Revised Common Lectionary (Complementary)
ਨਿਰਦੇਸ਼ਕ ਲਈ: ਯਹੋਵਾਹ ਦੇ ਸੇਵਕ ਦਾਊਦ ਦਾ ਇੱਕ ਗੀਤ। ਇਹ ਗੀਤ ਦਾਊਦ ਨੇ ਉਸ ਵੇਲੇ ਲਿਖਿਆ, ਜਦੋਂ ਯਹੋਵਾਹ ਨੇ ਸ਼ਾਊਲ ਅਤੇ ਉਸ ਦੇ ਹੋਰ ਦੁਸ਼ਮਣਾਂ ਤੋਂ ਉਸਦੀ ਰੱਖਿਆ ਕੀਤੀ।
18 ਉਸ ਨੇ ਆਖਿਆ, “ਹੇ ਯਹੋਵਾਹ, ਮੇਰੀ ਤਾਕਤ,
ਮੈਂ ਤੁਹਾਨੂੰ ਪਿਆਰ ਕਰਦਾ ਹਾਂ।”
2 ਯਹੋਵਾਹ ਮੇਰੀ ਚੱਟਾਨ, ਮੇਰਾ ਗੜ੍ਹ, ਅਤੇ ਮੇਰਾ ਸੁਰੱਖਿਅਤ ਸਥਾਨ ਹੈ।
ਮੇਰਾ ਪਰਮੇਸ਼ੁਰ ਮੇਰੀ ਚੱਟਾਨ ਹੈ।
ਮੈਂ ਸੁਰੱਖਿਆ ਲਈ ਉਸ ਵੱਲ ਨੱਸਦਾ ਹਾਂ।
ਪਰਮੇਸ਼ੁਰ ਹੀ ਮੇਰੀ ਢਾਲ ਹੈ, ਉਸਦੀ ਸ਼ਕਤੀ ਮੈਨੂੰ ਬਚਾਉਂਦੀ ਹੈ।
ਉੱਚੇ ਪਰਬਤਾਂ ਵਿੱਚ ਯਹੋਵਾਹ ਮੇਰੀ ਛੁਪਨਗਾਹ ਹੈ।
3 ਉਨ੍ਹਾਂ ਨੇ ਮੇਰਾ ਮਜ਼ਾਕ ਉਡਾਇਆ।
ਪਰ ਮੈਂ ਸਹਾਇਤਾ ਲਈ ਯਹੋਵਾਹ ਨੂੰ ਅਵਾਜ਼ ਦਿੱਤੀ
ਅਤੇ ਉਸ ਨੇ ਮੈਨੂੰ ਮੇਰੇ ਦੁਸ਼ਮਣਾਂ ਪਾਸੋਂ ਬਚਾ ਲਿਆ।
4 ਮੇਰੇ ਦੁਸ਼ਮਣ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਸਨ।
ਮੇਰੇ ਆਲੇ-ਦੁਆਲੇ ਮੌਤ ਦੇ ਸ਼ਿਕੰਜੇ ਸਨ।
ਮੈਂ ਉਸ ਹੜ੍ਹ ਅੰਦਰ ਰੁੜ੍ਹ ਚੱਲਿਆ ਸਾਂ ਜਿਹੜਾ ਮੈਨੂੰ ਮ੍ਰਿਤੂ ਲੋਕ ਵੱਲ ਲਿਜਾ ਰਿਹਾ ਸੀ।
5 ਕਬਰ ਦੇ ਰੱਸੇ ਮੈਨੂੰ ਘੇਰੀ ਹੋਏ ਸਨ,
ਮੌਤ ਦੇ ਜਾਲ ਮੇਰੇ ਅੱਗੇ ਵਿਛੇ ਹੋਏ ਸਨ।
6 ਇੱਥੋਂ ਤੀਕ ਕਿ ਮੈਂ ਘੇਰਿਆ ਗਿਆ ਸਾਂ, ਫ਼ੇਰ ਮੈਂ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ।
ਹਾਂ, ਹਾਂ ਮੈਂ ਆਪਣੇ ਪਰਮੇਸ਼ੁਰ ਨੂੰ ਚੀਕਿਆ
ਪਰਮੇਸ਼ੁਰ ਆਪਣੇ ਮੰਦਰ ਅੰਦਰ ਸੀ। ਉਸ ਨੇ ਮੇਰੀ ਚੀਕ ਸੁਣੀ।
ਉਸ ਨੇ ਮਦਦ ਲਈ ਮੇਰੀ ਅਵਾਜ਼ ਨੂੰ ਸੁਣਿਆ।
7 ਧਰਤੀ ਹਿਲੀ ਅਤੇ ਕੰਬੀ;
ਸਵਰਗ ਦੇ ਥਮਲੇ ਵੀ ਹਿੱਲ ਗਏ।
ਕਿਉਂਕਿ ਯਹੋਵਾਹ ਗੁੱਸੇ ਸੀ।
8 ਪਰਮੇਸ਼ੁਰ ਦੇ ਨੱਕ ਵਿੱਚੋਂ ਧੂਆਂ ਨਿਕਲਿਆ।
ਪਰਮੇਸ਼ੁਰ ਦੇ ਮੁੱਖ ਵਿੱਚੋਂ ਬਲਦੀਆਂ ਲਾਟਾਂ ਨਿਕਲੀਆਂ,
ਉਸ ਪਾਸੋਂ ਬਲਦੇ ਹੋਏ ਚੰਗਿਆੜੇ ਉੱਡੇ।
9 ਯਹੋਵਾਹ ਨੇ ਆਕਾਸ਼ ਨੂੰ ਪਾੜ ਸੁੱਟਿਆ ਅਤੇ ਉਹ ਹੇਠਾ ਆਇਆ।
ਉਹ ਗਹਿਰੇ ਕਾਲੇ ਬੱਦਲ ਉੱਤੇ ਖਲੋਤਾ ਸੀ।
