Revised Common Lectionary (Complementary)
ਨਿਰਦੇਸ਼ਕ ਲਈ: ਦਾਊਦ ਦਾ ਇੱਕ ਉਸਤਤਿ ਗੀਤ।
68 ਹੇ ਪਰਮੇਸ਼ੁਰ, ਜਾਗੋ ਅਤੇ ਆਪਣੇ ਵੈਰੀਆਂ ਨੂੰ ਖਿੰਡਾ ਦਿਉ,
ਉਸ ਦੇ ਸਾਰੇ ਵੈਰੀ ਉਸ ਕੋਲੋਂ ਫ਼ਰਾਰ ਹੋ ਜਾਣ।
2 ਆਪਣੇ ਵੈਰੀਆਂ ਨੂੰ ਇੰਝ ਖਿੰਡਿਆ ਦਿਉ,
ਜਿਵੇਂ ਧੂੰਆ ਹਵਾ ਦੁਆਰਾ ਉੱਡ ਜਾਂਦਾ ਹੈ।
ਤੇਰੇ ਵੈਰੀ ਅੱਗ ਉੱਤੇ ਪਿਘਲਦੀ
ਇੱਕ ਮੋਮ ਵਾਂਗ ਤਬਾਹ ਹੋ ਜਾਣ।
3 ਪਰ ਨੇਕ ਬੰਦੇ ਖੁਸ਼ ਹਨ, ਨੇਕ ਬੰਦੇ ਪਰਮੇਸ਼ੁਰ ਦੇ ਸੰਗ ਇਕੱਠੇ ਖੁਸ਼ੀ ਭਰੇ ਪਲ ਮਾਣਦੇ ਹਨ।
ਨੇਕ ਬੰਦੇ ਖੁਸ਼ੀਆਂ ਮਾਣਦੇ ਹਨ ਅਤੇ ਬਹੁਤ ਖੁਸ਼ ਹਨ।
4 ਪਰਮੇਸ਼ੁਰ ਲਈ ਗਾਵੋ, ਉਸ ਦੇ ਨਾਮ ਦੀ ਉਸਤਤਿ ਗਾਵੋ।
ਪਰਮੇਸ਼ੁਰ ਲਈ ਰਾਹ ਬਣਾਵੋ, ਉਹ ਮਾਰੂਥਲ ਵਿੱਚ ਆਪਣੇ ਰੱਥ ਉੱਤੇ ਸਵਾਰੀ ਕਰਦਾ ਹੈ।
ਉਸਦਾ ਨਾਮ ਯਾਹ [a] ਹੈ,
ਉਸ ਦੇ ਨਾਮ ਦੀ ਉਸਤਤਿ ਕਰੋ।
5 ਆਪਣੇ ਪਵਿੱਤਰ ਮੰਦਰ ਵਿੱਚ ਯਤੀਮਾਂ ਲਈ ਪਰਮੇਸ਼ੁਰ ਇੱਕ ਪਿਤਾ ਵਾਂਗ ਹੈ।
ਪਰਮੇਸ਼ੁਰ ਵਿਧਵਾਵਾਂ ਨੂੰ ਪਾਲਦਾ ਹੈ।
6 ਪਰਮੇਸ਼ੁਰ ਇੱਕਲੇ ਬੰਦਿਆਂ ਨੂੰ ਘਰ ਦਿੰਦਾ ਹੈ,
ਪਰਮੇਸ਼ੁਰ ਆਪਣੇ ਬੰਦਿਆਂ ਨੂੰ ਕੈਦ ਤੋਂ ਆਜ਼ਾਦ ਕਰਦਾ ਹੈ।
ਉਹ ਬਹੁਤ ਖੁਸ਼ ਹਨ।
ਪਰ ਉਹ ਲੋਕ ਜਿਹੜੇ ਪਰਮੇਸ਼ੁਰ ਦੇ ਖਿਲਾਫ਼ ਹੋ ਜਾਂਦੇ ਹਨ, ਗਰਮ ਜੇਲ੍ਹ ਵਿੱਚ ਡੱਕੇ ਰਹਿਣਗੇ।
