Revised Common Lectionary (Complementary)
ਨਿਰਦੇਸ਼ਕ ਲਈ: “ਤਬਾਹ ਨਾ ਕਰੋ” ਦੀ ਧੁਨੀ ਨੂੰ। ਆਸਾਫ਼ ਦਾ ਇੱਕ ਉਸਤਤਿ ਗੀਤ।
75 ਅਸੀਂ ਤੇਰੀ ਉਸਤਤਿ ਕਰਦੇ ਹਾਂ, ਪਰਮੇਸ਼ੁਰ।
ਅਸੀਂ ਤੇਰੀ ਉਸਤਤਿ ਕਰਦੇ ਹਾਂ।
ਤੁਸੀਂ ਨੇੜੇ ਹੋ ਅਤੇ ਉਨ੍ਹਾਂ ਅਦਭੁਤ ਗੱਲਾਂ ਬਾਰੇ ਦਸਦੇ ਹੋ ਜੋ ਤੁਸੀਂ ਕਰਦੇ ਹੋਂ।
2 ਪਰਮੇਸ਼ੁਰ ਆਖਦਾ ਹੈ, “ਮੈਂ ਨਿਆਂ ਦਾ ਸਮਾਂ ਚੁਣ ਲਿਆ ਹੈ।
ਮੈਂ ਬੇਲਾਗ ਨਿਆਂ ਕਰਾਂਗਾ।
3 ਧਰਤੀ ਤੇ ਇਸ ਉਤਲਾ ਸਭ ਕੁਝ ਕੰਬ ਰਿਹਾ ਹੋਵੇ
ਅਤੇ ਡਿੱਗਣ ਹੀ ਵਾਲਾ ਹੋਵੇ, ਪਰ ਮੈਂ ਇਸ ਨੂੰ ਸਥਿਰ ਕਰਦਾ ਹਾਂ।
4 “ਕੁਝ ਲੋਕ ਬੜੇ ਗੁਮਾਨੀ ਹਨ।
ਉਹ ਸੋਚਦੇ ਹਨ ਕਿ ਉਹ ਬਹੁਤ ਸ਼ਕਤੀਸ਼ਾਲੀ ਅਤੇ ਮਹੱਤਵਪੂਰਣ ਹਨ।
5 ਪਰ ਮੈਂ ਉਨ੍ਹਾਂ ਲੋਕਾਂ ਨੂੰ ਦੱਸਦਾ ਹਾਂ, ‘ਸ਼ੇਖੀ ਨਾ ਮਾਰੋ।’”
6 ਧਰਤੀ ਉੱਤੇ ਕੋਈ ਸ਼ਕਤੀ ਨਹੀਂ
ਜਿਹੜੀ ਕਿਸੇ ਵਿਅਕਤੀ ਨੂੰ ਮਹੱਤਵਪੂਰਣ ਬਣਾ ਸੱਕੇ।
7 ਪਰਮੇਸ਼ੁਰ ਨਿਆਂਕਾਰ ਹੈ, ਅਤੇ ਉਹੀ ਹੈ ਜੋ ਫ਼ੈਸਲਾ ਕਰਦਾ ਕਿ ਉਹ ਕਿਸ ਨੂੰ ਨਿਵਾਉਂਦਾ ਅਤੇ ਕਿਸ ਨੂੰ ਮਹੱਤਵਪੂਰਣ ਬਣਾਉਂਦਾ ਹੈ।
ਪਰਮੇਸ਼ੁਰ ਇੱਕ ਬੰਦੇ ਨੂੰ ਉੱਚਾ ਚੁੱਕਦਾ ਅਤੇ ਉਸ ਨੂੰ ਮਹੱਤਵਪੂਰਣ ਬਣਾ ਦਿੰਦਾ ਹੈ।
ਪਰਮੇਸ਼ੁਰ ਦੂਸਰੇ ਨੂੰ ਹੇਠਾਂ ਸੁੱਟ ਦਿੰਦਾ ਹੈ ਅਤੇ ਮਹਤਵਹੀਣ ਬਣਾ ਦਿੰਦਾ ਹੈ।
