Revised Common Lectionary (Complementary)
6 ਯਹੋਵਾਹ ਇਸਰਾਏਲ ਦਾ ਰਾਜਾ ਹੈ। ਯਹੋਵਾਹ ਸਰਬ ਸ਼ਕਤੀਮਾਨ ਇਸਰਾਏਲ ਦੀ ਰੱਖਿਆ ਕਰਦਾ ਹੈ। ਯਹੋਵਾਹ ਆਖਦਾ ਹੈ, “ਮੈਂ ਹੀ ਇੱਕ ਪਰਮੇਸ਼ੁਰ ਹਾਂ। ਹੋਰ ਕੋਈ ਦੇਵਤੇ ਨਹੀਂ ਹਨ। ਮੈਂ ਹੀ ਆਦਿ ਅਤੇ ਅੰਤ ਹਾਂ। 7 ਇੱਥੇ ਮੇਰੇ ਵਰਗਾ ਕੋਈ ਹੋਰ ਪਰਮੇਸ਼ੁਰ ਨਹੀਂ ਹੈ। ਜੇ ਇੱਥੇ ਹੈ, ਤਾਂ ਉਸ ਦੇਵਤੇ ਨੂੰ ਹੁਣ ਬੋਲਣਾ ਚਾਹੀਦਾ ਹੈ। ਉਸ ਦੇਵਤੇ ਨੂੰ ਆਉਣਾ ਚਾਹੀਦਾ ਹੈ ਅਤੇ ਇਹ ਸਬੂਤ ਦੇਣਾ ਚਾਹੀਦਾ ਹੈ ਕਿ ਉਹ ਮੇਰੇ ਵਰਗਾ ਹੈ। ਉਸ ਦੇਵਤੇ ਨੂੰ ਮੈਨੂੰ ਦੱਸਣਾ ਚਾਹੀਦਾ ਹੈ ਕਿ ਉਸ ਸਮੇਂ ਤੋਂ ਲੈ ਕੇ ਕੀ ਵਾਪਰਿਆ ਹੈ ਜਦੋਂ ਤੋਂ ਮੈਂ ਆਪਣੇ ਪ੍ਰਾਚੀਨ ਲੋਕਾਂ ਨੂੰ ਸਾਜਿਆ ਸੀ। ਉਸ ਦੇਵਤੇ ਨੂੰ ਇਹ ਦਰਸਾਉਣ ਲਈ ਸੰਕੇਤ ਦੇਣੇ ਚਾਹੀਦੇ ਹਨ ਕਿ ਉਹ ਭਵਿੱਖ ਵਿੱਚ ਵਾਪਰਨ ਬਾਰੇ ਜਾਣਦਾ ਹੈ।
8 “ਭੈਭੀਤ ਨਾ ਹੋਵੋ! ਫ਼ਿਕਰ ਨਾ ਕਰੋ। ਮੈਂ ਹਮੇਸ਼ਾ ਤੁਹਾਨੂੰ ਦੱਸਿਆ ਹੈ ਕਿ ਕੀ ਵਾਪਰੇਗਾ। ਤਸੀਁ ਮੇਰੇ ਗਵਾਹ ਹੋ। ਇੱਥੇ ਕੋਈ ਦੂਸਰਾ ਪਰਮੇਸ਼ੁਰ ਨਹੀਂ ਹੈ ਸਿਰਫ਼ ਮੈਂ ਹੀ ਹਾਂ ਇੱਕ। ਇੱਥੇ ਕੋਈ ਹੋਰ ‘ਆਸਰਾ’ ਨਹੀਂ ਹੈ ਮੈਂ ਜਾਣਦਾ ਹਾਂ ਕਿ ਸਿਰਫ਼ ਮੈਂ ਹੀ ਹਾਂ ਉਹ।”
11 ਯਹੋਵਾਹ, ਮੈਨੂੰ ਆਪਣੇ ਰਾਹਾਂ ਦੀ ਸਿੱਖਿਆ ਦੇਵੋ,
ਮੈਂ ਜੀਵਾਂਗਾ ਅਤੇ ਤੁਹਾਡੀ ਸਚਿਆਈ ਨੂੰ ਮੰਨਾਂਗਾ।
