Print Page Options
Previous Prev Day Next DayNext

Revised Common Lectionary (Complementary)

Daily Bible readings that follow the church liturgical year, with thematically matched Old and New Testament readings.
Duration: 1245 days
Punjabi Bible: Easy-to-Read Version (ERV-PA)
Version
ਜ਼ਬੂਰ 78:1-8

ਆਸਾਫ਼ ਦਾ ਇੱਕ ਭੱਗਤੀ ਗੀਤ।

78 ਹੇ ਮੇਰੇ ਲੋਕੋ, ਮੇਰੇ ਉਪਦੇਸ਼ਾਂ ਨੂੰ ਸੁਣੋ।
    ਜਿਹੜੀਆਂ ਗੱਲਾਂ ਮੈਂ ਆਖਦਾ ਹਾਂ ਸੁਣੋ।
ਮੈਂ ਤੁਹਾਨੂੰ ਇੱਕ ਕਹਾਣੀ ਸੁਣਾਵਾਂਗਾ।
    ਮੈਂ ਤੁਹਾਨੂੰ ਇੱਕ ਪੁਰਾਤਨ ਕਹਾਣੀ ਸੁਣਾਵਾਂਗਾ।
ਅਸੀਂ ਕਹਾਣੀ ਸੁਣੀ ਅਤੇ ਅਸੀਂ ਇਸ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ।
    ਸਾਡੇ ਪੁਰਖਿਆਂ ਨੇ ਇਹ ਕਹਾਣੀ ਸੁਣਾਈ ਸੀ।
ਅਤੇ ਅਸੀਂ ਇਹ ਕਹਾਣੀ ਨਹੀਂ ਭੁੱਲਾਂਗੇ।
    ਸਾਡੇ ਲੋਕ ਆਖਰੀ ਪੀੜ੍ਹੀ ਨੂੰ ਦੱਸ ਰਹੇ ਹੋਣਗੇ।
ਅਸੀਂ ਸਾਰੇ ਯਹੋਵਾਹ ਦੀ ਉਸਤਤਿ ਕਰਾਂਗੇ
    ਅਤੇ ਉਸ ਦੀਆਂ ਕੀਤੀਆਂ ਅਦਭੁਤ ਗੱਲਾਂ ਬਾਰੇ ਦੱਸਾਂਗੇ।
ਯਹੋਵਾਹ ਨੇ ਯਾਕੂਬ ਨਾਲ ਕਰਾਰ ਕੀਤਾ।
    ਪਰਮੇਸ਼ੁਰ ਨੇ ਇਸਰਾਏਲ ਨੂੰ ਸ਼ਰ੍ਹਾ ਦਿੱਤੀ।
    ਪਰਮੇਸ਼ੁਰ ਨੇ ਸਾਡੇ ਪੁਰਖਿਆਂ ਨੂੰ ਹੁਕਮ ਦਿੱਤੇ।
    ਉਸ ਨੇ ਸਾਡੇ ਪੁਰਖਿਆਂ ਨੂੰ ਇਸ ਨੇਮ ਨੂੰ ਆਪਣੀਆਂ ਔਲਾਦਾਂ ਨੂੰ ਸਿੱਖਾਉਣ ਨੂੰ ਕਿਹਾ।
ਨਵੇਂ ਬੱਚੇ ਜੰਮਣਗੇ। ਉਹ ਪ੍ਰੌਢ ਹੋ ਜਾਣਗੇ। ਅਤੇ ਉਹ ਆਪਣੇ ਬੱਚਿਆਂ ਨੂੰ ਕਹਾਣੀਆਂ ਸੁਨਾਉਣਗੇ।
    ਇਸੇ ਤਰ੍ਹਾਂ ਲੋਕ ਆਖਰੀ ਪੀੜੀ ਤੀਕਰ ਵੀ ਨੇਮ ਬਾਰੇ ਜਾਨਣਗੇ।
ਇਸੇ ਲਈ, ਉਹ ਲੋਕ ਪਰਮੇਸ਼ੁਰ ਵਿੱਚ ਯਕੀਨ ਰੱਖਣਗੇ।
    ਉਹ ਪਰਮੇਸ਼ੁਰ ਦੀਆਂ ਕਰਨੀਆਂ ਨੂੰ ਨਹੀਂ ਭੁੱਲਣਗੇ।
    ਉਹ ਧਿਆਨ ਨਾਲ ਉਸ ਦੇ ਹੁਕਮਾਂ ਦੀ ਪਾਲਣਾ ਕਰਨਗੇ।
ਜੇਕਰ ਲੋਕ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦੇ ਹੁਕਮ ਸਿੱਖਾਉਣਗੇ, ਫ਼ੇਰ ਉਹ ਬੱਚੇ ਆਪਣੇ ਪੁਰਖਿਆਂ ਵਰਗੇ ਨਹੀਂ ਹੋਣਗੇ।
    ਉਨ੍ਹਾਂ ਦੇ ਪੁਰਖੇ ਪਰਮੇਸ਼ੁਰ ਦੇ ਖਿਲਾਫ਼ ਹੋ ਗਏ ਸਨ।
ਉਨ੍ਹਾਂ ਨੇ ਉਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।
    ਉਹ ਲੋਕ ਜ਼ਿੱਦੀ ਸਨ, ਉਹ ਪਰਮੇਸ਼ੁਰ ਦੇ ਆਤਮੇ ਦੇ ਵਫ਼ਾਦਾਰ ਨਹੀਂ ਸਨ।

