Revised Common Lectionary (Complementary)
ਮੰਦਰ ਜਾਣ ਵੇਲੇ ਦਾਊਦ ਦਾ ਇੱਕ ਗੀਤ।
131 ਯਹੋਵਾਹ, ਮੈਂ ਗੁਮਾਨੀ ਨਹੀਂ ਹਾਂ।
ਮੈਂ ਮਹੱਤਵਪੂਰਣ ਹੋਂਣ ਦਾ ਦਿਖਾਵਾ ਨਹੀਂ ਕਰਦਾ।
ਮੈਂ ਮਹਾਨ ਕੰਮ ਕਰਨ ਦੀ ਕੋਸ਼ਿਸ਼ ਨਹੀਂ ਕਰਦਾ।
ਮੈਂ ਉਨ੍ਹਾਂ ਗੱਲਾਂ ਬਾਰੇ ਫ਼ਿਕਰ ਨਹੀਂ ਕਰਦਾ ਜਿਹੜੀਆਂ ਮੇਰੇ ਵਾਸਤੇ ਮੁਸ਼ਕਿਲ ਹਨ।
2 ਮੈਂ ਸ਼ਾਂਤ ਹਾਂ। ਮੇਰੀ ਰੂਹ ਸ਼ਾਂਤ ਹੈ।
ਮੇਰੀ ਰੂਹ ਸ਼ਾਂਤ ਅਤੇ ਚੁੱਪ ਹੈ।
ਜਿਵੇਂ ਕੋਈ ਬੱਚਾ ਆਪਣੀ ਮਾਂ ਦੀ ਗੋਦ ਵਿੱਚ ਸੰਤੁਸ਼ਟ ਹੋਵੇ।
3 ਇਸਰਾਏਲ, ਯਹੋਵਾਹ ਉੱਤੇ ਵਿਸ਼ਵਾਸ ਕਰ।
ਹੁਣ ਉਸ ਉੱਤੇ ਵਿਸ਼ਵਾਸ ਕਰ ਅਤੇ ਸਦਾ ਲਈ ਵਿਸ਼ਵਾਸ ਕਰ।
ਲੰਗੋਟੀ ਦਾ ਨਿਸ਼ਾਨ
13 ਇਹੀ ਸੀ ਜੋ ਯਹੋਵਾਹ ਨੇ ਮੈਨੂੰ ਆਖਿਆ ਸੀ, “ਯਿਰਮਿਯਾਹ ਜਾਹ ਜਾਕੇ ਕੱਪੜੇ ਦੀ ਲੰਗੋਟੀ ਖਰੀਦ। ਫ਼ੇਰ ਇਸ ਨੂੰ ਆਪਣੇ ਲੱਕ ਦੁਆਲੇ ਲਪੇਟ। ਲੰਗੋਟੀ ਨੂੰ ਭਿੱਜਣ ਨਾ ਦੇਵੀਂ।”
2 ਇਸ ਲਈ ਮੈਂ ਕਪੜੇ ਦੀ ਲੰਗੋਟੀ ਖਰੀਦੀ ਜਿਹਾ ਕਿ ਯਹੋਵਾਹ ਨੇ ਮੈਨੂੰ ਖਰੀਦਣ ਲਈ ਆਖਿਆ ਸੀ। ਅਤੇ ਮੈਂ ਇਸ ਨੂੰ ਆਪਣੇ ਲੱਕ ਦੁਆਲੇ ਲਪੇਟ ਲਿਆ। 3 ਫ਼ੇਰ ਮੈਨੂੰ ਯਹੋਵਾਹ ਦਾ ਸੰਦੇਸ਼ ਦੋਬਾਰਾ ਮਿਲਿਆ। 4 ਸੰਦੇਸ਼ ਇਹ ਸੀ: “ਯਿਰਮਿਯਾਹ ਉਹ ਲੰਗੋਟੀ ਲੈ ਜਾ ਜੋ ਤੂੰ ਖਰੀਦੀ ਅਤੇ ਪਹਿਨੀ ਹੋਈ ਹੈ, ਅਤੇ ਫਰਾਤ ਵੱਲ ਜਾਹ। ਓੱਥੇ ਚੱਟਾਨਾਂ ਦੀਆਂ ਤ੍ਰੇੜਾਂ ਵਿੱਚ ਲੰਗੋਟੀ ਨੂੰ ਛੁਪਾ ਦੇਵੀਂ।”