8 ਪਰਮੇਸ਼ੁਰ ਮੰਦੇ ਲੋਕਾਂ ਨੂੰ ਸਜ਼ਾ ਦੇਣ ਲਈ ਤਿਆਰ ਹੈ।
ਯਹੋਵਾਹ ਨੇ ਹੱਥਾਂ ਵਿੱਚ ਇੱਕ ਪਿਆਲਾ ਫ਼ੜਿਆ ਹੋਇਆ ਹੈ।
ਇਹ ਪਿਆਲਾ ਜ਼ਹਿਰੀਲੀ ਮੈਅ ਨਾਲ ਭਰਿਆ ਹੋਇਆ ਹੈ।
ਉਹ ਇਹ ਮੈਅ (ਸਜ਼ਾ) ਨੂੰ ਬਾਹਰ ਡੋਲ੍ਹੇਗਾ
ਅਤੇ ਮੰਦੇ ਲੋਕ ਇਸ ਨੂੰ ਆਖਰੀ ਕਤਰੇ ਤੱਕ ਪੀ ਜਾਣਗੇ।
9 ਮੈਂ ਲੋਕਾਂ ਨੂੰ ਸਦਾ ਇਨ੍ਹਾਂ ਗੱਲਾਂ ਬਾਰੇ ਦੱਸਾਂਗਾ।
ਮੈਂ ਇਸਰਾਏਲ ਦੇ ਪਰਮੇਸ਼ੁਰ ਦੀ ਉਸਤਤਿ ਗਾਵਾਂਗਾ।
10 ਪਰਮੇਸ਼ੁਰ ਆਖਦਾ ਹੈ, “ਮੈਂ ਮੰਦੇ ਲੋਕਾ ਪਾਸੋਂ ਸ਼ਕਤੀ ਖੋਹ ਲਵਾਂਗਾ,
ਅਤੇ ਮੈਂ ਨੇਕ ਬੰਦਿਆਂ ਨੂੰ ਸ਼ਕਤੀ ਦੇ ਦੇਵਾਂਗਾ।”
1 ਇਹ ਪੁਸਤਕ ਅਲਕੋਸ਼ੀ ਨਹੂਮ ਦੇ ਦਰਸ਼ਨ ਦੀ ਹੈ। ਇਹ ਨੀਨਵਾਹ ਸ਼ਹਿਰ ਲਈ ਸ਼ੋਕਮਈ ਸੰਦੇਸ਼ ਹੈ।
ਯਹੋਵਾਹ ਦਾ ਨੀਨਵਾਹ ਤੇ ਕਰੋਧ
2 ਯਹੋਵਾਹ ਈਰਖਾਲੂ ਅਤੇ ਬਦਲਾਖੋਰ ਪਰਮੇਸ਼ੁਰ ਹੈ।
ਉਹ ਦੋਸ਼ੀਆਂ ਨੂੰ ਦੰਡ ਦਿੰਦਾ
ਅਤੇ ਉਹ ਬੜਾ ਕਰੋਧਵਾਨ ਹੈ।
ਉਹ ਆਪਣੇ ਵੈਰੀਆਂ ਨੂੰ ਸਜ਼ਾ ਦਿੰਦਾ ਹੈ
ਅਤੇ ਆਪਣੇ ਵੈਰੀਆਂ ਤੇ ਕਰੋਧਵਾਨ ਰਹਿੰਦਾ ਹੈ।
3 ਯਹੋਵਾਹ ਧੀਰਜਵਾਨ ਹੈ
ਪਰ ਉਹ ਸ਼ਕਤੀਸ਼ਾਲੀ ਵੀ ਹੈ
ਅਤੇ ਉਹ ਦੋਖੀ ਮਨੁੱਖਾਂ ਨੂੰ ਸਜ਼ਾ ਦਿੱਤੇ ਬਗ਼ੈਰ ਨਹੀਂ ਬਖਸ਼ਦਾ।
ਯਹੋਵਾਹ ਬੁਰੇ ਲੋਕਾਂ ਨੂੰ ਸਜ਼ਾ ਦੇਣ ਆ ਰਿਹਾ ਹੈ।
ਉਹ ਆਪਣੀ ਤਾਕਤ ਵਿਖਾਉਣ ਲਈ ਹਨੇਰੀ ਝੱਖੜ ਤੇ ਵਾਵਰੋਲੇ ਲਿਆਵੇਗਾ ਮਨੁੱਖ ਧਰਤੀ