ਜ਼ਬੂਰ 78:17-29

17 ਪਰ ਲੋਕਾਂ ਨੇ ਪਰਮੇਸ਼ੁਰ ਦੇ ਖਿਲਾਫ਼ ਪਾਪ ਕਰਨਾ ਜਾਰੀ ਰੱਖਿਆ।
18 ਫ਼ੇਰ ਉਨ੍ਹਾਂ ਨੇ ਪਰਮੇਸ਼ੁਰ ਨੂੰ ਪਰੱਖਣ ਦਾ ਫ਼ੈਸਲਾ ਕੀਤਾ।
    ਉਨ੍ਹਾਂ ਨੇ ਸਿਰਫ਼ ਆਪਣੀ ਭੋਜਨ ਖਾਣ ਦੀ ਇੱਛਾ ਨੂੰ ਸੰਤੁਸ਼ਟ ਕਰਨ ਲਈ ਭੋਜਨ ਮੰਗਿਆ।
19 ਉਨ੍ਹਾਂ ਨੇ ਪਰਮੇਸ਼ੁਰ ਬਾਰੇ ਸ਼ਿਕਾਇਤ ਕੀਤੀ ਅਤੇ ਆਖਿਆ ਕਿ,
    “ਪਰਮੇਸ਼ੁਰ ਸਾਨੂੰ ਮਾਰੂਥਲ ਵਿੱਚ ਭੋਜਨ ਦੇ ਸੱਕਦਾ ਹੈ?
20 ਉਸ ਨੇ ਸ਼ਿਲਾ ਨੂੰ ਠੋਕਰ ਮਾਰੀ ਸੀ ਅਤੇ ਪਾਣੀ ਦਾ ਹੜ੍ਹ ਬਾਹਰ ਆ ਗਿਆ।
    ਅਵੱਸ਼ ਹੀ ਉਹ ਸਾਨੂੰ ਰੋਟੀ ਅਤੇ ਮਾਸ ਦੇ ਸੱਕਦਾ ਹੈ।”
21 ਯਹੋਵਾਹ ਨੇ ਸਭ ਸੁਣਿਆ ਜੋ ਵੀ ਉਨ੍ਹਾਂ ਲੋਕਾਂ ਨੇ ਆਖਿਆ।
    ਪਰਮੇਸ਼ੁਰ ਯਾਕੂਬ ਉੱਤੇ ਬਹੁਤ ਗੁੱਸੇ ਸੀ।
ਉਹ ਇਸਰਾਏਲ ਉੱਤੇ ਬਹੁਤ ਗੁੱਸੇ ਸੀ।
22     ਕਿਉਂਕਿ ਇਨ੍ਹਾਂ ਲੋਕਾਂ ਨੇ ਪਰਮੇਸ਼ੁਰ ਤੇ ਯਕੀਨ ਨਹੀਂ ਰੱਖਿਆ।
ਉਨ੍ਹਾਂ ਨੇ ਭਰੋਸਾ ਨਹੀਂ ਕੀਤਾ ਕਿ ਪਰਮੇਸ਼ੁਰ ਉਨ੍ਹਾਂ ਨੂੰ ਬਚਾ ਸੱਕਦਾ।
23-24 ਪਰ ਫ਼ੇਰ ਪਰਮੇਸ਼ੁਰ ਨੇ ਉੱਤਲੇ ਬੱਦਲਾਂ ਨੂੰ ਖੋਲ੍ਹ ਦਿੱਤਾ