5 ਇਸ ਲਈ ਮੈਂ ਫਰਾਤ ਗਿਆ ਅਤੇ ਜਿਵੇਂ ਯਹੋਵਾਹ ਨੇ ਮੈਨੂੰ ਆਖਿਆ ਸੀ ਮੈਂ ਲੰਗੋਟੀ ਛੁਪਾ ਦਿੱਤੀ। 6 ਕਈ ਦਿਨਾਂ ਮਗਰੋਂ, ਯਹੋਵਾਹ ਨੇ ਮੈਨੂੰ ਆਖਿਆ, “ਹੁਣ ਯਿਰਮਿਯਾਹ, ਫਰਾਤ ਨੂੰ ਜਾਹ। ਉਸ ਲੰਗੋਟੀ ਨੂੰ ਲੈ ਕੇ ਆ ਜਿਹੜੀ ਮੈਂ ਤੈਨੂੰ ਓੱਥੇ ਛੁਪਾਉਣ ਲਈ ਆਖਿਆ ਸੀ।”
7 ਇਸ ਲਈ ਮੈਂ ਫਰਾਤ ਗਿਆ ਅਤੇ ਪੁੱਟ ਕੇ ਲੰਗੋਟੀ ਕੱਢ ਲਈ। ਮੈਂ ਇਸ ਨੂੰ ਚੱਟਾਨਾਂ ਦੀਆਂ ਜਿਨ੍ਹਾਂ ਤ੍ਰੇੜਾਂ ਵਿੱਚ ਛੁਪਾਇਆ ਸੀ ਉੱਥੋਂ ਕੱਢ ਲਿਆ। ਪਰ ਹੁਣ ਮੈਂ ਲੰਗੋਟੀ ਨੂੰ ਪਹਿਨ ਨਹੀਂ ਸੱਕਦਾ ਸਾਂ ਕਿਉਂ ਕਿ ਇਹ ਬਰਬਾਦ ਹੋ ਚੁੱਕੀ ਸੀ। ਇਹ ਕਿਸੇ ਕੰਮ ਦੀ ਨਹੀਂ ਸੀ।
8 ਫ਼ੇਰ ਮੈਨੂੰ ਯਹੋਵਾਹ ਦਾ ਸੰਦੇਸ਼ ਮਿਲਿਆ। 9 ਯਹੋਵਾਹ ਨੇ ਇਹ ਆਖਿਆ, “ਜਿਵੇਂ ਕਿ ਲੰਗੋਟੀ ਖਰਾਬ ਹੋ ਜਾਂਦੀ ਹੈ ਅਤੇ ਕਿਸੇ ਕੰਮ ਦੀ ਨਹੀਂ ਰਹਿੰਦੀ, ਮੈਂ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਦਾ ਝੂਠਾ ਘੁਮੰਡ ਬਰਬਾਦ ਕਰ ਦਿਆਂਗਾ। 10 ਮੈਂ ਯਹੂਦਾਹ ਦੇ ਉਨ੍ਹਾਂ ਗੁਮਾਨੀ ਅਤੇ ਮੰਦੇ ਲੋਕਾਂ ਨੂੰ ਤਬਾਹ ਕਰ ਦਿਆਂਗਾ। ਉਹ ਮੇਰੇ ਸੰਦੇਸ਼ਾਂ ਨੂੰ ਸੁਣਨ ਤੋਂ ਇਨਕਾਰ ਕਰਦੇ ਹਨ। ਉਹ ਜ਼ਿੱਦੀ ਹਨ ਅਤੇ ਸਿਰਫ਼ ਮਨ ਆਈਆਂ ਗੱਲਾਂ ਕਰਦੇ ਹਨ। ਉਹ ਹੋਰਨਾਂ ਦੇਵਤਿਆਂ ਦੇ ਅਨੁਯਾਈ ਹਨ ਅਤੇ ਉਨ੍ਹਾਂ ਦੀ ਉਪਾਸਨਾ ਕਰਦੇ ਹਨ। ਯਹੂਦਾਹ ਦੇ ਉਹ ਲੋਕ ਇਸ ਕਪੜੇ ਦੀ ਲੰਗੋਟੀ ਵਰਗੇ ਹੋ ਜਾਣਗੇ। ਉਹ ਤਬਾਹ ਹੋ ਜਾਣਗੇ ਅਤੇ ਕਿਸੇ ਵੀ ਕੰਮ ਦੇ ਨਹੀਂ ਰਹਿਣਗੇ। 