Revised Common Lectionary (Complementary)
ਸ਼ੀਨ
161 ਸ਼ਕਤੀਸ਼ਾਲੀ ਆਗੂਆ ਨੇ ਮੇਰੇ ਉੱਤੇ ਅਕਾਰਣ ਹੀ ਹਮਲਾ ਕੀਤਾ।
ਪਰ ਮੈਂ ਡਰਦਾ ਅਤੇ ਸਿਰਫ਼ ਤੁਹਾਡੇ ਹੀ ਨੇਮ ਦਾ ਆਦਰ ਕਰਦਾ ਹਾਂ।
162 ਯਹੋਵਾਹ, ਤੁਹਾਡਾ ਸ਼ਬਦ ਮੈਨੂੰ ਖੁਸ਼ੀ ਦਿੰਦਾ ਹੈ, ਉਸ ਬੰਦੇ ਜਿੰਨਾ ਖੁਸ਼,
ਜਿਸ ਨੂੰ ਹੁਣੇ-ਹੁਣ ਵੱਡਾ ਖਜ਼ਾਨਾ ਮਿਲ ਗਿਆ ਹੋਵੇ।
163 ਮੈਂ ਝੂਠ ਨੂੰ ਨਫ਼ਰਤ ਕਰਦਾ ਹਾਂ, ਮੈਂ ਉਨ੍ਹਾਂ ਨੂੰ ਬਰਦਾਸ਼ਤ ਨਹੀਂ ਕਰ ਸੱਕਦਾ।
ਪਰ ਹੇ ਯਹੋਵਾਹ ਮੈਂ ਤੁਹਾਡੀਆਂ ਸਿੱਖਿਆਵਾਂ ਨੂੰ ਪਿਆਰ ਕਰਦਾ ਹਾਂ।
164 ਮੈਂ ਦਿਨ ਵਿੱਚ ਸੱਤ ਵਾਰੀ ਤੁਹਾਡੇ ਚੰਗੇ ਨੇਮਾਂ ਲਈ
ਤੁਹਾਡੀ ਉਸਤਤਿ ਕਰਦਾ ਹਾਂ।
165 ਉਹ ਲੋਕ ਜਿਹੜੇ ਤੁਹਾਡੇ ਉਪਦੇਸ਼ਾ ਨੂੰ ਪਿਆਰ ਕਰਦੇ ਹਨ ਅਸਲੀ ਸ਼ਾਂਤੀ ਪ੍ਰਾਪਤ ਕਰਨਗੇ।
ਅਤੇ ਉਨ੍ਹਾਂ ਨੂੰ ਕੁਝ ਵੀ ਨਹੀਂ ਡੇਗ ਸੱਕੇਗਾ।
166 ਯਹੋਵਾਹ, ਮੈਂ ਤੁਹਾਡੇ ਵੱਲੋਂ ਬਚਾਏ ਜਾਣ ਦਾ ਇੰਤਜ਼ਾਰ ਕਰ ਰਿਹਾ ਹਾਂ।
ਮੈਂ ਤੁਹਾਡੇ ਆਦੇਸ਼ ਮੰਨੇ ਸਨ।
167 ਮੈਂ ਤੁਹਾਡੇ ਕਰਾਰ ਅਨੁਸਾਰ ਚੱਲਿਆ ਸਾਂ।
ਯਹੋਵਾਹ, ਮੈਂ ਤੁਹਾਡੇ ਨੇਮਾਂ ਨੂੰ ਬਹੁਤ ਪਿਆਰ ਕਰਦਾ ਹਾਂ।
168 ਮੈਂ ਤੁਹਾਡੇ ਕਰਾਰ ਅਤੇ ਆਦੇਸ਼ਾ ਨੂੰ ਮੰਨਿਆ ਹੈ।
ਯਹੋਵਾਹ, ਤੁਸੀਂ ਉਸ ਸਭ ਕੁਝ ਬਾਰੇ ਜਾਣਦੇ ਹੋ ਜੋ ਮੈਂ ਕੀਤਾ ਹੈ।