    ਅਤੇ ਉਨ੍ਹਾਂ ਉੱਪਰ ਉਨ੍ਹਾਂ ਦੇ ਭੋਜਨ ਲਈ ਮੰਨ ਦੀ ਵਰੱਖਾ ਹੋਈ।
ਇੰਝ ਜਾਪਦਾ ਸੀ ਜਿਵੇਂ ਆਕਾਸ਼ ਸੀ ਜਿਵੇਂ ਅਕਾਸ਼ ਵਿੱਚਲੇ ਦਰ ਖੁਲ੍ਹ ਗਏ ਹੋਣ
    ਅਤੇ ਅਕਾਸ਼ ਦੇ ਗੋਦਾਮ ਵਿੱਚੋਂ ਅਨਾਜ ਹੇਠਾਂ ਵਰ੍ਹ ਪਿਆ ਹੋਵੇ।
25 ਲੋਕਾਂ ਨੇ ਫ਼ਰਿਸ਼ਤਿਆਂ ਵਾਲਾ ਭੋਜਨ ਖਾਧਾ।
    ਪਰਮੇਸ਼ੁਰ ਨੇ ਉਨ੍ਹਾਂ ਨੂੰ ਸੰਤੁਸ਼ਟ ਕਰਨ ਲਈ ਚੋਖਾ ਭੋਜਨ ਭੇਜਿਆ ਸੀ।
26 ਪਰਮੇਸ਼ੁਰ ਨੇ ਪੂਰੇ ਦੀ ਤੇਜ਼ ਹਵਾ ਭੇਜੀ
    ਅਤੇ ਬਟੇਰੇ ਵਰਖਾ ਦੀ ਤਰ੍ਹਾਂ ਵਰਸਣ ਲਗੇ।
27 ਪਰਮੇਸ਼ੁਰ ਨੇ ਤੇਮਾਨ ਵੱਲੋਂ ਹਵਾ ਵਗਾਈ
    ਅਤੇ ਨੀਲਾ ਅਕਾਸ਼ ਕਾਲਾ ਹੋ ਗਿਆ ਕਿਉਂਕਿ ਉੱਥੇ ਪੰਛੀਆਂ ਦੀ ਬਹੁਤਾਇਤ ਸੀ।
28 ਪੰਛੀ ਠੀਕ ਖੈਮੇ ਦੇ ਵਿੱਚਕਾਰ
    ਅਤੇ ਉਨ੍ਹਾਂ ਦੇ ਤੰਬੂਆਂ ਦੇ ਆਲੇ-ਦੁਆਲੇ ਡਿੱਗੇ।
29 ਉੱਥੇ ਉਨ੍ਹਾਂ ਦੇ ਖਾਣ ਲਈ ਕਾਫ਼ੀ ਸੀ ਪਰ ਉਨ੍ਹਾਂ ਦੀ ਖਾਣ ਦੀ ਲਾਲਸਾ ਉਨ੍ਹਾਂ ਤੋਂ ਪਾਪ ਕਰਾਉਣ ਦਾ ਕਾਰਣ ਬਣੀ।
    ਪਰਮੇਸ਼ੁਰ ਉਨ੍ਹਾਂ ਲਈ ਉਹ ਲਿਆਇਆ ਜਿਸਦੀ ਉਨ੍ਹਾਂ ਨੇ ਇੱਛਾ ਕੀਤੀ ਸੀ।