ਮੇਰੀ ਸਹਾਇਤਾ ਕਰੋ ਕਿ ਮੈਂ ਤੁਹਾਡੇ ਨਾਮ ਦੀ ਉਪਾਸਨਾ ਨੂੰ ਆਪਣੇ ਜੀਵਨ
ਦੀ ਸਭ ਤੋਂ ਮਹੱਤਵਪੂਰਣ ਚੀਜ਼ ਬਣਾ ਸੱਕਾਂ।
12 ਪਰਮੇਸ਼ੁਰ ਮੇਰੇ ਮਾਲਕ ਮੈਂ ਆਪਣੇ ਸਾਰੇ ਅਤੇ ਪੂਰੇ ਮਨ ਨਾਲ ਤੁਹਾਡੀ ਉਸਤਤਿ ਕਰਦਾ ਹਾਂ।
ਮੈਂ ਸਦਾ ਲਈ ਤੁਹਾਡੇ ਨਾਮ ਦਾ ਆਦਰ ਕਰਾਂਗਾ।
13 ਹੇ ਪਰਮੇਸ਼ੁਰ, ਤੁਹਾਨੂੰ ਮੇਰੇ ਲਈ ਇੰਨਾ ਸਾਰਾ ਪਿਆਰ ਹੈ।
ਤੁਸੀਂ ਮੈਨੂੰ ਮਿਰਤੂ ਲੋਕ ਤੋਂ ਬਚਾਉਂਦੇ ਹੋ।
14 ਹੇ ਪਰਮੇਸ਼ੁਰ, ਗੁਮਾਨੀ ਲੋਕ ਮੇਰੇ ਉੱਤੇ ਹਮਲਾ ਕਰਦੇ ਹਨ।
ਜ਼ਾਲਮ ਆਦਿਮਆਂ ਦਾ ਟੋਲਾ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਅਤੇ ਉਹ ਲੋਕ ਤੁਹਾਡੀ ਇੱਜ਼ਤ ਨਹੀਂ ਕਰਦੇ।
15 ਹੇ ਮਾਲਕ ਤੁਸੀਂ ਦਯਾ ਅਤੇ ਕਿਰਪਾ ਦੇ ਪਰਮੇਸ਼ੁਰ ਹੋ।
ਤੁਸੀਂ ਸਬਰ ਵਾਲੇ ਹੋਂ, ਤੁਸੀਂ ਵਫ਼ਾਦਾਰੀ ਅਤੇ ਪਿਆਰ ਨਾਲ ਭਰਪੂਰ ਹੋ।
16 ਹੇ ਪਰਮੇਸ਼ੁਰ, ਦਰਸਾ ਦਿਉ ਕਿ ਤੁਸੀਂ ਮੈਨੂੰ ਸੁਣਦੇ ਹੋ, ਅਤੇ ਮੇਰੇ ਉੱਤੇ ਮਿਹਰਬਾਨ ਹੋਵੋ।
ਮੈਂ ਤੁਹਾਡਾ ਸੇਵਕ ਹਾਂ, ਮੈਨੂੰ ਸ਼ਕਤੀ ਦਿਉ।
ਮੈਂ ਤੁਹਾਡਾ ਸੇਵਕ ਹਾਂ, ਮੇਰੀ ਰੱਖਿਆ ਕਰੋ।
17 ਹੇ ਪਰਮੇਸ਼ੁਰ, ਇਹ ਦਰਸਾਉਣ ਲਈ ਸੰਕੇਤ ਦਿਉ ਕਿ ਤੁਸੀਂ ਮੇਰੀ ਸਹਾਇਤਾ ਕਰੋਂਗੇ।
ਇਸ ਨਾਲ ਪਤਾ ਚੱਲੇਗਾ ਕਿ ਤੁਸੀਂ ਮੇਰੀ ਪ੍ਰਾਰਥਨਾ ਸੁਣ ਲਈ
ਅਤੇ ਇਹ ਵੀ ਕਿ ਤੁਸੀਂ ਮੇਰੀ ਸਹਾਇਤਾ ਕਰੋਂਗੇ।
