Revised Common Lectionary (Complementary)
ਪਰਮੇਸ਼ੁਰ ਉਹ ਭੋਜਨ ਦਿੰਦਾ ਹੈ ਜੋ ਸੱਚਮੁੱਚ ਸੰਤੁਸ਼ਟ ਕਰਦਾ ਹੈ
55 “ਤੁਸੀਂ ਸਾਰੇ, ਪਿਆਸੇ ਲੋਕੋ,
ਆਓ ਪਾਣੀ ਪੀਵੋ!
ਫ਼ਿਕਰ ਨਾ ਕਰੋ ਜੇ ਪੈਸਾ ਨਹੀਂ ਹੈ ਤੁਹਾਡੇ ਕੋਲ।
ਆਓ, ਖਾਵੋ ਪੀਵੋ ਜਦੋਂ ਤੱਕ ਤੁਸੀਂ ਰੱਜ ਨਹੀਂ ਜਾਂਦੇ!
ਤੁਹਾਨੂੰ ਪੈਸੇ ਦੀ ਲੋੜ ਨਹੀਂ, ਰੱਜ ਕੇ ਖਾਵੋ ਪੀਵੋ।
ਭੋਜਨ ਤੇ ਮੈਅ ਦਾ ਕੋਈ ਮੁੱਲ ਨਹੀਂ!
2 ਪੈਸੇ ਨੂੰ ਓਸ ਚੀਜ਼ ਉੱਤੇ ਕਿਉਂ ਜ਼ਾਇਆ ਕਰਦੇ ਹੋ ਜਿਹੜੀ ਅਸਲੀ ਭੋਜਨ ਨਹੀਂ ਹੈ।
ਉਸ ਸ਼ੈਅ ਲਈ ਕਿਉਂ ਮਿਹਨਤ ਕਰਦੇ ਹੋ ਜਿਹੜੀ ਸੱਚਮੁੱਚ ਤੁਹਾਨੂੰ ਸੰਤੁਸ਼ਟ ਨਹੀਂ ਕਰਦੀ?
ਮੇਰੀ ਗੱਲ ਨੂੰ ਧਿਆਨ ਨਾਲ ਸੁਣੋ, ਤੇ ਤੁਸੀਂ ਚੰਗਾ ਭੋਜਨ ਖਾਵੋਂਗੇ।
ਤੁਸੀਂ ਉਸ ਭੋਜਨ ਦਾ ਆਨੰਦ ਮਾਣੋਗੇ ਜਿਹੜਾ ਤੁਹਾਡੀ ਰੂਹ ਨੂੰ ਸੰਤੁਸ਼ਟ ਕਰੇਗਾ।
3 ਉਨ੍ਹਾਂ ਗੱਲਾਂ ਨੂੰ ਗੌਰ ਨਾਲ ਸੁਣੋ ਜੋ ਮੈਂ ਆਖਦਾ ਹਾਂ।
ਮੇਰੀ ਗੱਲ ਸੁਣੋ ਤਾਂ ਜੋ ਤੁਹਾਡੀਆਂ ਰੂਹਾਂ ਜਿਉਂ ਸੱਕਣ।
ਮੇਰੇ ਕੋਲ ਆਓ ਤੇ ਮੈਂ ਤੁਹਾਡੇ ਨਾਲ ਇੱਕ ਇਕਰਾਰਨਾਮਾ ਕਰਾਂਗਾ, ਜਿਹੜਾ ਸਦਾ-ਸਦਾ ਰਹੇਗਾ।
ਇਹ ਉਹੋ ਜਿਹਾ ਇਕਰਾਰਨਾਮਾ ਹੋਵੇਗਾ ਜਿਹੜਾ ਮੈਂ ਦਾਊਦ ਨਾਲ ਕੀਤਾ ਸੀ।
ਮੈਂ ਦਾਊਦ ਨਾਲ ਇਕਰਾਰ ਕੀਤਾ ਸੀ ਕਿ ਮੈਂ ਉਸ ਨੂੰ ਪਿਆਰ ਕਰਾਂਗਾ ਅਤੇ ਸਦਾ ਲਈ ਉਸਦਾ ਵਫ਼ਾਦਾਰ ਹੋਵਾਂਗਾ।
ਤੇ ਤੁਸੀਂ ਉਸ ਇਕਰਾਰ ਉੱਤੇ ਯਕੀਨ ਕਰ ਸੱਕਦੇ ਹੋ।