ਕੂਚ 16:2-15

ਤਾਂ ਇਸਰਾਏਲ ਦੇ ਲੋਕ ਫ਼ੇਰ ਸ਼ਿਕਾਇਤ ਕਰਨ ਲੱਗੇ। ਉਨ੍ਹਾਂ ਨੇ ਮਾਰੂਥਲ ਵਿੱਚ ਮੂਸਾ ਅਤੇ ਹਾਰੂਨ ਅੱਗੇ ਸ਼ਿਕਾਇਤ ਕੀਤੀ। ਲੋਕਾਂ ਨੇ ਆਖਿਆ, “ਇਹ ਬਿਹਤਰ ਹੁੰਦਾ ਜੇ ਯਹੋਵਾਹ ਸਾਨੂੰ ਮਿਸਰ ਦੀ ਧਰਤੀ ਤੇ ਹੀ ਮਾਰ ਦਿੰਦਾ। ਘੱਟੋ-ਘੱਟ ਓੱਥੇ ਸਾਡੇ ਕੋਲ ਖਾਣ ਲਈ ਤਾਂ ਕਾਫ਼ੀ ਸੀ। ਸਾਡੇ ਕੋਲ ਖਾਣ ਲਈ ਤਾਂ ਕਾਫ਼ੀ ਸੀ। ਸਾਡੇ ਕੋਲ ਖਾਣ ਲਈ ਲੋੜੀਂਦਾ ਸਾਰਾ ਭੋਜਨ ਸੀ। ਪਰ ਹੁਣ ਤੁਸੀਂ ਸਾਨੂੰ ਇੱਥੇ ਮਾਰੂਥਲ ਵਿੱਚ ਲੈ ਆਂਦਾ ਹੈ। ਅਤੇ ਇੱਥੇ ਅਸੀਂ ਸਾਰੇ ਭੁੱਖ ਨਾਲ ਮਰ ਜਾਵਾਂਗੇ।”

ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਮੈਂ ਅਕਾਸ਼ ਤੋਂ ਭੋਜਨ ਵਰ੍ਹਾਵਾਂਗਾ। ਇਹ ਭੋਜਨ ਤੁਹਾਡੇ ਖਾਣ ਲਈ ਹੋਵੇਗਾ। ਹਰ ਰੋਜ਼ ਲੋਕਾਂ ਨੂੰ ਬਾਹਰ ਜਾਣਾ ਚਾਹੀਦਾ ਹੈ ਅਤੇ ਉਸ ਦਿਨ ਲਈ ਲੋੜੀਂਦਾ ਭੋਜਨ ਇਕੱਠਾ ਕਰਨਾ ਚਾਹੀਦਾ ਹੈ। ਮੈਂ ਅਜਿਹਾ ਇਹ ਦੇਖਣ ਲਈ ਕਰਾਂਗਾ ਕਿ ਲੋਕ ਓਹੀ ਕਰਦੇ ਹਨ ਜੋ ਮੈਂ ਉਨ੍ਹਾਂ ਨੂੰ ਆਖਦਾ ਹਾਂ। ਹਰ ਰੋਜ਼ ਲੋਕ ਸਿਰਫ਼ ਇੱਕ ਦਿਨ ਲਈ ਕਾਫ਼ੀ ਭੋਜਨ ਇਕੱਠਾ ਕਰਨਗੇ। ਪਰ ਸ਼ੁਕਰਵਾਰ ਨੂੰ, ਜਦੋਂ ਲੋਕ ਆਪਣਾ ਭੋਜਨ ਇਕੱਠਾ ਕਰਨਗੇ ਤਾਂ ਉਹ ਦੇਖਣਗੇ ਕਿ ਉਨ੍ਹਾਂ ਕੋਲ ਦੋ ਦਿਨਾਂ ਲਈ ਕਾਫ਼ੀ ਭੋਜਨ ਹੈ।” [a]