10 ਯਹੋਵਾਹ ਆਕਾਸ਼ ਵਿੱਚ ਉੱਡ ਰਿਹਾ ਸੀ।
ਉਹ ਤੇਜ਼ ਦੇ ਕਰੂਬੀਆਂ ਤੇ ਸਵਾਰ ਉੱਡ ਰਿਹਾ ਸੀ।
ਉਹ ਉੱਚੀਆਂ ਹਵਾਵਾਂ ਉੱਤੋਂ ਦੀ ਉੱਡ ਰਿਹਾ ਸੀ।
11 ਯਹੋਵਾਹ ਹਨੇਰੇ ਬੱਦਲਾਂ ਵਿੱਚ ਛੁਪਿਆ ਹੋਇਆ ਸੀ, ਜਿਹੜੇ ਉਸ ਨੂੰ ਤੰਬੂਆਂ ਵਾਂਗ ਘੇਰੇ ਹੋਏ ਸਨ।
ਉਹ ਆਪਣੇ-ਆਪ ਨੂੰ ਬੱਦਲਾਂ ਅੰਦਰ ਛੁਪਾ ਰਿਹਾ ਸੀ।
12 ਫ਼ੇਰ, ਯਹੋਵਾਹ ਦੀ ਚਮਕਦੀ ਰੌਸ਼ਨੀ ਬੱਦਲਾਂ ਨੂੰ ਪਾੜਦੀ ਹੋਈ ਬਾਹਰ ਨਿੱਕਲੀ।
ਇਸਨੇ ਗੜ੍ਹੇਮਾਰ ਕੀਤੀ ਅਤੇ ਬਿਜਲੀ ਲਸ਼ਕਾਈ।
13 ਯਹੋਵਾਹ ਆਕਾਸ਼ ਵਿੱਚੋਂ ਗਰਜਿਆ।
ਸਭ ਤੋਂ ਉੱਚੇ ਪਰਮੇਸ਼ੁਰ ਨੇ ਲੋਕਾਂ ਨੂੰ ਆਪਣੀ ਅਵਾਜ਼ ਸੁਣਾਈ।
ਇੱਥੋਂ ਤੱਕ ਕਿ ਗੜ੍ਹੇਮਾਰ ਹੋਈ ਅਤੇ ਬਿਜਲੀ ਲਿਸ਼ਕ ਉੱਠੀ।
14 ਯਹੋਵਾਹ ਨੇ ਆਪਣੇ ਤੀਰ ਛੱਡੇ ਅਤੇ ਦੁਸ਼ਮਣਾਂ ਨੂੰ ਭਜਾ ਦਿੱਤਾ।
ਯਹੋਵਾਹ ਨੇ ਬਿਜਲੀ ਦੀਆਂ ਅਨੇਕਾਂ ਕਿਰਣਾਂ ਫ਼ੈਲਾਈਆਂ ਅਤੇ ਲੋਕ ਘਬਰਾਹਟ ਵਿੱਚ ਭੱਜ ਗਏ।
15 ਯਹੋਵਾਹ, ਜਦੋਂ ਤੁਸੀਂ ਉੱਚੀ ਅਵਾਜ਼ ਨਾਲ ਹੁਕਮ ਦਿੱਤਾ,
ਪਾਣੀ ਪਿੱਛਾਹਾਂ ਧੱਕਿਆ ਗਿਆ ਸੀ।
ਅਸੀਂ ਸਮੁੰਦਰ ਦਾ ਤਲਾ ਵੇਖ ਸੱਕਦੇ ਸਾਂ।
ਅਸੀਂ ਧਰਤੀ ਦੀਆਂ ਬੁਨਿਆਦਾਂ ਵੀ ਦੇਖ ਸੱਕਦੇ ਸਾਂ।
16 ਯਹੋਵਾਹ, ਉਚਾਈ ’ਚੋਂ ਹੇਠਾ ਆਇਆ ਅਤੇ ਮੈਨੂੰ ਬਚਾ ਲਿਆ।
ਉਸ ਨੇ ਮੈਨੂੰ ਫ਼ੜ ਲਿਆ ਅਤੇ ਮੈਨੂੰ ਡੂੰਘੇ ਪਾਣੀ (ਮੁਸੀਬਤ) ਵਿੱਚੋਂ ਆਪਣੇ ਵੱਲ ਖਿੱਚਿਆ।
17 ਮੇਰੇ ਦੁਸ਼ਮਣ ਮੇਰੇ ਨਾਲੋਂ ਸ਼ਕਤੀਸ਼ਾਲੀ ਸਨ।
ਉਨ੍ਹਾਂ ਨੇ ਮੈਨੂੰ ਨਫ਼ਰਤ ਕੀਤੀ।
ਮੇਰੇ ਦੁਸ਼ਮਣ ਮੇਰੇ ਨਾਲੋਂ ਵੱਧੇਰੇ ਸ਼ਕਤੀਸ਼ਾਲੀ ਸਨ।
ਇਸੇ ਲਈ ਪਰਮੇਸ਼ੁਰ ਨੇ ਮੈਨੂੰ ਬਚਾ ਲਿਆ।
18 ਮੈਂ ਵੱਡੇ ਸੰਕਟ ਵਿੱਚ ਸਾਂ, ਤੇ ਮੇਰੇ ਉੱਤੇ ਮੇਰਿਆਂ ਦੁਸ਼ਮਣਾਂ ਦੁਆਰਾ ਹਮਲਾ ਕੀਤਾ ਹੋਇਆ ਸੀ।
ਪਰ ਯਹੋਵਾਹ ਮੇਰੀ ਮਦਦ ਲਈ ਆਇਆ।
19 ਯਹੋਵਾਹ ਮੈਨੂੰ ਪਿਆਰ ਕਰਦਾ ਹੈ।
ਇਸੇ ਲਈ ਉਸ ਨੇ ਮੈਨੂੰ ਬਚਾਇਆ।
ਉਹ ਮੈਨੂੰ ਇੱਕ ਸੁਰੱਖਿਅਤ ਸਥਾਨ ਉੱਤੇ ਲੈ ਗਿਆ।
ਲੂਤ ਦੇ ਮਹਿਮਾਨ