12 ਇਸ ਲਈ, ਮੇਰੇ ਭਰਾਵੋ ਅਤੇ ਭੈਣੋ, ਸਾਨੂੰ ਆਪਣੇ ਪਾਪੀ ਸੁਭਾਅ ਦੇ ਵਸ ਨਹੀਂ ਹੋਣਾ ਚਾਹੀਦਾ। ਅਤੇ ਸਾਨੂੰ ਆਪਣੇ ਪਾਪੀ ਸੁਭਾਅ ਦੀਆਂ ਇੱਛਾਵਾਂ ਅਨੁਸਾਰ ਜਿਉਣਾ ਨਹੀਂ ਚਾਹੀਦਾ। 13 ਜੇਕਰ ਤੁਸੀਂ ਆਪਣੇ ਪਾਪੀ ਸੁਭਾਅ ਦੇ ਅਨੁਸਾਰ ਜੀਵੋਂਗੇ, ਤਾਂ ਤੁਸੀਂ ਆਤਮਕ ਤੌਰ ਤੇ ਮਰ ਜਾਵੋਂਗੇ ਪਰ ਜੇਕਰ ਤੁਸੀਂ ਆਪਣੇ ਸਰੀਰ ਨਾਲ ਗਲਤ ਕੰਮ ਕਰਨ ਨੂੰ ਰੋਕਣ ਲਈ ਆਤਮਾ ਦੀ ਮਦਦ ਲਵੋਂਗੇ, ਫ਼ੇਰ ਤੁਸੀਂ ਜੀਵਨ ਪ੍ਰਾਪਤ ਕਰੋਂਗੇ।
14 ਪਰਮੇਸ਼ੁਰ ਦੀ ਸੱਚੀ ਔਲਾਦ ਉਹੀ ਹਨ ਜੋ ਪਰਮੇਸ਼ੁਰ ਦੇ ਆਤਮਾ ਦੇ ਮਗਰ ਚੱਲਦੇ ਹਨ। 15 ਕਿਉਂਕਿ ਤੁਹਾਨੂੰ ਗੁਲਾਮੀ ਦਾ ਆਤਮਾ ਨਹੀਂ ਮਿਲਿਆ ਤਾਂ ਜੋ ਤੁਸੀਂ ਫ਼ਿਰ ਤੋਂ ਡਰੋ। ਜਿਹੜਾ ਆਤਮਾ ਤੁਹਾਡੇ ਕੋਲ ਹੈ ਉਹ ਤੁਹਾਨੂੰ ਪਰਮੇਸ਼ੁਰ ਦੇ ਚੁਣੇ ਹੋਏ ਬੰਦੇ ਬਣਾਉਂਦਾ ਹੈ। ਉਸ ਆਤਮਾ ਨਾਲ ਅਸੀਂ ਨਿਡਰਤਾ ਨਾਲ, ਆਖਦੇ ਹਾਂ, “ਅੱਬਾ, ਪਿਆਰੇ ਪਿਤਾ।” 16 ਅਤੇ ਉਹ ਆਤਮਾ ਆਪੇ ਹੀ ਸਾਡੇ ਆਤਮਾ ਨਾਲ ਜੁੜ ਜਾਂਦਾ ਹੈ ਅਤੇ ਤਸਦੀਕ ਕਰਦਾ ਹੈ ਕਿ ਅਸੀਂ ਪਰਮੇਸ਼ੁਰ ਦੇ ਬੱਚੇ ਹਾਂ। 17 ਜੇਕਰ ਅਸੀਂ ਪਰਮੇਸ਼ੁਰ ਦੀ ਔਲਾਦ ਹਾਂ ਤਾਂ ਅਸੀਂ ਉਹ ਬਖਸ਼ਿਸ਼ ਜ਼ਰੂਰ ਪਾਵਾਂਗੇ ਜੋ ਉਸ ਨੇ ਆਪਣੇ ਬੱਚਿਆਂ ਲਈ ਰੱਖੀ ਹੈ। ਅਸੀਂ ਉਹ ਅਸੀਸਾਂ ਪਰਮੇਸ਼ੁਰ ਤੋਂ ਮਸੀਹ ਦੇ ਸਮੇਤ ਪਾਵਾਂਗੇ। ਪਰ ਪਹਿਲਾਂ ਜਿਵੇਂ ਮਸੀਹ ਨੂੰ ਤਸੀਹੇ ਸਹਿਣੇ ਪਏ ਸਨ ਸਾਨੂੰ ਵੀ ਸਹਿਣੇ ਪੈਣਗੇ। ਤਾਂ ਫ਼ੇਰ ਸਾਨੂੰ ਵੀ ਮਸੀਹ ਦੀ ਮਹਿਮਾ ਦੀ ਤਰ੍ਹਾਂ ਮਹਿਮਾ ਪ੍ਰਾਪਤ ਹੋਵੇ।
