Revised Common Lectionary (Complementary)
ਆਇਨ
121 ਮੈਂ ਉਹੀ ਕੁਝ ਕੀਤਾ ਜੋ ਸਹੀ ਅਤੇ ਸ਼ੁਭ ਹੈ।
ਯਹੋਵਾਹ, ਮੈਨੂੰ ਉਨ੍ਹਾਂ ਲੋਕਾਂ ਦੇ ਹਵਾਲੇ ਨਾ ਕਰੋ ਜਿਹੜੇ ਮੈਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ।
122 ਵਾਅਦਾ ਕਰੋ ਕਿ ਤੁਸੀਂ ਮੇਰੇ ਲਈ ਚੰਗੇ ਹੋਵੋਂਗੇ।
ਮੈਂ ਤੁਹਾਡਾ ਸੇਵਕ ਹਾਂ।
ਯਹੋਵਾਹ, ਗੁਮਾਨੀ ਲੋਕਾਂ ਨੂੰ ਮੇਰਾ ਨੁਕਸਾਨ ਨਾ ਕਰਨ ਦੇਵੋ।
123 ਯਹੋਵਾਹ, ਮੇਰੀਆਂ ਅੱਖਾਂ ਤੁਹਾਡੀ ਸਹਾਇਤਾ ਲਈ,
ਤੁਹਾਡੇ ਵੱਲੋਂ ਇੱਕ ਚੰਗੇ ਸ਼ਬਦ ਲਈ ਤੱਕਦੀਆਂ ਥੱਕ ਗਈਆਂ ਹਨ।
124 ਮੈਂ ਤੁਹਾਡਾ ਸੇਵਕ ਹਾਂ।
ਮੇਰੇ ਲਈ ਆਪਣਾ ਸੱਚਾ ਪਿਆਰ ਦਰਸਾਉ,
ਆਪਣੇ ਨੇਮ ਮੈਨੂੰ ਸਿੱਖਾਉ।
125 ਮੈਂ ਤੁਹਾਡਾ ਸੇਵਕ ਹਾਂ
ਮੇਰੀ ਸਮਝਣ ਵਿੱਚ ਮਦਦ ਕਰੋ ਤਾਂ ਜੋ ਮੈਂ ਤੁਹਾਡੇ ਕਰਾਰ ਬਾਰੇ ਜਾਣ ਜਾਵਾ।
126 ਯਹੋਵਾਹ, ਤੁਹਾਡੇ ਲਈ ਕੁਝ ਕਰਨ ਦਾ ਇਹੀ ਵੇਲਾ ਹੈ।
ਲੋਕਾਂ ਨੇ ਤੁਹਾਡੇ ਨੇਮਾਂ ਨੂੰ ਤੋੜ ਦਿੱਤਾ ਹੈ।
127 ਯਹੋਵਾਹ, ਮੈਂ ਤੁਹਾਡੇ ਆਦੇਸ਼ਾ ਨੂੰ
ਸ਼ੁੱਧਤਮ ਸੋਨੇ ਨਾਲੋਂ ਵੱਧੇਰੇ ਪਿਆਰ ਕਰਦਾ ਹਾਂ।
128 ਮੈਂ ਧਿਆਨ ਨਾਲ ਤੁਹਾਡੇ ਸਾਰੇ ਆਦੇਸ਼ਾ ਨੂੰ ਮੰਨਦਾ ਹਾਂ
ਮੈਂ ਝੂਠੀਆਂ ਸਿੱਖਿਆਵਾਂ ਨੂੰ ਨਫ਼ਰਤ ਕਰਦਾ ਹਾਂ।
ਸੁਲੇਮਾਨ ਦਾ ਸਿਆਣਪ
