਾਂ ਮੈਂ ਆਪਣੇ ਪਰਮੇਸ਼ੁਰ ਨੂੰ ਚੀਕਿਆ
ਪਰਮੇਸ਼ੁਰ ਆਪਣੇ ਮੰਦਰ ਅੰਦਰ ਸੀ। ਉਸ ਨੇ ਮੇਰੀ ਚੀਕ ਸੁਣੀ।
ਉਸ ਨੇ ਮਦਦ ਲਈ ਮੇਰੀ ਅਵਾਜ਼ ਨੂੰ ਸੁਣਿਆ।
7 ਧਰਤੀ ਹਿਲੀ ਅਤੇ ਕੰਬੀ;
ਸਵਰਗ ਦੇ ਥਮਲੇ ਵੀ ਹਿੱਲ ਗਏ।
ਕਿਉਂਕਿ ਯਹੋਵਾਹ ਗੁੱਸੇ ਸੀ।
8 ਪਰਮੇਸ਼ੁਰ ਦੇ ਨੱਕ ਵਿੱਚੋਂ ਧੂਆਂ ਨਿਕਲਿਆ।
ਪਰਮੇਸ਼ੁਰ ਦੇ ਮੁੱਖ ਵਿੱਚੋਂ ਬਲਦੀਆਂ ਲਾਟਾਂ ਨਿਕਲੀਆਂ,
ਉਸ ਪਾਸੋਂ ਬਲਦੇ ਹੋਏ ਚੰਗਿਆੜੇ ਉੱਡੇ।
9 ਯਹੋਵਾਹ ਨੇ ਆਕਾਸ਼ ਨੂੰ ਪਾੜ ਸੁੱਟਿਆ ਅਤੇ ਉਹ ਹੇਠਾ ਆਇਆ।
ਉਹ ਗਹਿਰੇ ਕਾਲੇ ਬੱਦਲ ਉੱਤੇ ਖਲੋਤਾ ਸੀ।
10 ਯਹੋਵਾਹ ਆਕਾਸ਼ ਵਿੱਚ ਉੱਡ ਰਿਹਾ ਸੀ।
ਉਹ ਤੇਜ਼ ਦੇ ਕਰੂਬੀਆਂ ਤੇ ਸਵਾਰ ਉੱਡ ਰਿਹਾ ਸੀ।
ਉਹ ਉੱਚੀਆਂ ਹਵਾਵਾਂ ਉੱਤੋਂ ਦੀ ਉੱਡ ਰਿਹਾ ਸੀ।
11 ਯਹੋਵਾਹ ਹਨੇਰੇ ਬੱਦਲਾਂ ਵਿੱਚ ਛੁਪਿਆ ਹੋਇਆ ਸੀ, ਜਿਹੜੇ ਉਸ ਨੂੰ ਤੰਬੂਆਂ ਵਾਂਗ ਘੇਰੇ ਹੋਏ ਸਨ।
ਉਹ ਆਪਣੇ-ਆਪ ਨੂੰ ਬੱਦਲਾਂ ਅੰਦਰ ਛੁਪਾ ਰਿਹਾ ਸੀ।
12 ਫ਼ੇਰ, ਯਹੋਵਾਹ ਦੀ ਚਮਕਦੀ ਰੌਸ਼ਨੀ ਬੱਦਲਾਂ ਨੂੰ ਪਾੜਦੀ ਹੋਈ ਬਾਹਰ ਨਿੱਕਲੀ।
ਇਸਨੇ ਗੜ੍ਹੇਮਾਰ ਕੀਤੀ ਅਤੇ ਬਿਜਲੀ ਲਸ਼ਕਾਈ।
13 ਯਹੋਵਾਹ ਆਕਾਸ਼ ਵਿੱਚੋਂ ਗਰਜਿਆ।
ਸਭ ਤੋਂ ਉੱਚੇ ਪਰਮੇਸ਼ੁਰ ਨੇ ਲੋਕਾਂ ਨੂੰ ਆਪਣੀ ਅਵਾਜ਼ ਸੁਣਾਈ।
ਇੱਥੋਂ ਤੱਕ ਕਿ ਗੜ੍ਹੇਮਾਰ ਹੋਈ ਅਤੇ ਬਿਜਲੀ ਲਿਸ਼ਕ ਉੱਠੀ।
14 ਯਹੋਵਾਹ ਨੇ ਆਪਣੇ ਤੀਰ ਛੱਡੇ ਅਤੇ ਦੁਸ਼ਮਣਾਂ ਨੂੰ ਭਜਾ ਦਿੱਤਾ।