ਸਾਨੂੰ ਭਵਿੱਖ ਵਿੱਚ ਮਹਿਮਾ ਮਿਲੇਗੀ
18 ਹੁਣ ਦਾ ਸਮਾਂ ਕਸ਼ਟਮਈ ਹੈ। ਪਰ ਇਹ ਕਸ਼ਟ ਆਉਣ ਵਾਲੇ ਸਮੇਂ ਵਿੱਚ ਜੋ ਮਹਿਮਾ ਸਾਨੂੰ ਮਿਲਣੀ ਹੈ ਉਸ ਸਾਹਮਣੇ ਕੁਝ ਵੀ ਨਹੀਂ ਹਨ। 19 ਪੂਰੀ ਸ੍ਰਿਸ਼ਟੀ ਉਤਸੁਕਤਾਪੂਰਵਕ ਅਤੇ ਪਰਮੇਸ਼ੁਰ ਦੇ ਬੱਚਿਆਂ ਦੇ ਪ੍ਰਗਟ ਹੋਣ ਦਾ ਇੰਤਜ਼ਾਰ ਕਰ ਰਹੀ ਹੈ। 20 ਸਾਰੀ ਸ੍ਰਿਸ਼ਟੀ ਨੂੰ ਇਸ ਤਰ੍ਹਾਂ ਬਦਲਿਆ ਗਿਆ ਜਿਵੇਂ ਇਹ ਪੂਰਨ ਵਿਅਰਥ ਸੀ। ਇਹ ਆਪਣੀ ਖੁਦ ਦੀ ਇੱਛਾ ਨਾਲ ਨਹੀਂ ਬਦਲੀ ਸਗੋਂ ਉਸਦੀ ਇੱਛਾ ਨਾਲ ਬਦਲੀ ਜਿਸਨੇ ਇਸਦਾ ਨਿਆਂ ਕੀਤਾ। 21 ਉੱਥੇ ਆਸ ਸੀ ਕਿ ਪੂਰੀ ਸ੍ਰਿਸ਼ਟੀ ਵਿਨਾਸ਼ ਤੋਂ ਆਜ਼ਾਦ ਕੀਤੀ ਜਾਵੇਗੀ ਅਤੇ ਅਜ਼ਾਦੀ ਅਤੇ ਮਹਿਮਾ ਪਵੇਗੀ ਜੋ ਪਰਮੇਸ਼ੁਰ ਦੇ ਬੱਚਿਆਂ ਨਾਲ ਸੰਬੰਧਿਤ ਹੈ।
22 ਅਸੀਂ ਜਾਣਦੇ ਹਾਂ ਕਿ ਸਾਰੀ ਸ੍ਰਿਸ਼ਟੀ, ਇਸ ਪਲ ਤੱਕ ਵੀ, ਇੱਕ ਔਰਤ ਦੀ ਗਰਭਾਵਸਥਾ ਦੇ ਸਮੇਂ ਦੇ ਦਰਦ ਵਾਂਗ ਹੌਂਕੇ ਭਰ ਰਹੀ ਹੈ। 23 ਸਿਰਫ਼ ਸ੍ਰਿਸ਼ਟੀ ਹੀ ਨਹੀਂ, ਸਗੋਂ ਅਸੀਂ ਵੀ ਅੰਦਰੋਂ ਹੌਂਕੇ ਭਰ ਰਹੇ ਹਾਂ। ਅਸੀਂ ਆਤਮਾ ਨੂੰ ਪਰਮੇਸ਼ੁਰ ਦੇ ਵਚਨ ਦੇ ਪਹਿਲੇ ਫ਼ਲ ਦੀ ਤਰ੍ਹਾਂ ਪ੍ਰਾਪਤ ਕੀਤਾ ਹੈ। ਇਸ ਲਈ ਅਸੀਂ ਖੁਦ ਆਪਣੇ ਅੰਦਰੋਂ ਹੌਂਕੇ ਭਰ ਰਹੇ ਹਾਂ ਅਤੇ ਪਰਮੇਸ਼ੁਰ ਦੇ ਆਪਣੇ ਪੁੱਤਰ ਬਣ ਜਾਣ ਦਾ ਇੰਤਜ਼ਾਰ ਕਰ ਰਹੇ ਹਾਂ। ਦੂਜੇ ਸ਼ਬਦਾਂ ਵਿੱਚ, ਅਸੀਂ ਆਪਣੇ ਸਰੀਰਾਂ ਦੇ ਛੁਟਕਾਰੇ ਦਾ ਇੰਤਜ਼ਾਰ ਕਰ ਰਹੇ ਹਾਂ। 24 ਅਸੀਂ ਬਚਾਏ ਗਏ ਅਤੇ ਇਸ ਲਈ ਸਾਨੂੰ ਇਹ ਆਸ ਹੈ। ਪਰ ਜਿਹੜੀ ਆਸ ਅਸੀਂ ਵੇਖੀ ਹੈ ਉਹ ਸੱਚ ਮੁੱਚ ਆਸ ਨਹੀਂ ਹੈ, ਕਿਉਂਕਿ ਕੋਈ ਉਸਦੀ ਆਸ ਕਿਉਂ ਕਰੇਗਾ ਜੋ ਪਹਿਲਾਂ ਹੀ ਉਸ ਨੇ ਵੇਖੀ ਹੋਈ ਹੈ। 25 ਪਰ ਅਸੀਂ ਉਹ ਆਸ ਕਰ ਰਹੇ ਹਾਂ ਜੋ ਹਾਲੇ ਸਾਡੇ ਕੋਲ ਨਹੀਂ ਹੈ ਅਤੇ ਅਸੀਂ ਇਸ ਵਾਸਤੇ ਸਹਿਜਤਾ ਨਾਲ ਇੰਤਜ਼ਾਰ ਕਰ ਰਹੇ ਹਾਂ।
ਕਣਕ ਅਤੇ ਜੰਗਲੀ ਬੂਟੀ ਬਾਰੇ ਦ੍ਰਿਸ਼ਟਾਂਤ
24 ਉਸ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦੇਕੇ ਆਖਿਆ, “ਸਵਰਗ ਦਾ ਰਾਜ ਇੱਕ ਅਜਿਹੇ ਮਨੁੱਖ ਵਰਗਾ ਹੈ ਜਿਸਨੇ ਆਪਣੇ ਖੇਤ ਵਿੱਚ ਚੰਗਾ ਬੀਜ ਬੀਜਿਆ। 25 ਪਰ ਜਦੋਂ ਸਾਰੇ ਲੋਕ ਸੁੱਤੇ ਹੋਏ ਸਨ, ਉਸਦਾ ਵੈਰੀ ਆਇਆ ਅਤੇ ਉਸਦੀ ਕਣਕ ਵਿੱਚ ਜੰਗਲੀ ਬੂਟੀ ਬੀਜਕੇ ਚੱਲਿਆ ਗਿਆ। 26 ਕਣਕ ਵੱਧੀ ਅਤੇ ਕਣਕ ਦੇ ਸਿੱਟੇ ਵੀ ਵੱਧੇ। ਅਤੇ ਉਸ ਦੇ ਨਾਲ ਜੰਗਲੀ ਬੂਟੀ ਵੀ ਵੱਧੀ। 27 ਫ਼ੇਰ ਮਾਲਕ ਦੇ ਨੋਕਰ ਉਸ ਕੋਲ ਆਏ ਅਤੇ ਆਖਿਆ, ‘ਸ਼੍ਰੀਮਾਨ ਜੀ, ਕੀ ਤੁਸੀਂ ਆਪਣੇ ਖੇਤ ਵਿੱਚ ਚੰਗੇ ਬੀਜ ਨਹੀਂ ਬੀਜੇ? ਤਾਂ ਫ਼ੇਰ ਜੰਗਲੀ ਬੂਟੀ ਕਿੱਥੋਂ ਆਈ?’