11 ਬੰਦਾ ਲੰਗੋਟੀ ਨੂੰ ਆਪਣੇ ਲੱਕ ਨਾਲ ਕਸੱਕੇ ਬਂਨ੍ਹਦਾ ਹੈ। ਓਸੇ ਤਰ੍ਹਾਂ ਮੈਂ ਇਸਰਾਏਲ ਦੇ ਸਾਰੇ ਪਰਿਵਾਰ ਅਤੇ ਯਹੂਦਾਹ ਦੇ ਸਾਰੇ ਪਰਿਵਾਰ ਨੂੰ ਆਪਣੇ ਦੁਆਲੇ ਕਸ ਕੇ ਬੰਨ੍ਹਿਆ ਸੀ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ। “ਅਜਿਹਾ ਮੈਂ ਇਸ ਲਈ ਕੀਤਾ ਸੀ ਤਾਂ ਜੋ ਉਹ ਲੋਕ ਮੇਰੇ ਬੰਦੇ ਬਣਨ। ਫ਼ੇਰ ਮੇਰੇ ਬੰਦੇ ਮੇਰੇ ਲਈ ਪ੍ਰਸਿੱਧੀ, ਉਸਤਤ ਅਤੇ ਇੱਜ਼ਤ ਦਾ ਕਾਰਣ ਬਨਣਗੇ। ਪਰ ਮੇਰੇ ਬੰਦਿਆਂ ਨੇ ਮੇਰੀ ਗੱਲ ਨਹੀਂ ਸੁਣੀ।”
ਯਿਸੂ ਆਪਣੇ ਚੇਲਿਆਂ ਦੇ ਪੈਰ ਧੋਂਦਾ ਹੈ
13 ਇਹ ਸਮਾਂ ਤਕਰੀਬਨ ਯਹੂਦੀਆਂ ਦੇ ਪਸਾਹ ਦੇ ਤਿਉਹਾਰ ਲਈ ਸੀ ਅਤੇ ਯਿਸੂ ਜਾਣਦਾ ਸੀ ਕਿ ਇਹ ਉਸਦਾ ਜਗਤ ਨੂੰ ਛੱਡਣ ਦਾ ਅਤੇ ਆਪਣੇ ਪਿਤਾ ਕੋਲ ਜਾਣ ਦਾ ਸਮਾਂ ਸੀ। ਜਿਹੜੇ ਲੋਕ ਇਸ ਜਗਤ ਵਿੱਚ ਉਸ ਦੇ ਨੇੜੇ ਸਨ ਯਿਸੂ ਨੇ ਹਮੇਸ਼ਾ ਉਨ੍ਹਾਂ ਨੂੰ ਪਿਆਰ ਕੀਤਾ ਸੀ ਅਤੇ ਉਸ ਨੇ ਅਜਿਹੇ ਲੋਕਾਂ ਨੂੰ ਅੰਤ ਤੀਕ ਪਿਆਰ ਕੀਤਾ।
2 ਯਿਸੂ ਅਤੇ ਉਸ ਦੇ ਚੇਲੇ ਰਾਤ ਦਾ ਭੋਜਨ ਕਰ ਰਹੇ ਸਨ। ਸ਼ੈਤਾਨ ਪਹਿਲਾਂ ਹੀ ਸ਼ਮਊਨ ਦੇ ਪੁੱਤਰ ਯਹੂਦਾ ਇਸੱਕਰਿਯੋਤੀ ਨੂੰ ਯਿਸੂ ਨੂੰ ਧੋਖਾ ਦੇਣ ਲਈ ਪ੍ਰੇਰਿਤ ਕਰ ਚੁੱਕਿਆ ਸੀ। 