7 ਹੇ ਪਰਮੇਸ਼ੁਰ, ਤੂੰ ਆਪਣੇ ਲੋਕਾਂ ਨੂੰ ਮਿਸਰ ਵਿੱਚੋਂ ਬਾਹਰ ਆਉਣ ਵਿੱਚ ਅਗਵਾਈ ਕੀਤੀ।
ਤੁਸੀਂ ਮਾਰੂਥਲ ਦੇ ਪਾਰ ਵੱਲ ਕੂਚ ਕੀਤਾ, ਅਤੇ ਧਰਤੀ ਕੰਬ ਉੱਠੀ।
8 ਪਰਮੇਸ਼ੁਰ, ਇਸਰਾਏਲ ਦਾ ਪਰਮੇਸ਼ੁਰ ਸੀਨਈ
ਪਰਬਤ ਉੱਤੇ ਆਇਆ ਅਤੇ ਅਕਾਸ਼ ਪਿਘਲ ਗਿਆ।
9 ਹੇ ਪਰਮੇਸ਼ੁਰ, ਤੁਸੀਂ ਬੁੱਢੀ ਥੱਕੀ ਧਰਤੀ ਨੂੰ ਫ਼ੇਰ ਮਜ਼ਬੂਤ ਬਨਾਉਣ ਲਈ ਵਰੱਖਾ ਘਲੀ।
10 ਤੁਹਾਡੇ ਜਾਨਵਰ ਫ਼ੇਰ ਉਸ ਧਰਤੀ ਉੱਤੇ ਆ ਗਏ।
ਹੇ ਪਰਮੇਸ਼ੁਰ, ਉੱਥੇ ਤੁਸੀਂ ਗਰੀਬ ਲੋਕਾਂ ਨੂੰ ਬਹੁਤ ਚੰਗੀਆਂ ਚੀਜ਼ਾਂ ਦਿੱਤੀਆਂ।
19 ਯਹੋਵਾਹ ਦੀ ਉਸਤਤਿ ਕਰੋ।
ਹਰ ਰੋਜ਼ ਉਹ ਉਨ੍ਹਾਂ ਭਾਰਾਂ ਨੂੰ ਚੁੱਕਣ ਵਿੱਚ ਸਾਡੀ ਸਹਾਇਤਾ ਕਰਦਾ ਹੈ,
ਜਿਹੜੇ ਸਾਨੂੰ ਚੁੱਕਣੇ ਪੈਂਦੇ ਹਨ। ਪਰਮੇਸ਼ੁਰ ਸਾਨੂੰ ਬਚਾਉਂਦਾ ਹੈ।
20 ਉਹ ਸਾਡਾ ਪਰਮੇਸ਼ੁਰ ਹੈ, ਉਹੀ ਪਰਮੇਸ਼ੁਰ ਹੈ ਜਿਹੜਾ ਸਾਨੂੰ ਬਚਾਉਂਦਾ ਹੈ।
ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਮੌਤ ਕੋਲੋਂ ਬਚਾਉਂਦਾ ਹੈ।
ਅਬਰਾਹਾਮ, ਆਪਣੇ ਪੁੱਤਰ ਨੂੰ ਮਾਰ ਦੇ
22 ਇਨ੍ਹਾਂ ਘਟਾਨਾਵਾਂ ਤੋਂ ਮਗਰੋਂ, ਪਰਮੇਸ਼ੁਰ ਨੇ ਅਬਰਾਹਾਮ ਨੂੰ ਪਰੱਖਣ ਦਾ ਨਿਆਂ ਕੀਤਾ। ਪਰਮੇਸ਼ੁਰ ਨੇ ਉਸ ਨੂੰ ਆਖਿਆ, “ਅਬਰਾਹਾਮ!”
ਅਤੇ ਅਬਰਾਹਾਮ ਨੇ ਆਖਿਆ, “ਹਾਂ ਯਹੋਵਾਹ!”