4 ਮੈਂ ਸਾਰੀਆਂ ਕੌਮਾਂ ਵਾਸਤੇ ਦਾਊਦ ਨੂੰ ਆਪਣੀ ਸ਼ਕਤੀ ਦਾ ਗਵਾਹ ਬਣਾਇਆ ਸੀ।
ਮੈਂ ਦਾਊਦ ਨਾਲ ਇਕਰਾਰ ਕੀਤਾ ਸੀ ਕਿ ਉਹ ਹਾਕਮ ਅਤੇ ਬਹੁਤ ਸਾਰੀਆਂ ਕੌਮਾਂ ਦਾ ਨੇਤਾ ਬਣ ਜਾਵੇਗਾ।”
5 ਇਹ ਕੌਮਾਂ ਉਨ੍ਹਾਂ ਥਾਵਾਂ ਦੀਆਂ ਹਨ,
ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ਪਰ ਤੁਸੀਂ ਉਨ੍ਹਾਂ ਕੌਮਾਂ ਨੂੰ ਸੱਦਾ ਦਿਓਗੇ।
ਉਹ ਕੌਮਾਂ ਤੁਹਾਨੂੰ ਨਹੀਂ ਜਾਣਦੀਆਂ
ਪਰ ਉਹ ਤੁਹਾਡੇ ਵੱਲ ਭੱਜਦੀਆਂ ਆਉਣਗੀਆਂ।
ਅਜਿਹਾ ਵਾਪਰੇਗਾ ਕਿਉਂ ਕਿ ਇਹ ਯਹੋਵਾਹ ਤੁਹਾਡੇ ਪਰਮੇਸ਼ੁਰ ਦੀ ਰਜ਼ਾ ਹੈ।
ਇਹ ਇਸ ਲਈ ਵਾਪਰੇਗਾ ਕਿਉਂ ਕਿ ਇਸਰਾਏਲ ਦੇ ਪਵਿੱਤਰ ਪੁਰੱਖ ਨੇ ਤੁਹਾਨੂੰ ਆਦਰ ਅਤੇ ਪਰਤਾਪ ਦਿੱਤਾ ਹੈ।
8 ਯਹੋਵਾਹ ਮਿਹਰਬਾਨ ਅਤੇ ਦਿਆਲੂ ਹੈ।
ਯਹੋਵਾਹ ਸਹਿਜ ਅਤੇ ਪਿਆਰ ਭਰਿਆ ਹੈ।
9 ਯਹੋਵਾਹ ਹਰ ਇੱਕ ਨਾਲ ਨੇਕੀ ਕਰਦਾ ਹੈ।
ਯਹੋਵਾਹ ਹਰ ਚੀਜ਼ ਨੂੰ ਆਪਣੀ ਦਯਾ ਦਰਸਾਉਂਦਾ ਹੈ ਜਿਸ ਨੂੰ ਉਸ ਨੇ ਬਣਾਇਆ।
14 ਯਹੋਵਾਹ ਨੀਵੇਂ ਡਿੱਗਿਆ ਨੂੰ ਉੱਚਿਆਂ ਚੁੱਕਦਾ ਹੈ।
ਯਹੋਵਾਹ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈ ਜੋ ਮੁਸੀਬਤ ਵਿੱਚ ਹਨ।
15 ਯਹੋਵਾਹ, ਸਾਰੇ ਜਿਉਂਦੇ ਪ੍ਰਾਣੀ ਤੁਹਾਡੇ ਵੱਲ ਆਪਣੇ ਭੋਜਨ ਲਈ ਤੱਕਦੇ ਹਨ।
ਅਤੇ ਤੁਸੀਂ ਉਨ੍ਹਾਂ ਨੂੰ ਸਮੇਂ ਸਿਰ ਭੋਜਨ ਦਿੰਦੇ ਹੋ।
16 ਯਹੋਵਾਹ, ਤੁਸੀਂ ਆਪਣੇ ਹੱਥ ਖੋਲ੍ਹ ਦਿੰਦੇ ਹੋ,
