Revised Common Lectionary (Complementary)
ਨਿਰਦੇਸ਼ਕ ਲਈ: ਦਾਊਦ ਦਾ ਇੱਕ ਉਸਤਤਿ ਗੀਤ।
68 ਹੇ ਪਰਮੇਸ਼ੁਰ, ਜਾਗੋ ਅਤੇ ਆਪਣੇ ਵੈਰੀਆਂ ਨੂੰ ਖਿੰਡਾ ਦਿਉ,
ਉਸ ਦੇ ਸਾਰੇ ਵੈਰੀ ਉਸ ਕੋਲੋਂ ਫ਼ਰਾਰ ਹੋ ਜਾਣ।
2 ਆਪਣੇ ਵੈਰੀਆਂ ਨੂੰ ਇੰਝ ਖਿੰਡਿਆ ਦਿਉ,
ਜਿਵੇਂ ਧੂੰਆ ਹਵਾ ਦੁਆਰਾ ਉੱਡ ਜਾਂਦਾ ਹੈ।
ਤੇਰੇ ਵੈਰੀ ਅੱਗ ਉੱਤੇ ਪਿਘਲਦੀ
ਇੱਕ ਮੋਮ ਵਾਂਗ ਤਬਾਹ ਹੋ ਜਾਣ।
3 ਪਰ ਨੇਕ ਬੰਦੇ ਖੁਸ਼ ਹਨ, ਨੇਕ ਬੰਦੇ ਪਰਮੇਸ਼ੁਰ ਦੇ ਸੰਗ ਇਕੱਠੇ ਖੁਸ਼ੀ ਭਰੇ ਪਲ ਮਾਣਦੇ ਹਨ।
ਨੇਕ ਬੰਦੇ ਖੁਸ਼ੀਆਂ ਮਾਣਦੇ ਹਨ ਅਤੇ ਬਹੁਤ ਖੁਸ਼ ਹਨ।
4 ਪਰਮੇਸ਼ੁਰ ਲਈ ਗਾਵੋ, ਉਸ ਦੇ ਨਾਮ ਦੀ ਉਸਤਤਿ ਗਾਵੋ।
ਪਰਮੇਸ਼ੁਰ ਲਈ ਰਾਹ ਬਣਾਵੋ, ਉਹ ਮਾਰੂਥਲ ਵਿੱਚ ਆਪਣੇ ਰੱਥ ਉੱਤੇ ਸਵਾਰੀ ਕਰਦਾ ਹੈ।
ਉਸਦਾ ਨਾਮ ਯਾਹ [a] ਹੈ,
ਉਸ ਦੇ ਨਾਮ ਦੀ ਉਸਤਤਿ ਕਰੋ।
5 ਆਪਣੇ ਪਵਿੱਤਰ ਮੰਦਰ ਵਿੱਚ ਯਤੀਮਾਂ ਲਈ ਪਰਮੇਸ਼ੁਰ ਇੱਕ ਪਿਤਾ ਵਾਂਗ ਹੈ।
ਪਰਮੇਸ਼ੁਰ ਵਿਧਵਾਵਾਂ ਨੂੰ ਪਾਲਦਾ ਹੈ।
6 ਪਰਮੇਸ਼ੁਰ ਇੱਕਲੇ ਬੰਦਿਆਂ ਨੂੰ ਘਰ ਦਿੰਦਾ ਹੈ,
ਪਰਮੇਸ਼ੁਰ ਆਪਣੇ ਬੰਦਿਆਂ ਨੂੰ ਕੈਦ ਤੋਂ ਆਜ਼ਾਦ ਕਰਦਾ ਹੈ।
ਉਹ ਬਹੁਤ ਖੁਸ਼ ਹਨ।
ਪਰ ਉਹ ਲੋਕ ਜਿਹੜੇ ਪਰਮੇਸ਼ੁਰ ਦੇ ਖਿਲਾਫ਼ ਹੋ ਜਾਂਦੇ ਹਨ, ਗਰਮ ਜੇਲ੍ਹ ਵਿੱਚ ਡੱਕੇ ਰਹਿਣਗੇ।