19 ਉਸ ਸ਼ਾਮ ਸਦੂਮ ਸ਼ਹਿਰ ਵਿੱਚ ਦੋ ਦੂਤ ਆਏ। ਲੂਤ ਸ਼ਹਿਰ ਦੇ ਦਰਵਾਜ਼ੇ ਤੇ ਬੈਠਾ ਹੋਇਆ ਸੀ ਅਤੇ ਉਸ ਨੇ ਦੂਤਾਂ ਨੂੰ ਦੇਖਿਆ। ਲੂਤ ਨੇ ਸੋਚਿਆ ਕਿ ਉਹ ਨਗਰ ਵਿੱਚੋਂ ਲੰਘਣ ਵਾਲੇ ਆਦਮੀ ਸਨ। ਲੂਤ ਉੱਠ ਖਲੋਤਾ ਅਤੇ ਉਨ੍ਹਾਂ ਕੋਲ ਚੱਲਾ ਗਿਆ ਅਤੇ ਝੁਕ ਗਿਆ। 2 ਲੂਤ ਨੇ ਆਖਿਆ, “ਸ਼੍ਰੀਮਾਨ, ਕਿਰਪਾ ਕਰਕੇ ਮੇਰੇ ਘਰ ਆਓ, ਮੈਂ ਤੁਹਾਡੀ ਸੇਵਾ ਕਰਾਂਗਾ। ਓੱਥੇ ਤੁਸੀਂ ਆਪਣੇ ਪੈਰ ਧੋ ਸੱਕਦੇ ਹੋਂ ਅਤੇ ਰਾਤ ਠਹਿਰ ਸੱਕਦੇ ਹੋਂ। ਫ਼ੇਰ ਕੱਲ੍ਹ ਨੂੰ ਤੁਸੀਂ ਆਪਣਾ ਸਫ਼ਰ ਜਾਰੀ ਰੱਖ ਸੱਕਦੇ ਹੋਂ।”
ਦੂਤਾਂ ਨੇ ਜਵਾਬ ਦਿੱਤਾ, “ਨਹੀਂ ਅਸੀਂ ਨਗਰ ਦੇ ਚੌਕ ਵਿੱਚ ਰਾਤ ਗੁਜ਼ਾਰਾਂਗੇ।”
3 ਪਰ ਲੂਤ ਉਨ੍ਹਾਂ ਨੂੰ ਆਪਣੇ ਘਰ ਆਉਣ ਦਾ ਸੱਦਾ ਦਿੰਦਾ ਰਿਹਾ। ਇਸ ਲਈ ਦੂਤ ਲੂਤ ਦੇ ਘਰ ਜਾਣ ਲਈ ਰਾਜ਼ੀ ਹੋ ਗਏ। ਉਹ ਲੂਤ ਦੇ ਘਰ ਗਏ। ਲੂਤ ਨੇ ਉਨ੍ਹਾਂ ਨੂੰ ਕੁਝ ਖਾਣ-ਪੀਣ ਵਾਸਤੇ ਦਿੱਤਾ। ਲੂਤ ਨੇ ਦੂਤਾਂ ਲਈ ਰੋਟੀ ਪਕਾਈ ਅਤੇ ਉਨ੍ਹਾਂ ਨੇ ਭੋਜਨ ਕਰ ਲਿਆ।
4 ਉਸ ਸ਼ਾਮ, ਸੌਣ ਵੇਲੇ ਤੋਂ ਰਤਾ ਕੁ ਪਹਿਲਾਂ ਦੋਵੇਂ ਜਵਾਨ ਅਤੇ ਬੁੱਢੇ ਆਦਮੀ ਨਗਰ ਦੇ ਹਰ ਭਾਗ ਵਿੱਚੋਂ ਲੂਤ ਦੇ ਘਰ ਆ ਗਏ। ਉਹ ਘਰ ਦੇ ਆਲੇ-ਦੁਆਲੇ ਇਕੱਠੇ ਹੋ ਗਏ 5 ਅਤੇ ਲੂਤ ਨੂੰ ਆਵਾਜ਼ ਮਾਰੀ। ਉਨ੍ਹਾਂ ਨੇ ਆਖਿਆ, “ਕਿੱਥੇ ਨੇ ਉਹ ਦੋ ਬੰਦੇ ਜਿਹੜੇ ਅੱਜ ਰਾਤੀਂ ਤੇਰੇ ਘਰ ਆਏ ਸਨ? ਉਨ੍ਹਾਂ ਨੂੰ ਸਾਡੇ ਕੋਲ ਬਾਹਰ ਲਿਆ। ਅਸੀਂ ਉਨ੍ਹਾਂ ਨਾਲ ਸੰਭੋਗ ਕਰਨਾ ਚਾਹੁੰਦੇ ਹਾਂ।”
6 ਲੂਤ ਬਾਹਰ ਗਿਆ, ਅਤੇ ਆਪਣੇ ਪਿੱਛੇ ਦਰਵਾਜ਼ਾ ਬੰਦ ਕਰ ਦਿੱਤਾ। 7 ਲੂਤ ਨੇ ਆਦਮੀਆਂ ਨੂੰ ਆਖਿਆ, “ਨਹੀਂ! ਦੋਸਤੋਂ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਮਿਹਰਬਾਨੀਂ ਕਰਕੇ ਇਹ ਬਦੀ ਨਾ ਕਰਿਓ! 8 ਦੇਖੋ, ਮੇਰੀਆਂ ਦੋ ਧੀਆਂ ਹਨ ਜਿਹੜੀਆਂ ਕਦੇ ਵੀ ਕਿਸੇ ਮਰਦ ਨਾਲ ਨਹੀਂ ਸੁੱਤੀਆਂ। ਮੈਂ ਆਪਣੀਆਂ ਧੀਆਂ ਤੁਹਾਨੂੰ ਦੇ ਦਿਆਂਗਾ। ਤੁਸੀਂ ਉਨ੍ਹਾਂ ਨਾਲ ਜੋ ਚਾਹੋਂ ਕਰ ਸੱਕਦੇ ਹੋ। ਪਰ ਮਿਹਰਬਾਨੀ ਕਰਕੇ ਇਨ੍ਹਾਂ ਆਦਮੀਆਂ ਨਾਲ ਕੁਝ ਨਾ ਕਰਨਾ। ਇਹ ਆਦਮੀ ਮੇਰੇ ਘਰ ਆਏ ਹਨ ਅਤੇ ਮੈਂ ਇਨ੍ਹਾਂ ਦੀ ਰੱਖਿਆ ਜ਼ਰੂਰ ਕਰਾਂਗਾ।”