ਅਤੇ ਤੁਸੀਂ ਹਰ ਜਿਉਂਦੇ ਪ੍ਰਾਣੀ ਨੂੰ ਜੋ ਵੀ ਉਸ ਦੀ ਲੋੜ ਹੈ ਉਸ ਨੂੰ ਦਿੰਦੇ ਹੋ।
17 ਹਰ ਗੱਲ ਜਿਹੜੀ ਯਹੋਵਾਹ ਕਰਦਾ ਹੈ, ਸ਼ੁਭ ਹੈ।
ਹਰ ਗੱਲ ਜਿਹੜੀ ਉਹ ਕਰਦਾ ਹੈ ਦਰਸਾਉਂਦੀ ਹੈ ਕਿ ਉਹ ਕਿੰਨਾ ਮਹਾਨ ਹੈ।
18 ਯਹੋਵਾਹ ਹਰ ਉਸ ਬੰਦੇ ਦੇ ਨੇੜੇ ਹੈ ਜੋ ਉਸ ਨੂੰ ਮਦਦ ਵਾਸਤੇ ਪੁਕਾਰਦਾ ਹੈ।
ਪਰਮੇਸ਼ੁਰ ਹਰ ਉਸ ਵਿਅਕਤੀ ਦੇ ਨੇੜੇ ਹੈ ਜਿਹੜਾ ਨਿਸ਼ਕਪਟਤਾ ਨਾਲ ਉਸ ਨੂੰ ਪ੍ਰਾਰਥਨਾ ਕਰਦਾ ਹੈ।
19 ਯਹੋਵਾਹ ਉਹੀ ਕਰਦਾ ਹੈ ਜੋ ਉਸ ਦੇ ਚੇਲੇ ਚਾਹੁੰਦੇ ਹਨ, ਯਹੋਵਾਹ ਆਪਣੇ ਪੈਰੋਕਾਰਾ ਦੀ ਸੁਣਦਾ ਹੈ।
ਉਹ ਉਨ੍ਹਾਂ ਦੀਆਂ ਅਰਦਾਸਾ ਮੰਨਦਾ ਹੈ।
ਅਤੇ ਉਹ ਉਨ੍ਹਾਂ ਨੂੰ ਬਚਾਉਂਦਾ ਹੈ।
20 ਯਹੋਵਾਹ ਹਰ ਬੰਦੇ ਨੂੰ ਬਚਾਉਂਦਾ ਹੈ, ਜਿਹੜਾ ਉਸ ਨੂੰ ਪਿਆਰ ਕਰਦਾ ਹੈ।
ਪਰ ਯਹੋਵਾਹ ਮੰਦੇ ਬੰਦੇ ਦਾ ਨਾਸ਼ ਕਰਦਾ ਹੈ।
21 ਮੈਂ ਯਹੋਵਾਹ ਦੀ ਉਸਤਤਿ ਕਰਾਂਗਾ!
ਮੈਂ ਚਾਹੁੰਦਾ ਹਾਂ ਕਿ ਹਰ ਬੰਦਾ ਉਸ ਦੇ ਪਵਿੱਤਰ ਨਾਮ ਦੀ ਸਦਾ-ਸਦਾ ਲਈ ਉਸਤਤਿ ਕਰ ਸੱਕੇ।
ਪਰਮੇਸ਼ੁਰ ਅਤੇ ਯਹੂਦੀ ਲੋਕ
9 ਮੈਂ ਮਸੀਹ ਵਿੱਚ ਹਾਂ ਅਤੇ ਮੈਂ ਸੱਚ ਬੋਲਦਾ ਹਾਂ। ਮੈਂ ਝੂਠ ਨਹੀਂ ਬੋਲਦਾ। ਮੇਰੇ ਵਿੱਚਾਰਾਂ ਉੱਤੇ ਪਵਿੱਤਰ ਆਤਮਾ ਦਾ ਸ਼ਾਸਨ ਹੈ ਅਤੇ ਉਹ ਵਿੱਚਾਰ ਮੈਨੂੰ ਦੱਸਦੇ ਹਨ ਕਿ ਮੈਂ ਝੂਠ ਨਹੀਂ ਦੱਸ ਰਿਹਾ। 2 ਮੇਰੇ ਦਿਲ ਵਿੱਚ ਯਹੂਦੀਆਂ ਵਾਸਤੇ ਉਦਾਸੀ ਅਤੇ ਨਿਰੰਤਰ ਦਰਦ ਹੈ। 