ਘੁਮਿਆਰ ਅਤੇ ਮਿੱਟੀ
18 ਇਹ ਉਹ ਸੰਦੇਸ਼ ਹੈ ਜਿਹੜਾ ਯਹੋਵਾਹ ਵੱਲੋਂ ਯਿਰਮਿਯਾਹ ਨੂੰ ਮਿਲਿਆ: 2 “ਯਿਰਮਿਯਾਹ, ਘੁਮਿਆਰ ਦੇ ਘਰ ਤੀਕ ਜਾਹ। ਮੈਂ ਤੈਨੂੰ ਆਪਣਾ ਸੰਦੇਸ਼ ਘੁਮਿਆਰ ਦੇ ਘਰ ਵਿੱਚ ਦੇਵਾਂਗਾ।”
3 ਇਸ ਲਈ ਮੈਂ ਘੁਮਿਆਰ ਦੇ ਘਰ ਗਿਆ। ਮੈਂ ਦੇਖਿਆ ਕਿ ਘੁਮਿਆਰ ਚਕੱ ਉੱਤੇ ਮਿੱਟੀ ਦਾ ਕੰਮ ਕਰ ਰਿਹਾ ਸੀ। 4 ਉਹ ਮਿੱਟੀ ਤੋਂ ਇੱਕ ਬਰਤਨ ਬਣਾ ਰਿਹਾ ਸੀ। ਪਰ ਬਰਤਨ ਵਿੱਚ ਕੁਝ ਖਰਾਬੀ ਸੀ। ਇਸ ਲਈ ਘੁਮਿਆਰ ਨੇ ਉਸੇ ਮਿੱਟੀ ਨੂੰ ਫ਼ੇਰ ਇਸਤੇਮਾਲ ਕੀਤਾ ਅਤੇ ਦੂਸਰਾ ਬਰਤਨ ਬਣਾਇਆ। ਉਸ ਨੇ ਆਪਣੇ ਹੱਥਾਂ ਦੀ ਵਰਤੋਂ ਕਰਦਿਆਂ ਆਪਣੀ ਇੱਛਾ ਅਨੁਸਾਰ ਬਰਤਨ ਨੂੰ ਸ਼ਕਲ ਦਿੱਤੀ।
5 ਫ਼ੇਰ ਯਹੋਵਾਹ ਵੱਲੋਂ ਮੈਨੂੰ ਸੰਦੇਸ਼ ਮਿਲਿਆ! 6 “ਇਸਰਾਏਲ ਦੇ ਪਰਿਵਾਰ, ਤੂੰ ਜਾਣਦਾ ਹੈਂ ਕਿ ਮੈਂ (ਪਰਮੇਸ਼ੁਰ) ਤੇਰੇ ਨਾਲ ਵੀ ਓਹੀ ਗੱਲ ਕਰ ਸੱਕਦਾ ਹਾਂ। ਤੂੰ ਘੁਮਿਆਰ ਦੇ ਹੱਥਾਂ ਵਿੱਚਲੀ ਮਿੱਟੀ ਵਾਂਗ ਹੈਂ। ਅਤੇ ਮੈਂ ਘੁਮਿਆਰ ਵਾਂਗ ਹਾਂ! 7 ਸ਼ਾਇਦ ਇੱਕ ਸਮਾਂ ਆਵੇਗਾ ਜਦੋਂ ਮੈਂ ਇੱਕ ਕੌਮ ਜਾਂ ਇੱਕ ਰਾਜ ਬਾਰੇ ਗੱਲ ਕਰਾਂਗਾ। ਸ਼ਾਇਦ ਮੈਂ ਆਖਾਂ ਕਿ ਮੈਂ ਉਸ ਕੌਮ ਨੂੰ ਉਤਾਂਹ ਉੱਠਾਵਾਂ। ਅਤੇ ਜਾਂ ਸ਼ਾਇਦ ਮੈਂ ਆਖਾਂ ਕਿ ਮੈਂ ਉਸ ਕੌਮ ਨੂੰ ਜਾਂ ਉਸ ਰਾਜ ਨੂੰ ਨੀਵਾਂ ਦਿਖਾਵਾਂਗਾ ਅਤੇ ਤਬਾਹ ਕਰ ਦਿਆਂਗਾ। 