ਇਸ ਲਈ ਮੂਸਾ ਤੇ ਹਾਰੂਨ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, “ਅੱਜ ਤੁਸੀਂ ਯਹੋਵਾਹ ਦੀ ਸ਼ਕਤੀ ਦੇਖੋਂਗੇ, ਤੁਸੀਂ ਜਾਣ ਜਾਵੋਂਗੇ ਕਿ ਉਹੀ ਹੈ ਜੋ ਤੁਹਾਨੂੰ ਮਿਸਰ ਤੋਂ ਬਾਹਰ ਲਿਆਇਆ। ਤੁਸੀਂ ਯਹੋਵਾਹ ਨੂੰ ਸ਼ਿਕਾਇਤ ਕੀਤੀ ਅਤੇ ਉਸ ਨੇ ਸੁਣ ਲਈ। ਇਸ ਲਈ ਕੱਲ ਸਵੇਰੇ ਤੁਸੀਂ ਯਹੋਵਾਹ ਦਾ ਪਰਤਾਪ ਦੇਖੋਂਗੇ। ਤੁਸੀਂ ਸਾਨੂੰ ਸ਼ਿਕਾਇਤਾਂ ਤੇ ਸ਼ਿਕਾਇਤਾਂ ਲਾਉਂਦੇ ਰਹੇ ਹੋ। ਸ਼ਾਇਦ ਹੁਣ ਤੁਸੀਂ ਕੁਝ ਅਰਾਮ ਕਰ ਸੱਕੋਂ।”

ਅਤੇ ਮੂਸਾ ਨੇ ਆਖਿਆ, “ਤੁਸੀਂ ਸ਼ਿਕਾਇਤਾਂ ਕਰ ਰਹੇ ਸੀ ਅਤੇ ਯਹੋਵਾਹ ਨੇ ਤੁਹਾਡੀਆਂ ਸ਼ਿਕਾਇਤਾਂ ਸੁਣ ਲਈਆਂ ਹਨ। ਇਸ ਲਈ ਅੱਜ ਰਾਤ ਯਹੋਵਾਹ ਤੁਹਾਨੂੰ ਮਾਸ ਦੇਵੇਗਾ। ਅਤੇ ਸਵੇਰੇ ਤੁਹਾਨੂੰ ਸਾਰੀ ਲੋੜੀਂਦੀ ਰੋਟੀ ਮਿਲੇਗੀ। ਤੁਸੀਂ ਹਾਰੂਨ ਨੂੰ ਅਤੇ ਮੈਨੂੰ ਸ਼ਿਕਾਇਤਾਂ ਕਰਦੇ ਰਹੇ ਹੋ। ਪਰ ਹੁਣ, ਅਸੀਂ ਕੁਝ ਅਰਾਮ ਕਰ ਸੱਕਾਂਗੇ। ਚੇਤੇ ਰੱਖੋ, ਤੁਸੀਂ ਹਾਰੂਨ ਅਤੇ ਮੇਰੇ ਖਿਲਾਫ਼ ਸ਼ਿਕਾਇਤ ਨਹੀਂ ਕਰ ਰਹੇ। ਤੁਸੀਂ ਯਹੋਵਾਹ ਦੇ ਵਿਰੁੱਧ ਸ਼ਿਕਾਇਤ ਕਰ ਰਹੇ ਹੋ।”

ਫ਼ੇਰ ਮੂਸਾ ਨੇ ਹਾਰੂਨ ਨੂੰ ਆਖਿਆ, “ਇਸਰਾਏਲ ਦੇ ਸਾਰੇ ਲੋਕਾਂ ਨਾਲ ਗੱਲ ਕਰੋ। ਉਨ੍ਹਾਂ ਨੂੰ ਆਖੋ, ‘ਇਕੱਠੇ ਹੋਕੇ ਯਹੋਵਾਹ ਦੇ ਸਾਹਮਣੇ ਆਓ, ਕਿਉਂਕਿ ਉਸ ਨੇ ਤੁਹਾਡੀਆਂ ਸ਼ਿਕਾਇਤਾਂ ਸੁਣ ਲਈਆਂ ਹਨ।’”