2 ਫ਼ੇਰ ਪਰਮੇਸ਼ੁਰ ਨੇ ਆਖਿਆ, “ਆਪਣੇ ਪੁੱਤਰ ਨੂੰ ਮੋਰੀਆਹ ਦੀ ਧਰਤੀ ਉੱਤੇ ਲੈ ਜਾ। ਮੋਰੀਆਹ ਉੱਤੇ ਜਾ ਕੇ ਆਪਣੇ ਪੁੱਤਰ ਦੀ ਮੇਰੇ ਲਈ ਬਲੀ ਚੜ੍ਹਾ। ਇਹ ਤੇਰਾ ਇੱਕ ਲੌਤਾ ਪੁੱਤਰ, ਇਸਹਾਕ ਹੀ ਹੋਣਾ ਚਾਹੀਦਾ ਹੈ-ਉਹ ਪੁੱਤਰ ਜਿਸ ਨੂੰ ਤੂੰ ਪਿਆਰ ਕਰਦਾ ਹੈਂ। ਉਸ ਨੂੰ ਇੱਥੋਂ ਦੇ ਪਹਾੜਾਂ ਵਿੱਚੋਂ ਕਿਸੇ ਇੱਕ ਉੱਤੇ ਹੋਮ ਦੀ ਭੇਟ ਵਜੋਂ ਵਰਤ। ਮੈਂ ਤੈਨੂੰ ਦੱਸਾਂਗਾ ਕਿਹੜੇ ਪਰਬਤ ਉੱਤੇ।”
3 ਸਵੇਰੇ ਅਬਰਾਹਾਮ ਉੱਠਿਆ ਅਤੇ ਆਪਣੇ ਖੋਤੇ ਨੂੰ ਕਾਠੀ ਪਾਈ। ਅਬਰਾਹਾਮ ਨੇ ਇਸਹਾਕ ਅਤੇ ਆਪਣੇ ਦੋ ਨੌਕਰਾਂ ਨੂੰ ਨਾਲ ਲੈ ਲਿਆ। ਅਬਰਾਹਾਮ ਨੇ ਬਲੀ ਲਈ ਲੱਕੜ ਕੱਟੀ। ਫ਼ੇਰ ਉਹ ਉਸ ਥਾਂ ਚੱਲੇ ਗਏ ਜਿੱਥੇ ਜਾਣ ਬਾਰੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਆਖਿਆ ਸੀ। 4 ਤਿੰਨ ਦਿਨ ਸਫ਼ਰ ਕਰਨ ਤੋਂ ਮਗਰੋਂ, ਅਬਰਾਹਾਮ ਨੇ ਉੱਪਰ ਵੱਲ ਦੇਖਿਆ ਅਤੇ ਕੁਝ ਦੂਰੀ ਤੇ, ਉਸ ਨੇ ਉਹ ਥਾਂ ਦੇਖੀ ਜਿੱਥੇ ਉਹ ਜਾ ਰਿਹਾ ਸੀ। 5 ਫ਼ੇਰ ਅਬਰਾਹਾਮ ਨੇ ਆਪਣੇ ਨੌਕਰਾਂ ਨੂੰ ਆਖਿਆ, “ਖੋਤੇ ਨਾਲ ਇੱਥੇ ਹੀ ਠਹਿਰੋ। ਮੈਂ ਆਪਣੇ ਪੁੱਤਰ ਨੂੰ ਨਾਲ ਲੈ ਕੇ ਉਸ ਉਪਾਸਨਾ ਵਾਲੀ ਥਾਂ ਉੱਤੇ ਜਾਵਾਂਗਾ। ਫ਼ੇਰ ਅਸੀਂ ਤੁਹਾਡੇ ਕੋਲ ਵਾਪਸ ਆ ਜਾਵਾਂਗੇ।”
6 ਅਬਰਾਹਾਮ ਨੇ ਬਲੀ ਲਈ ਲੱਕੜਾਂ ਲਈਆਂ ਅਤੇ ਇਹ ਆਪਣੇ ਪੁੱਤਰ ਇਸਹਾਕ ਉੱਤੇ ਰੱਖ ਦਿੱਤੀਆਂ। ਅਬਰਾਹਾਮ ਨੇ ਖੁਦ ਅੱਗ ਅਤੇ ਚਾਕੂ ਨੂੰ ਚੁੱਕਿਆ। ਅਤੇ ਉਹ ਦੋਵੇਂ ਇਕੱਠੇ ਤੁਰ ਪਏ।
7 ਇਸਹਾਕ ਨੇ ਆਪਣੇ ਪਿਤਾ ਅਬਰਾਹਾਮ ਨੂੰ ਆਖਿਆ, “ਪਿਤਾ ਜੀ!”