8 ਪਰ ਉਸ ਕੌਮ ਦੇ ਲੋਕ ਸ਼ਾਇਦ ਆਪਣੇ ਦਿਲਾਂ ਅਤੇ ਜ਼ਿੰਦਗੀਆਂ ਨੂੰ ਬਦਲ ਲੈਣ। ਉਸ ਕੌਮ ਦੇ ਲੋਕ ਸ਼ਾਇਦ ਬਦੀ ਕਰਨ ਤੋਂ ਹਟ ਜਾਣ। ਫ਼ੇਰ ਮੈਂ ਵੀ ਆਪਣਾ ਮਨ ਬਦਲ ਲਵਾਂਗਾ। ਫ਼ੇਰ ਮੈਂ ਉਸ ਕੌਮ ਦੀ ਤਬਾਹੀ ਦੀਆਂ ਯੋਜਨਾਵਾਂ ਉੱਤੇ ਅਮਲ ਨਹੀਂ ਕਰਾਂਗਾ। 9 ਓੱਥੇ ਸ਼ਾਇਦ ਇੱਕ ਹੋਰ ਸਮਾਂ ਵੀ ਆਵੇ ਜਦੋਂ ਮੈਂ ਇੱਕ ਕੌਮ ਬਾਰੇ ਗੱਲ ਕਰਾਂ। ਮੈਂ ਸ਼ਾਇਦ ਇਹ ਆਖਾਂ ਕਿ ਮੈਂ ਉਸ ਕੌਮ ਦੀ ਉਸਾਰੀ ਕਰਾਂਗਾ ਅਤੇ ਉਸ ਕੌਮ ਦੀ ਨੀਂਹ ਰੱਖਾਂਗਾ। 10 ਪਰ ਸ਼ਾਇਦ ਮੈਂ ਉਸ ਕੌਮ ਨੂੰ ਬਦੀ ਕਰਦਿਆਂ ਅਤੇ ਆਪਣਾ ਹੁਕਮ ਨਾ ਮਂਨਦਿਆਂ ਦੇਖਾਂ। ਤਾਂ ਮੈਂ ਉਸ ਕੌਮ ਨਾਲ ਨੇਕੀ ਕਰਨ ਦੀ ਵਿਉਂਤ ਬਾਰੇ ਇੱਕ ਵਾਰੀ ਫ਼ੇਰ ਸੋਚਾਂਗਾ।
11 “ਇਸ ਲਈ ਯਿਰਮਿਯਾਹ, ਯਹੂਦਾਹ ਦੇ ਲੋਕਾਂ ਨੂੰ ਆਖ, ਅਤੇ ਉਨ੍ਹਾਂ ਲੋਕਾਂ ਨੂੰ ਵੀ ਜਿਹੜੇ ਯਰੂਸ਼ਲਮ ਵਿੱਚ ਰਹਿੰਦੇ ਨੇ, ‘ਇਹੀ ਹੈ ਜੋ ਯਹੋਵਾਹ ਆਖਦਾ ਹੈ: ਮੈਂ ਤੁਹਾਡੇ ਬਾਰੇ ਹੁਣੇ ਹੀ ਮੁਸੀਬਤਾਂ ਦੀਆਂ ਤਿਆਰੀਆਂ ਕਰ ਰਿਹਾ ਹਾਂ। ਮੈਂ ਤੁਹਾਡੇ ਵਿਰੁੱਧ ਵਿਉਂਤਾਂ ਬਣਾ ਰਿਹਾ ਹਾਂ। ਇਸ ਲਈ ਬਦੀ ਕਰਨਾ ਛੱਡ ਦਿਓ। ਹਰ ਬੰਦੇ ਨੂੰ ਬਦਲਨਾ ਚਾਹੀਦਾ ਹੈ ਅਤੇ ਨੇਕੀ ਕਰਨੀ ਆਰੰਭ ਕਰਨੀ ਚਾਹੀਦੀ ਹੈ!’