10 ਹਾਰੂਨ ਨੇ ਇਸਰਾਏਲ ਦੇ ਸਮੂਹ ਲੋਕਾਂ ਨਾਲ ਗੱਲ ਕੀਤੀ। ਉਹ ਸਾਰੇ ਇੱਕ ਥਾਂ ਇਕੱਠੇ ਹੋਏ ਸਨ। ਜਦੋਂ ਹਾਰੂਨ ਗੱਲ ਕਰ ਰਿਹਾ ਸੀ, ਸਾਰੇ ਲੋਕ ਮੁੜੇ ਅਤੇ ਮਾਰੂਥਲ ਵੱਲ ਦੇਖਣ ਲੱਗੇ। ਅਤੇ ਉਨ੍ਹਾਂ ਨੂੰ ਯਹੋਵਾਹ ਦਾ ਪਰਤਾਪ ਇੱਕ ਬੱਦਲ ਵਿੱਚ ਦਿਖਾਈ ਦਿੱਤਾ।

11 ਯਹੋਵਾਹ ਨੇ ਮੂਸਾ ਨੂੰ ਆਖਿਆ, 12 “ਮੈਂ ਇਸਰਾਏਲ ਦੇ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਲਈਆਂ ਹਨ। ਇਸ ਲਈ ਉਨ੍ਹਾਂ ਨੂੰ ਆਖੋ, ‘ਅੱਜ ਤੁਸੀਂ ਮਾਸ ਖਾਵੋਂਗੇ। ਅਤੇ ਸਵੇਰ ਨੂੰ ਤੁਸੀਂ ਸਾਰੀ ਲੋੜੀਂਦੀ ਰੋਟੀ ਖਾਵੋਂਗੇ। ਫ਼ੇਰ ਤੁਸੀਂ ਜਾਣ ਜਾਵੋਂਗੇ ਕਿ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ ਵਿੱਚ ਭਰੋਸਾ ਕਰ ਸੱਕਦੇ ਹੋ।’”

13 ਉਸ ਰਾਤ ਨੂੰ ਕੋਇਲਾਂ ਡੇਰੇ ਦੇ ਚਾਰ ਚੁਫ਼ੇਰੇ ਆਈਆਂ। ਲੋਕਾਂ ਨੇ ਮਾਸ ਲਈ ਇਹ ਪੰਛੀ ਫ਼ੜ ਲਈ। ਅਤੇ ਸਵੇਰੇ ਡੇਰੇ ਦੇ ਨੇੜੇ ਧਰਤੀ ਉੱਤੇ ਸਵੇਰ ਦੀ ਤ੍ਰੇਲ ਪਈ ਸੀ। 14 ਜਦੋਂ ਤ੍ਰੇਲ ਸੁੱਕ ਗਈ ਤਾਂ ਧਰਤੀ ਉੱਤੇ ਕੋਰੇ ਦੀਆਂ ਪਤਲੀਆਂ ਪਰਤਾਂ ਵਰਗੀ ਕੋਈ ਚੀਜ਼ ਪਈ ਸੀ। 15 ਇਸਰਾਏਲ ਦੇ ਲੋਕਾਂ ਨੇ ਇਸ ਨੂੰ ਦੇਖਿਆ ਅਤੇ ਇੱਕ ਦੂਜੇ ਨੂੰ ਪੁੱਛਣ ਲੱਗੇ, “ਇਹ ਕੀ ਹੈ? [b]” ਉਹ ਇਹ ਸਵਾਲ ਪੁੱਛ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਇਹ ਕੀ ਸੀ। ਇਸ ਲਈ ਮੂਸਾ ਨੇ ਉਨ੍ਹਾਂ ਨੂੰ ਆਖਿਆ, “ਇਹੀ ਉਹ ਭੋਜਨ ਹੈ ਜੋ ਯਹੋਵਾਹ ਤੁਹਾਨੂੰ ਖਾਣ ਲਈ ਦੇ ਰਿਹਾ ਹੈ।

ਕੂਚ 16:31-35

31 ਲੋਕਾਂ ਨੇ ਖਾਸ ਭੋਜਨ ਨੂੰ “ਮੰਨ” ਆਖਣਾ ਸ਼ੁਰੂ ਕਰ ਦਿੱਤਾ। ਮੰਨ ਧਣੀਏ ਦੇ ਛੋਟੇ ਸਫ਼ੇਦ ਬੀਜਾਂ ਵਰਗਾ ਸੀ ਅਤੇ ਉਸਦਾ ਸੁਆਦ ਸ਼ਹਿਦ ਨਾਲ ਬਣੇ ਕੇਕ ਵਰਗਾ ਸੀ। 32 ਮੂਸਾ ਨੇ ਆਖਿਆ, “ਯਹੋਵਾਹ ਨੇ ਆਖਿਆ ਸੀ; ‘ਇਸ ਭੋਜਨ ਦੇ ਅੱਠ ਕੱਪ ਆਪਣੇ ਉੱਤਰਾਧਿਕਾਰੀਆਂ ਲਈ ਬਚਾ ਲਵੋ। ਫ਼ੇਰ ਉਹ ਇਸ ਭੋਜਨ ਨੂੰ ਦੇਖ ਸੱਕਣਗੇ ਜਿਹੜਾ ਮੈਂ ਤੁਹਾਨੂੰ ਉਦੋਂ ਮਾਰੂਥਲ ਵਿੱਚ ਦਿੱਤਾ ਜਦੋਂ ਮੈਂ ਤੁਹਾਨੂੰ ਮਿਸਰ ਤੋਂ ਬਾਹਰ ਲਿਆਇਆ ਸੀ।’”

33 ਇਸ ਲਈ ਮੂਸਾ ਨੇ ਹਾਰੂਨ ਨੂੰ ਆਖਿਆ, “ਇੱਕ ਜੱਗ ਲਵੋ ਅਤੇ ਇਸ ਵਿੱਚ ਅੱਠ ਕੱਪ ਮੰਨ ਦੇ ਭਰੋ। ਇਸ ਮੰਨ ਨੂੰ ਯਹੋਵਾਹ ਦੇ ਅੱਗੇ ਰੱਖਣ ਲਈ ਬਚਾਵੋ। ਇਸ ਨੂੰ ਸਾਡੇ ਉੱਤਰਾਧਿਕਾਰੀਆਂ ਲਈ ਬਚਾਵੋ।” 34 (ਹਾਰੂਨ ਨੇ ਬਾਦ ਵਿੱਚ ਓਵੇਂ ਹੀ ਕੀਤਾ ਜਿਸ ਬਾਰੇ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। ਹਾਰੂਨ ਨੇ ਮੰਨ ਵਾਲਾ ਜੱਗ ਇਕਰਾਰਨਾਮੇ ਦੇ ਸਾਹਮਣੇ ਰੱਖਿਆ।) 35 ਇਸਰਾਏਲ ਦੇ ਲੋਕਾਂ ਨੇ 40 ਸਾਲਾਂ ਤੀਕ ਮੰਨ ਖਾਧਾ। ਜਦੋਂ ਤੱਕ ਉਹ ਰਹਿਣ ਯੋਗ ਧਰਤੀ ਤੇ ਨਹੀਂ ਪਹੁੰਚ ਗਏ, ਜੋ ਕਿ ਕਨਾਨ ਦੀ ਧਰਤੀ ਦੀ ਸੀਮਾ ਤੇ ਹੈ।

ਮੱਤੀ 15:32-39

ਯਿਸੂ ਦਾ ਚਾਰ ਹਜ਼ਾਰ ਤੋਂ ਵੱਧ ਲੋਕਾਂ ਨੂੰ ਭੋਜਨ ਕਰਾਉਣਾ(A)

32 ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕੋਲ ਸੱਦ ਕੇ ਕਿਹਾ, “ਮੈਨੂੰ ਲੋਕਾਂ ਉੱਤੇ ਤਰਸ ਆਉਂਦਾ ਹੈ, ਕਿਉਂਕਿ ਇਹ ਤਿੰਨਾਂ ਦਿਨਾਂ ਤੋਂ ਮੇਰੇ ਨਾਲ ਰਹਿ ਰਹੇ ਹਨ, ਅਤੇ ਇਨ੍ਹਾਂ ਦੇ ਕੋਲ ਖਾਣ ਨੂੰ ਕੁਝ ਨਹੀਂ ਅਤੇ ਮੈਂ ਨਹੀਂ ਚਾਹੁੰਦਾ ਕਿ ਇਨ੍ਹਾਂ ਨੂੰ ਭੁੱਖਿਆਂ ਵਿਦਾ ਕਰਾਂ, ਕਿਤੇ ਉਹ ਰਸਤੇ ਵਿੱਚ ਹੀ ਭੁੱਖ ਦੇ ਮਾਰੇ ਬੇਹੋਸ਼ ਨਾ ਹੋ ਜਾਣ।”

33 ਚੇਲਿਆਂ ਨੇ ਯਿਸੂ ਨੂੰ ਜਵਾਬ ਦਿੱਤਾ, “ਅਸੀਂ ਇਨ੍ਹਾਂ ਸਾਰੇ ਲੋਕਾਂ ਦੇ ਖਾਣ ਲਈ ਕਾਫ਼ੀ ਭੋਜਨ ਇਸ ਬੀਆਬਾਨ ਜਗ੍ਹਾ ਵਿੱਚ ਕਿੱਥੋਂ ਪ੍ਰਾਪਤ ਕਰ ਸੱਕਦੇ ਹਾਂ?”

34 ਤਦ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ, “ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ?”

ਉਹ ਬੋਲੇ, “ਸੱਤ ਰੋਟੀਆਂ ਅਤੇ ਥੋੜੀਆਂ ਨਿੱਕੀਆਂ ਮੱਛੀਆਂ ਹਨ।”

35 ਤਦ ਯਿਸੂ ਨੇ ਭੀੜ ਨੂੰ ਹੇਠਾਂ ਜ਼ਮੀਨ ਤੇ ਬੈਠਣ ਨੂੰ ਕਿਹਾ। 36 ਤਦ ਉਸ ਨੇ ਸੱਤ ਰੋਟੀਆਂ ਅਤੇ ਮੱਛੀਆਂ ਲਈਆਂ ਅਤੇ ਪਰਮੇਸ਼ੁਰ ਦਾ ਸ਼ੁਕਰ ਕਰਕੇ ਤੋੜੀਆਂ ਅਤੇ ਚੇਲਿਆਂ ਨੂੰ ਦਿੱਤੀਆਂ ਅਤੇ ਚੇਲਿਆਂ ਨੇ ਲੋਕਾਂ ਵਿੱਚ ਵੰਡਿਆਂ। 37 ਸਭ ਲੋਕਾਂ ਨੇ ਰੱਜਕੇ ਖਾਧਾ, ਅਤੇ ਉਸ ਦੇ ਚੇਲਿਆਂ ਨੇ ਬਚੇ ਹੋਏ ਭੋਜਨ ਨਾਲ ਸੱਤ ਟੋਕਰੀਆਂ ਭਰੀਆਂ। 38 ਔਰਤਾਂ ਅਤੇ ਬੱਚਿਆਂ ਦੇ ਖਾਣ ਤੋਂ ਛੁੱਟ ਉੱਥੇ ਘੱਟ ਤੋਂ ਘੱਟ ਚਾਰ ਹਜ਼ਾਰ ਆਦਮੀ ਸਨ। 39 ਫ਼ਿਰ ਲੋਕਾਂ ਨੂੰ ਵਿਦਾ ਕਰਕੇ ਉਹ ਬੇੜੀ ਉੱਤੇ ਚੜ੍ਹ੍ਹ ਗਿਆ ਅਤੇ ਮਗਦਾਨ ਦੇ ਇਲਾਕੇ ਵਿੱਚ ਆਇਆ।

Punjabi Bible: Easy-to-Read Version (ERV-PA)

2010 by World Bible Translation Center