9 ਘਰ ਦੇ ਆਲੇ-ਦੁਆਲੇ ਖੜ੍ਹੇ ਆਦਮੀਆਂ ਨੇ ਜਵਾਬ ਦਿੱਤਾ, “ਤੂੰ ਇੱਥੇ ਆ!” ਫ਼ੇਰ ਆਦਮੀਆਂ ਨੇ ਆਪਸ ’ਚ ਆਖਿਆ, “ਇਹ ਆਦਮੀ, ਲੂਤ, ਸਾਡੇ ਸ਼ਹਿਰ ਇੱਕ ਮਹਿਮਾਨ ਵਜੋਂ ਆਇਆ ਹੈ। ਹੁਣ ਇਹ ਸਾਨੂੰ ਦੱਸਣਾ ਚਾਹੁੰਦਾ ਹੈ ਕਿ ਸਾਨੂੰ ਕਿਵੇਂ ਜਿਉਣਾ ਚਾਹੀਦਾ ਹੈ!” ਆਦਮੀਆਂ ਨੇ ਲੂਤ ਨੂੰ ਆਖਿਆ, “ਅਸੀਂ ਤੇਰੇ ਨਾਲ ਇਨ੍ਹਾਂ ਨਾਲੋਂ ਵੀ ਬੁਰਾ ਸਲੂਕ ਕਰਾਂਗੇ।” ਇਸ ਤਰ੍ਹਾਂ ਆਦਮੀ ਲੂਤ ਦੇ ਨੇੜੇ-ਨੇੜੇ ਆਉਂਦੇ ਗਏ। ਉਹ ਦਰਵਾਜ਼ਾ ਤੋੜਨ ਹੀ ਵਾਲੇ ਸਨ।
10 ਪਰ ਦੋ ਆਦਮੀਆਂ ਨੇ ਜਿਹੜੇ ਘਰ ਦੇ ਅੰਦਰ ਸਨ ਦਰਵਾਜ਼ਾ ਖੋਲ੍ਹਕੇ, ਆਪਣੇ ਹੱਥ ਬਾਹਰ ਕੱਢੇ ਅਤੇ ਲੂਤ ਨੂੰ ਘਰ ਅੰਦਰ ਖਿੱਚ ਲਿਆ ਅਤੇ ਦਰਵਾਜ਼ਾ ਬੰਦ ਕਰ ਦਿੱਤਾ। 11 ਫ਼ੇਰ ਉਨ੍ਹਾਂ ਨੇ ਦਰਵਾਜ਼ੇ ਤੋਂ ਬਾਹਰ ਖੜ੍ਹੇ ਲੋਕਾਂ ਨਾਲ ਕੁਝ ਕੀਤਾ-ਉਨ੍ਹਾਂ ਨੇ ਉਨ੍ਹਾਂ ਸਾਰੇ ਬਦ ਆਦਮੀਆਂ ਨੂੰ, ਜਵਾਨ ਤੇ ਬੁੱਢਿਆਂ ਨੂੰ ਅੰਨ੍ਹਾ ਕਰ ਦਿੱਤਾ। ਇਸ ਲਈ ਘਰ ਵਿੱਚ ਦਾਖਲ ਹੋਣ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਲੋਕਾਂ ਨੂੰ ਦਰਵਾਜ਼ਾ ਨਹੀਂ ਮਿਲਿਆ।
ਸਦੂਮ ਤੋਂ ਬਚ ਨਿਕਲਣਾ
12 ਉਨ੍ਹਾਂ ਦੋਹਾਂ ਆਦਮੀਆਂ ਨੇ ਲੂਤ ਨੂੰ ਆਖਿਆ, “ਕੀ ਤੇਰੇ ਪਰਿਵਾਰ ਦੇ ਹੋਰ ਲੋਕ ਵੀ ਇਸ ਨਗਰ ਵਿੱਚ ਰਹਿੰਦੇ ਨੇ? ਕੀ ਤੇਰੇ ਜੁਆਈ, ਪੁੱਤਰ, ਧੀਆਂ ਜਾਂ ਤੇਰੇ ਪਰਿਵਾਰ ਦੇ ਹੋਰ ਲੋਕ ਇੱਥੇ ਹਨ? ਜੇ ਇਵੇਂ ਹੈ ਤਾਂ ਤੈਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਹੁਣੇ ਚੱਲੇ ਜਾਣ ਲਈ ਆਖ ਦੇਵੇਂ। 13 ਅਸੀਂ ਇਸ ਨਗਰ ਨੂੰ ਤਬਾਹ ਕਰਨ ਵਾਲੇ ਹਾਂ। ਯਹੋਵਾਹ ਨੇ ਇਹ ਸੁਣ ਲਿਆ ਸੀ ਕਿ ਇਹ ਸ਼ਹਿਰ ਕਿੰਨਾ ਬੁਰਾ ਹੈ, ਇਸੇ ਲਈ ਉਸ ਨੇ ਸਾਨੂੰ ਇਸ ਨੂੰ ਤਬਾਹ ਕਰਨ ਲਈ ਭੇਜਿਆ ਹੈ।”
14 ਇਸ ਲਈ ਲੂਤ ਚੱਲਾ ਗਿਆ ਅਤੇ ਆਪਣੇ ਜੁਆਈਆਂ, ਉਨ੍ਹਾਂ ਆਦਮੀਆਂ ਨੂੰ ਜਿਨ੍ਹਾਂ ਨੇ ਇਸ ਦੀਆਂ ਹੋਰਨਾਂ ਧੀਆਂ ਨਾਲ ਸ਼ਾਦੀ ਕੀਤੀ ਸੀ, ਨਾਲ ਗੱਲ ਕੀਤੀ। ਲੂਤ ਨੇ ਆਖਿਆ, “ਛੇਤੀ ਕਰੋ, ਇਹ ਨਗਰ ਛੱਡ ਦਿਓ! ਯਹੋਵਾਹ ਛੇਤੀ ਹੀ ਇਸ ਨੂੰ ਤਬਾਹ ਕਰ ਦੇਵੇਗਾ!” ਪਰ ਉਨ੍ਹਾਂ ਆਦਮੀਆਂ ਨੇ ਸੋਚਿਆ ਕਿ ਲੂਤ ਮਜ਼ਾਕ ਕਰ ਰਿਹਾ ਹੈ।