16 ਇੱਕ ਦਿਨ ਦੋ ਔਰਤਾਂ ਜਿਹੜੀਆਂ ਕਿ ਵੇਸਵਾਵਾਂ ਸਨ, ਪਾਤਸ਼ਾਹ ਦੇ ਸਾਹਮਣੇ ਆ ਖਲੋਤੀਆਂ। 17 ਉਨ੍ਹਾਂ ਵਿੱਚ ਇੱਕ ਔਰਤ ਨੇ ਕਿਹਾ, “ਮਹਾਰਾਜ! ਇਹ ਔਰਤ ਅਤੇ ਮੈਂ ਇੱਕੋ ਹੀ ਘਰ ਵਿੱਚ ਰਹਿੰਦੀਆਂ ਹਾਂ। ਅਸੀਂ ਦੋਨੋ ਹੀ ਗਰਭਵਤੀਆਂ ਸੀ ਅਤੇ ਬੱਚੇ ਜਣਨ ਵਾਲੀਆਂ ਸਾਂ। ਮੈਂ ਆਪਣੇ ਬੱਚੇ ਨੂੰ ਜਦੋਂ ਜਨਮ ਦਿੱਤਾ ਉਸ ਵਕਤ ਇਹ ਮੇਰੇ ਕੋਲ ਹੀ ਸੀ। 18 ਤਿੰਨਾਂ ਦਿਨਾਂ ਬਾਅਦ ਇਸ ਔਰਤ ਨੇ ਵੀ ਆਪਣੇ ਬੱਚੇ ਨੂੰ ਜਨਮ ਦਿੱਤਾ। ਸਾਡੇ ਨਾਲ ਘਰ ਵਿੱਚ ਹੋਰ ਕੋਈ ਵੀ ਮਨੁੱਖ ਨਹੀਂ ਸੀ, ਸਿਰਫ਼ ਅਸੀਂ ਦੋਨੋ ਹੀ ਘਰ ਵਿੱਚ ਸਾਂ। 19 ਇੱਕ ਰਾਤ, ਉਸ ਔਰਤ ਦਾ ਬੱਚਾ ਮਰ ਗਿਆ ਕਿਉਂ ਕਿ ਉਹ ਉਸ ਉੱਤੇ ਪੈ ਗਈ ਸੀ। 20 ਇਸ ਲਈ ਰਾਤ ਦੇ ਵੇਲੇ ਜਦੋਂ ਮੈਂ ਸੁੱਤੀ ਹੋਈ ਸੀ, ਇਸਨੇ ਮੇਰੇ ਬਿਸਤਰ ਤੋਂ ਮੇਰਾ ਬੱਚਾ ਚੁੱਕ ਲਿਆ ਅਤੇ ਉਹ ਮਰਿਆ ਹੋਇਆ ਬੱਚਾ ਮੇਰੇ ਬਿਸਤਰੇ ਤੇ ਪਾ ਦਿੱਤਾ। 21 ਅਗਲੀ ਸਵੇਰ ਮੈਂ ਆਪਣੇ ਬੱਚੇ ਨੂੰ ਜਦੋਂ ਦੁੱਧ ਪਿਲਾਉਣ ਲਈ ਉੱਠੀ ਤਾਂ ਮੈਂ ਵੇਖਿਆ ਕਿ ਬੱਚਾ ਤਾਂ ਮਰਿਆ ਪਿਆ ਹੈ, ਤਾਂ ਮੈਂ ਇਸ ਬੱਚੇ ਨੂੰ ਹੋਰ ਨਜ਼ਦੀਕ ਤੋਂ ਵੇਖਿਆ ਤਾਂ ਮੈਂ ਜਾਣਿਆ ਕਿ ਇਹ ਮੇਰਾ ਬੱਚਾ ਨਹੀਂ ਹੈ।”
22 ਪਰ ਦੂਜੀ ਔਰਤ ਨੇ ਕਿਹਾ, “ਨਹੀਂ! ਇਹ ਜਿਉਂਦਾ ਬੱਚਾ ਮੇਰਾ ਹੈ ਅਤੇ ਮਰਿਆ ਹੋਇਆ ਤੇਰਾ ਹੈ।”
ਪਰ ਪਹਿਲੀ ਔਰਤ ਨੇ ਆਖਿਆ, “ਨਹੀਂ, ਤੂੰ ਗ਼ਲਤ ਹੈਂ। ਮਰਿਆ ਹੋਇਆ ਬੱਚਾ ਤੇਰਾ ਹੈ ਤੇ ਜਿਉਂਦਾ ਮੇਰਾ ਹੈ!” ਇਸ ਲਈ ਦੋਵੇਂ ਔਰਤਾਂ ਨੇ ਰਾਜੇ ਦੇ ਸਾਹਮਣੇ ਦਲੀਲ ਬਾਜੀ ਕੀਤੀ।