ਅਤੇ ਧੂੜ ਤੇ ਚਲਦਾ ਹੈ ਪਰ ਯਹੋਵਾਹ ਬੱਦਲਾਂ ’ਚ ਚਲਦਾ ਹੈ।
4 ਯਹੋਵਾਹ ਸਮੁੰਦਰ ਨੂੰ ਝਿੜਕ ਕੇ ਆਖੇਗਾ ਤਾਂ ਉਸ ਦਾ ਨੀਰ ਸੁੱਕ ਜਾਵੇਗਾ।
ਉਹ ਸਾਰੇ ਦਰਿਆਵਾਂ ਨੂੰ ਸੁਕਾਅ ਦੇਵੇਗਾ।
ਬਾਸ਼ਾਨ ਅਤੇ ਕਰਮਲ ਦੀਆਂ ਜਰੱਖੇਜ਼ ਧਰਤੀਆਂ ਸੁੱਕ ਸੜ ਜਾਂਦੀਆਂ ਹਨ।
ਲਬਾਨੋਨ ਦੇ ਫ਼ੁੱਲ ਮੁਰਝਾਅ ਜਾਂਦੇ ਹਨ।
5 ਯਹੋਵਾਹ ਆਵੇਗਾ
ਪਹਾੜ ਡਰ ਨਾਲ ਕੰਬਣਗੇ
ਅਤੇ ਟਿੱਲੇ ਪਿੰਘਰ ਜਾਣਗੇ।
ਯਹੋਵਾਹ ਆਵੇਗਾ ਤਾਂ ਧਰਤੀ ਭੈਅ ਨਾਲ ਕੰਬੇਗੀ।
ਸਿਰਫ਼ ਧਰਤੀ ਹੀ ਨਹੀਂ ਸਗੋਂ ਸਾਰੀ ਦੁਨੀਆਂ ਤੇ ਧਰਤੀ ਤੇ ਵੱਸਦੇ ਸਭ ਜੀਅ ਭੈਭੀਤ ਹੋਣਗੇ।
6 ਕੋਈ ਵੀ ਮਨੁੱਖ ਯਹੋਵਾਹ ਦੇ ਮਹਾਂਕਰੋਧ ਅੱਗੇ ਠਹਿਰ ਨਾ ਸੱਕੇਗਾ।
ਕੋਈ ਵੀ ਮਨੁੱਖ ਉਸਦਾ ਅੱਗ ਵਾਂਗ ਭਭਕਦਾ ਕਰੋਧ ਸਹਾਰ ਨਾ ਪਾਵੇਗਾ।
ਚੱਟਾਨਾਂ ਫ਼ਟ ਜਾਣਗੀਆਂ ਅਤੇ ਉਹ ਆਵੇਗਾ।
7 ਯਹੋਵਾਹ ਚੰਗਾ ਹੈ।
ਮੁਸੀਬਤ ਵੇਲੇ ਉਸਦੀ ਸ਼ਰਣ ’ਚ ਜਾਣਾ ਹੀ ਸੁਰੱਖਿਅਤ ਹੈ
ਅਤੇ ਜੋ ਉਸਤੇ ਭਰੋਸਾ ਰੱਖਦੇ ਹਨ, ਉਨ੍ਹਾਂ ਦੀ ਉਹ ਰੱਖਿਆ ਕਰਦਾ ਹੈ।
8 ਪਰ ਉਹ ਆਪਣੇ ਵੈਰੀਆਂ ਨੂੰ ਜੜੋਂ ਨਾਸ ਕਰ ਦੇਵੇਗਾ।
ਉਹ ਉਨ੍ਹਾਂ ਨੂੰ ਹੜ੍ਹ ਵਾਂਗ ਵਹਾਅ ਕੇ ਲੈ ਜਾਵੇਗਾ
ਉਹ ਆਪਣੇ ਵੈਰੀਆਂ ਨੂੰ ਹਨੇਰੇ ’ਚ ਧੱਕ ਦੇਵੇਗਾ।
9 ਤੁਸੀਂ ਯਹੋਵਾਹ ਦੇ ਖਿਲਾਫ਼ ਵਿਉਂਤਾਂ ਕਿਉਂ ਬਣਾ ਰਹੇ ਹੋ?