15 ਦੂਸਰੇ ਦਿਨ ਪ੍ਰਭਾਤ ਵੇਲੇ, ਦੂਤ ਲੂਤ ਨੂੰ ਛੇਤੀ ਕਰਨ ਲਈ ਆਖ ਰਹੇ ਸਨ। ਉਨ੍ਹਾਂ ਆਖਿਆ, “ਇਸ ਨਗਰ ਨੂੰ ਸਜ਼ਾ ਮਿਲੇਗੀ। ਇਸ ਲਈ ਆਪਣੀ ਪਤਨੀ ਅਤੇ ਆਪਣੀਆਂ ਉਨ੍ਹਾਂ ਧੀਆਂ ਨੂੰ ਨਾਲ ਲੈ ਕੇ ਜਿਹੜੀਆਂ ਹਾਲੇ ਤੱਕ ਤੇਰੇ ਨਾਲ ਰਹਿੰਦੀਆਂ ਹਨ, ਅਤੇ ਇਸ ਥਾਂ ਨੂੰ ਛੱਡ ਦੇ। ਫ਼ੇਰ ਤੂੰ ਨਗਰ ਦੇ ਨਾਲ ਤਬਾਹ ਨਹੀਂ ਹੋਵੇਂਗਾ।”
16 ਪਰ ਲੂਤ ਝਿਝਕਿਆ, ਇਸ ਲਈ ਉਨ੍ਹਾਂ ਆਦਮੀਆਂ ਨੇ ਲੂਤ ਦੀ ਪਤਨੀ ਅਤੇ ਉਸ ਦੀਆਂ ਦੋਹਾਂ ਧੀਆਂ ਦੇ ਹੱਥ ਫ਼ੜ ਲਏ। ਕਿਉਂਕਿ ਯਹੋਵਾਹ ਲੂਤ ਉੱਤੇ ਮਿਹਰਬਾਨ ਸੀ, ਉਹ ਲੂਤ ਅਤੇ ਉਸ ਦੇ ਪਰਿਵਾਰ ਨੂੰ ਸੁਰੱਖਿਆ ਨਾਲ ਸ਼ਹਿਰ ਤੋਂ ਬਾਹਰ ਲੈ ਗਏ। 17 ਜਦੋਂ ਉਹ ਬਾਹਰ ਆ ਗਏ, ਆਦਮੀਆਂ ਵਿੱਚੋਂ ਇੱਕ ਨੇ ਆਖਿਆ, “ਹੁਣ ਭੱਜੋ ਅਤੇ ਆਪਣੀ ਜਾਨ ਬਚਾਓ। ਪਿੱਛੇ ਮੁੜਕੇ ਨਹੀਂ ਦੇਖਣਾ ਅਤੇ ਵਾਦੀ ਵਿੱਚ ਕਿਸੇ ਥਾਂ ਉੱਤੇ ਵੀ ਨਹੀਂ ਰੁਕਣਾ। ਜਦੋਂ ਤੱਕ ਤੁਸੀਂ ਪਹਾੜਾਂ ਤਾਈਂ ਨਹੀਂ ਪਹੁੰਚ ਜਾਂਦੇ, ਭੱਜਦੇ ਰਹੋ। ਜੇ ਤੁਸੀਂ ਰੁਕ ਗਏ, ਤਾਂ ਤੁਸੀਂ ਵੀ ਨਗਰ ਦੇ ਨਾਲ ਤਬਾਹ ਹੋ ਜਾਵੋਂਗੇ!”
18 ਪਰ ਲੂਤ ਨੇ ਦੋਹਾਂ ਆਦਮੀਆਂ ਨੂੰ ਆਖਿਆ, “ਸ਼੍ਰੀ ਮਾਨ, ਕਿਰਪਾ ਕਰਕੇ ਮੈਨੂੰ ਇੰਨੀ ਤੇਜ਼ੀ ਨਾਲ ਭੱਜਣ ਲਈ ਮਜਬੂਰ ਨਾ ਕਰੋ! 19 ਤੁਸੀਂ ਮੇਰੇ ਉੱਤੇ, ਆਪਣੇ ਖਾਦਮ ਉੱਤੇ, ਮਿਹਰਬਾਨ ਰਹੇ ਹੋਂ। ਤੁਸੀਂ ਮਿਹਰ ਕਰਕੇ ਮੈਨੂੰ ਬਚਾਇਆ ਹੈ। ਪਰ ਮੈਂ ਪਹਾੜਾਂ ਤੱਕ ਸਾਰੇ ਰਾਹ ਭੱਜ ਕੇ ਨਹੀਂ ਜਾ ਸੱਕਦਾ। ਕੀ ਹੋਵੇਗਾ ਜੇ ਮੈਂ ਬਹੁਤ ਧੀਮੀ ਰਫ਼ਤਾਰ ਨਾਲ ਜਾਵਾਂ ਅਤੇ ਕੁਝ ਵਾਪਰ ਜਾਵੇ? ਮੈਂ ਤਾਂ ਮਾਰਿਆ ਜਾਵਾਂਗਾ! 20 ਦੇਖੋ, ਇੱਥੇ ਇੱਕ ਬਹੁਤ ਛੋਟਾ ਨਗਰ ਨੇੜੇ ਹੀ ਹੈ। ਜਿਉਂਦੇ ਰਹਿਣ ਲਈ ਮੈਨੂੰ ਉਸ ਨਗਰ ਤਾਈਂ ਭੱਜ ਜਾਣ ਦਿਓ।”