7 ਹੇ ਪਰਮੇਸ਼ੁਰ, ਤੂੰ ਆਪਣੇ ਲੋਕਾਂ ਨੂੰ ਮਿਸਰ ਵਿੱਚੋਂ ਬਾਹਰ ਆਉਣ ਵਿੱਚ ਅਗਵਾਈ ਕੀਤੀ।
ਤੁਸੀਂ ਮਾਰੂਥਲ ਦੇ ਪਾਰ ਵੱਲ ਕੂਚ ਕੀਤਾ, ਅਤੇ ਧਰਤੀ ਕੰਬ ਉੱਠੀ।
8 ਪਰਮੇਸ਼ੁਰ, ਇਸਰਾਏਲ ਦਾ ਪਰਮੇਸ਼ੁਰ ਸੀਨਈ
ਪਰਬਤ ਉੱਤੇ ਆਇਆ ਅਤੇ ਅਕਾਸ਼ ਪਿਘਲ ਗਿਆ।
9 ਹੇ ਪਰਮੇਸ਼ੁਰ, ਤੁਸੀਂ ਬੁੱਢੀ ਥੱਕੀ ਧਰਤੀ ਨੂੰ ਫ਼ੇਰ ਮਜ਼ਬੂਤ ਬਨਾਉਣ ਲਈ ਵਰੱਖਾ ਘਲੀ।
10 ਤੁਹਾਡੇ ਜਾਨਵਰ ਫ਼ੇਰ ਉਸ ਧਰਤੀ ਉੱਤੇ ਆ ਗਏ।
ਹੇ ਪਰਮੇਸ਼ੁਰ, ਉੱਥੇ ਤੁਸੀਂ ਗਰੀਬ ਲੋਕਾਂ ਨੂੰ ਬਹੁਤ ਚੰਗੀਆਂ ਚੀਜ਼ਾਂ ਦਿੱਤੀਆਂ।
19 ਯਹੋਵਾਹ ਦੀ ਉਸਤਤਿ ਕਰੋ।
ਹਰ ਰੋਜ਼ ਉਹ ਉਨ੍ਹਾਂ ਭਾਰਾਂ ਨੂੰ ਚੁੱਕਣ ਵਿੱਚ ਸਾਡੀ ਸਹਾਇਤਾ ਕਰਦਾ ਹੈ,
ਜਿਹੜੇ ਸਾਨੂੰ ਚੁੱਕਣੇ ਪੈਂਦੇ ਹਨ। ਪਰਮੇਸ਼ੁਰ ਸਾਨੂੰ ਬਚਾਉਂਦਾ ਹੈ।
20 ਉਹ ਸਾਡਾ ਪਰਮੇਸ਼ੁਰ ਹੈ, ਉਹੀ ਪਰਮੇਸ਼ੁਰ ਹੈ ਜਿਹੜਾ ਸਾਨੂੰ ਬਚਾਉਂਦਾ ਹੈ।
ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਮੌਤ ਕੋਲੋਂ ਬਚਾਉਂਦਾ ਹੈ।
ਯਿਫ਼ਤਾਹ ਦਾ ਇਕਰਾਰ
29 ਫ਼ੇਰ ਯਹੋਵਾਹ ਦਾ ਆਤਮਾ ਯਿਫ਼ਤਾਹ ਵਿੱਚ ਆ ਗਿਆ। ਯਿਫ਼ਤਾਹ ਗਿਲਆਦ ਅਤੇ ਮਨੱਸ਼ਹ ਦੇ ਇਲਾਕੇ ਵਿੱਚੋਂ ਲੰਘਿਆ। ਉਹ ਗਿਲਆਦ ਦੇ ਮਿਸਫ਼ਾਹ ਸ਼ਹਿਰ ਵਿੱਚ ਗਿਆ। ਗਿਲਆਦ ਦੇ ਸ਼ਹਿਰ ਮਿਸਫ਼ਾਹ ਤੋਂ, ਯਿਫ਼ਤਾਹ ਅੰਮੋਨੀ ਲੋਕਾਂ ਦੀ ਧਰਤੀ ਵਿੱਚੋਂ ਹੋਕੇ ਲੰਘਿਆ।