23 ਫ਼ਿਰ ਸੁਲੇਮਾਨ ਪਾਤਸਾਹ ਨੇ ਕਿਹਾ, “ਤੁਸੀਂ ਦੋਨੋ ਹੀ ਇਹ ਆਖ ਰਹੀਆਂ ਹੋ ਕਿ ਜਿਉਂਦਾ ਬੱਚਾ ਤੁਹਾਡਾ ਹੈ ਅਤੇ ਮੋਇਆ ਬੱਚਾ ਤੁਹਾਡਾ ਦੋਨਾਂ ਦਾ ਨਹੀਂ ਹੈ।” 24 ਤਦ ਸੁਲੇਮਾਨ ਪਾਤਸ਼ਾਹ ਨੇ ਆਪਣੇ ਦਾਸ ਨੂੰ ਤਲਵਾਰ ਲੈਣ ਲਈ ਭੇਜਿਆ। 25 ਅਤੇ ਸੁਲੇਮਾਨ ਪਾਤਸ਼ਾਹ ਨੇ ਆਖਿਆ, “ਇਸ ਬੱਚੇ ਨੂੰ ਦੋ ਹਿਸਿਆਂ ਵਿੱਚ ਵੱਢ ਸੁੱਟੋ ਅਤੇ ਇੱਕ-ਇੱਕ ਹਿੱਸਾ ਇਨ੍ਹਾਂ ਦੋਨਾਂ ਔਰਤਾਂ ਨੂੰ ਦੇ ਦੇਵੋ।”
26 ਦੂਜੀ ਔਰਤ ਨੇ ਕਿਹਾ, “ਇਹ ਠੀਕ ਹੈ, ਬੱਚੇ ਦੇ ਦੋ ਟੁਕੜੇ ਕਰ ਦੇਵੋ ਫ਼ਿਰ ਸਾਡੇ ਦੋਹਾਂ ਵਿੱਚੋਂ ਬੱਚਾ ਕਿਸੇ ਨੂੰ ਵੀ ਨਹੀਂ ਮਿਲੇਗਾ।” ਪਰ ਪਹਿਲੀ ਔਰਤ, ਜਿਹੜੀ ਕਿ ਅਸਲੀ ਮਾਂ ਸੀ, ਆਪਣੇ ਪੁੱਤਰ ਲਈ ਰਹਿਮ ਨਾਲ ਭਰੀ ਹੋਈ ਨੇ ਰਾਜੇ ਨੂੰ ਕਿਹਾ, “ਮਾਲਕ ਕ੍ਰਿਪਾ ਕਰਕੇ ਬੱਚੇ ਨੂੰ ਨਾ ਮਾਰੋ, ਇਸ ਨੂੰ ਉਸ ਨੂੰ ਹੀ ਦੇ ਦੇਵੋ।”
27 ਤਦ ਸੁਲੇਮਾਨ ਪਾਤਸ਼ਾਹ ਨੇ ਕਿਹਾ, “ਬੱਚੇ ਨੂੰ ਨਾ ਮਾਰੋ। ਇਹ ਬੱਚਾ ਪਹਿਲੀ ਔਰਤ ਨੂੰ ਦੇ ਦੇਵੋ, ਇਹੀ ਉਸਦੀ ਅਸਲੀ ਮਾਂ ਹੈ।”
28 ਇਸਰਾਏਲ ਦੇ ਲੋਕਾਂ ਨੇ ਸੁਲੇਮਾਨ ਪਾਤਸ਼ਾਹ ਦੇ ਫ਼ੈਸਲੇ ਨੂੰ ਸੁਣਿਆ ਅਤੇ ਉਸਦੀ ਬੜੀ ਇੱਜ਼ਤ ਅਤੇ ਸਤਿਕਾਰ ਕੀਤਾ ਕਿਉਂ ਕਿ ਉਹ ਸਿਆਣਾ ਸੀ। ਉਨ੍ਹਾਂ ਨੇ ਵੇਖਿਆ ਕਿ ਉਸ ਕੋਲ ਸਹੀ ਨਿਆਂ ਦੇਣ ਵਿੱਚ ਰੱਬੀ ਸਿਆਣਪ ਸੀ।
ਅਸਲੀ ਸਿਆਣਪ