21 ਦੂਤ ਨੇ ਲੂਤ ਨੂੰ ਆਖਿਆ, “ਠੀਕ ਹੈ, ਮੈਂ ਤੈਨੂੰ ਅਜਿਹਾ ਕਰਨ ਦੀ ਇਜਾਜ਼ਤ ਦੇ ਦਿਆਂਗਾ। ਮੈਂ ਉਸ ਕਸਬੇ ਨੂੰ ਤਬਾਹ ਨਹੀਂ ਕਰਾਂਗਾ। 22 ਪਰ ਉੱਥੋਂ ਤੱਕ ਭੱਜ ਕੇ ਚੱਲਾ ਜਾ। ਮੈਂ ਓਨੀ ਦੇਰ ਤੱਕ ਸਦੂਮ ਨੂੰ ਤਬਾਹ ਨਹੀਂ ਕਰ ਸੱਕਦਾ ਜਿੰਨੀ ਦੇਰ ਤੱਕ ਤੂੰ ਉਸ ਕਸਬੇ ਵਿੱਚ ਸੁਰੱਖਿਅਤ ਹੋਕੇ ਪਹੁੰਚ ਨਹੀਂ ਜਾਂਦਾ।” (ਉਸ ਕਸਬੇ ਦਾ ਨਾਮ ਸੋਆਰ ਹੈ, ਕਿਉਂਕਿ ਉਹ ਇੱਕ ਛੋਟਾ ਕਸਬਾ ਹੈ।)
ਸਦੂਮ ਤੇ ਅਮੂਰਾਹ ਦੀ ਤਬਾਹੀ
23 ਜਦੋਂ ਲੂਤ ਸੋਆਰ ਵਿੱਚ ਦਾਖਲ ਹੋਇਆ ਤਾਂ ਸੂਰਜ ਹਾਲੇ ਚੜ੍ਹ ਰਿਹਾ ਸੀ। 24 ਓਸੇ ਵੇਲੇ, ਯਹੋਵਾਹ ਨੇ ਸਦੂਮ ਅਤੇ ਅਮੂਰਾਹ ਨੂੰ ਤਬਾਹ ਕਰਨਾ ਸ਼ੁਰੂ ਕਰ ਦਿੱਤਾ। ਯਹੋਵਾਹ ਨੇ ਅਕਾਸ਼ ਉੱਤੋਂ ਅੱਗ ਦਾ ਮੀਂਹ ਵਰ੍ਹਾਇਆ। 25 ਇਸ ਤਰ੍ਹਾਂ ਯਹੋਵਾਹ ਨੇ ਉਨ੍ਹਾਂ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ। ਯਹੋਵਾਹ ਨੇ ਸਾਰੀ ਵਾਦੀ ਨੂੰ ਤਬਾਹ ਕਰ ਦਿੱਤਾ-ਸਾਰੀ ਬਨਾਸਪਤੀ ਨੂੰ ਤੇ ਉਨ੍ਹਾਂ ਸ਼ਹਿਰਾਂ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ।
26 ਭੱਜੇ ਜਾਂਦਿਆਂ ਲੂਤ ਦੀ ਪਤਨੀ ਨੇ ਸ਼ਹਿਰ ਵੱਲ ਮੁੜਕੇ ਵੇਖਿਆ ਅਤੇ ਲੂਣ ਦੀ ਸਿਲ ਬਣ ਗਈ।
27 ਉਸ ਦਿਨ ਸਵੇਰੇ-ਸਵੇਰੇ ਅਬਰਾਹਾਮ ਉੱਠ ਪਿਆ ਅਤੇ ਉਸ ਥਾਂ ਤੇ ਗਿਆ ਜਿੱਥੇ ਉਹ ਯਹੋਵਾਹ ਦੇ ਸਨਮੁੱਖ ਖਲੋਤਾ ਸੀ। 28 ਅਬਰਾਹਾਮ ਨੇ ਸਦੂਮ ਅਤੇ ਅਮੂਰਾਹ ਦੇ ਨਗਰਾਂ ਅਤੇ ਵਾਦੀ ਦੀ ਸਾਰੀ ਧਰਤੀ ਵੱਲ ਵੇਖਿਆ। ਅਬਰਾਹਾਮ ਨੂੰ ਸਾਰੀ ਧਰਤੀ ਚੋਂ ਬਹੁਤ ਸਾਰਾ ਧੂਆਂ ਨਿਕਲਦਾ ਨਜ਼ਰ ਆਇਆ। ਇਹ ਕਿਸੇ ਭਠੀ ਵਿੱਚੋਂ ਨਿਕਲਦੇ ਧੂੰਏਂ ਵਾਂਗ ਦਿਖਾਈ ਦਿੰਦਾ ਸੀ।
29 ਪਰਮੇਸ਼ੁਰ ਨੇ ਵਾਦੀ ਦੇ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ। ਪਰ ਜਦੋਂ ਪਰਮੇਸ਼ੁਰ ਨੇ ਅਜਿਹਾ ਕੀਤਾ, ਉਸ ਨੇ ਅਬਰਾਹਾਮ ਨੂੰ ਯਾਦ ਕੀਤਾ ਅਤੇ ਉਸ ਨੇ ਅਬਰਾਹਾਮ ਦੇ ਭਤੀਜੇ ਨੂੰ ਤਬਾਹ ਨਹੀਂ ਕੀਤਾ ਲੂਤ ਵਾਦੀ ਦੇ ਸ਼ਹਿਰਾਂ ਵਿੱਚ ਰਹਿ ਰਿਹਾ ਸੀ। ਪਰ ਪਰਮੇਸ਼ੁਰ ਨੇ ਇਨ੍ਹਾਂ ਸ਼ਹਿਰਾਂ ਨੂੰ ਤਬਾਹ ਕਰਨ ਤੋਂ ਪਹਿਲਾਂ ਹੀ ਲੂਤ ਨੂੰ ਦੂਰ ਭੇਜ ਦਿੱਤਾ ਸੀ।