28 “ਮਨੁੱਖ ਨੇ ਜਵਾਬ ਦਿੱਤਾ, ‘ਕਿਸੇ ਵੈਰੀ ਨੇ ਅਜਿਹਾ ਕੀਤਾ ਹੈ।’
“ਨੋਕਰਾਂ ਨੇ ਪੁੱਛਿਆ, ‘ਕੀ ਸਾਨੂੰ ਜੰਗਲੀ ਬੂਟੀਆਂ ਨੂੰ ਇਕੱਠਾ ਕਰਨ ਜਾਣਾ ਚਾਹੀਦਾ ਹੈ?’
29 “ਮਨੁੱਖ ਨੇ ਜਵਾਬ ਦਿੱਤਾ, ‘ਨਹੀਂ, ਜਦੋਂ ਤੁਸੀਂ ਜੰਗਲੀ ਬੂਟੀ ਨੂੰ ਪੁੱਟੋਂਗੇ ਤਾਂ ਹੋ ਸੱਕਦਾ ਹੈ ਕਿ ਤੁਸੀਂ ਕਣਕ ਨੂੰ ਵੀ ਪੁੱਟ ਸੁੱਟੋਂ। 30 ਇਸ ਲਈ ਵਾਢੀ ਤੱਕ ਤੁਸੀਂ ਦੋਹਾਂ ਨੂੰ ਰਲੇ-ਮਿਲੇ ਵੱਧਣ ਦਿਓ ਅਤੇ ਵਾਢੀ ਦੇ ਵੇਲੇ, ਮੈਂ ਕਾਮਿਆਂ ਨੂੰ ਆਖਾਂਗਾ, ਪਹਿਲਾਂ ਜੰਗਲੀ ਬੂਟੀ ਨੂੰ ਇਕੱਠਾ ਕਰੋ ਅਤੇ ਫ਼ੂਕਣ ਲਈ ਉਸਦਾ ਪੂਲਾ ਬੰਨ੍ਹੋ। ਅਤੇ ਫ਼ੇਰ ਕਣਕ ਨੂੰ ਇਕੱਠਾ ਕਰਕੇ ਮੇਰੇ ਕੋਠੇ ਵਿੱਚ ਜਮ੍ਹਾਂ ਕਰੋ।’”
ਯਿਸੂ ਕਣਕ ਅਤੇ ਜੰਗਲੀ ਬੂਟੀ ਬਾਰੇ ਦ੍ਰਿਸ਼ਟਾਂਤ ਦੀ ਵਿਆਖਿਆ ਕਰਦਾ
36 ਫ਼ਿਰ ਯਿਸੂ ਨੇ ਲੋਕਾਂ ਨੂੰ ਵਿਦਾ ਕੀਤਾ ਅਤੇ ਘਰ ਆ ਗਿਆ ਉਸ ਦੇ ਚੇਲੇ ਉਸ ਕੋਲ ਆਏ ਅਤੇ ਆਖਿਆ, “ਸਾਨੂੰ ਖੇਤ ਦੀ ਜੰਗਲੀ ਬੂਟੀ ਦੀ ਦ੍ਰਿਸ਼ਟਾਂਤ ਦੀ ਵਿਆਖਿਆ ਕਰਕੇ ਦੱਸ।”