13 ਕੀ ਤੁਹਾਡੇ ਵਿੱਚੋਂ ਕੋਈ ਅਜਿਹਾ ਹੈ ਜੋ ਬੁੱਧੀਵਾਨ ਅਤੇ ਸਮਝਣ ਦੇ ਕਾਬਿਲ ਹੈ? ਤਾਂ, ਉਸ ਨੂੰ ਨਿਮ੍ਰ ਢੰਗ ਵਿੱਚ ਸਹੀ ਕਰਨੀਆਂ ਕਰਕੇ ਆਪਣੀ ਬੁੱਧ ਸਾਬਤ ਕਰਨ ਦਿਉ। ਇੱਕ ਸਿਆਣੇ ਵਿਅਕਤੀ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ। 14 ਜੇ ਤੁਸੀਂ ਖੁਦਗਰਜ਼ ਹੋ ਅਤੇ ਤੁਹਾਡੇ ਦਿਲਾਂ ਵਿੱਚ ਕੌੜੀ ਈਰਖਾ ਭਰੀ ਹੋਈ ਹੈ ਤਾਂ ਤੁਹਾਡੇ ਲਈ ਹੰਕਾਰ ਕਰਨ ਦਾ ਕੋਈ ਕਾਰਣ ਨਹੀਂ। ਤੁਹਾਡਾ ਹੰਕਾਰ ਝੂਠਾ ਹੈ ਜਿਹੜਾ ਸੱਚ ਨੂੰ ਛੁਪਾਉਂਦਾ ਹੈ। 15 ਇਹੋ ਜਿਹੀ “ਸਿਆਣਪ” ਪਰਮੇਸ਼ੁਰ ਵੱਲੋਂ ਨਹੀਂ ਆਉਂਦੀ। ਇਹ “ਸਿਆਣਪ” ਦੁਨੀਆਂ ਵੱਲੋਂ ਆਉਂਦੀ ਹੈ। ਇਹ ਆਤਮਕ ਨਹੀਂ ਹੈ। ਇਹ ਸ਼ੈਤਾਨੀ ਹੈ। 16 ਜਿੱਥੇ ਵੀ ਈਰਖਾ ਅਤੇ ਖੁਦਗਰਜ਼ੀ ਹੈ ਗੜਬੜੀ ਅਤੇ ਹਰ ਤਰ੍ਹਾਂ ਦੀ ਬਦੀ ਓੱਥੇ ਹੋਵੇਗੀ। 17 ਪਰ ਜਿਹੜੀ ਸਿਆਣਪ ਪਰਮੇਸ਼ੁਰ ਵੱਲੋਂ ਆਉਂਦੀ ਹੈ, ਉਹ ਇਸ ਤਰ੍ਹਾਂ ਦੀ ਹੈ। ਪਹਿਲੀ ਗੱਲ ਇਹ ਸ਼ੁੱਧ ਹੈ। ਇਹ ਸ਼ਾਂਤਮਈ, ਕੋਮਲ ਅਤੇ ਆਸਾਨੀ ਨਾਲ ਪ੍ਰਸੰਨ ਕਰਨ ਵਾਲੀ ਹੈ। ਇਹ ਸਿਆਣਪ ਹਮਦਰਦੀ ਨਾਲ ਭਰਪੂਰ ਹੈ ਅਤੇ ਹੋਰਨਾਂ ਲੋਕਾਂ ਲਈ ਚੰਗੀਆਂ ਕਰਨੀਆਂ ਕਰਨ ਲਈ ਤਿਆਰ ਹੈ। ਇਹ ਸਿਆਣਪ ਹਮੇਸ਼ਾ ਨਿਆਂਈ ਅਤੇ ਇਮਾਨਦਾਰ ਹੁੰਦੀ ਹੈ। 18 ਉਹ ਲੋਕ ਜਿਹੜੇ ਸ਼ਾਂਤਮਈ ਢੰਗ ਨਾਲ ਸ਼ਾਂਤੀ ਲਈ ਕੰਮ ਕਰਦੇ ਹਨ ਜੀਵਨ ਦੀਆਂ ਦੰਗੀਆਂ ਚੀਜ਼ਾਂ ਨੂੰ ਪ੍ਰਾਪਤ ਕਰ ਲੈਂਦੇ ਹਨ ਜਿਹੜੀਆਂ ਸਹੀ ਜੀਵਨ ਢੰਗ ਨਾਲ ਮਿਲਦੀਆਂ ਹਨ।
2010 by World Bible Translation Center