ਯਹੋਵਾਹ ਨੇ ਬਿਜਲੀ ਦੀਆਂ ਅਨੇਕਾਂ ਕਿਰਣਾਂ ਫ਼ੈਲਾਈਆਂ ਅਤੇ ਲੋਕ ਘਬਰਾਹਟ ਵਿੱਚ ਭੱਜ ਗਏ।
15 ਯਹੋਵਾਹ, ਜਦੋਂ ਤੁਸੀਂ ਉੱਚੀ ਅਵਾਜ਼ ਨਾਲ ਹੁਕਮ ਦਿੱਤਾ,
ਪਾਣੀ ਪਿੱਛਾਹਾਂ ਧੱਕਿਆ ਗਿਆ ਸੀ।
ਅਸੀਂ ਸਮੁੰਦਰ ਦਾ ਤਲਾ ਵੇਖ ਸੱਕਦੇ ਸਾਂ।
ਅਸੀਂ ਧਰਤੀ ਦੀਆਂ ਬੁਨਿਆਦਾਂ ਵੀ ਦੇਖ ਸੱਕਦੇ ਸਾਂ।
16 ਯਹੋਵਾਹ, ਉਚਾਈ ’ਚੋਂ ਹੇਠਾ ਆਇਆ ਅਤੇ ਮੈਨੂੰ ਬਚਾ ਲਿਆ।
ਉਸ ਨੇ ਮੈਨੂੰ ਫ਼ੜ ਲਿਆ ਅਤੇ ਮੈਨੂੰ ਡੂੰਘੇ ਪਾਣੀ (ਮੁਸੀਬਤ) ਵਿੱਚੋਂ ਆਪਣੇ ਵੱਲ ਖਿੱਚਿਆ।
17 ਮੇਰੇ ਦੁਸ਼ਮਣ ਮੇਰੇ ਨਾਲੋਂ ਸ਼ਕਤੀਸ਼ਾਲੀ ਸਨ।
ਉਨ੍ਹਾਂ ਨੇ ਮੈਨੂੰ ਨਫ਼ਰਤ ਕੀਤੀ।
ਮੇਰੇ ਦੁਸ਼ਮਣ ਮੇਰੇ ਨਾਲੋਂ ਵੱਧੇਰੇ ਸ਼ਕਤੀਸ਼ਾਲੀ ਸਨ।
ਇਸੇ ਲਈ ਪਰਮੇਸ਼ੁਰ ਨੇ ਮੈਨੂੰ ਬਚਾ ਲਿਆ।
18 ਮੈਂ ਵੱਡੇ ਸੰਕਟ ਵਿੱਚ ਸਾਂ, ਤੇ ਮੇਰੇ ਉੱਤੇ ਮੇਰਿਆਂ ਦੁਸ਼ਮਣਾਂ ਦੁਆਰਾ ਹਮਲਾ ਕੀਤਾ ਹੋਇਆ ਸੀ।
ਪਰ ਯਹੋਵਾਹ ਮੇਰੀ ਮਦਦ ਲਈ ਆਇਆ।
19 ਯਹੋਵਾਹ ਮੈਨੂੰ ਪਿਆਰ ਕਰਦਾ ਹੈ।
ਇਸੇ ਲਈ ਉਸ ਨੇ ਮੈਨੂੰ ਬਚਾਇਆ।
ਉਹ ਮੈਨੂੰ ਇੱਕ ਸੁਰੱਖਿਅਤ ਸਥਾਨ ਉੱਤੇ ਲੈ ਗਿਆ।
24 ਉਨ੍ਹਾਂ ਗੱਲਾਂ ਲਈ ਪਰਮੇਸ਼ੁਰ ਦੀ ਉਸਤਤ ਕਰਨੀ ਚੇਤੇ ਰੱਖੋ ਜੋ ਉਸ ਨੇ ਕੀਤੀਆਂ ਹਨ।
ਲੋਕਾਂ ਨੇ ਪਰਮੇਸ਼ੁਰ ਦੀ ਉਸਤਤ ਵਿੱਚ ਬਹੁਤ ਗੀਤ ਲਿਖੇ ਨੇ।
25 ਹਰ ਬੰਦਾ ਦੇਖ ਸੱਕਦਾ ਹੈ ਕਿ ਪਰਮੇਸ਼ੁਰ ਨੇ ਕੀ ਕੀਤਾ।
ਦੂਰ-ਦੁਰਾਡੇ ਦੇ ਲੋਕ ਉਨ੍ਹਾਂ ਚੀਜ਼ਾਂ ਨੂੰ ਦੇਖ ਸੱਕਦੇ ਨੇ।