ਉਹ ਸਤਿਆਨਾਸ ਕਰ ਦੇਵੇਗਾ।
ਮੁਸੀਬਤ ਦੂਸਰੀ ਵਾਰ ਨਹੀਂ ਆਵੇਗੀ।
10 ਤੁਸੀਂ ਪੂਰੇ ਤਬਾਹ ਹੋ ਜਾਵੋਂਗੇ ਜਿਵੇਂ ਸੁੱਕੇ ਝਾੜ ਭੱਠੇ ਵਿੱਚ
ਸੜਦੇ ਹਨ ਤੇ ਜਲਦੀ ਭਸਮ ਹੁੰਦੇ ਹਨ।
11 ਅੱਸ਼ੂਰ, ਤੇਰੇ ਵੱਲੋਂ ਇੱਕ ਮਨੱਖ ਆਇਆ,
ਉਸ ਨੇ ਯਹੋਵਾਹ ਦੇ ਵਿਰੁੱਧ ਮਤੇ ਪਕਾਏ, ਅਤੇ ਭੈੜੀ ਮੱਤ ਦਿੱਤੀ।
12 ਯਹੋਵਾਹ ਨੇ ਯਹੂਦਾਹ ਨੂੰ ਇਹ ਗੱਲਾਂ ਆਖੀਆਂ:
“ਭਾਵੇਂ ਅੱਸ਼ੂਰ ਦੇ ਲੋਕ ਪੂਰੇ ਜ਼ੋਰ ਵਿੱਚ ਹਨ,
ਉਨ੍ਹਾਂ ਕੋਲ ਵੱਡੀ ਫ਼ੌਜ ਹੈ ਪਰ ਉਹ ਸਾਰੇ ਖਤਮ ਹੋ ਜਾਣਗੇ।
ਮੇਰੇ ਲੋਕੋ, ਮੈਂ ਤੁਹਾਨੂੰ ਦੁੱਖ ਦਿੱਤੇ,
ਪਰ ਮੈਂ ਤੁਹਾਨੂੰ ਹੋਰ ਦੁੱਖੀ ਨਾ ਹੋਣ ਦੇਵਾਂਗਾ।
13 ਹੁਣ ਮੈਂ ਤੁਹਾਨੂੰ ਆਜ਼ਾਦ ਕਰ ਦੇਵਾਂਗਾ।
ਅੱਸ਼ੂਰ ਦੇ ਤੁਸੀਂ ਹੋਰ ਗੁਲਾਮ ਨਾ ਰਹੋਁਗੇ,
ਹੁਣ ਮੈਂ ਤੇਰੇ ਮੋਢਿਆਂ ਤੋਂ ਉਹ ਭਾਰ ਲਾਹ ਸੁੱਟਾਂਗਾ
ਅਤੇ ਉਨ੍ਹਾਂ ਜਂਜੀਰਾਂ ਨੂੰ ਜੋ ਤੈਨੂੰ ਜਕੜੀ ਬੈਠੀਆਂ ਹਨ, ਭੰਨ ਸੁੱਟਾਂਗਾ।”
12 ਇਸਦਾ ਅਰਥ ਹੈ ਕਿ ਪਰਮੇਸ਼ੁਰ ਦੇ ਪਵਿੱਤਰ ਲੋਕਾਂ (ਵਿਸ਼ਵਾਸੀਆਂ) ਨੂੰ ਧੀਰਜ ਵਾਲੇ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਪਰਮੇਸ਼ੁਰ ਦੇ ਆਦੇਸ਼ ਮੰਨਣ ਅਤੇ ਯਿਸੂ ਵਿੱਚ ਆਪਣੀ ਨਿਹਚਾ ਰੱਖਣ।
13 ਫ਼ੇਰ ਮੈਂ ਸਵਰਗ ਵਿੱਚੋਂ ਇੱਕ ਅਵਾਜ਼ ਸੁਣੀ। ਅਵਾਜ਼ ਨੇ ਆਖਿਆ, “ਇਸ ਨੂੰ ਲਿਖੋ; ਧੰਨ ਹਨ ਉਹ ਲੋਕ ਜਿਹੜੇ ਹੁਣੇ ਤੋਂ ਪ੍ਰਭੂ ਵਿੱਚ ਪ੍ਰਾਣ ਹੀਣ ਹੁੰਦੇ ਹਨ।”
ਆਤਮਾ ਆਖਦਾ, “ਹਾਂ, ਇਹ ਸੱਚ ਹੈ। ਇਹ ਲੋਕ ਹੁਣ ਆਪਣੇ ਕਰੜੇ ਕੰਮ ਤੋਂ ਅਰਾਮ ਪਾਉਣਗੇ। ਜਿਹੜੇ ਕੰਮ ਉਨ੍ਹਾਂ ਨੇ ਕੀਤੇ ਹਨ ਉਨ੍ਹਾਂ ਦੇ ਨਾਲ ਰਹਿਣਗੇ।”
ਧਰਤੀ ਦੀ ਵਾਢੀ ਹੁੰਦੀ ਹੈ