30 ਯਿਫ਼ਤਾਹ ਨੇ ਯਹੋਵਾਹ ਨਾਲ ਇੱਕ ਇਕਰਾਰ ਕੀਤਾ। ਉਸ ਨੇ ਆਖਿਆ, “ਜੇ ਤੁਸੀਂ ਮੈਨੂੰ ਅੰਮੋਨੀ ਲੋਕਾਂ ਨੂੰ ਹਰਾਉਣ ਦੇਵੋਂ, 31 ਤਾਂ ਮੈਂ ਉਹ ਪਹਿਲੀ ਚੀਜ਼ ਭੇਟ ਕਰਾਂਗਾ ਜਿਹੜੀ ਉਦੋਂ ਮੇਰੇ ਘਰ ਤੋਂ ਬਾਹਰ ਆਵੇਗੀ ਜਦੋਂ ਮੈਂ ਜਿੱਤ ਹਾਸਿਲ ਕਰਕੇ ਵਾਪਿਸ ਆਵਾਂਗਾ। ਮੈਂ ਇਸ ਨੂੰ ਯਹੋਵਾਹ ਅੱਗੇ ਹੋਮ ਦੀ ਭੇਟ ਚੜ੍ਹਾਵਾਂਗਾ।”
32 ਫ਼ੇਰ ਯਿਫ਼ਤਾਹ ਅੰਮੋਨੀ ਲੋਕਾਂ ਦੀ ਧਰਤੀ ਵੱਲ ਚੱਲਾ ਗਿਆ। ਯਿਫ਼ਤਾਹ ਨੇ ਅੰਮੋਨੀ ਲੋਕਾਂ ਨਾਲ ਜੰਗ ਕੀਤੀ। ਯਹੋਵਾਹ ਨੇ ਉਸਦੀ ਉਨ੍ਹਾਂ ਨੂੰ ਹਰਾਉਣ ਵਿੱਚ ਸਹਾਇਤਾ ਕੀਤੀ। 33 ਉਸ ਨੇ ਉਨ੍ਹਾਂ ਨੂੰ ਅਰੋਏਰ ਤੋਂ ਲੈ ਕੇ ਮਿੰਨੀਥ ਸ਼ਹਿਰ ਤੀਕ ਹਰਾ ਦਿੱਤਾ। ਯਿਫ਼ਤਾਹ ਨੇ 20 ਸ਼ਹਿਰਾਂ ਉੱਤੇ ਕਬਜ਼ਾ ਕਰ ਲਿਆ। ਫ਼ੇਰ ਉਹ ਅੰਮੋਨੀ ਲੋਕਾਂ ਨਾਲ ਅਬੇਲ ਕੇਰਾਮਿਮ ਸ਼ਹਿਰ ਤੱਕ ਲੜਿਆ। ਇਸਰਾਏਲ ਦੇ ਲੋਕਾਂ ਨੇ ਅੰਮੋਨੀ ਲੋਕਾਂ ਨੂੰ ਹਰਾ ਦਿੱਤਾ ਇਹ ਅੰਮੋਨੀ ਲੋਕਾਂ ਲਈ ਕਰਾਰੀ ਹਾਰ ਸੀ।
34 ਯਿਫ਼ਤਾਹ ਮਿਸਫ਼ਾਹ ਵਾਪਸ ਚੱਲਾ ਗਿਆ। ਯਿਫ਼ਤਾਹ ਆਪਣੇ ਘਰ ਗਿਆ ਅਤੇ ਉਸਦੀ ਧੀ ਨੂੰ ਮਿਲਣ ਲਈ ਘਰ ਤੋਂ ਬਾਹਰ ਆਈ। ਉਹ ਤੰਬੂਰਿਨ ਵਜਾ ਰਹੀ ਸੀ ਅਤੇ ਨੱਚ ਰਹੀ ਸੀ। ਉਹ ਉਸਦੀ ਇੱਕਲੌਤੀ ਧੀ ਸੀ। ਯਿਫ਼ਤਾਹ ਉਸ ਨੂੰ ਬਹੁਤ ਪਿਆਰ ਕਰਦਾ ਸੀ। ਯਿਫ਼ਤਾਹ ਦੇ ਹੋਰ ਕੋਈ ਧੀਆਂ ਪੁੱਤਰ ਨਹੀਂ ਸਨ। 