14 ਇਸ ਲਈ ਇਸ ਬਾਰੇ ਤਾਂ ਕੀ ਕਹਿਣਾ ਹੈ ਕੀ ਪਰਮੇਸ਼ੁਰ ਦਾ ਇਨਸਾਫ਼ ਬਰਾਬਰ ਨਹੀਂ ਸੀ? ਅਸੀਂ ਇੰਝ ਨਹੀਂ ਆਖ ਸੱਕਦੇ। 15 ਪਰਮੇਸ਼ੁਰ ਨੇ ਮੂਸਾ ਨੂੰ ਕਿਹਾ, “ਮੈਂ ਉਸੇ ਬੰਦੇ ਨੂੰ ਮਿਹਰ ਦਿਖਾਵਾਂਗਾ ਜਿਸ ਨੂੰ ਮੈਂ ਮਿਹਰ ਵਿਖਾਉਣੀ ਚਾਹੁੰਦਾ ਹਾਂ। ਮੈਂ ਉਸੇ ਵਿਅਕਤੀ ਤੇ ਤਰਸ ਵਿਖਾਵਾਂਗਾ ਜਿਸ ਤੇ ਮੈਂ ਤਰਸ ਵਿਖਾਉਣਾ ਚਾਹੁੰਦਾ ਹਾਂ। [a]” 16 ਇਸ ਲਈ ਪਰਮੇਸ਼ੁਰ ਦੀ ਚੋਣ ਉਸ ਤੇ ਨਿਰਭਰ ਨਹੀਂ ਕਰਦੀ, ਜੋ ਲੋਕਾਂ ਨੂੰ ਚਾਹੀਦਾ ਹੈ ਜਾਂ ਜੋ ਉਹ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹ ਪਰਮੇਸ਼ੁਰ ਹੀ ਹੈ ਜੋ ਚੁਣਦਾ ਹੈ ਕਿ ਉਹ ਕਿਸ ਉੱਤੇ ਮਿਹਰ ਵਿਖਾਵੇਗਾ। 17 ਪੋਥੀਆਂ ਵਿੱਚ, ਪਰਮੇਸ਼ੁਰ ਫ਼ਿਰਊਨ ਨੂੰ ਆਖਦਾ ਹੈ, “ਮੈਂ ਤੈਨੂੰ ਬਾਦਸ਼ਾਹ ਬਣਾਇਆ ਤਾਂ ਜੋ ਤੇਰੇ ਰਾਹੀਂ ਮੈਂ ਆਪਣੀ ਸ਼ਕਤੀ ਦਰਸ਼ਾ ਸੱਕਾਂ ਅਤੇ ਸਾਰੀ ਦੁਨੀਆਂ ਵਿੱਚ ਮੇਰਾ ਨਾਂ ਉਜਾਗਰ ਹੋਵੇ।” [b] 18 ਇਸ ਲਈ ਪਰਮੇਸ਼ੁਰ ਉਸ ਮਨੁੱਖ ਤੇ ਮਿਹਰ ਵਿਖਾਉਂਦਾ ਹੈ ਜਿਸਤੇ ਉਹ ਮਿਹਰ ਵਿਖਾਉਣੀ ਚਾਹੁੰਦਾ ਹੈ। ਅਤੇ ਉਹ ਉਨ੍ਹਾਂ ਲੋਕਾਂ ਨੂੰ ਕਠੋਰ ਬਨਾਉਂਦਾ ਹੈ ਜਿਨ੍ਹਾਂ ਨੂੰ ਉਹ ਕਠੋਰ ਬਨਾਉਣਾ ਚਾਹੁੰਦਾ ਹੈ।
19 ਫ਼ਿਰ ਤੁਹਾਡੇ ਵਿੱਚੋਂ ਕੋਈ ਮੈਨੂੰ ਪੁੱਛੇਗਾ: “ਜੇਕਰ ਜੋ ਕੁਝ ਵੀ ਅਸੀਂ ਕਰਦੇ ਹਾਂ ਪਰਮੇਸ਼ੁਰ ਹੀ ਹੈ ਜੋ ਉਸ ਨੂੰ ਨਿਯੰਤ੍ਰਿਤ ਕਰਦਾ ਹੈ, ਤਾਂ ਪਰਮੇਸ਼ੁਰ ਸਾਨੂੰ ਸਾਡੇ ਪਾਪਾਂ ਲਈ ਕਸੂਰਵਾਰ ਕਿਉਂ ਠਹਿਰਾਉਂਦਾ ਹੈ?” 20 ਉਹ ਨਾ ਪੁੱਛੋ। ਕਿਉਂਕਿ ਤੁਸੀਂ ਕੇਵਲ ਇਨਸਾਨ ਹੋ। ਇਨਸਾਨਾਂ ਨੂੰ ਪਰਮੇਸ਼ੁਰ ਨਾਲ ਬਹਿਸ ਕਰਨ ਦਾ ਹੱਕ ਨਹੀਂ ਹੈ। ਇੱਕ ਪ੍ਰਾਣੀ ਆਪਣੇ ਸਿਰਜਣ੍ਹਾਰ ਨੂੰ ਨਹੀਂ ਪੁੱਛ ਸੱਕਦਾ, “ਤੂੰ ਮੈਨੂੰ ਇੰਝ ਕਿਉਂ ਬਣਾਇਆ?” 21 ਇੱਕ ਘੁਮਿਆਰ ਜਿਹੜਾ ਗਮਲੇ ਬਨਾਉਂਦਾ ਹੈ ਉਸੇ ਮਿੱਟੀ ਨਾਲ ਭਿੰਨ ਪ੍ਰਕਾਰ ਦੇ ਗਮਲੇ ਭਿੰਨ-ਭਿੰਨ ਉਦੇਸ਼ਾਂ ਲਈ ਆਪਣੀ ਇੱਛਾ ਅਨੁਸਾਰ ਬਣਾਉਂਦਾ ਹੈ। ਉਹ ਕੁਝ ਖਾਸ ਇਸਤੇਮਾਲ ਲਈ ਅਤੇ ਕੁਝ ਆਮ ਇਸਤੇਮਾਲ ਲਈ ਬਣਾ ਸੱਕਦਾ ਹੈ।