14 ਮੈਂ ਤੱਕਿਆ ਅਤੇ ਮੇਰੇ ਅੱਗੇ ਇੱਕ ਚਿੱਟਾ ਬੱਦਲ ਸੀ। ਉਸ ਚਿੱਟੇ ਬੱਦਲ ਉੱਪਰ ਉਹ ਬੈਠਾ ਸੀ ਜਿਹੜਾ ਮਨੁੱਖ ਦੇ ਪੁੱਤਰ ਵਰਗਾ ਜਾਪਦਾ ਸੀ। ਉਸ ਦੇ ਸਿਰ ਤੇ ਸੁਨਿਹਰੀ ਤਾਜ ਸੀ ਅਤੇ ਉਸ ਦੇ ਹੱਥ ਵਿੱਚ ਤਿੱਖੀ ਦਾਤਰੀ ਸੀ। 15 ਫ਼ੇਰ ਇੱਕ ਹੋਰ ਦੂਤ ਮੰਦਰ ਵਿੱਚੋਂ ਬਾਹਰ ਆਇਆ। ਇਸ ਦੂਤ ਨੇ ਉਸ ਨੂੰ ਜਿਹੜਾ ਬੱਦਲ ਉੱਤੇ ਬੈਠਾ ਸੀ ਇੱਕ ਨੂੰ ਉੱਚੀ ਅਵਾਜ਼ ਵਿੱਚ ਆਖਿਆ, “ਆਪਣੀ ਦਾਤਰੀ ਲੈ ਅਤੇ ਧਰਤੀ ਦੀ ਫ਼ਸਲ ਇਕੱਠੀ ਕਰ। ਵਾਢੀ ਦਾ ਵੇਲਾ ਆ ਗਿਆ ਹੈ। ਧਰਤੀ ਦਾ ਫ਼ਲ ਪੱਕ ਚੁੱਕਿਆ ਹੈ।” 16 ਫ਼ਿਰ ਉਸ ਨੇ ਜਿਹੜਾ ਬੱਦਲ ਉੱਪਰ ਬੈਠਾ ਸੀ, ਆਪਣੀ ਦਾਤਰੀ ਧਰਤੀ ਉੱਤੇ ਸੁੱਟ ਦਿੱਤੀ। ਤੁਰੰਤ ਹੀ ਧਰਤੀ ਦੀ ਫ਼ਸਲ ਦੀ ਵਢਾਈ ਹੋ ਗਈ।
17 ਫ਼ੇਰ ਸਵਰਗ ਦੇ ਮੰਦਰ ਵਿੱਚੋਂ ਇੱਕ ਹੋਰ ਦੂਤ ਬਾਹਰ ਆਇਆ। ਇਸ ਦੂਤ ਕੋਲ ਵੀ ਤਿੱਖੀ ਦਾਤਰੀ ਸੀ। 18 ਫ਼ੇਰ ਇੱਕ ਹੋਰ ਦੂਤ ਜੱਗਵੇਦੀ ਵੱਲੋਂ ਬਾਹਰ ਆਇਆ। ਇਸ ਦੂਤ ਕੋਲ ਅੱਗ ਉੱਤੇ ਅਧਿਕਾਰ ਸੀ। ਇਸ ਦੂਤ ਨੇ ਉੱਚੀ ਅਵਾਜ਼ ਨਾਲ ਉਸ ਨੂੰ ਸੱਦਿਆ। ਜਿੱਸ ਕੋਲ ਤਿੱਖੀ ਦਾਤਰੀ ਸੀ ਅਤੇ ਆਖਿਆ, “ਆਪਣੀ ਤਿੱਖੀ ਦਾਤਰੀ ਲੈ ਅਤੇ ਧਰਤੀ ਦੇ ਅੰਗੂਰਾਂ ਦੇ ਬਾਗ ਵਿੱਚੋਂ ਅੰਗੂਰ ਤੋੜ। ਅੰਗੂਰ ਪੱਕੇ ਹੋਏ ਹਨ।” 19 ਦੂਤ ਨੇ ਆਪਣੀ ਦਾਤਰੀ ਧਰਤੀ ਵੱਲ ਵਗਾਈ। ਦੂਤ ਨੇ ਧਰਤੀ ਦੇ ਅੰਗੂਰਾਂ ਦੇ ਬਾਗ ਵਿੱਚੋਂ ਅੰਗੂਰਾਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਗੁੱਸੇ ਦੀ ਵੱਡੀ ਘੁਲਾੜੀ ਵਿੱਚ ਪਾ ਦਿੱਤਾ। 20 ਸ਼ਹਿਰ ਤੋਂ ਬਾਹਰ ਅੰਗੂਰਾਂ ਨੂੰ ਘੁਲਾੜੀ ਵਿੱਚ ਪੀੜਿਆ ਗਿਆ। ਘੁਲਾੜੀ ਵਿੱਚੋਂ ਲਹੂ ਚੋਣ ਲੱਗਾ। ਇਹ 200 ਮੀਲ ਤੱਕ ਘੋੜਿਆਂ ਦੇ ਸਿਰਾਂ ਜਿੰਨਾ ਉੱਚਾ ਉੱਠ ਗਿਆ।
2010 by World Bible Translation Center