26 ਹਾਂ, ਪਰਮੇਸ਼ੁਰ ਮਹਾਨ ਹੈ।
ਪਰ ਅਸੀਂ ਉਸ ਦੀ ਮਹਾਨਤਾ ਨੂੰ ਨਹੀਂ ਸਮਝ ਸੱਕਦੇ।
ਅਸੀਂ ਨਹੀਂ ਜਾਣਦੇ ਹਾਂ ਕਿ ਪਰਮੇਸ਼ੁਰ ਕਿੰਨਾ ਲੰਮਾ ਚਿਰ ਜੀਵਿਆ ਹੈ।
27 “ਪਰਮੇਸ਼ੁਰ ਧਰਤੀ ਤੋਂ ਪਾਣੀ ਲੈਂਦਾ ਹੈ
ਤੇ ਇਸ ਨੂੰ ਬਾਰਿਸ਼ ਅਤੇ ਧੁੰਦ ਵਿੱਚ ਬਦਲ ਦਿੰਦਾ ਹੈ।
28 ਇਸ ਲਈ ਬੱਦਲ ਪਾਣੀ ਨੂੰ ਵਰ੍ਹਾਉਂਦੇ ਨੇ
ਤੇ ਬਹੁਤ ਸਾਰੇ ਲੋਕਾਂ ਉੱਤੇ ਬਾਰਿਸ਼ ਡਿੱਗਦੀ ਹੈ।
29 ਕੋਈ ਵੀ ਬੰਦਾ ਨਹੀਂ ਸਮਝ ਸੱਕਦਾ ਕਿਵੇਂ ਪਰਮੇਸ਼ੁਰ ਬੱਦਲਾਂ ਨੂੰ ਬਾਹਰ ਫੈਲਾਉਂਦਾ ਹੈ
ਜਾਂ ਕਿਵੇਂ ਬਿਜਲੀ ਅਕਾਸ਼ ਵਿੱਚ ਗਰਜਦੀ ਹੈ।
30 ਦੇਖੋ, ਪਰਮੇਸ਼ੁਰ ਨੇ ਧਰਤੀ ਉੱਤੇ ਰੌਸ਼ਨੀ ਫ਼ੈਲਾਈ,
ਅਤੇ ਸਮੁੰਦਰ ਦਾ ਸਭ ਤੋਂ ਡੂੰਘਾ ਭਾਗ ਢੱਕ ਦਿੱਤਾ।
31 ਪਰਮੇਸ਼ੁਰ ਕੌਮਾਂ ਉੱਤੇ ਕਾਬੂ ਕਰਨ ਲਈ
ਅਤੇ ਉਨ੍ਹਾਂ ਨੂੰ ਚੋਖਾ ਭੋਜਨ ਦੇਣ ਲਈ ਉਨ੍ਹਾਂ ਦੀ ਵਰਤੋਂ ਕਰਦਾ ਹੈ।
32 ਪਰਮੇਸ਼ੁਰ ਬਿਜਲੀ ਨੂੰ ਆਪਣੇ ਹੱਥਾਂ ਵਿੱਚ ਫ਼ੜ ਲੈਂਦਾ ਹੈ
ਤੇ ਉਸ ਨੂੰ ਆਪਣੀ ਮਨਚਾਹੀ ਥਾਂ ਤੇ ਡਿੱਗਣ ਦਾ ਆਦੇਸ਼ ਦਿੰਦਾ ਹੈ।
33 ਬਿਜਲੀ ਚਿਤਾਵਨੀ ਦਿੰਦੀ ਹੈ ਕਿ ਤੂਫਾਨ ਆ ਰਿਹਾ ਹੈ।
ਇਸ ਤਰ੍ਹਾਂ, ਪਸ਼ੂ ਵੀ ਜਾਣ ਜਾਂਦੇ ਨੇ ਕਿ ਇਹ ਆ ਰਿਹਾ ਹੈ।
14 “ਅੱਯੂਬ, ਇੱਕ ਮਿਨਟ ਲਈ ਠਹਿਰ ਤੇ ਸੁਣ।
ਉਨ੍ਹਾਂ ਅਦਭੁਤ ਗੱਲਾਂ ਬਾਰੇ ਸੋਚ ਜਿਹੜੀਆਂ ਪਰਮੇਸ਼ੁਰ ਕਰਦਾ ਹੈ।
15 ਅੱਯੂਬ ਜਾਣਦਾ ਹੈਂ ਤੂੰ ਪਰਮੇਸ਼ੁਰ ਕਿਵੇਂ ਬੱਦਲਾਂ ਨੂੰ ਚਲਾਉਂਦਾ ਹੈ?