35 ਜਦੋਂ ਯਿਫ਼ਤਾਹ ਨੇ ਦੇਖਿਆ ਕਿ ਉਸਦੀ ਧੀ ਉਸ ਨੂੰ ਸ਼ੁਭਕਾਮਨਾਵਾਂ ਦੇਣ ਵਾਸਤੇ ਉਸ ਦੇ ਘਰ ਤੋਂ ਬਾਹਰ ਆਉਣ ਵਾਲੀ ਸਭ ਤੋਂ ਪਹਿਲੀ ਚੀਜ਼ ਸੀ, ਉਸ ਨੇ ਆਪਣਾ ਗਮ ਪ੍ਰਗਟ ਕਰਨ ਲਈ ਆਪਣੇ ਕੱਪੜੇ ਪਾੜ ਲਏ। ਅਤੇ ਆਖਿਆ, “ਓਹੋ। ਮੇਰੀਏ ਧੀਏ! ਤੂੰ ਮੈਨੂੰ ਬਰਬਾਦ ਕਰ ਦਿੱਤਾ ਹੈ! ਤੂੰ ਮੈਨੂੰ ਬਹੁਤ-ਬਹੁਤ ਉਦਾਸ ਕਰ ਦਿੱਤਾ ਹੈ। ਮੈਂ ਯਹੋਵਾਹ ਅੱਗੇ ਇੱਕ ਇਕਰਾਰ ਕੀਤਾ ਸੀ, ਅਤੇ ਮੈਂ ਉਸ ਨੂੰ ਬਦਲ ਨਹੀਂ ਸੱਕਦਾ!”
36 ਤਾਂ ਉਸਦੀ ਧੀ ਨੇ ਯਿਫ਼ਤਾਹ ਨੂੰ ਆਖਿਆ, “ਪਿਤਾ ਜੀ, ਤੁਸੀਂ ਯਹੋਵਾਹ ਅੱਗੇ ਇੱਕ ਇਕਰਾਰ ਕੀਤਾ ਹੈ। ਇਸ ਲਈ ਇਕਰਾਰ ਪੂਰਾ ਕਰੋ। ਉਹੀ ਕਰੋ ਜੋ ਤੁਸੀਂ ਕਰਨ ਲਈ ਆਖਿਆ ਸੀ। ਆਖਿਰਕਾਰ ਯਹੋਵਾਹ ਨੇ ਤੁਹਾਡੇ ਦੁਸ਼ਮਣਾ, ਅੰਮੋਨੀ ਲੋਕਾਂ ਨੂੰ ਹਰਾਉਣ ਵਿੱਚ ਤੁਹਾਡੀ ਮਦਦ ਕੀਤੀ ਹੈ।”
37 ਤਾਂ ਉਸਦੀ ਧੀ ਨੇ ਆਪਣੇ ਪਿਤਾ ਨੂੰ ਆਖਿਆ, “ਪਰ ਮੇਰੇ ਲਈ ਇਹ ਇੱਕ ਗੱਲ ਪਹਿਲਾਂ ਕਰੋ। ਮੈਨੂੰ ਦੋ ਮਹੀਨੇ ਲਈ ਇੱਕਲਿਆਂ ਛੱਡ ਦਿਉ। ਮੈਨੂੰ ਪਹਾੜਾ ਵਿੱਚ ਜਾਣ ਦਿਉ। ਮੈਂ ਵਿਆਹ ਨਹੀਂ ਕਰਾਵਾਂਗੀ ਅਤੇ ਬੱਚੇ ਪੈਦਾ ਨਹੀਂ ਕਰਾਂਗੀ, ਇਸ ਲਈ ਮੈਨੂੰ ਅਤੇ ਮੇਰੀਆਂ ਸਹੇਲੀਆਂ ਨੂੰ ਰਲ ਕੇ ਰੋਣ ਦਿਉ।”