22 ਇਸੇ ਤਰ੍ਹਾਂ, ਪਰਮੇਸ਼ੁਰ ਨੇ ਕੀਤਾ ਹੈ। ਪਰਮੇਸ਼ੁਰ ਆਪਣਾ ਗੁੱਸਾ ਵਿਖਾਉਣਾ ਚਾਹੁੰਦਾ ਸੀ ਤਾਂ ਜੋ ਲੋਕ ਉਸਦੀ ਸ਼ਕਤੀ ਵੇਖ ਸੱਕਣ। ਪਰੇਸ਼ੁਰ ਨੇ ਬਹੁਤ ਸਬਰ ਨਾਲ ਉਨ੍ਹਾਂ ਲੋਕਾਂ ਨੂੰ ਸਹਾਰਿਆ ਜਿਨ੍ਹਾਂ ਤੇ ਉਹ ਬਹੁਤ ਗੁੱਸੇ ਸੀ ਅਤੇ ਜੋ ਤਬਾਹੀ ਲਈ ਤਿਆਰ ਕੀਤੇ ਗਏ ਸਨ। 23 ਪਰਮੇਸ਼ੁਰ ਨੇ ਧੀਰਜ ਨਾਲ ਉਨ੍ਹਾਂ ਨੂੰ ਸਹਾਰਿਆ ਤਾਂ ਜੋ ਉਹ ਆਪਣੀ ਅਮੀਰ ਮਹਿਮਾ ਤੋਂ ਲੋਕਾਂ ਨੂੰ ਵਾਕਫ਼ ਕਰਾ ਸੱਕੇ। ਉਹ ਇਹ ਮਹਿਮਾ ਉਨ੍ਹਾਂ ਲੋਕਾਂ ਨੂੰ ਦੇਣਾ ਚਾਹੁੰਦਾ ਸੀ ਜਿਹੜੇ ਉਸਦੀ ਮਿਹਰ ਪ੍ਰਾਪਤ ਕਰਦੇ ਹਨ। ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਆਪਣੀ ਮਹਿਮਾ ਦੇਣ ਲਈ ਤਿਆਰ ਕੀਤਾ ਸੀ। 24 ਅਸੀਂ ਪਰਮੇਸ਼ੁਰ ਦੁਆਰਾ ਸੱਦੇ ਗਏ ਲੋਕ ਹਾਂ। ਪਰਮੇਸ਼ੁਰ ਨੇ ਸਾਨੂੰ ਯਹੂਦੀਆਂ ਅਤੇ ਹੋਰਾਂ ਕੌਮਾਂ ਵਿੱਚ ਬੁਲਾਇਆ। 25 ਜਿਵੇਂ ਕਿ ਹੋਸ਼ੇਆ ਦੀ ਪੋਥੀ ਵਿੱਚ ਲਿਖਿਆ ਹੈ:
“ਜਿਹੜੇ ਲੋਕ ਮੇਰੇ ਨਹੀਂ ਹਨ,
ਮੈਂ ਆਖਾਂਗਾ ਉਹ ਮੇਰੇ ਲੋਕ ਹਨ।
ਅਤੇ ਜਿਨ੍ਹਾਂ ਲੋਕਾਂ ਨੂੰ ਮੈਂ ਪ੍ਰੇਮ ਨਹੀਂ ਕੀਤਾ
ਮੈਂ ਆਖਾਂਗਾ ਕਿ ਉਹ ਉਹੀ ਲੋਕ ਹਨ ਜਿਨ੍ਹਾਂ ਨੂੰ ਮੈਂ ਪਿਆਰ ਕੀਤਾ ਹੈ।” (A)
26 “ਅਤੇ ਉਸੇ ਜਗ਼੍ਹਾ ਉਸ ਪਰਮੇਸ਼ੁਰ ਨੇ ਆਖਿਆ ਹੈ
‘ਤੁਸੀਂ ਮੇਰੇ ਲੋਕ ਨਹੀਂ ਹੋ’
ਉਸੇ ਥਾਵੇਂ, ਉਹ ਜਿਉਂਦੇ ਪਰਮੇਸ਼ੁਰ ਦੇ ਪੁੱਤਰ ਅਖਵਾਉਣਗੇ।” (B)
27 ਅਤੇ ਯਸਾਯਾਹ ਇਸਰਾਏਲ ਵਿੱਖੇ ਪੁਕਾਰਦਾ ਹੈ:
“ਕਿ ਇਸਰਾਏਲ ਦੇ ਲੋਕ ਭਾਵੇਂ ਗਿਣਤੀ ਵਿੱਚ ਸਮੁੰਦਰ ਦੀ ਰੇਤ ਦੇ ਬਰਾਬਰ ਹੋਣ,
ਪਰ ਉਸ ਦੇ ਕੁਝ ਲੋਕ ਹੀ ਬਚਾਏ ਜਾਣਗੇ।
28 ਹਾਂ, ਕਿਉਂਕਿ ਪ੍ਰਭੂ ਧਰਤੀ ਦੇ ਲੋਕਾਂ ਦਾ ਛੇਤੀ ਅਤੇ ਪੂਰੀ ਤਰ੍ਹਾਂ ਨਿਆਂ ਕਰੇਗਾ।” (C)
29 ਜਿਵੇਂ ਯਸਾਯਾਹ ਨੇ ਅੱਗੇ ਵੀ ਕਿਹਾ ਹੈ:
“ਸਭ ਤੋਂ ਸ਼ਕਤੀਸ਼ਾਲੀ ਪ੍ਰਭੂ ਨੇ ਆਪਣੇ ਕੁਝ ਲੋਕਾਂ ਨੂੰ ਸਾਡੇ ਲਈ ਬਚਾਇਆ।
ਜੇਕਰ ਉਸ ਨੇ ਅਜਿਹਾ ਨਾ ਕੀਤਾ ਹੁੰਦਾ,
ਤਾਂ ਅਸੀਂ ਵੀ ਸਦੂਮ ਵਰਗੇ ਹੋ ਜਾਂਦੇ
ਅਤੇ ਅਮੂਰਾਹ ਜਿਹੇ ਬਣ ਜਾਂਦੇ।” (D)
2010 by World Bible Translation Center