37 ਉਸ ਨੇ ਜਵਾਬ ਦਿੱਤਾ, “ਜਿਸ ਵਿਅਕਤੀ ਨੇ ਚੰਗਾ ਬੀਜ ਬੀਜਿਆ ਉਹ ਮਨੁੱਖ ਦਾ ਪੁੱਤਰ ਹੈ। 38 ਖੇਤ ਦੁਨੀਆਂ ਹੈ ਅਤੇ ਚੰਗੇ ਬੀਜ, ਹਕੂਮਤ ਦੇ ਪੁੱਤਰ ਹਨ। ਅਤੇ ਜੰਗਲੀ ਬੂਟੀਆਂ ਦੁਸ਼ਟ ਦੇ ਪੁੱਤਰ ਹਨ। 39 ਅਤੇ ਉਹ ਵੈਰੀ ਜਿਸਨੇ ਉਨ੍ਹਾਂ ਨੂੰ ਬੀਜਿਆ ਉਹ ਸ਼ੈਤਾਨ ਹੈ। ਵਾਢੀ ਦਾ ਵੇਲਾ ਜੁਗ ਦੇ ਅੰਤ ਦਾ ਸਮਾਂ ਹੈ ਅਤੇ ਵੱਢਣ ਵਾਲੇ ਪਰਮੇਸ਼ੁਰ ਦੇ ਦੂਤ ਹਨ।
40 “ਸੋ ਜਿਸ ਪ੍ਰਕਾਰ ਜੰਗਲੀ ਬੂਟੀ ਇਕੱਠੀ ਕੀਤੀ ਜਾਂਦੀ ਹੈ ਅਤੇ ਅੱਗ ਵਿੱਚ ਫ਼ੂਕੀ ਜਾਂਦੀ ਹੈ, ਇਸੇ ਤਰ੍ਹਾਂ ਇਸ ਜੁਗ ਦੇ ਅੰਤ ਦੇ ਸਮੇਂ ਹੋਵੇਗਾ। 41 ਮਨੁੱਖ ਦਾ ਪੁੱਤਰ ਆਪਣਿਆਂ ਦੂਤਾਂ ਨੂੰ ਆਪਣੇ ਰਾਜ ਵਿੱਚੋਂ ਪਾਪ ਕਰਾਉਣ ਦੇ ਸਾਰੇ ਕਾਰਣਾ ਅਤੇ ਭੈੜੀਆਂ ਵਸਤਾਂ ਅਤੇ ਪਾਪੀਆਂ ਤੇ ਸਾਰੇ ਕੁਕਰਮੀਆਂ ਨੂੰ ਇਕੱਠਿਆਂ ਕਰਨ ਲਈ ਘੱਲੇਗਾ। 42 ਉਹ ਉਨ੍ਹਾਂ ਨੂੰ ਅੱਗ ਦੇ ਭਠੇ ਵਿੱਚ ਸੁੱਟ ਦੇਣਗੇ। ਉੱਥੇ ਉਹ ਲੋਕ ਰੋਣਗੇ ਅਤੇ ਆਪਣੇ ਦੰਦ ਪੀਸਣਗੇ। 43 ਤਦ ਧਰਮੀ ਲੋਕ ਆਪਣੇ ਪਿਤਾ ਦੇ ਰਾਜ ਵਿੱਚ ਸੂਰਜ ਵਾਂਗ ਚਮਕਣਗੇ। ਜਿਹੜੇ ਲੋਕ ਸੁਣ ਸੱਕਦੇ ਹਨ ਸੁਨਣ।
2010 by World Bible Translation Center