ਅਬਰਾਹਾਮ ਨੇ ਜਵਾਬ ਦਿੱਤਾ, “ਹਾਂ ਪੁੱਤਰ।”
ਇਸਹਾਕ ਨੇ ਆਖਿਆ, “ਮੈਨੂੰ ਲੱਕੜਾਂ ਅਤੇ ਅੱਗ ਤਾਂ ਨਜ਼ਰ ਆਉਂਦੀ ਹੈ। ਪਰ ਉਹ ਲੇਲਾ ਕਿੱਥੇ ਹੈ ਜਿਸ ਨੂੰ ਅਸੀਂ ਬਲੀ ਚੜ੍ਹਾਵਾਂਗੇ?”
8 ਅਬਰਾਹਾਮ ਨੇ ਜਵਾਬ ਦਿੱਤਾ, “ਪਰਮੇਸ਼ੁਰ ਖੁਦ ਹੀ ਬਲੀ ਲਈ ਲੇਲਾ ਭੇਜ ਰਿਹਾ ਹੈ, ਮੇਰੇ ਪੁੱਤਰ।”
ਇਸ ਤਰ੍ਹਾਂ ਅਬਰਾਹਾਮ ਅਤੇ ਉਸਦਾ ਪੁੱਤਰ ਦੋਵੇਂ ਉਸ ਥਾਂ ਚੱਲੇ ਗਏ। 9 ਉਹ ਉਸ ਥਾਂ ਗਏ ਜਿੱਥੇ ਉਨ੍ਹਾਂ ਨੂੰ ਪਰਮੇਸ਼ੁਰ ਨੇ ਜਾਣ ਵਾਸਤੇ ਆਖਿਆ ਸੀ। ਉੱਥੇ ਅਬਰਾਹਾਮ ਨੇ ਜਗਵੇਦੀ ਉਸਾਰੀ ਅਤੇ ਜਗਵੇਦੀ ਉੱਤੇ ਲੱਕੜਾਂ ਰੱਖ ਦਿੱਤੀਆਂ। ਫ਼ੇਰ ਅਬਰਾਹਾਮ ਨੇ ਆਪਣੇ ਪੁੱਤਰ ਇਸਹਾਕ ਨੂੰ ਬੰਨ੍ਹ ਦਿੱਤਾ। ਅਬਰਾਹਾਮ ਨੇ ਇਸਹਾਕ ਨੂੰ ਜਗਵੇਦੀ ਉੱਤੇ ਲੱਕੜਾਂ ਉੱਪਰ ਰੱਖ ਦਿੱਤਾ। 10 ਫ਼ੇਰ ਅਬਰਾਹਾਮ ਨੇ ਆਪਣੀ ਛੁਰੀ ਕੱਢ ਲਈ ਅਤੇ ਆਪਣੇ ਪੁੱਤਰ ਨੂੰ ਮਾਰਨ ਲਈ ਤਿਆਰ ਹੋ ਗਿਆ।
11 ਪਰ ਫ਼ੇਰ ਯਹੋਵਾਹ ਦੇ ਦੂਤ ਨੇ ਅਬਰਾਹਾਮ ਨੂੰ ਰੋਕ ਲਿਆ। ਦੂਤ ਨੇ ਆਕਾਸ਼ ਵਿੱਚੋਂ ਆਵਾਜ਼ ਦਿੱਤੀ ਅਤੇ ਆਖਿਆ, “ਅਬਰਾਹਾਮ, ਅਬਰਾਹਾਮ!”