3 ਉਹ ਮੇਰੇ ਭਰਾ ਅਤੇ ਭੈਣਾਂ ਹਨ। ਉਹ ਮੇਰੇ ਧਰਤੀ ਦੇ ਪਰਿਵਾਰ ਹਨ। ਕਾਸ਼ ਮੈਂ ਉਨ੍ਹਾਂ ਦੀ ਮਦਦ ਕਰ ਸੱਕਦਾ। ਮੈਂ ਇਹ ਵੀ ਚਾਹੁੰਦਾ ਹਾਂ ਕਿ ਮੈਂ ਵੀ ਸਰਾਪਿਆ ਹੁੰਦਾ ਅਤੇ ਮਸੀਹ ਤੋਂ ਕਟਿਆ ਹੁੰਦਾ, ਜੇਕਰ ਇਸ ਨਾਲ ਉਨ੍ਹਾਂ ਨੂੰ ਸਹਾਇਤਾ ਮਿਲਦੀ। 4 ਉਹ ਇਸਰਾਏਲੀ ਹਨ। ਉਹ ਲੋਕ ਪਰਮੇਸ਼ੁਰ ਦੀ ਚੁਣੀ ਹੋਈ ਔਲਾਦ ਹਨ। ਉਨ੍ਹਾਂ ਕੋਲ ਪਰਮੇਸ਼ੁਰ ਦੀ ਮਹਿਮਾ ਹੈ ਅਤੇ ਉਹ ਕਰਾਰ ਵੀ ਹਨ ਜਿਹੜੇ ਪਰਮੇਸ਼ੁਰ ਨੇ ਆਪਣੇ ਤੇ ਆਪਣੇ ਲੋਕਾਂ ਵਿੱਚਕਾਰ ਕੀਤੇ ਸਨ। ਪਰਮੇਸ਼ੁਰ ਨੇ ਉਨ੍ਹਾਂ ਨੂੰ ਮੂਸਾ ਦੀ ਸ਼ਰ੍ਹਾ ਅਤੇ ਮੰਦਰ ਉਪਾਸਨਾ ਦਿੱਤੀ। ਅਤੇ ਪਰਮੇਸ਼ੁਰ ਨੇ ਆਪਣੇ ਕੌਲ ਉਨ੍ਹਾਂ ਯਹੂਦੀਆਂ ਨੂੰ ਦਿੱਤੇ। 5 ਉਹ ਲੋਕ ਸਾਡੇ ਪਿਉ-ਦਾਦਿਆਂ ਦੀ ਔਲਾਦ ਹਨ ਅਤੇ ਉਹ ਮਸੀਹ ਦਾ ਦੁਨਿਆਵੀ ਪਰਿਵਾਰ ਹਨ। ਹਮੇਸ਼ਾ ਲਈ ਪਰਮੇਸ਼ੁਰ ਦੀ ਉਸਤਤਿ ਹੋਵੇ ਜੋ ਸਭ ਤੋਂ ਉੱਤੇ ਹੈ। [a] ਆਮੀਨ।
ਯਿਸੂ ਦਾ ਪੰਜ ਹਜ਼ਾਰ ਨੂੰ ਭੋਜਨ ਕਰਾਉਣਾ(A)
13 ਜਦੋਂ ਯਿਸੂ ਨੇ ਇਹ ਸੁਣਿਆ ਤਾਂ ਉਹ ਉਸ ਥਾਂ ਤੋਂ ਇੱਕਲਾ ਬੇੜੀ ਉੱਤੇ ਬੈਠਕੇ ਇੱਕ ਇੱਕਾਂਤ ਥਾਂ ਨੂੰ ਚੱਲਾ ਗਿਆ। ਅਤੇ ਇਹ ਸੁਣਕੇ ਲੋਕ ਨਗਰਾਂ ਤੋਂ ਉਸ ਦੇ ਪਿੱਛੇ ਪੈਦਲ ਤੁਰ ਪਏ। 14 ਜਦੋਂ ਉਹ ਬੇੜੀ ਤੋਂ ਉਤਰਿਆ, ਉੱਥੇ ਉਸ ਨੇ ਬਹੁਤ ਵੱਡੀ ਭੀੜ ਵੇਖੀ। ਉਸ ਨੇ ਉਨ੍ਹਾਂ ਲਈ ਤਰਸ ਮਹਿਸੂਸ ਕੀਤਾ ਅਤੇ ਉਨ੍ਹਾਂ ਦੇ ਰੋਗੀ ਲੋਕਾਂ ਨੂੰ ਚੰਗਾ ਕੀਤਾ।