3 ਯਿਸੂ ਜਾਣਦਾ ਸੀ ਕਿ ਪਿਤਾ ਨੇ ਉਸ ਨੂੰ ਸਭ ਕਾਸੇ ਉੱਤੇ ਅਧਿਕਾਰ ਦਿੱਤਾ ਹੋਇਆ ਸੀ। ਉਹ ਇਹ ਵੀ ਜਾਣਦਾ ਸੀ ਕਿ ਉਹ ਪਰਮੇਸ਼ੁਰ ਤੋਂ ਆਇਆ ਸੀ ਅਤੇ ਉਹ ਉਸ ਕੋਲ ਹੀ ਵਾਪਸ ਜਾਣ ਵਾਲਾ ਹੈ। 4 ਜਦੋਂ ਉਹ ਭੋਜਨ ਕਰ ਰਹੇ ਸਨ ਯਿਸੂ ਉੱਠ ਖਲੋਇਆ ਅਤੇ ਆਪਣਾ ਚੋਗਾ ਥੱਲੇ ਲੰਮਾ ਪਾ ਦਿੱਤਾ ਅਤੇ ਤੌਲੀਆ ਲਿਆ ਜਿਸ ਨੂੰ ਕਿ ਉਸ ਨੇ ਆਪਣੇ ਲੱਕ ਦੁਆਲੇ ਲਪੇਟ ਲਿਆ। 5 ਫ਼ਿਰ ਉਸ ਨੇ ਇੱਕ ਭਾਂਡੇ ਵਿੱਚ ਪਾਣੀ ਲਿਆ ਅਤੇ ਆਪਣੇ ਚੇਲਿਆਂ ਦੇ ਪੈਰ ਧੋਣੇ ਸ਼ੁਰੂ ਕਰ ਦਿੱਤੇ। ਉਸ ਦੇ ਲੱਕ ਨਾਲ ਇੱਕ ਤੌਲੀਆ ਸੀ ਜਿਸ ਨਾਲ ਉਸ ਨੇ ਉਨ੍ਹਾਂ ਦੇ ਪੈਰ ਪੂੰਝੇ।
6 ਜਦੋਂ ਯਿਸੂ ਸ਼ਮਊਨ ਪਤਰਸ ਕੋਲ ਆਇਆ ਪਤਰਸ ਨੇ ਯਿਸੂ ਨੂੰ ਕਿਹਾ, “ਪ੍ਰਭੂ, ਕੀ ਤੁਸੀਂ ਮੇਰੇ ਪੈਰ ਧੋਵੋਂਗੇ।”
7 ਯਿਸੂ ਨੇ ਆਖਿਆ, “ਤੂੰ ਹੁਣੇ ਨਹੀਂ ਸਮਝੇਂਗਾ ਕਿ ਮੈਂ ਕੀ ਕਰ ਰਿਹਾ ਹਾਂ, ਸਗੋਂ ਤੂੰ ਬਾਦ ਵਿੱਚ ਸਮਝੇਂਗਾ।”
8 ਪਤਰਸ ਨੇ ਕਿਹਾ, “ਤੂੰ ਕਦੇ ਵੀ ਮੇਰੇ ਪੈਰ ਨਹੀਂ ਧੋਵੇਂਗਾ।”
ਯਿਸੂ ਨੇ ਆਖਿਆ, “ਜੇਕਰ ਮੈਂ ਤੇਰੇ ਪੈਰ ਨਾ ਧੋਵਾਂ ਫ਼ਿਰ ਤੂੰ ਮੇਰੇ ਲੋਕਾਂ ਵਿੱਚੋਂ ਇੱਕ ਨਹੀਂ ਹੋਵੇਂਗਾ।”
9 ਸ਼ਮਊਨ ਪਤਰਸ ਨੇ ਉੱਤਰ ਦਿੱਤਾ, “ਪ੍ਰਭੂ, ਫ਼ੇਰ ਸਿਰਫ਼ ਮੇਰੇ ਪੈਰ ਹੀ ਨਹੀਂ ਸਗੋਂ ਹੱਥ ਅਤੇ ਸਿਰ ਵੀ ਧੋ ਦੇਵੋ।”