ਅਬਰਾਹਾਮ ਨੇ ਜਵਾਬ ਦਿੱਤਾ, “ਹਾਂ ਜੀ।”
12 ਦੂਤ ਨੇ ਆਖਿਆ, “ਆਪਣੇ ਪੁੱਤਰ ਨੂੰ ਨਾ ਮਾਰ ਅਤੇ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾ। ਹੁਣ ਮੈਂ ਦੇਖ ਸੱਕਦਾ ਹਾਂ ਕਿ ਤੂੰ ਸੱਚਮੁੱਚ ਪਰਮੇਸ਼ੁਰ ਦਾ ਆਦਰ ਕਰਦਾ ਹੈਂ ਅਤੇ ਉਸਦਾ ਹੁਕਮ ਮੰਨਦਾ ਹੈਂ। ਮੈਂ ਦੇਖ ਰਿਹਾ ਹਾਂ ਕਿ ਤੂੰ ਮੇਰੇ ਲਈ ਆਪਣੇ ਪੁੱਤਰ, ਆਪਣੇ ਇੱਕੋ-ਇੱਕ ਪੁੱਤਰ ਦੀ ਬਲੀ ਦੇਣ ਲਈ ਤਿਆਰ ਹੈਂ।”
13 ਫ਼ੇਰ ਅਬਰਾਹਾਮ ਨੇ ਇੱਕ ਭੇਡੂ ਦੇਖਿਆ। ਭੇਡੂ ਦੇ ਸਿੰਗ ਝਾੜੀ ਵਿੱਚ ਫ਼ਸੇ ਹੋਏ ਸਨ। ਇਸ ਲਈ ਅਬਰਾਹਾਮ ਗਿਆ ਅਤੇ ਭੇਡੂ ਨੂੰ ਲੈ ਕੇ ਇਸ ਨੂੰ ਆਪਣੇ ਪੁੱਤਰ ਦੀ ਬਜਾਇ ਪਰਮੇਸ਼ੁਰ ਨੂੰ ਬਲੀ ਵਜੋਂ ਚੜ੍ਹਾ ਦਿੱਤਾ। 14 ਇਸ ਲਈ ਅਬਰਾਹਾਮ ਨੇ ਉਸ ਥਾਂ ਨੂੰ ਨਾਮ ਦਿੱਤਾ, “ਯਾਹਵੇਹ ਯਿਰਹ।” [a] ਅੱਜ ਵੀ ਲੋਕ ਆਖਦੇ ਹਨ, “ਇਸ ਪਰਬਤ ਉੱਤੇ ਯਹੋਵਾਹ ਦਾ ਦੀਦਾਰ ਕੀਤਾ ਜਾ ਸੱਕਦਾ ਹੈ।”
ਹੋਰਾਂ ਰਸੂਲਾਂ ਨੇ ਪੌਲੁਸ ਨੂੰ ਪ੍ਰਵਾਨ ਕੀਤਾ
2 ਚੌਦਾਂ ਸਾਲਾਂ ਬਾਦ ਮੈਂ ਇੱਕ ਵਾਰ ਫ਼ੇਰ ਯਰੂਸ਼ਲਮ ਗਿਆ। ਮੈਂ ਉੱਥੇ ਬਰਨਬਾਸ ਦੇ ਨਾਲ ਗਿਆ ਅਤੇ ਆਪਣੇ ਸੰਗ ਤੀਤੁਸ ਨੂੰ ਵੀ ਲੈ ਗਿਆ। 2 ਮੈਂ ਇਸ ਲਈ ਗਿਆ ਕਿਉਂ ਕਿ ਪਰਮੇਸ਼ੁਰ ਨੇ ਮੈਨੂੰ ਨਿਰਦੇਸ਼ ਦਿੱਤਾ ਸੀ ਕਿ ਮੈਨੂੰ ਜਾਣਾ ਚਾਹੀਦਾ ਹੈ। ਮੈਂ ਉਨ੍ਹਾਂ ਲੋਕਾਂ ਕੋਲ ਗਿਆ ਜਿਹੜੇ ਵਿਸ਼ਵਾਸੀਆਂ ਦੇ ਆਗੂ ਸਨ। ਜਦੋਂ ਅਸੀਂ ਆਗੂਆਂ ਨਾਲ ਇੱਕਲੇ ਸਾਂ, ਮੈਂ ਉਨ੍ਹਾਂ ਗੈਰ ਯਹੂਦੀਆਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕੀਤਾ। ਮੈਂ ਚਾਹੁੰਦਾ ਸੀ ਕਿ ਇਹ ਲੋਕ ਮੇਰੇ ਕਾਰਜ ਨੂੰ ਸਮਝ ਲੈਣ ਤਾਂ ਜੋ ਮੇਰਾ ਪਹਿਲਾਂ ਕੀਤਾ ਹੋਇਆ ਕਾਰਜ ਅਤੇ ਹੁਣ ਦਾ ਕਾਰਜ ਵਿਅਰਥ ਨਾ ਜਾਵੇ।
3-4 ਮੇਰੇ ਨਾਲ ਤੀਤੁਸ ਵੀ ਸੀ। ਤੀਤੁਸ ਇੱਕ ਯੂਨਾਨੀ ਹੈ। ਪਰ ਇਨ੍ਹਾਂ ਆਗੂਆਂ ਨੇ ਤੀਤੁਸ ਨੂੰ ਵੀ ਸੁੰਨਤ ਕਰਨ ਤੇ ਮਜਬੂਰ ਨਹੀਂ ਕੀਤਾ। ਇਨ੍ਹਾਂ ਗੱਲਾਂ ਬਾਰੇ ਗੱਲ ਕਰਨੀ ਸਾਡੇ ਲਈ ਜ਼ਰੂਰੀ ਹੈ ਕਿਉਂ ਕਿ ਕੁਝ ਨਕਲੀ ਭਰਾ ਚੋਰੀ ਛੁੱਪੇ ਸਾਡੇ ਸਮੂਹ ਅੰਦਰ ਆ ਵੜੇ ਸਨ। ਉਹ ਜਸੂਸਾਂ ਦੀ ਤਰ੍ਹਾਂ ਮਸੀਹ ਯਿਸੂ ਵਿੱਚ ਸਾਡੀ ਸੁਤੰਤਰਤਾ ਬਾਰੇ ਜਾਣ ਗਏ ਸਨ। 5 ਪਰ ਅਸੀਂ ਆਪਣੇ ਆਪ ਨੂੰ ਇੱਕ ਘੜੀ ਲਈ ਵੀ ਇਨ੍ਹਾਂ ਝੂਠੇ ਭਰਾਵਾਂ ਦੀਆਂ ਮੰਗਾਂ ਦੇ ਹਵਾਲੇ ਨਹੀਂ ਕੀਤਾ। ਅਸੀਂ ਤਾਂ ਖੁਸ਼ਖਬਰੀ ਦੇ ਸੱਚ ਨੂੰ ਤੁਹਾਡੇ ਲਈ ਬਨਾਉਣਾ ਚਾਹੁੰਦੇ ਹਾਂ।
6 ਜਿਹੜੇ ਲੋਕ ਮਹੱਤਵਪੂਰਣ ਲੱਗਦੇ ਹਨ ਉਨ੍ਹਾਂ ਨੇ ਖੁਸ਼ਖਬਰੀ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਿਸਦਾ ਮੈਂ ਪ੍ਰਚਾਰ ਕਰ ਰਿਹਾ ਸਾਂ। ਮੇਰੇ ਲਈ ਇਸ ਗੱਲ ਦਾ ਕੋਈ ਅਰਥ ਨਹੀਂ ਸੀ ਕਿ ਉਹ “ਮਹੱਤਵਪੂਰਣ” ਹਨ, ਜਾਂ ਨਹੀਂ। ਪਰਮੇਸ਼ੁਰ ਲਈ ਸਾਰੇ ਮਨੁੱਖ ਬਰਾਬਰ ਹਨ। 