ਯਿਸੂ ਉਨ੍ਹਾਂ ਨੂੰ ਚੇਤਾਵਨੀ ਦਿੰਦਾ ਜੋ ਵਿਸ਼ਵਾਸ ਨਹੀਂ ਕਰਦੇ(A)
20 ਯਿਸੂ ਨੇ ਉਨ੍ਹਾਂ ਸ਼ਹਿਰਾਂ ਦੀ ਆਲੋਚਨਾ ਕੀਤੀ ਜਿਨ੍ਹਾਂ ਵਿੱਚ ਉਸ ਨੇ ਬਹੁਤ ਸਾਰੇ ਕਰਿਸ਼ਮੇ ਕੀਤੇ। ਉੱਥੋਂ ਦੇ ਸ਼ਹਿਰਾਂ ਦੇ ਲੋਕਾਂ ਨੇ ਆਪਣੇ ਜੀਵਨ ਢੰਗ ਨਹੀਂ ਬਦਲੇ ਅਤੇ ਨਾਹੀ ਪਾਪ ਕਰਨੇ ਬੰਦ ਕੀਤੇ। 21 ਯਿਸੂ ਨੇ ਕਿਹਾ, “ਤੇਰੇ ਲਈ ਇਹ ਬੁਰਾ ਹੋਵੇਗਾ ਖੁਰਾਜ਼ੀਨ! ਤੇਰੇ ਲਈ ਇਹ ਬੁਰਾ ਹੋਵੇਗਾ ਬੈਤਸੈਦਾ! [a] ਤੁਹਾਡੇ ਵਿੱਚ ਮੈਂ ਬਹੁਤ ਕਰਿਸ਼ਮੇ ਕੀਤੇ। ਜੇਕਰ ਉਹ ਕਰਿਸ਼ਮੇ ਸੂਰ ਅਤੇ ਸੈਦਾ [b] ਵਿੱਚ ਕੀਤੇ ਜਾਂਦੇ, ਤਾਂ ਬਹੁਤ ਪਹਿਲਾਂ ਉਨ੍ਹਾਂ ਲੋਕਾਂ ਨੇ ਆਪਣੇ ਜੀਵਨ ਬਦਲ ਲਏ ਹੁੰਦੇ। 22 ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਨਿਆਂ ਦੇ ਦਿਨ ਤੁਹਾਡੇ ਨਾਲੋਂ ਸੂਰ ਅਤੇ ਸੈਦਾ ਦਾ ਹਾਲ ਪੁੱਛਣ ਜੋਗ ਹੋਵੇਗਾ।
23 “ਹੇ ਕਫ਼ਰਨਾਹੂਮ! ਕੀ ਤੂੰ ਸਵਰਗ ਤੀਕ ਉੱਚਾ ਚੁੱਕਿਆ ਜਾਵੇਂਗਾ? ਨਹੀਂ! ਤੈਨੂੰ ਥੱਲੇ ਮੌਤ ਦੀ ਥਾਵੇਂ ਸੁੱਟਿਆ ਜਾਵੇਗਾ, ਕਿਉਂਕਿ ਜਿਹੜੀਆਂ ਕਰਾਮਾਤਾਂ ਤੇਰੇ ਵਿੱਚ ਵਿਖਾਈਆਂ ਗਈਆਂ ਜੇਕਰ ਉਹੀ ਕਰਾਮਾਤਾਂ ਸਦੂਮ ਵਿੱਚ ਵਿਖਾਈਆਂ ਜਾਂਦੀਆਂ ਤਾਂ ਉਹ ਅੱਜ ਤੀਕ ਬਣਿਆ ਰਹਿੰਦਾ। 24 ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਨਿਆਂ ਦੇ ਦਿਨ ਤੁਹਾਡਾ ਹਾਲ ਸਦੂਮ ਦੇਸ਼ ਨਾਲੋਂ ਮਾੜਾ ਹੋਵੇਗਾ।”
2010 by World Bible Translation Center