38 ਯਿਫ਼ਤਾਹ ਨੇ ਆਖਿਆ, “ਜਾਓ, ਇਹੀ ਕਰੋ।” ਯਿਫ਼ਤਾਹ ਨੇ ਉਸ ਨੂੰ ਦੋ ਮਹੀਨਿਆਂ ਲਈ ਦੂਰ ਭੇਜ ਦਿੱਤਾ। ਯਿਫ਼ਤਾਹ ਦੀ ਧੀ ਅਤੇ ਉਸ ਦੀਆਂ ਸਹੇਲੀਆਂ ਪਹਾੜਾਂ ਵਿੱਚ ਰਹੀਆਂ। ਉਹ ਉਸ ਦੇ ਲਈ ਰੋਈਆਂ ਕਿਉਂਕਿ ਉਸ ਨੇ ਨਾ ਵਿਆਹ ਕਰਵਾਉਣਾ ਸੀ ਅਤੇ ਨਾ ਬੱਚੇ ਪੈਦਾ ਕਰਨੇ ਸਨ।
39 ਦੋ ਮਹੀਨਿਆਂ ਦੇ ਅੰਤ ਉੱਤੇ, ਯਿਫ਼ਤਾਹ ਦੀ ਧੀ ਆਪਣੇ ਪਿਤਾ ਕੋਲ ਵਾਪਸ ਪਰਤ ਆਈ। ਯਿਫ਼ਤਾਹ ਨੇ ਉਹੀ ਕੀਤਾ ਜੋ ਉਸ ਨੇ ਯਹੋਵਾਹ ਨਾਲ ਇਕਰਾਰ ਕੀਤਾ ਸੀ। ਯਿਫ਼ਤਾਹ ਦੀ ਧੀ ਨੇ ਕਦੇ ਵੀ ਕਿਸੇ ਨਾਲ ਜਿਨਸੀ ਸੰਬੰਧ ਨਹੀਂ ਰੱਖੇ ਸਨ। ਇਸ ਲਈ ਇਸਰਾਏਲ ਵਿੱਚ ਇਹ ਇੱਕ ਰਿਵਾਜ਼ ਬਣ ਗਿਆ। 40 ਹਰ ਸਾਲ ਇਸਰਾਏਲ ਦੀਆਂ ਔਰਤਾਂ ਗਿਲਆਦ ਦੇ ਯਿਫ਼ਤਾਹ ਦੀ ਧੀ ਨੂੰ ਯਾਦ ਕਰਦੀਆਂ। ਇਸਰਾਏਲ ਦੀਆਂ ਔੜਤਾਂ ਹਰ ਸਾਲ ਚਾਰ ਦਿਨਾਂ ਲਈ ਯਿਫ਼ਤਾਹ ਦੀ ਧੀ ਲਈ ਰੋਂਦੀਆਂ।
ਪੌਲੁਸ ਦਰਸ਼ਾਉਂਦਾ ਹੈ ਕਿ ਪਤਰਸ ਗ਼ਲਤ ਸੀ
11 ਪਤਰਸ ਅੰਤਾਕਿਯਾ ਵਿੱਚ ਆਇਆ। ਉਸ ਨੇ ਕੁਝ ਅਜਿਹਾ ਕੀਤਾ ਜੋ ਠੀਕ ਨਹੀਂ ਸੀ। ਮੈਂ ਆਮ੍ਹੋ-ਸਾਹਮਣੇ ਪਤਰਸ ਦੇ ਵਿਰੁੱਧ ਬੋਲਿਆ ਕਿਉਂ ਕਿ ਉਹ ਗਲਤ ਸੀ। 