7 ਪਰ ਇਨ੍ਹਾਂ ਆਗੂਆਂ ਨੇ ਦੇਖਿਆ ਕਿ ਪਰਮੇਸ਼ੁਰ ਨੇ ਮੈਨੂੰ ਪਤਰਸ ਵਾਂਗ ਹੀ ਕੋਈ ਖਾਸ ਕਾਰਜ ਦਿੱਤਾ ਹੈ। ਪਰਮੇਸ਼ੁਰ ਨੇ ਪਤਰਸ ਨੂੰ ਯਹੂਦੀਆਂ ਨੂੰ ਖੁਸ਼ਖਬਰੀ ਦੇਣ ਦਾ ਕਾਰਜ ਦਿੱਤਾ ਸੀ। ਪਰ ਮੈਨੂੰ ਪਰਮੇਸ਼ੁਰ ਨੇ ਗੈਰ ਯਹੂਦੀ ਲੋਕਾਂ ਨੂੰ ਖੁਸ਼ਖਬਰੀ ਦੇਣ ਦਾ ਕੰਮ ਸੌਂਪਿਆ ਸੀ। 8 ਪਰਮੇਸ਼ੁਰ ਨੇ ਪਤਰਸ ਨੂੰ ਰਸੂਲ ਵਜੋਂ ਕਾਰਜ ਕਰਨ ਦਾ ਅਧਿਕਾਰ ਦਿੱਤਾ ਸੀ। ਪਤਰਸ ਯਹੂਦੀ ਲੋਕਾਂ ਲਈ ਰਸੂਲ ਹੈ। ਪਰਮੇਸ਼ੁਰ ਨੇ ਮੈਨੂੰ ਵੀ ਰਸੂਲ ਵਜੋਂ ਕਾਰਜ ਕਰਨ ਦਾ ਅਧਿਕਾਰ ਦਿੱਤਾ ਸੀ ਪਰ ਮੈਂ ਉਨ੍ਹਾਂ ਲੋਕਾਂ ਦਾ ਰਸੂਲ ਹਾਂ ਜਿਹੜੇ ਯਹੂਦੀ ਨਹੀਂ ਹਨ। 9 ਯਾਕੂਬ ਪਤਰਸ ਅਤੇ ਯੂਹੰਨਾ ਆਗੂ ਦਿਖਾਈ ਦਿੰਦੇ ਸਨ। ਉਨ੍ਹਾਂ ਨੇ ਵੇਖਿਆ ਕਿ ਪਰਮੇਸ਼ੁਰ ਨੇ ਮੇਰੇ ਤੇ ਵੀ ਇਹ ਵਿਸ਼ੇਸ਼ ਕਿਰਪਾ ਕੀਤੀ ਹੈ। ਇਸ ਲਈ ਉਨ੍ਹਾਂ ਨੇ ਮੈਨੂੰ ਅਤੇ ਬਰਨਬਾਸ ਨੂੰ ਪ੍ਰਵਾਨ ਕਰ ਲਿਆ। ਪਤਰਸ ਯਾਕੂਬ ਅਤੇ ਯੂਹੰਨਾ ਨੇ ਆਖਿਆ, “ਪੌਲੁਸ ਤੇ ਬਰਨਾਬਸ ਅਸੀਂ ਇਹ ਮੰਨਦੇ ਹਾਂ ਕਿ ਤੁਸੀਂ ਉਨ੍ਹਾਂ ਲੋਕਾਂ ਕੋਲ ਜਾਓ ਜਿਹੜੇ ਯਹੂਦੀ ਨਹੀਂ ਹਨ। ਅਸੀਂ ਯਹੂਦੀਆਂ ਕੋਲ ਜਾਵਾਂਗੇ।” 10 ਉਨ੍ਹਾਂ ਨੇ ਸਾਨੂੰ ਕੇਵਲ ਇੱਕ ਗੱਲ ਕਰਨ ਲਈ ਆਖਿਆ ਕਿ ਹਮੇਸ਼ਾ ਗਰੀਬਾਂ ਦੀ ਸਹਾਇਤਾ ਕਰਨੀ ਯਾਦ ਰੱਖਣਾ। ਅਤੇ ਇਹੀ ਸੀ, ਜੋ ਮੈਂ ਅਸਲ ਵਿੱਚ ਕਰਨਾ ਚਾਹੁੰਦਾ ਹਾਂ।
2010 by World Bible Translation Center