ਕੀ ਤੂੰ ਜਾਣਦਾ ਹੈ ਕਿ ਕਿਵੇਂ ਪਰਮੇਸ਼ੁਰ ਆਪਣੀ ਬਿਜਲੀ ਲਿਸ਼ਕਾਉਂਦਾ ਹੈ?
16 ਕੀ ਤੂੰ ਜਾਣਦਾ ਹੈਂ ਕਿ ਬੱਦਲ ਅਕਾਸ਼ ਵਿੱਚ ਕਿਵੇਂ ਲਟਕਦੇ ਨੇ?
ਬੱਦਲ ਤਾਂ ਉਨ੍ਹਾਂ ਅਦਭੁੱਤ ਗੱਲਾਂ ਦੀ ਸਿਰਫ ਇੱਕ ਮਿਸਾਲ ਨੇ, ਜਿਨ੍ਹਾਂ ਨੂੰ ਪਰਮੇਸ਼ੁਰ ਨੇ ਸਾਜਿਆ।
ਤੇ ਪਰਮੇਸ਼ੁਰ ਉਨ੍ਹਾਂ ਬਾਰੇ ਸਭ ਕੁਝ ਜਾਣਦਾ ਹੈ।
17 ਪਰ ਅੱਯੂਬ, ਤੂੰ ਇਨ੍ਹਾਂ ਗੱਲਾਂ ਬਾਰੇ ਨਹੀਂ ਜਾਣਦਾ।
ਤੂੰ ਤਾਂ ਇਹੀ ਜਾਣਦਾ ਹੈ ਕਿ ਤੈਨੂੰ ਪਸੀਨਾ ਆਉਂਦਾ ਹੈ,
ਤੇ ਤੇਰੇ ਕੱਪੜੇ ਤੇਰੇ ਸਰੀਰ ਨਾਲ ਚਿਪਕ ਜਾਂਦੇ ਨੇ ਤੇ ਸਭ ਕੁਝ ਰੁਕ ਜਾਂਦਾ
ਅਤੇ ਸ਼ਾਂਤ ਹੁੰਦਾ ਹੈ ਜਦੋਂ ਦੱਖਣ ਵੱਲੋਂ ਗਰਮੀ ਦੀ ਲਹਿਰ ਆਉਂਦੀ ਹੈ।
18 ਅੱਯੂਬ, ਕੀ ਤੂੰ ਅਕਾਸ਼ ਨੂੰ ਫ਼ੈਲਾਉਣ ਵਿੱਚ ਪਰਮੇਸ਼ੁਰ ਦੀ ਸਹਾਇਤਾ ਕਰ ਸੱਕਦਾ ਹੈਂ,
ਤੇ ਇਸ ਨੂੰ ਪਾਲਿਸ਼ ਕੀਤੇ ਤਾਂਬੇ ਵਾਂਗ ਚਮਕਦਾਰ ਬਣਾ ਸੱਕਦਾ ਹੈਂ?
19 “ਅੱਯੂਬ, ਸਾਨੂੰ ਦੱਸ ਅਸੀਂ ਪਰਮੇਸ਼ੁਰ ਨੂੰ ਕੀ ਆਖੀਏ?
ਅਸੀਂ ਆਪਣੀ ਅਗਿਆਨਤਾ ਕਾਰਣ, ਸੋਚ ਨਹੀਂ ਸੱਕਦੇ ਕਿ ਉਸ ਨੂੰ ਕੀ ਆਖੀਏ।
20 ਮੈਂ ਪਰਮੇਸ਼ੁਰ ਨੂੰ ਨਾ ਦੱਸਾਂਗਾ ਕਿ ਮੈਂ ਉਸ ਨਾਲ ਗੱਲਾਂ ਕਰਨਾ ਚਾਹੁੰਦਾ ਹਾਂ।
ਇਹ ਤਾਂ ਤਬਾਹ ਕਰਨ ਦੀ ਮੰਗ ਕਰਨ ਵਾਂਗ ਹੋਣੀ ਸੀ।
21 ਕੋਈ ਬੰਦਾ ਸੂਰਜ ਵੱਲ ਨਹੀਂ ਤੱਕ ਸੱਕਦਾ।
ਇਹ ਅਕਾਸ਼ ਵਿੱਚ ਬਹੁਤ ਤੇਜ਼ ਤੇ ਚਮਕੀਲਾ ਹੁੰਦਾ ਹੈ ਜਦੋਂ ਹਵਾ ਬੱਦਲਾਂ ਨੂੰ ਉਡਾ ਕੇ ਲੈ ਜਾਂਦੀ ਹੈ।
22 ਤੇ ਪਰਮੇਸ਼ੁਰ ਵੀ ਇਸੇ ਤਰ੍ਹਾਂ ਹੈ।