15 ਜਦੋਂ ਸ਼ਾਮ ਹੋਈ ਤਾਂ ਚੇਲਿਆਂ ਨੇ ਉਸ ਕੋਲ ਆਕੇ ਕਿਹਾ, “ਇਹ ਉਜਾੜ ਥਾਂ ਹੈ ਅਤੇ ਹੁਣ ਕੁਵੇਲਾ ਹੋ ਗਿਆ ਹੈ ਲੋਕਾਂ ਨੂੰ ਭੇਜ ਦਿਉ ਤਾਂ ਜੋ ਉਹ ਪਿੰਡਾਂ ਨੂੰ ਜਾ ਸੱਕਣ। ਅਤੇ ਆਪਣੇ ਲਈ ਖਾਣਾ-ਦਾਣਾ ਮੁੱਲ ਲੈਣ।”
16 ਪਰ ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ, “ਉਨ੍ਹਾਂ ਦੇ ਜਾਣ ਦੀ ਲੋੜ ਨਹੀਂ। ਤੁਸੀਂ ਉਨ੍ਹਾਂ ਨੂੰ ਖਾਣ ਨੂੰ ਦੇਵੋ।”
17 ਚੇਲਿਆਂ ਨੇ ਕਿਹਾ, “ਪਰ ਏਥੇ ਸਾਡੇ ਕੋਲ ਸਿਰਫ਼ ਪੰਜ ਰੋਟੀਆਂ ਅਤੇ ਦੋ ਮੱਛੀਆਂ ਹਨ।”
18 ਯਿਸੂ ਨੇ ਆਖਿਆ, “ਉਹ ਰੋਟੀਆਂ ਤੇ ਮੱਛੀਆਂ ਮੇਰੇ ਕੋਲ ਲਿਆਓ।” 19 ਫ਼ੇਰ ਯਿਸੂ ਨੇ ਭੀੜ ਨੂੰ ਘਾਹ ਉੱਤੇ ਬੈਠਣ ਦਾ ਹੁਕਮ ਦਿੱਤਾ। ਉਸ ਨੇ ਪੰਜ ਰੋਟੀਆਂ ਤੇ ਦੋ ਮੱਛੀਆਂ ਲਈਆਂ: ਉਸ ਨੇ ਅਕਾਸ਼ ਵੱਲ ਵੇਖਿਆ ਅਤੇ ਭੋਜਨ ਲਈ ਪਰਮੇਸ਼ੁਰ ਦਾ ਧੰਨਵਾਦ ਕੀਤਾ। ਫ਼ਿਰ ਯਿਸੂ ਨੇ ਰੋਟੀਆਂ ਵੰਡਿਆਂ ਅਤੇ ਚੇਲਿਆਂ ਨੂੰ ਦੇ ਦਿੱਤੀਆਂ। ਅਤੇ ਚੇਲਿਆਂ ਨੇ ਉਹ ਰੋਟੀਆਂ ਲੋਕਾਂ ਵਿੱਚ ਵੰਡ ਦਿੱਤੀਆਂ। 20 ਸਭ ਲੋਕਾਂ ਨੇ ਰੱਜ ਕੇ ਖਾਧਾ, ਖਾਣ ਤੋਂ ਬਾਦ ਚੇਲਿਆਂ ਨੇ ਬਚੀਆਂ ਹੋਈਆਂ ਰੋਟੀਆਂ ਦੇ ਟੁਕੜਿਆਂ ਨਾਲ ਬਾਰ੍ਹਾਂ ਟੋਕਰੀਆਂ ਭਰੀਆਂ। 21 ਉੱਥੇ ਔਰਤਾਂ ਅਤੇ ਬੱਚੇ ਮਿਲਾਉਣ ਤੋਂ ਬਿਨਾਂ ਜਿਨ੍ਹਾਂ ਨੇ ਭੋਜਨ ਕੀਤਾ। ਕੁਲ ਪੰਜ ਹਜ਼ਾਰ ਆਦਮੀ ਸਨ।
2010 by World Bible Translation Center