12 ਇਹ ਉਦੋਂ ਹੋਇਆ ਜਦੋਂ ਪਤਰਸ ਪਹਿਲਾਂ ਪਹਿਲਾਂ ਅੰਤਾਕਿਯਾ ਵਿੱਚ ਆਇਆ। ਉਸ ਨੇ ਗੈਰ ਯਹੂਦੀ ਲੋਕਾਂ ਨਾਲ ਦੋਸਤੀ ਕੀਤੀ ਅਤੇ ਭੋਜਨ ਸਾਂਝਾ ਕੀਤਾ। ਪਰ ਫ਼ੇਰ ਕੁਝ ਯਹੂਦੀ ਲੋਕ ਯਾਕੂਬ ਵੱਲੋਂ ਆਏ। ਜਦੋਂ ਇਹ ਯਹੂਦੀ ਆਏ ਤਾਂ ਪਤਰਸ ਨੇ ਗੈਰ ਯਹੂਦੀਆਂ ਨਾਲ ਖਾਣਾ ਛੱਡ ਦਿੱਤਾ। ਪਤਰਸ ਨੇ ਆਪਣੇ ਆਪ ਨੂੰ ਗੈਰ ਯਹੂਦੀਆਂ ਤੋਂ ਵੱਖ ਕਰ ਲਿਆ। ਉਹ ਉਨ੍ਹਾਂ ਯਹੂਦੀਆਂ ਤੋਂ ਡਰਦਾ ਸੀ ਜਿਹੜੇ ਇਸ ਗੱਲ ਵਿੱਚ ਵਿਸ਼ਵਾਸ ਕਰਦੇ ਸਨ ਕਿ ਸਾਰੇ ਗੈਰ ਯਹੂਦੀ ਲੋਕਾਂ ਦੀ ਸੁੰਨਤ ਹੋਣੀ ਚਾਹੀਦੀ ਹੈ। 13 ਇਸ ਲਈ ਪਤਰਸ ਪੱਖੰਡੀ ਸੀ। ਹੋਰ ਯਹੂਦੀ ਵਿਸ਼ਵਾਸੀ ਵੀ ਪਤਰਸ ਨਾਲ ਰਲ ਗਏ। ਇਸ ਲਈ ਉਹ ਵੀ ਪਾਖੰਡੀ ਸਨ। ਬਰਨਬਾਸ ਵੀ ਉਨ੍ਹਾਂ ਯਹੂਦੀਆਂ ਤੋਂ ਪ੍ਰਭਾਵਿਤ ਸੀ ਅਤੇ ਉਹ ਵੀ ਇੱਕ ਕਪਟੀ ਸੀ। 14 ਮੈਂ ਦੇਖ ਲਿਆ ਕਿ ਯਹੂਦੀ ਕੀ ਕਰਦੇ ਸਨ। ਉਹ ਖੁਸ਼ਖਬਰੀ ਦੇ ਸੱਚ ਉੱਪਰ ਨਹੀਂ ਤੁਰ ਰਹੇ ਸਨ। ਇਸੇ ਲਈ ਮੈਂ ਪਤਰਸ ਨਾਲ ਇੰਝ ਗੱਲ ਕੀਤੀ ਤਾਂ ਕਿ ਹੋਰ ਸਾਰੇ ਯਹੂਦੀ ਵੀ ਮੇਰੀ ਗੱਲ ਸੁਣ ਲੈਣ। ਮੈਂ ਇਹ ਆਖਿਆ, “ਪਤਰਸ ਤੂੰ ਯਹੂਦੀ ਹੈਂ। ਪਰ ਤੂੰ ਇੱਕ ਯਹੂਦੀ ਵਾਂਗ ਨਹੀਂ ਰਹਿੰਦਾ। ਤੂੰ ਤਾਂ ਗੈਰ ਯਹੂਦੀ ਵਾਂਗ ਰਹਿੰਦਾ ਹੈਂ। ਇਸ ਲਈ ਤੂੰ ਹੁਣ ਗੈਰ ਯਹੂਦੀਆਂ ਨੂੰ ਯਹੂਦੀਆਂ ਵਾਂਗ ਰਹਿਣ ਲਈ ਕਿਉਂ ਮਜਬੂਰ ਕਰ ਰਿਹਾ ਹੈਂ?”
2010 by World Bible Translation Center