ਪਰਮੇਸ਼ੁਰ ਦਾ ਸੁਨਿਹਰੀ ਪਰਤਾਪ ਪਵਿੱਤਰ ਪਰਬਤ ਉੱਤੋਂ ਚਮਕਦਾ ਹੈ।
ਪਰਮੇਸ਼ੁਰ ਦੁਆਲੇ ਚਮਕਦਾਰ ਰੋਸ਼ਨੀ ਹੁੰਦੀ ਹੈ।
23 ਸਰਬ ਸ਼ਕਤੀਮਾਨ ਪਰਮੇਸ਼ੁਰ ਮਹਾਨ ਹੈ।
ਅਸੀਂ ਪਰਮੇਸ਼ੁਰ ਨੂੰ ਨਹੀਂ ਸਮਝ ਸੱਕਦੇ।
ਪਰਮੇਸ਼ੁਰ ਬਹੁਤ ਸ਼ਕਤੀਸ਼ਾਲੀ ਹੈ,
ਪਰ ਉਹ ਸਾਡੇ ਲਈ ਚੰਗਾ ਅਤੇ ਨਿਆਂਈ ਵੀ ਹੈ।
ਪਰਮੇਸ਼ੁਰ ਸਾਨੂੰ ਦੁੱਖ ਨਹੀਂ ਦੇਣਾ ਚਾਹੁੰਦਾ।
24 ਇਹੀ ਕਾਰਣ ਹੈ ਕਿ ਲੋਕ ਉਸਦਾ ਆਦਰ ਕਰਦੇ ਨੇ।
ਪਰ ਪਰਮੇਸ਼ੁਰ ਗੁਮਾਨੀ ਲੋਕਾਂ ਦਾ ਆਦਰ ਨਹੀਂ ਕਰਦਾ ਜਿਹੜੇ ਆਪਣੇ-ਆਪ ਨੂੰ ਸਿਆਣੇ ਸਮਝਦੇ ਨੇ।”
ਯਿਸੂ ਦਾ ਤੂਫਾਨ ਨੂੰ ਰੋਕਣਾ(A)
23 ਜਦੋਂ ਯਿਸੂ ਬੇੜੀ ਉੱਤੇ ਚੜ੍ਹ੍ਹਿਆ ਤਾਂ ਉਸ ਦੇ ਚੇਲੇ ਉਸ ਦੇ ਮਗਰ ਆਏ। 24 ਝੀਲ ਵਿੱਚ ਇੰਨਾ ਤੂਫਾਨ ਆਇਆ ਕਿ ਬੇੜੀ ਲਹਿਰਾਂ ਵਿੱਚ ਹੀ ਲੁੱਕਦੀ ਜਾ ਰਹੀ ਸੀ। ਪਰ ਯਿਸੂ ਸੌਂ ਰਿਹਾ ਸੀ। 25 ਚੇਲੇ ਉਸ ਕੋਲ ਆਏ ਅਤੇ ਉਸ ਨੂੰ ਜਗਾਇਆ। ਉਨ੍ਹਾਂ ਨੇ ਯਿਸੂ ਨੂੰ ਆਖਿਆ, “ਪ੍ਰਭੂ ਸਾਨੂੰ ਬਚਾਓ, ਅਸੀਂ ਡੁੱਬ ਰਹੇ ਹਾਂ।”
26 ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਇੰਨਾ ਕਿਉਂ ਡਰਦੇ ਹੋ? ਤੁਹਾਨੂੰ ਪੂਰਾ ਵਿਸ਼ਵਾਸ ਨਹੀਂ ਹੈ।” ਤਦ ਉਸ ਨੇ ਉੱਠ ਕੇ ਹਵਾ ਅਤੇ ਲਹਿਰਾਂ ਨੂੰ ਦਬਕਾ ਮਾਰਿਆ। ਫਿਰ ਇੱਕਦਮ ਚੈਨ ਹੋ ਗਿਆ।
27 ਤਾਂ ਉਹ ਮਨੁੱਖ ਹੈਰਾਨ ਹੋਕੇ ਬੋਲੇ, “ਇਹ ਕਿਹੋ ਜਿਹਾ ਪੁਰੱਖ ਹੈ ਕਿ ਹਵਾ ਅਤੇ ਲਹਿਰਾਂ ਵੀ ਇਸਦੀ ਗੱਲ ਮੰਨ ਲੈਦੀਆਂ ਹਨ!”
2010 by World Bible Translation Center