10 ਯਿਸੂ ਨੇ ਆਖਿਆ, “ਉਹ ਵਿਅਕਤੀ ਜਿਸਨੇ ਆਪਣਾ ਸਾਰਾ ਸਰੀਰ ਧੋਤਾ ਹੈ ਸਾਫ਼ ਹੈ ਅਤੇ ਸਿਰਫ਼ ਉਸ ਦੇ ਪੈਰ ਧੋਤੇ ਜਾਣੇ ਚਾਹੀਦੇ ਹਨ। ਤੁਸੀਂ ਸਾਫ਼ ਹੋ, ਪਰ ਤੁਹਾਡੇ ਵਿੱਚੋਂ ਸਾਰੇ ਸਾਫ਼ ਨਹੀਂ ਹਨ।” 11 ਯਿਸੂ ਜਾਣਦਾ ਸੀ ਕਿ ਉਸ ਦੇ ਵਿਰੁੱਧ ਕੌਣ ਹੋਵੇਗਾ ਇਸ ਲਈ ਉਸ ਨੇ ਆਖ਼ਿਆ: “ਤੁਹਾਡੇ ਵਿੱਚੋਂ ਹਰ ਕੋਈ ਸਾਫ਼ ਨਹੀਂ ਹੈ।”
12 ਜਦੋਂ ਯਿਸੂ ਉਨ੍ਹਾਂ ਦੇ ਪੈਰ ਧੋ ਹਟਿਆ ਤਾਂ ਉਹ ਫ਼ਿਰ ਆਪਣਾ ਚੋਗਾ ਪਾਕੇ ਮੇਜ਼ ਉੱਤੇ ਆਣ ਬੈਠਾ ਅਤੇ ਪੁੱਛਣ ਲੱਗਾ, “ਕੀ ਤੁਸੀਂ ਸਮਝਦੇ ਹੋ ਕਿ ਮੈਂ ਤੁਹਾਡੇ ਲਈ ਕੀ ਕੀਤਾ ਹੈ? 13 ਤੁਸੀਂ ਮੈਨੂੰ ‘ਗੁਰੂ’ ਅਤੇ ‘ਪ੍ਰਭੂ’ ਸੱਦਦੇ ਹੋ ਅਤੇ ਇਹ ਸਹੀ ਹੈ, ਕਿਉਂਕਿ ਮੈਂ ਉਹੀ ਹਾਂ। 14 ਮੈਂ ਤੁਹਾਡਾ ਪ੍ਰਭੂ ਵੀ ਹਾ ਅਤੇ ਗੁਰੂ ਵੀ। ਪਰ ਮੈਂ ਤੁਹਾਡੇ ਪੈਰ ਇੱਕ ਸੇਵਕ ਵਾਂਗ ਹੋਤੇ ਹਨ, ਇਸ ਲਈ ਤੁਹਾਨੂੰ ਵੀ ਇੱਕ ਦੂਜੇ ਦੇ ਪੈਰ ਧੋਣੇ ਚਾਹੀਦੇ ਹਨ। 15 ਮੈਂ ਇਹ ਤੁਹਾਡੇ ਲਈ ਇੱਕ ਮਿਸਾਲ ਦੇਣ ਵਾਸਤੇ ਕੀਤਾ ਹੈ, ਤਾਂ ਜੋ ਤੁਸੀਂ ਵੀ ਉਵੇਂ ਕਰ ਸੱਕੋਂ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਹੈ। 16 ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਇੱਕ ਸੇਵਕ ਆਪਣੇ ਸੁਆਮੀ ਤੋਂ ਵੱਡਾ ਨਹੀਂ ਹੁੰਦਾ। ਅਤੇ ਉਹ ਜੋ ਕੰਮ ਕਰਨ ਲਈ ਭੇਜੇ ਗਏ ਹਨ ਉਹ ਆਪਣੇ ਭੇਜਣ ਵਾਲੇ ਤੋਂ ਵੱਡੇ ਨਹੀਂ ਹਨ। 17 ਜੇਕਰ ਤੁਸੀਂ ਇਹ ਗੱਲਾਂ ਜਾਣਦੇ ਹੋ, ਤਾਂ ਜਦੋਂ ਤੁਸੀਂ ਇਹ ਕਰੋਂਗੇ ਤਾਂ ਖੁਸ਼ ਹੋਵੋਂਗੇ।
2010 by World Bible Translation Center